
ਬਾਦਲ ਸਾਹਿਬ ਨਾਲ ਮੇਰੀ ਮਾਮੂਲੀ ਨੇੜਤਾ ਬਰਜਿੰਦਰ ਨੂੰ ਦੋਸਤ ਤੋਂ ਦੁਸ਼ਮਣ ਬਣਾ ਗਈ ਤੇ ਉਸ ਤੋਂ ਅੱਗੇ ਦੀ ਦਾਸਤਾਨ
Nijji Diary De Panne: ਪਿਛਲੇ ਹਫ਼ਤੇ ਮੈਂ ਦਸ ਰਿਹਾ ਸੀ ਕਿ ਬਰਜਿੰਦਰ ਹਮਦਰਦ ਨਾਲ ਮੇਰੇ ਸਬੰਧ ਵੱਡੇ-ਛੋਟੇ ਭਰਾ ਵਾਲੇ ਸਨ ਤੇ ਉਸ ਦੇ ਚੰਡੀਗੜ੍ਹ ਕਿਆਮ ਦੌਰਾਨ (ਜਦ ਉਹ ਪੰਜਾਬੀ ਟਰੀਬਿਊਨ ਦਾ ਐਡੀਟਰ ਸੀ) ਇਹ ਸਬੰਧ ਬਹੁਤ ਹੀ ਗੂੜ੍ਹੇ ਹੋ ਗਏ ਸਨ। ਇਥੋਂ ਧੱਕੇ ਨਾਲ ਉਸ ਨੂੰ ਅਪਣੇ ਪਿਤਾ ਦਾ ਅਖ਼ਬਾਰ ਸੰਭਾਲਣ ਲਈ ਤਿਆਰ ਵੀ ਕਾਫ਼ੀ ਹੱਦ ਤਕ ਮੈਂ ਹੀ ਕੀਤਾ ਸੀ ਤੇ ਇਥੋਂ ਜਾਣ ਲਗਿਆਂ, ਉਸ ਦੇ ਆਖ਼ਰੀ ਲਫ਼ਜ਼ ਮੈਨੂੰ ਯਕੀਨ ਕਰਵਾ ਗਏ ਕਿ ਪਿਆਰ ਦਾ ਜਿਹੜਾ ਜਜ਼ਬਾ ਮੇਰੇ ਦਿਲ ਵਿਚ ਉਸ ਲਈ ਸੀ, ਉਹੀ ਜਜ਼ਬਾ, ਉਸੇ ਸ਼ਿੱਦਤ ਨਾਲ, ਉਸ ਦੇ ਦਿਲ ਵਿਚ ਮੇਰੇ ਲਈ ਵੀ ਸੀ।
ਪਰ ਜਦ ਬਰਜਿੰਦਰ ਮੇਰੇ ਨਾਲ, ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਝਗੜੇ ਜਾਂ ਬਹਿਸ-ਮੁਬਾਹਸੇ ਦੇ, ਇਕਦੰਮ ਦੁਸ਼ਮਣਾਂ ਵਾਂਗ ਪੇਸ਼ ਆਉਣ ਲੱਗ ਪਿਆ ਤਾਂ ਮੇਰੀ ਵੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਇਹ ਹੋ ਕੀ ਗਿਆ ਹੈ। ਇਥੇ ਮੈਂ ਸਪੱਸ਼ਟ ਕਰ ਦਿਆਂ ਕਿ ਬਰਜਿੰਦਰ ਵਿਰੁਧ ਵਿਜੀਲੈਂਸ ਦੀ ਜਾਂਚ ਰੀਪੋਰਟ ਜਾਂ ਕਿਸੇ ਅਦਾਲਤੀ ਕਾਰਵਾਈ ਬਾਰੇ ਮੈਂ ਬਿਲਕੁਲ ਕੁੱਝ ਨਹੀਂ ਲਿਖ ਰਿਹਾ। ਅਦਾਲਤਾਂ ਜੋ ਫ਼ੈਸਲਾ ਕਰਨਗੀਆਂ, ਉਹ ਸੱਭ ’ਤੇ ਲਾਗੂ ਹੋਣਾ ਹੀ ਹੈ।
ਮੈਂ ਤਾਂ ਕੇਵਲ ਇਹ ਅਰਜ਼ ਕਰ ਰਿਹਾ ਹਾਂ ਕਿ ਇਕ ਸਰਕਾਰੀ ਸੰਸਥਾ ਦੇ ਹਿਸਾਬ-ਕਿਤਾਬ ਨੂੰ ਹਿਸਾਬ-ਕਿਤਾਬ ਵਜੋਂ ਹੀ ਲਿਆ ਜਾਣਾ ਚਾਹੀਦੈ ਤੇ ‘ਪ੍ਰੈੱਸ ਦੀ ਆਜ਼ਾਦੀ’ ਵਾਲੀ ਛਤਰੀ ਤਾਣ ਕੇ ਹਿਸਾਬ ਕਿਤਾਬ ਦੇਣ ਤੋਂ ਬਚਣਾ ਨਹੀਂ ਚਾਹੀਦਾ ਕਿਉਂਕਿ ਅਪਣੀ ਵਾਰੀ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਜਾਂ ਕੁਚਲਵਾਉਣ ਲਗਿਆਂ ਤੁਸੀ ਵੀ ਘੱਟ ਨਹੀਂ ਸੀ ਕੀਤੀ। ਉਨ੍ਹਾਂ ਦੀ ਅਪਣੀ ਦਲੀਲ ਵੀ ਇਹ ਹੈ ਕਿ ਜੇ ਮੌਜੂਦਾ ਮੁੱਖ ਮੰਤਰੀ ਦਾ ਕਹਿਣਾ ਮੰਨੀ ਜਾਂਦੇ ਤਾਂ ਕਿਸੇ ਨੇ ਕੇਸ ਨਹੀਂ ਸੀ ਖੋਲ੍ਹਣਾ। ਹਾਂ, ਪਰ ਕੀ ਇਹ ਜਨਤਾ ਦੇ ਪੈਸੇ ਨਾਲ ਅਨਿਆਂ ਨਹੀਂ ਸੀ ਹੋਣਾ? ਕੇਸ ਖੋਲ੍ਹਣ ਦਾ ਕਾਰਨ ਕੀ ਹੈ, ਇਹ ਮਹੱਤਵਪੂਰਨ ਨਹੀਂ, ਮਹੱਤਵਪੂਰਨ ਸਵਾਲ ਇਹ ਹੈ ਕਿ ਜਨਤਾ ਦੇ ਪੈਸੇ ਨੂੰ ਠੀਕ ਵਰਤਿਆ ਗਿਆ ਜਾਂ ਨਹੀਂ? ਇਸ ਵਿਚ ਪ੍ਰੈੱਸ ਦੀ ਆਜ਼ਾਦੀ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ।
‘ਪੰਜ ਪਾਣੀ’ ਘਾਟੇ ਪਾ ਕੇ ਬੰਦ ਹੋ ਗਿਆ ਸੀ ਤੇ ਅਸੀ ਦੁਹਾਂ (ਮੈਂ ਤੇ ਜਗਜੀਤ) ਨੇ ਫ਼ੈਸਲਾ ਕੀਤਾ ਕਿ ਅਖ਼ਬਾਰ ਦੁਬਾਰਾ ਕੱਢਾਂਗੇ ਤਾਂ ਜ਼ਰੂਰ ਪਰ ਇਸ ਵਾਰ ਕੱਢਾਂਗੇ ਉਦੋਂ ਹੀ ਜਦ ਪਹਿਲਾਂ ਅਪਣੀ ਪ੍ਰੈੱਸ ਲਾ ਲਵਾਂਗੇ। ਪੀ.ਐਫ਼.ਸੀ. ਨੇ ਮੋਹਾਲੀ ਵਿਚ ਸਾਨੂੰ ਆਫ਼ਸੈੱਟ ਪ੍ਰੈੱਸ ਲਗਾਉਣ ਲਈ ਵੱਡਾ ਕਰਜ਼ਾ ਦੇ ਦਿਤਾ ਤੇ ਅਸੀ ਪ੍ਰੈੱਸ ਲਗਾ ਲਈ (ਰੋਜ਼ਾਨਾ ਸਪੋਕਸਮੈਨ ਦੀ ਪ੍ਰੈੱਸ)। ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਛਪਾਈ ਦਾ ਸਾਰਾ ਕੰਮ ਸਾਨੂੰ ਦੇ ਦਿਤਾ। ਵੱਡੇ ਬਾਦਲ ਆਪ ਵੀ ਅਕਸਰ ਪ੍ਰੈੱਸ ਵਿਚ ਆ ਜਾਇਆ ਕਰਦੇ ਸਨ ਤੇ ਸਿਆਸੀ ਮਾਮਲਿਆਂ ਨੂੰ ਲੈ ਕੇ ਚਰਚਾ ਵੀ ਹੋਣ ਲੱਗ ਪਈ। ਉਹ ਅਕਾਲੀ ਰਾਜਨੀਤੀ ਬਾਰੇ ਮੇਰੇ ‘ਗਿਆਨ’ ਤੋਂ ਬੜੇ ਪ੍ਰਭਾਵਤ ਹੋਏ ਤੇ ਇਕ ਆਈ.ਏ.ਐਸ. ਅਫ਼ਸਰ ਰਾਹੀਂ ਮੈਨੂੰ ਅਖਵਾ ਭੇਜਿਆ ਕਿ ਮੈਂ ਬਾਦਲ ਸਾਹਿਬ ਨੂੰ ਸਿੱਖ ਰਾਜਨੀਤੀ ਤੇ ਸਿੱਖ ਧਰਮ ਬਾਰੇ ਦੋ ਵੱਖ-ਵੱਖ ਲੈਕਚਰ ਹਰ ਰੋਜ਼ ਇਕ ਘੰਟੇ ਲਈ ਦਿਆ ਕਰਾਂ ਤਾਂ ਬਾਦਲ ਸਾਹਿਬ ਦਾ ਅਕਸ ਬੜਾ ਚੰਗਾ ਬਣ ਜਾਏਗਾ। ਮੈਂ ਮੰਨ ਗਿਆ। ਬਾਦਲ ਸਾਹਿਬ ਮੇਰੇ ਲੈਕਚਰ ਸੁਣ ਕੇ ਅਕਸਰ ਕਿਹਾ ਕਰਦੇ, ‘‘ਕਾਕਾ ਜੀ (ਕਦੇ ਕਦੇ ‘ਸਰਦਾਰ ਜੀ’ ਕਹਿ ਕੇ ਵੀ ਬੁਲਾ ਲੈਂਦੇ ਸਨ) ਥੋਡੀ ਉਮਰ ਤਾਂ ਥੋੜੀ ਲਗਦੀ ਹੈ ਪਰ ਥੋਡੇ ਲੈਕਚਰ ਸੁਣ ਕੇ ਇੰਜ ਲਗਦੈ ਜਿਵੇਂ ਥੋਡੇ ਸਾਹਮਣੇ ਸੱਭ ਕੁੱਝ ਵਾਪਰਿਆ ਹੋਵੇ।’’
ਮੇਰਾ ਜਵਾਬ ਹੁੰਦਾ, ‘‘ਬਾਦਲ ਸਾਹਿਬ ਸੱਭ ਕੁੱਝ ਕਿਤਾਬਾਂ ਵਿਚ ਲਿਖਿਆ ਮਿਲਦੈ ਤੇ ਮੈਂ ਵੀ ਉਥੋਂ ਹੀ ਸਾਰੀ ਜਾਣਕਾਰੀ ਲੈਂਦਾ ਹਾਂ।’’
ਬਾਦਲ ਸਾਹਿਬ ਹੱਸ ਕੇ ਕਹਿੰਦੇ, ‘‘ਬਈ ਪਿੰਡਾਂ ਵਿਚ ਸਾਨੂੰ ਤਾਂ ਕਿਤਾਬ ਪੜ੍ਹਨ ਦੀ ਆਦਤ ਹੀ ਕਿਸੇ ਨੇ ਨਹੀਂ ਸੀ ਪੈਣ ਦਿਤੀ। ਹੁਣ ਕਿਤਾਬ ਨੂੰ ਹੱਥ ਲਾਈਏ ਵੀ ਤਾਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਏ।’’
ਫਿਰ ਬਾਦਲ ਸਾਹਿਬ ਨੇ ਮੈਨੂੰ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਜ਼ਬਰਦਸਤੀ ਬਿਠਾਣਾ ਸ਼ੁਰੂ ਕਰ ਦਿਤਾ ਤੇ ਕਹਿੰਦੇ, ‘‘ਬੈਠੋ ਬੈਠੋ, ਤੁਸੀ ਤਾਂ ਘਰ ਦੇ ਹੀ ਬੰਦੇ ਓ। ਨਾਲੇ ਬੈਠੋਗੇ ਤਾਂ ਸਾਨੂੰ ਕੋਈ ਅਕਲ ਦੀ ਗੱਲ ਹੀ ਦੱਸੋਗੇ। ਇਥੇ ਤਾਂ ਬਹੁਤੇ....।’’
ਬਾਦਲ ਸਾਹਿਬ ਸਵੇਰੇ 6 ਵਜੇ ਹੀ ਮੈਨੂੰ ਫ਼ੋਨ ਕਰਨ ਲੱਗ ਪਏ ਤੇ ਕਿਸੇ ਨਾ ਕਿਸੇ ਸਮੱਸਿਆ ਦਾ ਹੱਲ ਪੁੱਛਣ ਲੱਗ ਪਏ। ਫਿਰ ਕਹਿੰਦੇ, ‘‘ਜਲਦੀ ਆ ਜਾਉ, ਬੈਠ ਕੇ ਪੂਰੀ ਗੱਲ ਸਮਝਾਉ।’’ ਮੈਂ 10 ਕੁ ਵਜੇ ਪਹੁੰਚਦਾ ਤਾਂ ਉਹ ਮੇਰਾ ਇੰਤਜ਼ਾਰ ਕਰ ਰਹੇ ਹੁੰਦੇ ਜਾਂ ਪੀਏ ਨੂੰ ਕਹਿ ਕੇ ਮੇਰਾ ਟੈਲੀਫ਼ੋਨ ਮਿਲਾ ਰਹੇ ਹੁੰਦੇ। ਇਕ ਦਿਨ ਮੈਂ ਉਨ੍ਹਾਂ ਨੂੰ ਦਸਿਆ ਕਿ ਦਿੱਲੀ ਵਾਲਾ ਸਪੋਕਸਮੈਨ ਅਸੀ ਲੈ ਲਿਆ ਹੈ ਤੇ ਉਸ ਨੂੰ ਚੰਡੀਗੜ੍ਹ ਤੋਂ ਅੰਗਰੇਜ਼ੀ ਤੇ ਪੰਜਾਬੀ ਦੋ ਭਾਸ਼ਾਵਾਂ ਵਿਚ ਕੱਢਣ ਦੀ ਤਿਆਰੀ ਕਰ ਲਈ ਹੈ। ਇਸੇ ਖ਼ਾਤਰ ਪਹਿਲਾਂ ਆਫ਼ਸੈੱਟ ਪ੍ਰੈੱਸ ਲਗਾਈ ਸੀ। ਸੋ ਮੈਂ ਹੁਣ ਰੋਜ਼ ਨਹੀਂ ਆ ਸਕਿਆ ਕਰਾਂਗਾ।
ਬਾਦਲ ਸਾਹਿਬ ਬੋਲੇ, ‘‘ਸਪੋਕਸਮੈਨ ਸਿੱਖਾਂ ਦੀ ਅਖ਼ਬਾਰ ਹੈ। ਉਸ ਦਾ ਉਦਘਾਟਨ ਮੈਂ ਹੀ ਕਰਾਂਗਾ।’’
ਮੈਂ ਬਰਜਿੰਦਰ ਨੂੰ ਖ਼ਾਸ ਤੌਰ ’ਤੇ ਫ਼ੋਨ ਕਰ ਕੇ ਕਿਹਾ ਕਿ ਉਸ ਦਾ ਇਸ ਸਮਾਗਮ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ ਤੇ ਮੈਂ ਕੋਈ ਬਹਾਨਾ ਨਹੀਂ ਸੁਣਾਂਗਾ।
ਪਹਿਲਾ ਪਰਚਾ ਜਾਰੀ ਕਰਨ ਵਾਲੇ ਸਮਾਗਮ ਵਿਚ ਕੈਨੇਡਾ ਦੇ ਵਜ਼ੀਰ ਹਰਬ ਧਾਲੀਵਾਲ ਅਤੇ ਸ. ਪ੍ਰਕਾਸ਼ ਸਿੰਘ ਸਮੇਤ ਕਈ ਪਤਵੰਤਿਆਂ ਨੇ ਹਾਜ਼ਰੀ ਲਵਾਈ ਪਰ ਨਾ ਬਰਜਿੰਦਰ ਆਪ ਆਇਆ, ਨਾ ਉਸ ਨੇ ਟੈਲੀਫ਼ੋਨ ਕੀਤਾ, ਨਾ ਵਧਾਈ ਦਿਤੀ, ਨਾ ਹਾਲ ਚਾਲ ਹੀ ਪੁਛਿਆ। ਮੈਨੂੰ ਬੜੀ ਹੈਰਾਨੀ ਹੋਈ ਪਰ ਸਮਝ ਕੁੱਝ ਨਾ ਆਇਆ।
ਪਰ ਇਕ ਚੰਗੇ ਜਾਣਕਾਰ ਅਫ਼ਸਰ ਨੇ ਪੂਰਾ ਸੱਚ ਦਸ ਕੇ ਮੇਰੀ ਹੈਰਾਨੀ ਘੱਟ ਕਰ ਦਿਤੀ। ਉਸ ਦਾ ਕਹਿਣਾ ਸੀ, ‘‘ਤੁਹਾਨੂੰ ਪਤਾ ਈ ਏ, ਵੱਡੇ ਹਮਦਰਦ ਸਾਹਿਬ ਵੀ ਅਖ਼ਬਾਰ ਚਲਾਉਣ ਵਿਚ ਫ਼ੇਲ ਸਾਬਤ ਹੋਏ ਸਨ ਤੇ ਖ਼ੁਦਕੁਸ਼ੀ ਕਰਨ ਤਕ ਚਲੇ ਗਏ ਸਨ ਭਾਵੇਂ ਐਨ ਆਖ਼ਰੀ ਵਕਤ ਤੇ, ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਨੂੰ ਅਕਾਲੀ ਤੋਂ ਕਾਂਗਰਸੀ ਤੇ ਉਹ ਵੀ ਕੈਰੋਂ-ਭਗਤ ਬਣਾ ਕੇ ਬਚਾ ਲਿਆ ਤੇ ਅਜੀਤ ਨੂੰ ਮਾਲਾ-ਮਾਲ ਵੀ ਕਰ ਦਿਤਾ। ਬਰਜਿੰਦਰ ਨੇ ਵੀ ਅਪਣਾ ਵਖਰਾ ਪਰਚਾ ਕੱਢ ਕੇ ਸਮਝ ਲਿਆ ਕਿ ਹਾਕਮ ਦੀ ਮਦਦ ਪ੍ਰਾਪਤ ਕੀਤੇ ਬਿਨਾਂ, ‘ਹਮਦਰਦ’ ਪ੍ਰਵਾਰ ਕੋਈ ਅਖ਼ਬਾਰ ਜਾਂ ਪਰਚਾ ਨਹੀਂ ਕੱਢ ਸਕਦਾ - ਸਪੋਕਸਮੈਨ ਦੀ ਜਾਂ ਤੁਹਾਡੀ ਗੱਲ ਐਨ ਉਲਟ ਹੈ। ਸੋ ਵੱਡੇ ਹਮਦਰਦ ਸਾਹਿਬ ਨੇ ਕੈਰੋਂ ਨੂੰ ਹਰ ਹੋਰ ਪੰਜਾਬੀ ਅਖ਼ਬਾਰ ਦੇ ਐਡੀਟਰ ਤੋਂ ਦੂਰ ਕਰ ਕਰ ਕੇ, ਕੈਰੋਂ ਨੂੰ ਮੁੱਠੀ ਵਿਚ ਕਰ ਲਿਆ (ਹਰ ਹੁਕਮ ਨੂੰ ਜੀਅ ਆਇਆਂ ਕਹਿ ਕੇ ਤੇ ਦੂਜੇ ਐਡੀਟਰਾਂ ਨੂੰ ਮਾ. ਤਾਰਾ ਸਿੰਘ ਦੇ ਏਜੰਟ ਦਸ ਦਸ ਕੇ)। ਅਮਰ ਸਿੰਘ ਦੁਸਾਂਝ, ਗਿ. ਸ਼ਾਦੀ ਸਿੰਘ ਤੇ ਨਵਾਂ ਜ਼ਮਾਨਾ ਵਾਲੇ ਬਹੁਤ ਕੁੱਝ ਦਸਿਆ ਕਰਦੇ ਸਨ। ਹੁਣ ਇਹੀ ਨੀਤੀ ਬਰਜਿੰਦਰ ਨੇ ਅਪਣਾਈ ਹੋਈ ਹੈ। ਉਸ ਨੇ ਅਪਣਾ ਇਕ ਬੰਦਾ ਬਾਦਲ ਸਾਹਿਬ ਦੇ ਘਰ ਵਿਚ ਰਖਵਾਇਆ ਹੋਇਆ ਹੈ। ਤੁਹਾਡੇ ਬਾਰੇ ਵੀ ਬਰਜਿੰਦਰ ਨੂੰ ਸਾਰੀਆਂ ਰੀਪੋਰਟਾਂ ਅਪਣੇ ਬੰਦੇ ਕੋਲੋਂ ਮਿਲ ਜਾਂਦੀਆਂ ਹਨ। ਉਹਨੂੰ ਡਰ ਖਾ ਰਿਹਾ ਹੈ ਕਿ ਤੁਸੀ ਵੱਡੇ ਬਾਦਲ ਦੇ ਬਹੁਤ ਨੇੜੇ ਹੁੰਦੇ ਜਾ ਰਹੇ ਹੋ ਤੇ ਇਹੀ ਹਾਲ ਰਿਹਾ ਤਾਂ ਤੁਸੀ ਕਿਸੇ ਦਿਨ ਬਾਦਲ ਨੂੰ ਹਮਦਰਦ ਕੋਲੋਂ ਪੂਰੀ ਤਰ੍ਹਾਂ ਖੋਹ ਲਉਗੇ ਤੇ ਅਜੀਤ ਨੂੰ ਬੰਦ ਕਰਵਾ ਦਿਉਗੇ। ਇਸੇ ਡਰ ਦਾ ਮਾਰਿਆ, ਉਹ ਤੁਹਾਨੂੰ ਨਫ਼ਰਤ ਕਰਨ ਲੱਗ ਪਿਆ ਹੈ ਤੇ ਤੁਸੀ ਕੋਈ ਵੀ ਗ਼ਲਤੀ ਨਾ ਕਰੋ, ਤਾਂ ਵੀ ਉਹ ਤੁਹਾਨੂੰ ਵਧਦਾ ਫੁਲਦਾ ਨਹੀਂ ਵੇਖ ਸਕੇਗਾ।’’
ਮੈਂ ਕਿਹਾ, ਚਲੋ, ਜੇ ਉਸ ਦੀ ਦੂਰੀ ਦਾ ਏਨਾ ਕੁ ਹੀ ਕਾਰਨ ਹੈ ਫਿਰ ਤਾਂ ਉਹ ਛੇਤੀ ਹੀ ਜਾਣ ਜਾਏਗਾ ਕਿ ਮੈਂ ਤਾਂ ਹਾਕਮਾਂ ਤੋਂ ਦੂਰ ਰਹਿਣ ਵਾਲਾ ਬੰਦਾ ਹਾਂ ਤੇ ਸ. ਬਾਦਲ ਨਾਲ ਮੇਰੀ ਨੇੜਤਾ ਇਸ ਕਰ ਕੇ ਹੀ ਹੋ ਸਕੀ ਸੀ ਕਿ ਉਸ ਵੇਲੇ ਉਹ ‘ਹਾਕਮ’ ਨਹੀਂ ਸਨ, ਆਪੋਜ਼ੀਸ਼ਨ ਲੀਡਰ ਸਨ। ਮੈਂ ਸੋਚਿਆ, ਚਲੋ ਜੇ ਅਪਣੀ ਹੋਂਦ ਨੂੰ ਖ਼ਤਰਾ ਮਹਿਸੂਸ ਕਰ ਕੇ ਉਹ ਮੈਨੂੰ ਨਫ਼ਰਤ ਕਰਨ ਲੱਗ ਪਿਆ ਹੈ ਤਾਂ ਕੋਈ ਬੁਰੀ ਗੱਲ ਵੀ ਨਹੀਂ। ਅਪਣੀ ਹੋਂਦ ਨੂੰ ਬਣਿਆ ਫ਼ਰਜ਼ੀ ਖ਼ਤਰਾ ਵੇਖ ਕੇ ਤਾਂ ਸਾਰੇ ਹੀ ਮਾਰਨ ਨੂੰ ਦੌੜ ਪੈਂਦੇ ਹਨ। ਜੇ ਬਰਜਿੰਦਰ ਨੂੰ ਵੀ ਮੇਰੇ ਤੋਂ ਅਜਿਹਾ ਕੋਈ ਖ਼ਤਰਾ ਹੈ ਤਾਂ ਉਹ ਬੇਸ਼ੱਕ ਡੰਗ ਮਾਰਨ ਦਾ ਸ਼ੌਕ ਪੂਰਾ ਕਰਦਾ ਰਹੇ ਪਰ ਮੈਂ ਅਪਣੇ ਬੱਚਿਆਂ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੈਂ ਜ਼ਿੰਦਗੀ ਵਿਚ ਕਿਸੇ ਇਕ ਵੀ ਬੰਦੇ ਦੀ ਹੋਂਦ ਲਈ ਖ਼ਤਰਾ ਬਣਨ ਬਾਰੇ ਨਹੀਂ ਸੋਚਿਆ। ਜੇ ਕਿਸੇ ਦੀ ਮਦਦ ਕਰ ਸਕਾਂ ਤਾਂ ਖ਼ੁਸ਼ ਹੋ ਜਾਂਦਾ ਹਾਂ ਪਰ ਕਿਸੇ ਦਾ ਨੁਕਸਾਨ ਕਰਨ ਦੀ ਗੱਲ ਤਾਂ ਮੇਰੇ ਦਿਮਾਗ਼ ਵਿਚ ਕਦੇ ਆਉਣ ਹੀ ਨਹੀਂ ਦਿਤੀ ਮੇਰੇ ਰੱਬ ਨੇ। ਜੇ ਭੁਲ ਭੁਲੇਖੇ ਵੀ ਮੇਰੇ ਕੋਲੋਂ ਕਿਸੇ ਦਾ ਨੁਕਸਾਨ ਹੋ ਜਾਏ ਤਾਂ ਮੈਨੂੰ ਅਪਣੇ ਆਪ ਨਾਲ ਘ੍ਰਿਣਾ ਹੋਣ ਲਗਦੀ ਹੈ। ਮੈਂ ਪਰਚੇ ਵਿਚ ਐਲਾਨ ਕਰ ਦਿਤਾ ਕਿ ਜਦ ਤਕ ਪਰਚਾ ਰੋਜ਼ਾਨਾ ਅਖ਼ਬਾਰ ਨਹੀਂ ਬਣ ਜਾਂਦਾ, ਮੈਂ ਕੋਈ ਸਰਕਾਰੀ ਇਸ਼ਤਿਹਾਰ ਇਸ ਵਿਚ ਨਹੀਂ ਛਾਪਾਂਗਾ। ਪੂਰੇ 11 ਸਾਲ ਮੈਂ ਇਕ ਪੈਸੇ ਦਾ ਸਰਕਾਰੀ ਇਸ਼ਤਿਹਾਰ ਨਾ ਲਿਆ। ਬਰਜਿੰਦਰ ਨੇ ਇਸ ਦਾ ਵੀ ਉਲਟ ਮਤਲਬ ਕੱਢ ਲਿਆ। ਸੋ ‘ਡਰੇ ਹੋਏ’ ਬਰਜਿੰਦਰ ਨੇ ਮੈਨੂੰ ਖ਼ਤਮ ਕਰਨ ਦੀ ਹੀ ਠਾਣ ਲਈ ਤਾਂ ਮੇਰੇ ਲਈ ਸਮਝਣਾ ਵੀ ਔਖਾ ਹੋ ਗਿਆ ਕਿ ਕੀ ਐਨਾ ਗੂੜ੍ਹਾ ਦੋਸਤ ਕਦੇ ਏਨਾ ਨੀਵਾਂ ਵੀ ਡਿਗ ਸਕਦਾ ਹੈ? ਅਗਲੇ ਹਫ਼ਤੇ ਬਾਕੀ ਦੀ ਗੱਲ ਕਰਾਂਗੇ।
(ਚਲਦਾ)
- ਜੋਗਿੰਦਰ ਸਿੰਘ