
ਭਾਰਤ
ਦੇ ਵਿਕਾਸ ਦੀ ਕਹਾਣੀ ਉਸ ਦੇ ਸ਼ਹਿਰ ਦਰਸਾਉਂਦੇ ਹਨ। ਕਦੇ ਦਿੱਲੀ ਦੀ ਹਵਾ ਬੱਚਿਆਂ ਦਾ
ਸਾਹ ਲੈਣਾ ਮੁਸ਼ਕਲ ਕਰ ਦੇਂਦੀ ਹੈ ਅਤੇ ਕਦੇ ਬੰਗਲੌਰ ਦੀਆਂ ਝੀਲਾਂ ਵਿਚ ਅੱਗ ਲੱਗ ਜਾਂਦੀ
ਹੈ। ਮੋਹਾਲੀ ਵਿਚ ਕੁੱਝ ਘੰਟਿਆਂ ਦੇ ਮੀਂਹ ਨਾਲ ਹੜ੍ਹ ਆ ਜਾਂਦਾ ਹੈ। ਬਿਹਾਰ ਵਿਚ 500
ਲੋਕ ਹੜ੍ਹਾਂ ਕਰ ਕੇ ਮਾਰੇ ਜਾ ਚੁੱਕੇ ਹਨ। ਕਲ ਮੁੰਬਈ ਵਿਚ 5 ਘੰਟੇ ਦੇ ਮੀਂਹ ਨਾਲ 6
ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਾਲ ਦੇਸ਼ ਦਾ ਇਕੋ-ਇਕ ਯੋਜਨਾਬੱਧ ਸ਼ਹਿਰ ਵੀ ਇਕ ਦਿਨ ਦੇ
ਮੀਂਹ ਨਾਲ ਹੜ੍ਹ ਦੀ ਮਾਰ ਹੇਠ ਆ ਗਿਆ।
ਅਫ਼ਸੋਸ ਕਿ ਇਹ ਕੋਈ ਇਕ ਵਾਰ ਵਾਪਰਨ ਵਾਲੀ
ਅਨਹੋਣੀ ਘਟਨਾ ਨਹੀਂ ਸਗੋਂ ਸਾਲ ਦਰ ਸਾਲ ਵਾਪਰਨ ਵਾਲੀਆਂ ਘਟਨਾਵਾਂ ਹਨ। ਬੰਗਲੌਰ ਵਿਚ
ਤਿੰਨ ਸਾਲਾਂ ਤੋਂ ਲਗਾਤਾਰ ਝੀਲਾਂ ਵਿਚ ਅੱਗਾਂ ਲਗਦੀਆਂ ਆ ਰਹੀਆਂ ਹਨ। ਸਾਰੇ ਸ਼ਹਿਰ ਦਾ
ਗੰਦਾ ਪਾਣੀ, ਬਿਨਾਂ ਸਾਫ਼ ਕੀਤਿਆਂ, ਝੀਲ ਵਿਚ ਸੁਟਿਆ ਜਾਂਦਾ ਹੈ ਅਤੇ ਸ਼ਹਿਰ ਦੇ ਉਦਯੋਗ,
ਝੀਲਾਂ ਵਿਚ ਅਪਣੀ ਗੰਦਗੀ ਸੁਟਦੇ ਆ ਰਹੇ ਹਨ। ਇਸੇ ਕਰ ਕੇ ਝੀਲਾਂ ਵਿਚ ਰਸਾਇਣਾਂ ਦੀ
ਮਾਤਰਾ ਖ਼ਤਰੇ ਦੀ ਹੱਦ ਤੋਂ ਵੱਧ ਗਈ ਹੈ ਜਿਸ ਨੂੰ ਅੱਗ ਲੱਗ ਜਾਂਦੀ ਹੈ ਜਾਂ ਉਹ ਹਾਨੀਕਾਰਕ
ਝੱਗ ਬਣ ਕੇ ਸੜਕਾਂ ਉਤੇ ਆ ਜਾਂਦੀ ਹੈ ਅਤੇ ਆਮ ਜਨਤਾ ਦੀ ਸਿਹਤ ਦੀ ਹਾਲਤ ਮਾੜੀ ਬਣਾ
ਦੇਂਦੀ ਹੈ। ਦਿੱਲੀ ਤੋਂ ਬਾਅਦ ਬੰਗਲੌਰ ਦੀ ਹਵਾ ਵਿਚ ਸੱਭ ਤੋਂ ਵੱਧ ਪ੍ਰਦੂਸ਼ਣ ਹੈ।
ਦਿੱਲੀ
ਦੀ ਹਵਾ ਦਾ ਹਾਲ ਏਨਾ ਬੁਰਾ ਹੋ ਗਿਆ ਹੈ ਕਿ ਦੁਕਾਨਾਂ ਵਿਚ ਜਿੰਨੇ ਖਿਡੌਣੇ ਮਿਲਦੇ ਹਨ,
ਓਨੇ ਹੀ ਹਵਾ ਦੇ ਪ੍ਰਦੂਸ਼ਣ ਤੋਂ ਬਚਣ ਵਾਲੇ ਮੁਖੌਟੇ ਮਿਲਦੇ ਹਨ। ਦਿੱਲੀ ਸ਼ਹਿਰ ਵਿਚ ਇਕ
ਦਿਨ ਸੜਕਾਂ ਉਤੇ ਬਿਤਾਉਣਾ ਇੰਜ ਲਗਦਾ ਹੈ ਜਿਵੇਂ ਨਰਕ ਦੁਆਰ ਦੇ ਦਰਸ਼ਨ ਕੀਤੇ ਜਾ ਰਹੇ ਹਨ।
ਫਿਰ ਆਇਆ ਮੁੰਬਈ, ਭਾਰਤ ਦਾ ਸੱਭ ਤੋਂ ਅਮੀਰ ਸ਼ਹਿਰ, ਸੁਪਨਿਆਂ ਦੀ ਧਰਤੀ ਅਤੇ
ਦੁਨੀਆਂ ਦਾ ਸੱਭ ਤੋਂ ਵੱਡੇ ਝੁੱਗੀ-ਝੌਪੜੀ ਬਸਤੀ ਦੀ ਮਾਲਕ ਨਗਰੀ। 2005 ਵਿਚ ਹੜ੍ਹ ਆਏ
ਸਨ ਅਤੇ ਮੁੰਬਈ ਨਗਰੀ ਦੀ ਤਿਆਰੀ ਦਾ ਪਰਦਾਫ਼ਾਸ਼ ਕਰ ਗਏ ਸਨ। ਉਨ੍ਹਾਂ ਹੜ੍ਹਾਂ ਤੋਂ ਬਾਅਦ
ਮੁੰਬਈ ਵਿਚ 1200 ਕਰੋੜ ਦੀ ਲਾਗਤ ਨਾਲ ਬਰਸਾਤੀ ਪਾਣੀ ਨੂੰ ਕੱਢਣ ਦਾ ਸਿਸਟਮ ਲਾਉਣ ਦੀ
ਤਿਆਰੀ ਕੀਤੀ ਗਈ। ਅੱਠ ਪੰਪਿੰਗ ਸਟੇਸ਼ਨ ਲਾਏ ਜਾਣੇ ਸਨ ਜੋ ਦੋ ਵਾਰੀ ਨਿਸ਼ਚਿਤ ਕੀਤੀ ਮਿਤੀ
ਤੋਂ ਪਛੜ ਗਏ ਹਨ। ਪਾਣੀ ਦੀਆਂ 38 ਪੁਰਾਣੀਆਂ ਪਾਈਪਾਂ ਨੂੰ ਬਦਲਣ ਦੀ ਯੋਜਨਾ ਬਣਾਈ ਗਈ ਸੀ
ਪਰ ਸਿਰਫ਼ 26 ਹੀ ਮੁਕੰਮਲ ਹੋ ਚੁੱਕੇ ਹਨ। ਤਿੰਨ ਦੇ ਤਾਂ ਟੈਂਡਰ ਵੀ ਨਹੀਂ ਕੱਢੇ ਗਏ। ਜੋ
ਯੋਜਨਾ ਬਣਾਈ ਗਈ ਸੀ, ਉਸ ਦਾ ਸਿਰਫ਼ 30% ਕੰਮ ਖ਼ਤਮ ਹੋ ਸਕਿਆ ਹੈ ਅਤੇ ਉਹ 1200 ਕਰੋੜ ਦੀ
ਯੋਜਨਾ ਹੁਣ 2700 ਕਰੋੜ ਦੀ ਬਣ ਚੁੱਕੀ ਹੈ। 2005 ਵਿਚ 550 ਕਰੋੜ ਦੇ ਆਰਥਕ ਨੁਕਸਾਨ
ਅਤੇ 1094 ਮੌਤਾਂ ਤੋਂ ਬਾਅਦ ਵੀ ਮੁੰਬਈ ਸਰਕਾਰ ਸਬਕ ਨਹੀਂ ਸਿਖ ਸਕੀ। ਅੱਜ ਅਸੀ ਮੁੰਬਈ
ਨੂੰ ਸ਼ਿੰਘਾਈ ਬਣਾਉਣ ਦੀਆਂ ਗੱਲਾਂ ਕਰਦੇ ਹਾਂ ਪਰ ਅਸਲੀਅਤ ਤਾਂ ਕੁਦਰਤ ਦਾ ਇਕ ਧੱਫਾ ਹੀ
ਸਾਹਮਣੇ ਲਿਆ ਰਖਦਾ ਹੈ। ਬਠਿੰਡੇ ਨੂੰ ਪੈਰਿਸ ਬਣਾਉਣ ਦੀ ਗੱਲ ਵੀ ਇਸੇ ਤਰ੍ਹਾਂ ਬਦਬੂ ਭਰੀ
ਹਵਾ ਹੇਠ ਦੱਬ ਕੇ ਰਹਿ ਗਈ।
ਸ਼ਹਿਰਾਂ ਵਿਚ ਕੁੱਝ ਵੱਡੀਆਂ ਇਮਾਰਤਾਂ ਬਣਾਉਣ ਨਾਲ
ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਨਹੀਂ ਖੜਾ ਹੋਣ ਵਾਲਾ ਬਲਕਿ ਸ਼ਹਿਰਾਂ ਦੇ ਮੁਢਲੇ ਢਾਂਚੇ
ਨੂੰ ਪਹਿਲਾਂ ਮਜ਼ਬੂਤ ਕਰਨਾ ਪਵੇਗਾ। ਪਰ ਜਿਸ ਰਫ਼ਤਾਰ ਨਾਲ ਕੰਮ ਚਲ ਰਿਹਾ ਹੈ, ਲਗਦਾ ਨਹੀਂ
ਕਿ ਇਹ ਟੀਚਾ ਕਦੇ ਵੀ ਸਰ ਹੋ ਸਕੇਗਾ।