
ਸਹੀ ਤੇ ਸਟੀਕ ਜਾਣਕਾਰੀ ਦੀ ਅਣਹੋਂਦ ਵਿਚ ਏਨਾ ਕਹਿਣਾ ਹੀ ਮੁਨਾਸਿਬ ਜਾਪਦਾ ਹੈ ਕਿ ਜੋ ਕੁੱਝ ਵਾਪਰਿਆ, ਉਸ ਨੂੰ ਟਾਲਿਆ ਜਾ ਸਕਦਾ ਸੀ
Editorial: ਪ੍ਰਯਾਗ ਰਾਜ (ਅਲਾਹਾਬਾਦ) ਵਿਖੇ ਮਹਾਂਕੁੰਭ ਦੌਰਾਨ ਭਗਦੜ ਮਚਣ ਦੀ ਘਟਨਾ ਦੁਖਾਂਤਮਈ ਵਰਤਾਰਾ ਹੈ। ਮੌਨੀ ਅਮਾਵਸਿਆ ਵਰਗੇ ਪਾਵਨ ਅਵਸਰ ਮੌਕੇ ਬੁੱਧਵਾਰ ਵੱਡੇ ਤੜਕੇ 2 ਵਜੇ ਦੇ ਆਸ-ਪਾਸ ਵਾਪਰੇ ਇਸ ਦੁਖਾਂਤ ਵਿਚ ਮੌਤਾਂ ਜਾਂ ਜ਼ਖ਼ਮੀਆਂ ਦੀ ਗਿਣਤੀ ਬਾਰੇ ਅਟਕਲਾਂ ਜਾਰੀ ਹਨ। ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਮੁੱਢਲਾ ਦਾਅਵਾ ਸੀ ਕਿ ਕੁੱਝ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਇਸ ਦਾਅਵੇ ਦੇ ਬਾਵਜੂਦ ਮੌਤਾਂ ਬਾਰੇ ਚਰਚਾ ਮੀਡੀਆ ਵਿਚ ਜਾਰੀ ਰਹੀ। ਸ਼ਰਾਰਤੀ ਤੇ ਗ਼ੈਰ-ਜ਼ਿੰਮੇਵਾਰਾਨਾ ਅਨਸਰਾਂ ਵਲੋਂ ਸੋਸ਼ਲ ਮੀਡੀਆ ਨੂੰ ਕਈ ਤਰ੍ਹਾਂ ਦੇ ਭਰਮ-ਜਾਲ ਫੈਲਾਉਣ ਵਾਸਤੇ ਵਖਰੇ ਤੌਰ ’ਤੇ ਵਰਤਿਆ ਜਾ ਰਿਹਾ ਹੈ।
ਸਹੀ ਤੇ ਸਟੀਕ ਜਾਣਕਾਰੀ ਦੀ ਅਣਹੋਂਦ ਵਿਚ ਏਨਾ ਕਹਿਣਾ ਹੀ ਮੁਨਾਸਿਬ ਜਾਪਦਾ ਹੈ ਕਿ ਜੋ ਕੁੱਝ ਵਾਪਰਿਆ, ਉਸ ਨੂੰ ਟਾਲਿਆ ਜਾ ਸਕਦਾ ਸੀ ਬਸ਼ਰਤੇ ਸ਼ਰਧਾਲੂਆਂ ਦਾ ਹਜੂਮ ਮੌਨੀ ਅਮਾਵਸਿਆ ਮੌਕੇ ਅੰਮ੍ਰਿਤ-ਸਨਾਨ ਵਾਸਤੇ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਕਦਰ ਕਰਦਾ ਅਤੇ ਜ਼ਬਤ ਵਿਚ ਰਹਿੰਦਾ। ਤਿੰਨ ਦਰਿਆਵਾਂ - ਗੰਗਾ, ਯਮੁਨਾ ਤੇ (ਕਾਲਪਨਿਕ) ਸਰਸਵਤੀ ਦੇ ਸੰਗਮ ਵਾਲੇ ਸਥਾਨ ਤ੍ਰਿਵੇਣੀ ਵਿਖੇ ‘ਸ਼ੁਭ ਮਹੂਰਤ’ ਦੇ ਸਮੇਂ ਇਨਸ਼ਾਨ ਕਰਨ ਵਾਸਤੇ ਦਿਖਾਏ ਉਤਾਵਲੇਪਣ ਕਾਰਨ ਇਕ ਬੈਰੀਕੇਡ ਦਾ ਡਿੱਗਣਾ ਸ਼ਰਧਾਵਾਨਾਂ ਉਪਰ ਕਿਸ ਹੱਦ ਤਕ ਕਹਿਰ ਢਾਹ ਸਕਦਾ ਹੈ, ਇਸ ਦੀ ਮਿਸਾਲ ਬੁੱਧਵਾਰ ਵੱਡੇ ਤੜਕੇ ਵਾਪਰਿਆ ਦੁਖਾਂਤ ਹੈ।
ਹੁਕਮਰਾਨ ਧਿਰਾਂ ਦੇ ਰਾਜਸੀ ਵਿਰੋਧੀ, ਅਜਿਹੇ ਦੁਖਾਂਤਾਂ ਲਈ ਅਕਸਰ ਸਰਕਾਰੀ ਕੁਪ੍ਰਬੰਧ ਨੂੰ ਦੋਸ਼ੀ ਦੱਸਦੇ ਆਏ ਹਨ। ਹੁਣ ਵੀ ਇਹੋ ਕੁੱਝ ਵਾਪਰ ਰਿਹਾ ਹੈ। ‘ਸਿਵਿਆਂ ’ਤੇ ਹੱਥ ਸੇਕਣ’ ਦੀ ਪ੍ਰਥਾ ਭਾਰਤੀ ਰਾਜਨੀਤੀ ਅੰਦਰ ਸੰਵੇਦਨਾ ਤੇ ਸੁਹਜ ਦੀ ਘਾਟ ਦਾ ਪ੍ਰਤੀਕ ਰਹੀ ਹੈ। ਹਕੀਕਤ ਇਹ ਹੈ ਕਿ ਸ਼ਰਧਾਲੂਆਂ ਨੂੰ ਕਾਬੂ ਵਿਚ ਰੱਖਣਾ ਨਿਹਾਇਤ ਔਖਾ ਕਾਰਜ ਹੈ। ਇਹੀ ਕਾਰਨ ਹੈ ਕਿ ਭਗਦੜ ਵਰਗੀਆਂ ਤ੍ਰਾਸਦੀਆਂ ਅਕਸਰ ਧਰਮ-ਅਸਥਾਨਾਂ ਵਿਖੇ ‘ਪਾਵਨ’ ਮੰਨੇ ਜਾਂਦੇ ਅਵਸਰਾਂ ਦੌਰਾਨ ਹੀ ਵਾਪਰਦੀਆਂ ਹਨ। ਕੁੰਭਾਂ ਜਾਂ ਮਹਾਂਕੁੰਭਾਂ ਦੌਰਾਨ ਵਾਪਰੇ ਦੁਖਾਂਤਾਂ ਵਿਚੋਂ ਸਭ ਤੋਂ ਕਹਿਰੀ ਮਹਾਂਦੁਖਾਂਤ ਪ੍ਰਯਾਗ ਰਾਜ ਵਿਖੇ ਹੀ 1954 ’ਚ ਮੌਨੀ ਅਮਾਵਸਿਆ ਸਮੇਂ ਵਾਪਰਿਆ ਸੀ। ਇਸ ਵਿਚ 800 ਤੋਂ ਵੱਧ ਮੌਤਾਂ ਹੋਈਆਂ ਸਨ।
ਇਸੇ ਤਰ੍ਹਾਂ ਪ੍ਰਯਾਗ ਰਾਜ ਵਿਖੇ ਹੀ 1986 ’ਚ ਉੱਤਰ ਪ੍ਰਦੇਸ਼ ਦੇ ਤੱਤਕਾਲੀ ਮੁਖ ਮੰਤਰੀ ਵੀਰ ਬਹਾਦੁਰ ਸਿੰਘ ਦੀ ਕੁੰਭ ਫੇਰੀ ਕਾਰਨ ਮਚਿਆ ਕੋਹਰਾਮ 200 ਤੋਂ ਵੱਧ ਮੌਤਾਂ ਦੀ ਵਜ੍ਹਾ ਬਣ ਗਿਆ ਸੀ। 2003 ਵਿਚ ਨਾਸਿਕ ਵਿਖੇ ਗੋਦਾਵਰੀ ਨਦੀ ਉੱਪਰ ਕੁੰਭ ਦੌਰਾਨ ਅਫਵਾਹਾਂ ਤੋਂ ਉਪਜਿਆ ਕੋਹਰਾਮ 39 ਮੌਤਾਂ ਤੇ 100 ਤੋਂ ਵੱਧ ਜ਼ਖ਼ਮੀਆਂ ਵਰਗੇ ਦੁਖਾਂਤ ਦੀ ਵਜ੍ਹਾ ਬਣ ਗਿਆ ਸੀ। 2013 ਵਿਚ ਅਲਾਹਾਬਾਦ ਰੇਲਵੇ ਸਟੇਸ਼ਨ ’ਤੇ ਕੁੰਭ ਲਈ ਪੁੱਜੇ ਸ਼ਰਧਾਲੂਆਂ ਦਰਮਿਆਨ ਧੱਕਾ-ਮੁੱਕਾ 39 ਜਾਨਾਂ ਲੈ ਗਈ ਸੀ। ਇਹ ਸਾਰੇ ਦੁਖਾਂਤ ਦਰਸਾਉਂਦੇ ਹਨ ਕਿ ਬਿਹਤਰ ਤੋਂ ਬਿਹਤਰ ਇੰਤਜ਼ਾਮ ਵੀ ਸ਼ਰਧਾਵਾਨਾਂ ਦੇ ਉਲਾਰ ਤੇ ਉਤਾਵਲੇਪਣ ਅੱਗੇ ਦਮ ਤੋੜ ਜਾਂਦੇ ਹਨ।
ਹਰ ਧਰਮ ਅਪਣੇ ਪੈਰੋਕਾਰਾਂ ਨੂੰ ਸਹਿਜ, ਸੰਤੋਖ, ਸਬਰ ਤੇ ਸੰਜਮ ਦਾ ਸੁਨੇਹਾ ਦਿੰਦਾ ਹੈ। ਉਹ ਧਾਰਮਿਕ ਅਨੁਸ਼ਠਾਨਾਂ ਮੌਕੇ ਇਨ੍ਹਾਂ ਚਾਰ ਗੁਣਾਂ ਉੱਤੇ ਬਾਕਾਇਦਗੀ ਨਾਲ ਪਹਿਰਾ ਦੇਣ ਦੀ ਤਾਕੀਦ ਵੀ ਕਰਦਾ ਹੈ। ਪਰ ਕੱਟੜ ਤੋਂ ਕੱਟੜ ਮੁਰੀਦਾਂ ਵਿਚ ਵੀ ਹੁੱਬਲਪ੍ਰਸਤੀ ਤੇ ਕਾਹਲ, ਪਾਵਨ ਅਵਸਰਾਂ ਦੌਰਾਨ ਕਿਉਂ ਹਾਵੀ ਹੋ ਜਾਂਦੀ ਹੈ, ਇਸ ਬਾਰੇ ਨਾ ਸਾਡੇ ਅਖੌਤੀ ਧਰਮ-ਗੁਰੂ ਤੇ ਪੀਰ-ਫ਼ਕੀਰ ਕੋਈ ਚਾਨਣਾ ਪਾਉਂਦੇ ਹਨ ਅਤੇ ਨਾ ਹੀ ਮਨੋਵਿਗਿਆਨ ਦੇ ਮਾਹਿਰ। ਸਾਡੇ ਸਮੇਂ ਦਾ ਇਕ ਸੱਚ ਇਹ ਵੀ ਹੈ ਕਿ ਦੁਨੀਆਂ ਭਰ ਵਿਚ ਧਰਮ-ਸਿਧਾਂਤਾਂ ਦੀ ਸੰਜੀਦਗੀ ਨਾਲ ਪ੍ਰਤਿਪਾਲਣਾ ਕਰਨ ਦਾ ਚਲਣ ਦਿਨੋਂ-ਦਿਨ ਘਟਦਾ ਜਾ ਰਿਹਾ ਹੈ, ਦਿਖਾਵੇ ਤੇ ਪਹਿਲ ਵਾਲੀ ਪ੍ਰਵਿਰਤੀ ਵੱਧ ਜ਼ੋਰ ਫੜਦੀ ਜਾ ਰਹੀ ਹੈ।
ਲਿਹਾਜ਼ਾ, ਧਰਮ-ਅਸਥਾਨਾਂ ਵਿਚ ਜਾ ਕੇ ਵੀ ਕਤਾਰਾਂ ਤੋੜਨਾ ਪਾਪ ਤਾਂ ਕੀ ਜਾਪਣਾ, ਸਾਧਾਰਣ ਗੁਨਾਹ ਵੀ ਨਹੀਂ ਮੰਨਿਆ ਜਾਂਦਾ। ਅਪਣਾ ‘ਜੀਵਨ ਸਫ਼ਲਾ’ ਕਰਨ ਦੇ ਅਜਿਹੇ ਤਾਂਘਵਾਨ ਅਪਣੀਆਂ ਆਪਹੁਦਰੀਆਂ ਕਾਰਨ ਕਿੰਨੇ ਹੋਰਨਾਂ ਦੇ ਜੀਵਨ ਵਿਚ ਦੁੱਖ ਦੇ ਕੰਡੇ ਬੀਜ ਜਾਂਦੇ ਹਨ, ਇਸ ਬਾਰੇ ਸੋਚਣਾ ਵੀ ਵਾਜਬ ਨਹੀਂ ਸਮਝਿਆ ਜਾਂਦਾ। ਭਾਰਤ ਤੇ ਉੱਤਰ ਪ੍ਰਦੇਸ਼ ਸਰਕਾਰਾਂ ਨੇ ਪ੍ਰਯਾਗ ਰਾਜ ਵਾਲੇ ਮਹਾਂਕੁੰਭ ਦੌਰਾਨ 10 ਕਰੋੜ ਤੋਂ ਵੱਧ ਸ਼ਰਧਾਲੂ ਜੁਟਾਉਣ ਅਤੇ ਇਸ ਨੂੰ ਹਿੰਦੂਤਵ ਦੇ ਮਹਾਂ-ਜਲੌਅ ਦਾ ਰੂਪ ਦੇਣ ਵਿਚ ਪ੍ਰਚਾਰ-ਪ੍ਰਸਾਰ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ।
ਅਜਿਹੇ ‘ਚਮਤਕਾਰਾਂ’ ਰਾਹੀਂ ਬਾਕੀ ਦੁਨੀਆਂ ਦੀਆਂ ਅੱਖਾਂ ਚੁੰਧਿਆਉਣ ਦੇ ਲਾਲਸਾਵਾਨਾਂ ਨੂੰ ਇਹ ਅਸਲੀਅਤ ਭੁੱਲ ਗਈ ਕਿ ਭੀੜ ਜਦੋਂ ਬੇਕਾਬੂ ਹੋ ਜਾਂਦੀ ਹੈ ਤਾਂ ਉਹ ਪਸ਼ੂ-ਬਿਰਤੀ ਦਾ ਹੀ ਮੁਜ਼ਾਹਰਾ ਕਰਦੀ ਹੈ, ਮਾਨਵੀ-ਸੰਵੇਦਨਾਵਾਂ ਦਾ ਨਹੀਂ। ਪ੍ਰਯਾਗ ਰਾਜ ਵਿਚ ਮਹਾਂਕੁੰਭ ਮੌਕੇ ਵਾਪਰਿਆ ਹਾਲੀਆ ਦੁਖਾਂਤ ਉਪਰੋਕਤ ਸੱਚ ਦੀ ਜਿਊਂਦੀ-ਜਾਗਦੀ ਮਿਸਾਲ ਹੈ।