Editorial: ਬੇਰੁਜ਼ਗਾਰੀ : ਕਾਂਸਟੇਬਲਾਂ ਦੀਆਂ 17 ਹਜ਼ਾਰ ਨੌਕਰੀਆਂ ਲਈ 17 ਲੱਖ ਉਮੀਦਵਾਰ ਤੇ ਸਵਾ ਲੱਖ ਡਾਕਟਰ ਲਈ 23 ਲੱਖ
Published : Jun 29, 2024, 7:00 am IST
Updated : Jun 29, 2024, 7:26 am IST
SHARE ARTICLE
17 lakh candidates for 17 thousand constable jobs Editorial
17 lakh candidates for 17 thousand constable jobs Editorial

Editorial: ਸਾਡੀ ਕਿਉਂਕਿ 70 ਫ਼ੀਸਦੀ ਆਬਾਦੀ ਕਿਸਾਨੀ ਵਿਚ ਹੈ, ਸਰਕਾਰ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨੀ ਛੋਟਾ ਜਾਂ ਮੱਧਮ ਵਰਗ ਦਾ ਉਦਯੋਗ ਹੈ

17 lakh candidates for 17 thousand constable jobs Editorial: ਇਸ ਵਾਰ ਮਹਾਰਾਸ਼ਟਰ ਵਿਚ 17000 ਕਾਂਸਟੇਬਲਾਂ ਦੀਆਂ ਨੌਕਰੀਆਂ ਨਿਕਲੀਆਂ। ਉਸ ਲਈ 17 ਲੱਖ ਨੌਜੁਆਨ ਕਤਾਰਾਂ ਵਿਚ ਖੜੇ ਸਨ। ਇਸ ਤੋਂ ਪਤਾ ਲਗਦਾ ਹੈ ਕਿ ਕਿਉਂ ਸਾਡੇ ਨੌਜੁਆਨ ਸਰਕਾਰਾਂ ਤੋਂ ਨਿਰਾਸ਼ ਹਨ ਤੇ ਚੋਣਾਂ ਦੇ ਤਿਉਹਾਰ ਵਿਚ ਹਿੱਸਾ ਨਹੀਂ ਸਨ ਲੈਣਾ ਚਾਹੁੰਦੇ। ਉਨ੍ਹਾਂ ਦੇ ਦਿਲ ਦਾ ਜੋ ਦਰਦ ਹੈ, ਉਸ ਦਾ ਨਾਂ ਬੇਰੁਜ਼ਗਾਰੀ ਹੈ। ਉਨ੍ਹਾਂ ਨੌਜੁਆਨਾਂ ਦੀਆਂ ਗੱਲਾਂ ਸੁਣ ਕੇ ਅਪਣਾ ਦਿਲ ਵੀ ਘਬਰਾਉਣ ਲਗਦਾ ਹੈ। ਇਕ ਨੌਜੁਆਨ ਰਾਤ ਦੀ ਨੌਕਰੀ ਪੰਜ ਹਜ਼ਾਰ ਵਿਚ ਕਰਦਾ ਹੈ ਤੇ ਸ਼ਹਿਰ ਦੇ ਕਿਸੇ ਕੋਨੇ ਵਿਚ ਦੋ ਹਜ਼ਾਰ ’ਚ ਗੁਜ਼ਾਰਾ ਕਰਦਾ ਹੈ ਤੇ ਤਿੰਨ ਹਜ਼ਾਰ ਰੁਪਏ ਘਰ ਭੇਜਦਾ ਹੈ।

ਇਸੇ ਲਾਚਾਰੀ ਦਾ ਫ਼ਾਇਦਾ ਉਠਾਉਂਦੇ ਹੋਏ ਇਜ਼ਰਾਈਲ ਨੂੰ ਜਦ ਅਪਣੀ ਇਸ ਹੈਵਾਨੀਅਤ ਦੀ ਲੜਾਈ ਲਈ ਫ਼ੌਜੀ ਘੱਟ ਮਿਲੇ ਤਾਂ ਉਨ੍ਹਾਂ ਨੇ ਭਾਰਤ ਦੇ ਬੇਰੁਜ਼ਗਾਰ ਨੌਜੁਆਨਾਂ ਨੂੰ ਅਪਣੀ ਫ਼ੌਜ ਵਿਚ ਮਰ ਜਾਣ ਲਈ ਭਰਤੀ ਕਰਨਾ ਸ਼ੁਰੂ ਕਰ ਦਿਤਾ। ਯੂਕਰੇਨ ਤੋਂ ਅਸੀ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਮਦਦ ਦੀ ਪੁਕਾਰ ਲਾਈ ਸਾਡੇ ਨੌਜੁਆਨਾਂ ਦੇ ਸੁਨੇਹੇ ਆਉਂਦੇ ਰਹੇ ਕਿ ਸਾਨੂੰ ਇਥੋਂ ਕੱਢ ਲਵੋ, ਸਾਨੂੰ ਬਚਾ ਲਉ। ਨੌਕਰੀ ਦੀ ਜੋ ਤਲਾਸ਼ ਹੈ, ਉਹ ਇਨ੍ਹਾਂ ਨੂੰ ਏਨਾ ਮਜਬੂਰ ਕਰ ਰਹੀ ਹੈ ਕਿ ਇਹ ਉਨ੍ਹਾਂ ਦੇਸ਼ਾਂ ਵਿਚ ਵੀ ਜਾ ਰਹੇ ਹਨ ਜਿਥੇ ਜੰਗਾਂ ਚਲ ਰਹੀਆਂ ਹਨ ਤੇ ਸਾਡੇ ਬੱਚੇ ਮਜਬੂਰ ਹੋ ਕੇ ਉਨ੍ਹਾਂ ਦੀਆਂ ਲੜਾਈਆਂ ਲੜ ਰਹੇ ਹਨ। 

ਸਾਡੀ ਜਵਾਨੀ ਦੀ ਹਾਲਤ ਏਨੀ ਮਾੜੀ ਹੋ ਗਈ ਹੈ ਕਿ ਅੱਜ ਜਰਮਨੀ ਵਿਚ ਮਜ਼ਦੂਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਜਿਹੜੇ ਭਾਰਤੀ ਬੱਚੇ ਉਥੇ ਪੜ੍ਹਨ ਲਈ ਗਏ ਹਨ, ਉਨ੍ਹਾਂ ਵਿਚੋਂ ਹੀ ਮਜ਼ਦੂਰ ਭਰਤੀ ਕੀਤੇ ਜਾ ਰਹੇ ਹਨ। ਜਰਮਨ ਲੋਕ ਸੋਚ ਰਹੇ ਨੇ ਸਾਡੇ ਜਿਹੜੇ ਬੱਚੇ ਪੜ੍ਹਾਈ ਕਰਨ ਲਈ ਉੱਥੇ ਗਏ ਹਨ ਪਰ ਪੈਸੇ ਹੱਥੋਂ ਤੰਗ ਹਨ, ਉਨ੍ਹਾਂ ਨੂੰ ਮਜ਼ਦੂਰੀ ਵਲ ਖਿੱਚ ਕੇ ਅਪਣੀ ਕਮੀ ਪੂਰੀ ਕਰ ਲੈਣ। ਕੈਨੇਡਾ ਨੇ ਅਪਣੀ ਕਮੀ ਪੂਰੀ ਕਰ ਲਈ ਹੈ ਤੇ ਹੁਣ ਉਹ ਭਾਰਤੀਆਂ ਲਈ ਦਰਵਾਜ਼ੇ ਬੰਦ ਕਰ  ਰਹੇ ਨੇ। 

ਡੋਨਲਡ ਟਰੰਪ ਜੇ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਤਾਂ ਉਨ੍ਹਾਂ ਨੇ ਵੀ ਦਰਵਾਜ਼ੇ ਬੰਦ ਕਰ ਦੇਣੇ ਹਨ। ਸਾਡੀ ਨੌਜੁਆਨੀ ਹਵਾਵਾਂ ਵਿਚ ਗ਼ਾਇਬ ਨਹੀਂ ਹੋ ਸਕਦੀ। ਉਨ੍ਹਾਂ ਦੀ ਮੌਜੂਦਗੀ, ਉਨ੍ਹਾਂ ਦੀਆਂ ਜ਼ਰੂਰਤਾਂ ਇਕ ਹਕੀਕਤ ਹਨ ਜਿਸ ਬਾਰੇ ਅੱਜ ਸਰਕਾਰਾਂ ਨੂੰ ਚੋਣ ਦਾਅਵੇ ਤੇ ਵਾਅਦੇ ਭੁੱਲ ਕੇ, ਅਸਲੀਅਤ ਦਾ ਸਾਹਮਣਾ ਕਰਨਾ ਪਵੇਗਾ। ਕੁੱਝ ਨੌਕਰੀਆਂ ਲਈ ਤਕਨੀਕੀ ਮੁਹਾਰਤਾਂ ਬਣਾਈਆਂ ਜਾ ਸਕਦੀਆਂ ਹਨ ਜਿਵੇਂ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਚਿਪ ਮੇਕਰ ਜਾਂ ਏਆਈ ਨਾਲ ਕੁੱਝ ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਪਰ ਇਸ ਤੋਂ ਵੀ ਜ਼ਿਆਦਾ ਸਾਨੂੰ ਜ਼ਰੂਰਤ ਹੈ ਚੀਨ ਤੋਂ ਇਹ ਸਿਖਣ ਦੀ ਤੇ ਇਹੋ ਜਿਹਾ ਉਦਯੋਗ ਲਿਆਉਣ ਦੀ ਜਿਸ ਵਿਚ ਮਜ਼ਦੂਰ ਦੀ ਜ਼ਰੂਰਤ ਹੋਵੇ। ਸਾਡੇ ਦੇਸ਼ ਵਿਚ ਮਜ਼ਦੂਰਾਂ ਦੇ ਕਾਨੂੰਨਾਂ ਨੂੰ ਉਸ ਤਰ੍ਹਾਂ ਕੁਚਲਿਆ ਨਹੀਂ ਜਾ ਸਕਦਾ ਤੇ ਕੁਚਲਿਆ ਜਾਣਾ ਵੀ ਨਹੀਂ ਚਾਹੀਦਾ ਜਿਵੇਂ ਚੀਨ ਨੇ ਕੀਤਾ ਹੈ।

ਸਾਡੀ ਕਿਉਂਕਿ 70 ਫ਼ੀਸਦੀ ਆਬਾਦੀ ਕਿਸਾਨੀ ਵਿਚ ਹੈ, ਸਰਕਾਰ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨੀ ਛੋਟਾ ਜਾਂ ਮੱਧਮ ਵਰਗ ਦਾ ਉਦਯੋਗ ਹੈ ਜਿਸ ਨੂੰ ਵਧਾ ਕੇ, ਨੌਜੁਆਨਾਂ ਨੂੰ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਦੀ ਥਾਂ, ਅਪਣੇ ਕੰਮ ’ਤੇ ਇਸ ਤਰ੍ਹਾਂ ਲਾਉਣਾ ਚਾਹੀਦਾ ਹੈ ਕਿ ਉਹ ਅਪਣੀ ਉਸੇ ਜ਼ਮੀਨ ’ਤੇ ਖੇਤੀ ਵੀ ਕਰ ਸਕਣ ਅਤੇ ਉਸ ਦੇ ਨਾਲ ਨਾਲ ਛੋਟਾ ਮੋਟਾ ਕੰਮ ਕਾਰ ਵੀ ਕਰ ਸਕਣ ਤਾਂ ਉਨ੍ਹਾਂ ਦਾ ਭਲਾ ਹੋ ਸਕਦਾ ਹੈ। ਇਸ ਨਾਲ ਸਿਰਫ਼ ਉਨ੍ਹਾਂ ਦੀ ਗੁਜ਼ਰ ਹੀ ਨਹੀਂ ਬਲਕਿ ਉਨ੍ਹਾਂ ਦਾ ਜੀਵਨ ਵੀ ਬਿਹਤਰ ਹੋ ਸਕਦਾ ਹੈ। 

ਕਾਂਸਟੇਬਲਾਂ ਦੀਆਂ 17 ਹਜ਼ਾਰ ਪੋਸਟਾਂ ਵਾਸਤੇ, ਜੇ 17 ਲੱਖ ਨੌਜੁਆਨ ਆਉਂਦੇ ਨੇ ਤੇ ਸਵਾ ਲੱਖ ਡਾਕਟਰਾਂ ਪਿਛੇ 23 ਲੱਖ ਨੌਜੁਆਨ ਇਮਤਿਹਾਨ ਦੇਣ ਬੈਠਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਜਵਾਨੀ ਅੱਗੇ ਇਕ ਬਹੁਤ ਵੱਡਾ ਸੰਕਟ ਹੈ। ਹਰ ਨੌਕਰੀ ਪਿੱਛੇ ਤੁਸੀ ਇਹ ਅੰਦਾਜ਼ਾ ਲਗਾ ਕੇ ਚਲੋ ਕਿ ਘੱਟੋ ਘੱਟ ਇਕ ਲੱਖ ਬੱਚਾ ਉਸ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ ਤੇ ਇਕ ਲੱਖ ਵਿਚੋਂ ਜੇ ਇਕ ਬੱਚੇ ਨੂੰ ਹੀ ਮੌਕਾ ਮਿਲਣਾ ਹੈ ਤਾਂ ਬਾਕੀਆਂ ਦਾ ਕੀ ਬਣੇਗਾ? 
ਇਸ ਹਕੀਕਤ ਦਾ ਸਾਹਮਣਾ ਅੱਜ ਦੀਆਂ ਸਰਕਾਰਾਂ ਨੂੰ ਕਰਨਾ ਪਵੇਗਾ। ਇਸ ਦਾ ਸਰਕਾਰੀ ਨੌਕਰੀਆਂ ਨਾਲ ਹੱਲ ਨਹੀਂ ਨਿਕਲਣਾ, ਨਾ ਇਸ ਦਾ ਵੱਡੇ ਉਦਯੋਗਾਂ ਨੂੰ ਫ਼ਾਇਦਾ ਦੇ ਕੇ ਹੀ ਕੋਈ ਹੱਲ ਨਿਕਲਣਾ ਹੈ। ਇਸ ਦਾ ਹੱਲ ਸਿਰਫ਼ ਛੋਟੇ ਤੇ ਮੱਧਮ ਵਰਗ ਵਿਚ ਨੌਜੁਆਨਾਂ ਨੂੰ ਸਹੀ ਰਸਤੇ ਪਾ ਕੇ ਤੇ ਉਨ੍ਹਾਂ ਦੀ ਮਦਦ ਕਰ ਕੇ ਹੀ ਨਿਕਲੇਗਾ। 
- ਨਿਮਰਤ ਕੌਰ 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement