ਵਧਦੀ ਆਬਾਦੀ ਚਿੰਤਾਜਨਕ
Published : Nov 29, 2017, 11:10 pm IST
Updated : Nov 29, 2017, 5:40 pm IST
SHARE ARTICLE

ਮੈਂ  ਅਪਣੀਆਂ ਅੱਖਾਂ ਦਾ ਆਪ੍ਰੇਸ਼ਨ ਕਰਾਉਣ ਤੋਂ ਬਾਅਦ ਇਸੇ ਸ਼ਹਿਰ ਵਿਚ ਰਹਿੰਦੀ ਮੇਰੀ ਛੋਟੀ ਭੈਣ ਕੋਲ ਦੋ ਤਿੰਨ ਦਿਨ ਰਹਿਣ ਚਲੀ ਗਈ। ਉਨ੍ਹਾਂ ਦੀ ਪੋਤੀ ਰੀਤ ਇਕ ਸਾਲ ਤੋਂ ਘੱਟ ਉਮਰ ਦੀ ਹੈ। ਘਰ ਵਿਚ ਸਫ਼ਾਈ ਅਤੇ ਕਪੜੇ ਧੋਣ ਲਈ ਬਾਈ ਰੱਖੀ ਹੋਈ ਹੈ। ਪਰ ਫਿਰ ਵੀ ਰੀਤ ਸੱਭ ਦੀ ਭੂਤਨੀ ਭੁਲਾਈ ਰਖਦੀ ਹੈ। ਨਾ ਕਿਸੇ ਨੂੰ ਵੇਲੇ ਸਿਰ ਖਾਣਾ, ਨਾ ਉਨ੍ਹਾਂ ਦੇ ਨਹਾਉਣ ਦਾ ਬੱਝਵਾਂ ਸਮਾਂ। ਚਾਰੇ ਜੀਅ ਉਸ ਦੀ ਸੰਭਾਲ ਵਿਚ ਲੱਗੇ ਰਹਿੰਦੇ ਨੇ। ਅਸੀ ਦੋਵੇਂ ਭੈਣਾਂ ਬੈਠੀਆਂ ਸੋਚਦੀਆਂ ਕਿ ਬਈ ਪਹਿਲਾਂ ਜ਼ਨਾਨੀਆਂ ਦੇ ਸੱਤ-ਸੱਤ, ਅੱਠ-ਅੱਠ ਬੱਚੇ ਹੁੰਦੇ ਸਨ, ਘਰਾਂ ਵਿਚ ਡੰਗਰ ਵੱਛੇ ਵੀ ਹੁੰਦੇ, ਗੋਹਾ ਕੂੜਾ ਵੀ ਕਰਦੀਆਂ, ਚੁੱਲ੍ਹਾ ਚੌਕਾ ਕਰਦੀਆਂ, ਕਿਵੇਂ ਇਹ ਸੱਭ ਕੁੱਝ ਸਾਂਭਦੀਆਂ ਸਨ? ਧੰਨ ਸਨ ਉਹ ਔਰਤਾਂ। ਸਾਡੇ ਵੀ ਪ੍ਰਵਾਰ ਵਿਚ ਅਸੀ ਕਈ ਭੈਣ ਭਰਾ ਸਾਂ।ਸਮੇਂ ਦੇ ਬਦਲਾਅ ਨਾਲ ਅੱਜ ਘਰਾਂ ਵਿਚ ਏਨੇ ਬੱਚੇ ਨਹੀਂ ਹੁੰਦੇ। ਇਕ ਜਾਂ ਦੋ ਹੀ ਹੁੰਦੇ ਹਨ। ਦੋ ਤਾਂ ਠੀਕ ਹਨ, ਆਪਸ ਵਿਚ ਖੇਡਦੇ, ਬੋਲਦੇ ਹਨ। ਇਕੱਲਾ ਕਿਸ ਨਾਲ ਟੱਕਰਾਂ ਮਾਰੇ? ਮੁੰਡੇ ਦੀ ਇੱਛਾ ਲਈ ਕੁੱਝ ਲੋਕ ਪ੍ਰਵਾਰ ਵਧਾ ਲੈਂਦੇ ਹਨ। ਮੇਰੇ ਅਪਣੇ ਮੁਹੱਲੇ ਵਿਚ ਇਕ ਔਰਤ ਦੇ ਦਸ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ। ਹੁਣ ਦਸੋ ਉਹ ਵਿਚਾਰਾ ਏਨੀਆਂ ਭੈਣਾਂ ਨਾਲ ਕਿਸ ਤਰ੍ਹਾਂ ਨਿਭਾਵੇਗਾ? ਇਥੇ ਮੈਨੂੰ ਇਕ ਪੰਜਾਬੀ ਬੋਲੀ ਬਾਹਰ ਆਉਣ ਲਈ ਕਾਹਲੇ ਪੈ ਰਹੀ ਹੈ ਕਿ 'ਸੱਸ ਦੇ ਪੰਜਾਹ ਕੁੜੀਆਂ, ਮੱਥਾ ਟੇਕਦੀ ਨੂੰ ਬਾਰਾਂ ਵੱਜ ਜਾਂਦੇ'। ਚਲੋ ਹੈ ਤਾਂ ਇਹ ਅਤਿਕਥਨੀ ਪਰ ਵੱਡੇ ਟੱਬਰ ਵਲ ਸੰਕੇਤ ਤਾਂ ਹੈ ਹੀ। ਅਜਕਲ ਮਹਿੰਗਾਈ ਦੇ ਜ਼ਮਾਨੇ ਵਿਚ ਇਕ-ਦੋ ਬੱਚੇ ਪਾਲਣੇ ਹੀ ਵੱਡੀ ਮੁਹਿੰਮ ਹੈ। ਇਕ ਬੱਚ ਦੇ ਕਪੜੇ ਖਿਡੌਣੇ ਹੋਰ ਨਿੱਕ ਸੁੱਕ ਉਤੇ ਹਜ਼ਾਰਾਂ ਰੁਪਏ ਲੱਗ ਜਾਂਦੇ ਹਨ। ਸਾਧਾਰਣ ਲੋਕ ਤਾਂ ਅਜਿਹਾ ਕਰਨ ਦੀ ਸੋਚ ਵੀ ਨਹੀਂ ਸਕਦੇ। 
ਘਰ ਤੋਂ ਬਾਹਰ ਜਾਉ ਤਾਂ ਲੋਕ ਕੀੜੀਆਂ ਵਾਂਗ ਤੁਰੇ ਫਿਰਦੇ ਨੇ। ਸਾਈਕਲ, ਸਕੂਟਰ, ਮੋਟਰਸਾਈਕਲ, ਕਾਰਾਂ ਇਕ-ਦੂਜੇ ਨਾਲ ਖਹਿ ਕੇ ਲੰਘਦੇ ਹਨ। ਆਬਾਦੀ ਛੜੱਪੇ ਮਾਰ ਕੇ ਵੱਧ ਰਹੀ ਹੈ। ਇਸ ਵੱਧ ਰਹੀ ਆਬਾਦੀ ਕਾਰਨ ਗ਼ਰੀਬੀ, ਅਨਪੜ੍ਹਤਾ, ਬਾਲ-ਵਿਆਹ ਮੁੰਡੇ ਦੀ ਤੀਬਰ ਇੱਛਾ ਹੀ ਹੈ। ਹਰ ਰੋਜ਼ ਕਿੰਨੇ ਮੂੰਹ ਖਾਣ ਲਈ ਪੈਦਾ ਹੋ ਰਹੇ ਹਨ। ਇਸ ਤੇ ਕਾਬੂ ਪਾਉਣਾ ਚਾਹੀਦਾ ਹੈ। ਕੁੱਝ ਲੋਕ ਤਾਂ ਇਸ ਨੂੰ ਰੱਬ ਦਾ ਭਾਣਾ ਮੰਨਦੇ ਹਨ। ਅਨਪੜ੍ਹਤਾ ਕਰ ਕੇ ਉਨ੍ਹਾਂ ਨੂੰ ਵੱਡੇ ਪ੍ਰਵਾਰਾਂ ਦੇ ਨਫ਼ੇ ਨੁਕਸਾਨ ਦਾ ਗਿਆਨ ਨਹੀਂ। ਗ਼ਰੀਬ ਪ੍ਰਵਾਰਾਂ ਅਤੇ ਕੁੱਝ ਅਨੁਸੂਚਿਤ ਜਾਤਾਂ ਵਿਚ ਵੱਧ ਬੱਚੇ ਪੈਦਾ ਹੁੰਦੇ ਹਨ। ਉਨ੍ਹਾਂ ਅਨੁਸਾਰ ਜਿੰਨੇ ਹੱਥ ਵੱਧ ਹੋਣਗੇ, ਓਨੀ ਵੱਧ ਕਮਾਈ ਹੋਵੇਗੀ। ਇਹ ਨਹੀਂ ਪਤਾ ਕਿ ਜਿੰਨੇ ਘੱਟ ਬੱਚੇ ਹੋਣਗੇ ਖ਼ਰਚ ਵੀ ਘੱਟ ਹੋਵੇਗਾ। ਅਪਣੀ ਹੀ ਸੋਚ ਮੁਤਾਬਕ ਉਹ ਬੱਚਿਆਂ ਨੂੰ ਸਕੂਲ ਵਿਚ ਨਹੀਂ ਭੇਜਦੇ। ਸਕੂਲ ਬੈਗ ਦੀ ਥਾਂ ਬੋਰੀਆਂ ਦੇ ਕੇ ਕਾਗ਼ਜ਼ ਗੱਤਾ ਚੁੱਕਣ ਲਈ ਭੇਜ ਦਿੰਦੇ ਹਨ। ਇਹੋ ਸਾਡੇ ਦੇਸ਼ ਦੀ ਤਰਾਸਦੀ ਹੈ।
ਵੱਧ ਰਹੀ ਆਬਾਦੀ ਸਾਡੇ ਦੇਸ਼ ਲਈ ਇਕ ਵੱਡੀ ਮੁਸੀਬਤ ਹੈ। ਇਸ ਕਾਰਨ ਬਨਸਪਤੀ, ਖੇਤ ਅਤੇ ਜੰਗਲ ਨਸ਼ਟ ਹੋ ਰਹੇ ਹਨ। ਪ੍ਰਦੂਸ਼ਣ ਵੱਧ ਰਿਹਾ ਹੈ। ਗ਼ਰੀਬੀ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ। ਪੇਟ ਦੀ ਅੱਗ ਸ਼ਾਂਤ ਕਰਨ ਲਈ ਲੁੱਟਾਂ-ਖੋਹਾਂ, ਚੋਰੀਆਂ-ਚਕਾਰੀਆਂ ਵਿਚ ਵਾਧਾ ਹੋ ਰਿਹਾ ਹੈ। ਸਾਡੀ ਸਰਕਾਰ ਨੂੰ ਇਸ ਨੂੰ ਕਾਬੂ ਕਰਨ ਲਈ ਚੇਤੰਨ ਹੋਣਾ ਚਾਹੀਦਾ ਹੈ। ਛੋਟੇ ਪ੍ਰਵਾਰ ਦੇ ਲਾਭ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਹੈ। ਇਸ ਵਿਚ ਸਿਖਿਆ ਸੱਭ ਤੋਂ ਵੱਧ ਹਿੱਸਾ ਪਾ ਸਕਦੀ ਹੈ। ਸਕੂਲ ਪੜ੍ਹਨ ਵਾਲਾ ਕੋਈ ਬੱਚਾ ਘਰ ਨਾ ਰਹੇ। ਬਸਤੀਆਂ ਦੇ ਕੋਲ ਜਾ ਕੇ ਕੋਈ ਸੈਮੀਨਾਰ ਲਗਾ ਕੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ। ਸਿਖਿਆ ਲਈ, ਸਫ਼ਾਈ ਲਈ, ਘੱਟ ਬਚਿਆਂ ਲਈ ਪ੍ਰੇਰਿਤ ਕਰਵਾ ਕੇ ਜੰਗੀ ਪੱਧਰ ਤੇ ਇਕ ਮੁਹਿੰਮ ਛੇੜਨੀ ਚਾਹੀਦੀ ਹੈ। ਲਗਾਤਾਰ ਉਪਰਾਲੇ ਕਰਨ ਨਾਲ ਉਨ੍ਹਾਂ ਦੀ ਸੋਚ ਬਦਲ ਸਕਦੀ ਹੈ। ਇਸ ਨਾਲ ਉਨ੍ਹਾਂ ਦਾ ਜੀਵਨ ਵੀ ਵਧੀਆ ਸਹੂਲਤਾਂ ਦਾ ਆਨੰਦ ਮਾਣ ਸਕਦਾ ਹੈ। ਗ਼ਰੀਬੀ ਦੀ ਦਲ-ਦਲ ਵਿਚੋਂ ਬਾਹਰ ਆ ਕੇ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਣਗੇ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement