
ਇਹ ਜੋ ਨਵੀਂ ਵਜ਼ਾਰਤ ਬਣੀ ਹੈ, ਇਹ ਦੋ ਤਾਕਤਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ। ਇਹ ਕਿਸੇ ਇਕ ਦੀ ਸੋਚ ਨਹੀਂ ਸੀ ਬਲਕਿ ਕਈ ਤਾਕਤਾਂ ਦੀ ਜਿੱਤ ਸੀ
ਪੰਜਾਬ ਕਾਂਗਰਸ ਵਿਚ ਫਿਰ ਇਕ ਨਵਾਂ ਭੂਚਾਲ ਆਇਆ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੇ ਇਕ ਵੱਡਾ ਸਵਾਲ ਖੜਾ ਕੀਤਾ ਹੈ ਕਿ ਆਖ਼ਰ ਪੰਜਾਬ ਦੇ ਕਾਂਗਰਸੀ ਆਗੂ ਕਰਨਾ ਕੀ ਚਾਹੁੰਦੇ ਹਨ? ਜਿਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਰਕਾਰ ਖੋਹ ਕੇ, ਨਵੀਂ ਸਰਕਾਰ ਹੋਂਦ ਵਿਚ ਆਈ, ਅਪਣੇ ਨਾਲ ਕੁੱਝ ਸਮੱਸਿਆਵਾਂ ਵੀ ਲੈ ਕੇ ਆਈ ਸੀ ਪਰ ਅਜੇ ਤਕ ਉਨ੍ਹਾਂ ਦਾ ਹੱਲ ਸਾਹਮਣੇ ਨਹੀਂ ਆਇਆ ਜਦਕਿ ਕਾਂਗਰਸੀਆਂ ਦੀਆਂ ਆਪਸੀ ਲੜਾਈਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਸਰਕਾਰ ਕੋਲ ਸਿਰਫ਼ 90 ਦਿਨ ਹੋਣ, ਅਪਣੇ ਆਪ ਨੂੰ ਲੋਕਾਂ ਦੀਆਂ ਅੱਖਾਂ ਵਿਚ ਸਹੀ ਸਾਬਤ ਕਰਨ ਲਈ, ਉਸ ਸਰਕਾਰ ਨੇ 10 ਦਿਨ ਮੁੱਖ ਮੰਤਰੀ, ਵਜ਼ਾਰਤ ਤੇ ਉਨ੍ਹਾਂ ਦੇ ਵਿਭਾਗ ਚੁਣਨ ਵਿਚ ਹੀ ਲੰਘਾ ਦਿਤੇ। ਪਰ ਉਸ ਸੱਭ ਤੋਂ ਬਾਅਦ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਵਿਚ ਸੱਭ ਅੱਛਾ ਹੈ।
Navjot Sidhu
ਵਜ਼ਾਰਤ ’ਚੋਂ ਬਾਹਰ ਕੀਤੇ ਜਾਣ ਦੇ ਬਾਅਦ ਬਲਬੀਰ ਸਿੰਘ ਸਿੱਧੂ ਵਲੋਂ ਸਵਾਲ ਪੁਛਿਆ ਗਿਆ ਹੈ ਕਿ ਆਖ਼ਰ ਮੇਰਾ ਕਸੂਰ ਕੀ ਹੈ? ਉਨ੍ਹਾਂ ਦਾ ਇਹ ਸਵਾਲ ਪੁਛਣਾ ਬਣਦਾ ਸੀ ਕਿਉਂਕਿ ਉਨ੍ਹਾਂ ਹੇਠ ਪੰਜਾਬ ਨੇ ਸਿਹਤ ਖੇਤਰ ਵਿਚ ਕੋਵਿਡ ਨਾਲ ਇਕ ਸ਼ਾਨਦਾਰ ਜੰਗ ਲੜੀ ਸੀ। ਇਹੀ ਸਵਾਲ ਕਾਂਗੜ ਦਾ ਵੀ ਹੈ ਜਿਸ ਦਾ ਜਵਾਬ ਵੀ ਨਹੀਂ ਮਿਲ ਰਿਹਾ। ਉਨ੍ਹਾਂ ਦੇ ਸਵਾਲ ਸਹੀ ਸਨ ਕਿਉਂਕਿ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਸ ਵਜ਼ਾਰਤ ਵਿਚ ਕਿਸ ਬਿਨਾਅ ਤੇ ਮੰਤਰੀ ਚੁਣੇ ਗਏ ਹਨ?
Congress High Command
ਵਫ਼ਾਦਾਰੀ ਕਿਸ ਨਾਲ ਹੈ? ਕਿਸੇ ਲਈ ਕੈਪਟਨ ਦਾ ਵਿਰੋਧ ਕਰਨ ਦਾ ਇਨਾਮ ਸੀ, ਕਿਸੇ ਲਈ ਚੁੱਪ ਕਰ ਕੇ ਕਾਂਗਰਸ ਵਿਚ 4 ਸਾਲ ਕੱਢਣ ਦਾ ਇਨਾਮ ਸੀ। ਕੁੱਝ ਅਜਿਹੇ ਨਾਮ ਵੀ ਸ਼ਾਮਲ ਕੀਤੇ ਗਏ ਜਿਨ੍ਹਾਂ ਤੇ ਦਾਗ਼ ਸਨ ਪਰ ਕਈ ਦਾਗ਼ੀ ਕੱਢ ਵੀ ਦਿਤੇ ਗਏ। ਜਾਪਦਾ ਹੈ ਕਿ ਇਹ ਵਜ਼ਾਰਤ ਇਕ ਨਹੀਂ ਦੋ ਤਾਕਤਾਂ ਦੀ ਲੜਾਈ ਵਿਚੋਂ ਨਿਕਲ ਕੇ ਆਈ ਹੈ। ਜਦ ਇਕ ਗੁਗਲੀ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਾਏੇ ਗਏ ਸਨ, ਗੇਂਦਬਾਜ਼ ਨੇ ਅਪਣੀ ਖੇਡ ਨੂੰ ਪੂਰੀ ਤਰ੍ਹਾਂ ਮਾਪਿਆ ਨਹੀਂ। ਦੋ ਦਿਨਾਂ ਵਿਚ ਹੀ ਸਾਫ਼ ਹੋ ਗਿਆ ਸੀ ਕਿ ਜਿਸ ਨੂੰ ਅਪਣਾ ਛੋਟਾ ਵੀਰ ਆਖ ਕੇ ਮੁੱਖ ਮੰਤਰੀ ਬਣਾਇਆ ਸੀ, ਉਹ ਕਿਸੇ ਦੀ ਅਧੀਨਗੀ ਮੰਨਣ ਵਾਲਾ ਨਹੀਂ ਸੀ।
CM Charanjit Singh Channi
ਇਕ ਹਫ਼ਤੇ ਵਿਚ ਨਵਾਂ ਮੁੱਖ ਮੰਤਰੀ ਜਨਤਾ ਦਾ ਦਿਲ ਜਿੱਤਣ ਵਿਚ ਅਣਕਿਆਸੀ ਕਾਮਯਾਬੀ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ। ਜਿਸ ਤਰ੍ਹਾਂ ਉਹ ਅਪਣੇ ਆਪ ਨੂੰ ਇਕ ਆਮ ਆਦਮੀ ਐਲਾਨ ਕੇ ਸੈਂਕੜੇ ਪੁਲਿਸ ਕਰਮਚਾਰੀਆਂ ਦੇ ਘੇਰੇ ਵਿਚੋਂ ਨਿਕਲ ਕੇ ਆਮ ਲੋਕਾਂ ਨੂੰ ਮਿਲਣ ਨਿਕਲ ਪਏ, ਲੋਕਾਂ ਦੀਆਂ ਉਮੀਦਾਂ ਕਾਂਗਰਸ ਪ੍ਰਤੀ ਜਾਗ ਗਈਆਂ। ਚਰਨਜੀਤ ਸਿੰਘ ਚੰਨੀ ਨੇ ਉਹ ਕਰ ਵਿਖਾਇਆ ਜੋ ਕਿ ਵੱਡੇ ਵੱਡੇ ਸਿਆਸਤਦਾਨ ਨਾ ਕਰ ਸਕੇ।
Captain Amarinder Singh
ਇਹ ਜੋ ਨਵੀਂ ਵਜ਼ਾਰਤ ਬਣੀ ਹੈ, ਇਹ ਦੋ ਤਾਕਤਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ। ਇਹ ਕਿਸੇ ਇਕ ਦੀ ਸੋਚ ਨਹੀਂ ਸੀ ਬਲਕਿ ਕਈ ਤਾਕਤਾਂ ਦੀ ਜਿੱਤ ਸੀ ਤੇ ਜੰਗ ਦੇ ਬਾਅਦ ਦੀ ਤਸਵੀਰ ਕਦੀ ਖ਼ੂਬਸੂਰਤ ਨਹੀਂ ਹੋ ਸਕਦੀ। ਨਵਜੋਤ ਸਿੱਧੂ ਦੀ ਨਰਾਜ਼ਗੀ ਕਲ ਹੀ ਜ਼ਾਹਰ ਹੋ ਗਈ ਸੀ ਜਦ ਉਹ ਪਟਿਆਲਾ ਚਲੇ ਗਏ ਸਨ। ਉਨ੍ਹਾਂ ਦਾ ਅਸਤੀਫ਼ਾ ਵੀ ਸਮਝ ਵਿਚ ਆਉਂਦਾ ਹੈ। ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਨਾਲ ਲਿਆਂਦਾ ਗਿਆ ਸੀ ਪਰ ਇਕ ਹਫ਼ਤੇ ਵਿਚ ਹੀ ਸਾਫ਼ ਹੋ ਗਿਆ ਕਿ ਅਗਲੀਆਂ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੀ ਹੋਣਗੇ।
Navjot Singh Sidhu
ਇਸੇ ਨਾਲ ਨਵਜੋਤ ਸਿੱਧੂ ਦੇ ਦਿਲ ਤੇ ਵੱਡੀ ਸੱਟ ਵੀ ਲੱਗੀ ਹੋਵੇਗੀ। ਨਵਜੋਤ ਸਿੱਧੂ ਪੰਜਾਬ ਵਾਸਤੇ ਇਕ ਸੁਪਨਾ ਲੈ ਕੇ ਚਲੇ ਸਨ ਤੇ ਉਹ ਅਪਣੀ ਸੋਚ ਨੂੰ ਅਮਲੀ ਰੂਪ ਦੇਣ ਵਾਸਤੇ ਉਤਾਵਲੇ ਸਨ। ਕਾਂਗਰਸ ਹਾਈਕਮਾਂਡ ਵਿਚ ਰਾਹੁਲ, ਪ੍ਰਿਯੰਕਾ ਤੇ ਸੋਨੀਆ ਇਕਜੁਟ ਨਹੀਂ ਜਿਸ ਕਾਰਨ ਸਾਰੇ ਕਾਂਗਰਸੀ ਆਗੂ ਵੀ ਵੱਖ ਵੱਖ ਗੁਟਾਂ ਵਿਚ ਹੀ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਬਾਅਦ ਹੁਣ ਨਵਜੋਤ ਸਿੱਧੂ ਦਾ ਅਸਤੀਫ਼ਾ ਕੀ ਪੰਜਾਬ ਨੂੰ ਕਾਂਗਰਸ-ਮੁਕਤ ਕਰਵਾ ਕੇ ਰਹੇਗਾ ਜਾਂ ਕੀ ਚਰਨਜੀਤ ਸਿੰਘ ਚੰਨੀ ਹੇਠ ਕਾਂਗਰਸ ਲੋਕਾਂ ਵਿਚ ਅਪਣੇ ਪ੍ਰਤੀ ਵਿਸ਼ਵਾਸ ਬਣਾ ਲਵੇਗੀ? -ਨਿਮਰਤ ਕੌਰ