
ਪੰਜਾਬ ਸਰਕਾਰ ਨੇ ਆਖ਼ਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਬਜਾਏ ਉਨ੍ਹਾਂ ਦੇ ਖਾਤੇ 'ਚ ਪੈਸਾ ਪਾਉਣ ਦਾ ਫ਼ੈਸਲਾ ਕਰ ਲਿਆ ਹੈ।
ਪੰਜਾਬ ਸਰਕਾਰ ਨੇ ਆਖ਼ਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਬਜਾਏ ਉਨ੍ਹਾਂ ਦੇ ਖਾਤੇ 'ਚ ਪੈਸਾ ਪਾਉਣ ਦਾ ਫ਼ੈਸਲਾ ਕਰ ਲਿਆ ਹੈ। ਮਾਹਰ ਬੜੀ ਦੇਰ ਤੋਂ ਇਸ ਫ਼ੈਸਲੇ ਲਈ ਜ਼ੋਰ ਪਾ ਰਹੇ ਸਨ ਪਰ ਇਸ ਸਬਸਿਡੀ ਦੇ ਪਿੱਛੇ ਦਾ ਵੋਟ ਬੈਂਕ, ਇਸ ਕਦਮ ਨੂੰ ਚੁੱਕਣ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਇਸ ਮੁਫ਼ਤ ਬਿਜਲੀ ਨੂੰ ਅਮੀਰ ਕਿਸਾਨ ਵੀ ਲੈ ਰਹੇ ਸਨ ਜਿਨ੍ਹਾਂ ਦਾ ਨੁਕਸਾਨ ਗ਼ਰੀਬ ਕਿਸਾਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਕਿਉਂਕਿ ਜਦ ਕਿਸਾਨਾਂ ਵਾਸਤੇ ਪੈਸਾ ਬਜਟ ਵਿਚ ਰਖਿਆ ਜਾਂਦਾ ਹੈ, ਉਹ ਲੋੜਵੰਦ, ਛੋਟੇ, ਗ਼ਰੀਬ ਕਿਸਾਨ ਲਈ ਹੁੰਦਾ ਹੈ
Captain
ਪਰ ਹਕੀਕਤ ਵਿਚ ਇਹ ਸਬਸਿਡੀ ਅਜਿਹੇ ਸਿਆਸਤਦਾਨ ਲੈ ਰਹੇ ਸਨ ਜਿਹੜੇ ਸਰਕਾਰ ਕੋਲੋਂ ਦੁਗਣੀਆਂ ਪੈਨਸ਼ਨਾਂ ਵੀ ਲੈਂਦੇ ਹਨ, ਉਦਯੋਗ ਵੀ ਚਲਾਂਦੇ ਹਨ ਅਤੇ ਵੱਡੇ ਜ਼ਿਮੀਂਦਾਰ ਵੀ ਹਨ। ਨਾਲ ਹੀ ਉਨ੍ਹਾਂ 'ਚ ਲਾਲਚ ਦੀ ਵੀ ਕਮੀ ਕੋਈ ਨਹੀਂ ਜਿਸ ਕਰ ਕੇ ਇਸ ਮੁਫ਼ਤ ਬਿਜਲੀ ਨੂੰ ਉਹ ਅੱਗੇ ਗ਼ਰੀਬ ਕਿਸਾਨਾਂ ਨੂੰ ਵੇਚਦੇ ਵੀ ਸਨ। ਟਿਊਬਵੈੱਲ ਤੋਂ ਨਾਜਾਇਜ਼ ਪਾਣੀ ਖਿੱਚਣ ਲਈ ਵੀ ਉਨ੍ਹਾਂ ਦੀ ਦੁਰਵਰਤੋਂ ਹੱਦ ਤੋਂ ਵੱਧ ਕੀਤੀ ਗਈ ਅਤੇ ਅੱਜ ਉਸ ਦੁਰਵਰਤੋਂ ਦੀ ਕੀਮਤ ਸੱਭ ਤੋਂ ਜ਼ਿਆਦਾ ਸਾਡੀ ਧਰਤੀ ਹੀ ਚੁਕਾ ਰਹੀ ਹੈ।
Basmati Paddy
ਪੰਜਾਬ ਅਤੇ ਹਰਿਆਣਾ ਵਿਚ ਜ਼ਮੀਨੀ ਪਾਣੀ ਦਾ ਪੱਧਰ ਖ਼ਤਰੇ ਦੇ ਘੁੱਗੂ ਵਜਾ ਰਿਹਾ ਹੈ ਅਤੇ ਇਸੇ ਕਰ ਕੇ ਇਸ ਮਹਾਂਮਾਰੀ ਵਿਚ ਮਜ਼ਦੂਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਮਾਹਰਾਂ ਨੇ ਖ਼ੁਸ਼ੀ ਮਨਾਈ ਹੈ ਕਿ ਹੁਣ ਪੰਜਾਬ ਦੇ ਕਿਸਾਨ ਝੋਨਾ ਲਾਉਣ ਤੋਂ ਪਿੱਛੇ ਹਟਣਗੇ ਕਿਉਂਕਿ ਪਾਣੀ ਅਤੇ ਬਿਜਲੀ ਜਦ ਮੁਫ਼ਤ ਹੁੰਦੀ ਹੈ ਤਾਂ ਕਿਸਾਨਾਂ ਨੂੰ ਪਤਾ ਹੁੰਦਾ ਹੈ ਕਿ ਚੌਲਾਂ ਦਾ ਮੁੱਲ ਤਾਂ ਮਿਲ ਹੀ ਜਾਣਾ ਹੈ। ਜਦ ਕਿਸਾਨ ਨੂੰ ਪਤਾ ਹੈ ਕਿ ਕੀਮਤ ਤਾਂ ਮਿਲ ਹੀ ਜਾਣੀ ਹੈ ਤਾਂ ਉਸ ਨੇ ਵੀ ਬੇਪ੍ਰਵਾਹ ਹੋ ਕੇ ਝੋਨੇ ਦੀ ਫ਼ਸਲ ਉਗਾਈ। ਇਸ ਵਿਚ ਗ਼ਲਤੀ ਕਿਸਾਨਾਂ ਦੀ ਨਹੀਂ।
File photo
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਸ਼ ਨੂੰ ਭੁਖਮਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਉਨ੍ਹਾਂ ਇਹ ਨਿਭਾਈ ਵੀ ਅਤੇ ਜ਼ਿੰਮੇਵਾਰੀ ਨਿਭਾਉਂਦਿਆਂ ਨਿਭਾਉਂਦਿਆਂ, ਉਨ੍ਹਾਂ ਦਾ ਮੋਹ ਹੀ ਝੋਨੇ ਨਾਲ ਪੈ ਗਿਆ। ਸਰਕਾਰਾਂ ਨੇ ਕਿਸਾਨਾਂ ਦੇ ਇਸ ਯੋਗਦਾਨ ਦਾ ਫ਼ਾਇਦਾ ਤਾਂ ਲੈ ਲਿਆ ਪਰ ਅਪਣਾ ਵਾਅਦਾ ਨਾ ਨਿਭਾਇਆ। ਸਰਕਾਰ ਦਾ ਫ਼ਰਜ਼ ਸੀ ਕਿ ਉਹ ਕਿਸਾਨ ਨੂੰ ਨਾਲ-ਨਾਲ ਸਮਰਥਨ ਦੇਵੇ ਅਤੇ ਉਸ ਨੂੰ ਉਸ ਦੇ ਯੋਗਦਾਨ ਬਦਲੇ ਸਤਿਕਾਰ ਵੀ ਦੇਵੇ। ਸਰਕਾਰ ਨੇ ਕਿਸਾਨਾਂ ਨੂੰ ਟਰੈਕਟਰ, ਬੀਜਾਂ, ਖਾਦਾਂ ਦਾ ਬਾਜ਼ਾਰ ਬਣਾਇਆ, ਕਰਜ਼ੇ ਲੈਣ ਦੀ ਖੁੱਲ੍ਹ ਦਿਤੀ, ਸ਼ਾਹੂਕਾਰਾਂ ਦੇ ਮੋਹਤਾਜ ਬਣਾ ਦਿਤਾ ਅਤੇ ਕਿਸਾਨ, ਜੋ ਕਿ ਸਿੱਧਾ-ਸਾਦਾ ਸੀ, ਇਨ੍ਹਾਂ ਦੀਆਂ ਸਾਜ਼ਸ਼ਾਂ ਨੂੰ ਨਾ ਸਮਝ ਸਕਿਆ।
Electricity
ਕਿਸਾਨਾਂ ਨੇ ਜਾਣਬੁੱਝ ਕੇ ਧਰਤੀ ਦੇ ਪਾਣੀ ਨੂੰ ਖ਼ਤਰੇ ਵਿਚ ਨਹੀਂ ਪਾਇਆ ਬਲਕਿ ਸਰਕਾਰਾਂ ਨੇ ਮੁਫ਼ਤ ਬਿਜਲੀ ਦੇ ਕੇ ਉਸ ਨੂੰ ਉਤਸ਼ਾਹਿਤ ਕੀਤਾ ਕਿ ਉਹ ਪਾਣੀ ਨੂੰ ਹੋਰ ਡੂੰਘਾਈ ਵਿਚ ਜਾ ਕੇ ਕੱਢੇ। ਨਤੀਜਾ ਅੱਜ ਇਹ ਹੈ ਕਿ ਮਹਾਂਮਾਰੀ ਵਿਚ ਕੁਦਰਤ ਸਾਹ ਲੈ ਰਹੀ ਹੈ। ਝੋਨੇ ਦੀ ਫ਼ਸਲ ਕੁੱਝ ਘੱਟ ਹੋ ਜਾਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਥੋੜ੍ਹਾ ਉਪਰ ਆ ਜਾਵੇਗਾ। ਖ਼ਤਰਾ ਏਨਾ ਵੱਡਾ ਹੈ ਕਿ ਹਰਿਆਣਾ ਨੇ ਕੁੱਝ ਇਲਾਕਿਆਂ 'ਚ ਝੋਨੇ ਦੀ ਫ਼ਸਲ ਬੀਜਣ ਦੀ ਸਖ਼ਤ ਮਨਾਹੀ ਕਰ ਦਿਤੀ ਹੈ।
Farmer
ਕਿਸਾਨ ਨਾਰਾਜ਼ ਹੈ ਅਤੇ ਉਸ ਦੀ ਨਾਰਾਜ਼ਗੀ ਜਾਇਜ਼ ਵੀ ਹੈ ਕਿਉਂਕਿ ਇਸ ਨਾਲ ਉਸ ਨੂੰ ਦੂਜੀ ਦਿਸ਼ਾ ਵਿਚ ਚਲਣ ਲਈ ਆਖਿਆ ਜਾ ਰਿਹਾ ਹੈ ਪਰ ਰਾਹ ਵਿਚ ਆਉਣ ਵਾਲੀਆਂ ਔਕੜਾਂ ਨੂੰ ਕੌਣ ਦੂਰ ਕਰੇਗਾ? ਇਹ ਫ਼ੈਸਲਾ ਸਿਰਫ਼ ਜ਼ਮੀਨ ਵਾਸਤੇ ਹੀ ਨਹੀਂ ਬਲਕਿ ਕਿਸਾਨਾਂ ਵਾਸਤੇ ਵੀ ਸਹੀ ਹੈ ਕਿਉਂਕਿ ਤੇਲੰਗਾਨਾ ਵਿਚ ਇਸ ਸਾਲ 1 ਕਰੋੜ ਮੀਟਰਿਕ ਟਨ ਝੋਨੇ ਦੀ ਫ਼ਸਲ ਦਾ ਟੀਚਾ ਮਿਥਿਆ ਗਿਆ ਹੈ ਅਤੇ ਉਥੇ ਪਾਣੀ ਦੀ ਕਮੀ ਨਹੀਂ ਜਿਸ ਕਰ ਕੇ ਇਹ ਮੁਮਕਿਨ ਹੈ। ਇਸ ਨਾਲ ਕਿਸਾਨਾਂ ਵਾਸਤੇ ਔਕੜਾਂ ਕਈ ਪਾਸਿਉਂ ਆਈਆਂ ਹਨ।
Farmer
ਸੋ ਰਸਤਾ ਤਾਂ ਠੀਕ ਹੈ ਪਰ ਸਰਕਾਰ ਨੂੰ ਕਿਸਾਨਾਂ ਦੀ ਵਾਧੂ ਮਦਦ ਕਰਨੀ ਪਵੇਗੀ। ਜਿਸ ਤਰ੍ਹਾਂ ਸਬਜ਼ੀ ਪੈਦਾ ਕਰਨ ਵਾਲੇ ਕਿਸਾਨ ਇਸ ਮਹਾਂਮਾਰੀ ਵਿਚ ਹੀ ਬਰਬਾਦ ਹੋਏ ਹਨ, ਉਸ ਨੂੰ ਵੇਖ ਕੇ ਪਤਾ ਲਗਦਾ ਹੈ ਕਿ ਕਿਉਂ ਕਿਸਾਨ ਝੋਨੇ ਤੋਂ ਪਿੱਛੇ ਹਟਣ ਤੋਂ ਘਬਰਾਉਂਦਾ ਹੈ? ਕਿਸਾਨੀ ਸੂਬਾ ਹੋਵੇ ਪਰ ਗੋਦਾਮ ਹੈ ਨਹੀਂ, ਸਬਜ਼ੀਆਂ ਵਾਸਤੇ ਘੱਟੋ-ਘੱਟ ਸਮਰਥਨ ਮੁੱਲ ਹੈ ਨਹੀਂ, ਤਾਂ ਫਿਰ ਕਿਉਂ ਕਿਸਾਨ ਅਜਿਹਾ ਕੁੱਝ ਬੀਜੇਗਾ ਜਿਸ ਦਾ ਉਸ ਨੂੰ ਮੁੱਲ ਹੀ ਨਹੀਂ ਮਿਲਣਾ?
ਮਹਾਂਮਾਰੀ ਨੇ ਸਾਰਿਆਂ ਨੂੰ ਵਿਖਾ ਦਿਤਾ ਹੈ ਕਿ ਕੁਦਰਤ ਕੀ ਕਹਿ ਰਹੀ ਹੈ। ਸੋ ਅੱਜ ਗ਼ੈਰ-ਕੁਦਰਤੀ ਢੰਗਾਂ ਨੂੰ ਛਡਣਾ ਪਵੇਗਾ ਪਰ ਨਵੇਂ ਤਰੀਕਿਆਂ ਵਾਸਤੇ ਕਿਸਾਨਾਂ ਨੂੰ ਜੂਝਣ ਲਈ ਇਕੱਲਿਆਂ ਤਾਂ ਨਹੀਂ ਛੱਡ ਸਕਦੇ। ਸਰਕਾਰ ਤੇ ਖੇਤੀ ਯੂਨੀਵਰਸਿਟੀਆਂ ਨੂੰ ਵੇਖਣਾ ਪਵੇਗਾ ਕਿ ਕਿਸਾਨ ਨਾਲ ਗ਼ਰੀਬਮਾਰੀ ਨਾ ਹੋ ਜਾਵੇ। -ਨਿਮਰਤ ਕੌਰ