ਇਕ ਟੀ ਵੀ ਸੀਰੀਅਲ ਵੇਖ ਕੇ ਲੱਗਾ, ਉਹ ਸਾਡੀ ਕਹਾਣੀ ਪੇਸ਼ ਕਰਨ ਲਈ ਬਣਾਇਆ ਗਿਆ ਹੈ
Published : May 6, 2018, 4:21 am IST
Updated : May 6, 2018, 4:21 am IST
SHARE ARTICLE
TV Show
TV Show "Subhan Allah"

ਬਾਬੇ ਨਾਨਕ ਦੇ ਨਾਂ ਤੇ ਇਥੇ ਕੰਜੂਸੀ ਨਾ ਵਿਖਾਣਾ ਤੇ 10 ਹਜ਼ਾਰ ਮੈਂਬਰਾਂ ਦਾ ਟੀਚਾ ਪੂਰਾ ਕਰ ਵਿਖਾਣਾ।

ਬਾਬੇ ਨਾਨਕ ਨੂੰ ਇਸ ਤੋਂ ਚੰਗੀ ਸ਼ਰਧਾਂਜਲੀ ਹੋਰ ਕੋਈ ਨਹੀਂ ਦਿਤੀ ਜਾ ਸਕਦੀ। ਇਥੇ ਪੈਸੇ ਵਾਲੇ ਸਿੱਖਾਂ ਦਾ 'ਕੌਮੀ ਬਹਾਨਾ' (ਹੱਥ ਬੜਾ ਤੰਗ ਹੈ ਜੀ) ਨਾ ਲਗਾਣਾ ਤੇ ਇਸ ਕੌਮੀ ਜਾਇਦਾਦ ਦਾ ਪੂਰਾ ਲਾਭ ਦੁਨੀਆਂ ਨੂੰ ਮਿਲ ਸਕੇ, ਉਹਦੇ ਲਈ 10 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਸਰ ਕਰਨ ਲਈ ਡਟ ਜਾਉ ਬਸ। 

ਰਾਤ ਨੂੰ 10 ਵਜੇ ਜ਼ੀ ਟੀ.ਵੀ. ਤੇ ਇਕ ਸੀਰੀਅਲ (ਲੜੀਵਾਰ) 'ਇਸ਼ਕ ਸੁਭਾਨ ਅੱਲਾ' ਵਿਖਾਇਆ ਜਾਂਦਾ ਹੈ ਜਿਸ ਵਿਚ ਇਕ ਨੌਜਵਾਨ ਮੁਸਲਮਾਨ, ਨਵਾਂ ਨਵਾਂ ਵਿਆਹ ਕਰਵਾਉਣ ਮਗਰੋਂ ਅਪਣੀ ਬੀਵੀ ਨੂੰ ਦਸ ਰਿਹਾ ਹੁੰਦਾ ਹੈ ਕਿ ਉਸ ਨੇ ਇਕ ਖ਼ਾਬ ਅਪਣੇ ਮਨ ਵਿਚ ਸਜਾਇਆ ਹੈ ਜਿਸ ਦਾ ਤੱਤ ਨਿਚੋੜ ਇਹ ਹੈ ਕਿ ਇਕ ਅਜਿਹੀ ਸੰਸਥਾ ਬਣਾਈ ਜਾਏਗੀ ਜਿਸ ਵਿਚ ਹਰ ਗ਼ਰੀਬ ਬੱਚਾ, ਮੁਫ਼ਤ ਦਾਖ਼ਲਾ ਲੈ ਸਕੇਗਾ ਤੇ ਮੁਫ਼ਤ ਪੜ੍ਹਾਈ ਕਰ ਸਕੇਗਾ ਤੇ ਏਨੀ ਵਧੀਆ ਪੜ੍ਹਾਈ ਪ੍ਰਾਪਤ ਕਰ ਸਕੇਗਾ ਕਿ ਫਿਰ ਉਹ ਉਸ ਦੇ ਜ਼ੋਰ ਨਾਲ ਢੇਰ ਸਾਰੀ ਦੌਲਤ ਕਮਾ ਸਕੇਗਾ ਤੇ ਸਮਾਜ ਦਾ ਖ਼ੁਸ਼ਹਾਲ ਅੰਗ ਬਣ ਕੇ ਰਹਿ ਸਕੇਗਾ।ਅਪਣੇ ਖ਼ਾਬ (ਸੁਪਨੇ) ਦੀ ਗੱਲ ਕਰਦਿਆਂ, ਨੌਜੁਆਨ ਮੁਸਲਿਮ ਮੌਲਵੀ ਭਾਵੁਕ ਹੋ ਜਾਂਦਾ ਹੈ ਤੇ ਕਹਿੰਦਾ ਹੈ, ''ਮੈਂ ਜਾਣਦਾ ਹਾਂ, ਇਹ ਬਹੁਤ ਵੱਡਾ ਕੰਮ ਹੈ ਤੇ ਇਸ ਲਈ ਬਹੁਤ ਸਾਰਾ ਰੁਪਿਆ ਚਾਹੀਦਾ ਹੋਵੇਗਾ ਤੇ ਮੇਰੇ ਕੋਲ ਪੈਸਾ ਬਿਲਕੁਲ ਵੀ ਕੋਈ ਨਹੀਂ, ਸਿਰਫ਼ ਇਕ ਸੁਪਨਾ ਹੈ।''
ਉਸ ਦੀ ਚੂੜੇ-ਲੱਦੀ ਨੌਜੁਆਨ ਬੀਵੀ ਕਹਿੰਦੀ ਹੈ, ''ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਇਕ ਅਜਿਹਾ ਪਤੀ ਮਿਲਿਆ ਹੈ ਜੋ ਅਪਣੀ ਖ਼ੁਸ਼ਹਾਲੀ ਦੇ ਸੁਪਨੇ ਨਹੀਂ ਸੰਜੋਅ ਰਿਹਾ ਸਗੋਂ ਦੂਜਿਆਂ ਨੂੰ ਖ਼ੁਸ਼ਹਾਲ ਬਣਾਉਣ ਦੇ ਸੁਪਨੇ ਪਾਲ ਰਿਹੈ...।''
ਪਤਨੀ ਫਿਰ ਵਿਆਹ ਵਿਚ 'ਮੇਹਰ' ਵਜੋਂ ਮਿਲੀ ਸਾਰੀ ਰਕਮ (ਇਕ ਕਰੋੜ) ਅਪਣੇ ਪਤੀ ਨੂੰ ਦੇਣ ਦਾ ਫ਼ੈਸਲਾ ਕਰ ਲੈਂਦੀ ਹੈ। ਮੈਂ ਇਹ ਸੀਰੀਅਲ 'ਇਸ਼ਕ ਸੁਭਾਨ ਅੱਲਾ' ਹਰ ਰੋਜ਼ ਨਹੀਂ ਵੇਖਦਾ ਪਰ ਕਲ ਰਾਤ ਅਚਾਨਕ ਜੋ ਕੁੱਝ ਵੇਖਣ ਨੂੰ ਮਿਲਿਆ, ਉਸ ਨੂੰ ਵੇਖ ਕੇ ਲਗਿਆ ਜਿਵੇਂ ਇਹ ਸਾਡੀ ਪਤੀ ਪਤਨੀ ਦੀ (ਜਗਜੀਤ ਤੇ ਮੇਰੀ) ਕਹਾਣੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਵੀ ਉਸੇ ਤਰ੍ਹਾਂ ਵਿਆਹ ਤੋਂ ਤੁਰਤ ਬਾਅਦ ਇਕ ਵੱਡਾ ਸੁਪਨਾ ਸੰਜੋਅ ਬੈਠਾ ਪਰ ਮੇਰੇ ਕੋਲ ਵੀ ਪੈਸੇ ਕੋਈ ਨਹੀਂ ਸਨ ਤੇ ਮੈਂ ਹਰ ਵੇਲੇ ਸੋਚਦਾ ਰਹਿੰਦਾ ਸੀ। ਜਗਜੀਤ ਨੇ ਮੈਨੂੰ ਚੁੱਪ ਰਹਿ ਕੇ ਸੋਚਦੇ ਰਹਿਣ ਦਾ ਕਾਰਨ ਪੁਛਿਆ। ਜਦ ਜਗਜੀਤ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਸ ਨੇ ਵਿਆਹ ਵਿਚ ਦੁਹਾਂ ਪਾਸਿਆਂ ਵਲੋਂ ਮਿਲੇ ਗਹਿਣਿਆਂ ਦੀ ਪੇਟੀ ਲਿਆ ਕੇ ਮੇਰੇ ਅੱਗੇ ਰੱਖ ਦਿਤੀ ਤੇ ਕਿਹਾ, ''ਜਾਉ ਇਸ ਨੂੰ ਸੁਨਿਆਰੇ ਕੋਲ ਗਿਰਵੀ ਰੱਖ ਕੇ ਪੈਸੇ ਲੈ ਲਉ ਤੇ ਅਪਣਾ ਕੰਮ ਸ਼ੁਰੂ ਕਰ ਦਿਉ। ਮੇਰੇ ਹੁੰਦਿਆਂ, ਉਦਾਸ ਨਹੀਂ ਹੋਣਾ ਤੁਸੀ।''
ਜੇ ਉਸ ਦਿਨ ਨਵ-ਵਿਆਹੀ ਮੇਰੀ ਪਤਨੀ ਉਹ ਗਹਿਣੇ ਮੈਨੂੰ ਨਾ ਦੇਂਦੀ ਤਾਂ ਮੈਂ ਸ਼ਾਇਦ ਵਕਾਲਤ ਦੇ ਪੇਸ਼ੇ 'ਚੋਂ ਅਪਣਾ ਘਰ ਤਾਂ ਬਣਾ ਲਿਆ ਹੁੰਦਾ ਪਰ ਦੂਜਿਆਂ ਦੀ ਭਲਾਈ ਵਾਲਾ ਕੋਈ ਸੁਪਨਾ ਪੂਰਾ ਨਾ ਕਰ ਸਕਦਾ। ਜਗਜੀਤ ਵੀ ਚਾਹੁੰਦੀ ਤਾਂ ਕੁੱਝ ਗਹਿਣੇ ਅਪਣੇ ਕੋਲ ਰੱਖ ਲੈਂਦੀ ਤੇ ਵਾਧੂ ਦੇ ਮੈਨੂੰ ਦੇ ਦੇਂਦੀ ਪਰ ਨਨਕਾਣੇ ਦੀ ਧਰਤੀ ਤੇ ਪੈਦਾ ਹੋਣ ਵਾਲੀ, ਬਾਬੇ ਨਾਨਕ ਦੀ ਇਸ ਬੇਟੀ ਨੂੰ ਰੱਬੋਂ ਹੀ ਪਤਾ ਸੀ ਕਿ ਮਦਦ ਉਹੀ ਹੁੰਦੀ ਹੈ ਜੋ ਅਪਣਾ ਸੱਭ ਕੁੱਝ ਦੇ ਕੇ ਕੀਤੀ ਜਾਏ¸ਸਿਰਫ਼ ਵਾਧੂ ਦਾ ਅਥਵਾ ਬੇਕਾਰ ਹਿੱਸਾ ਦੇ ਕੇ ਅਸਲ ਮਦਦ ਨਹੀਂ ਕੀਤੀ ਜਾਂਦੀ, ਮਦਦ ਦਾ ਵਿਖਾਵਾ ਹੀ ਕੀਤਾ ਜਾ ਸਕਦਾ ਹੈ ਜੋ ਹਿੰਦੁਸਤਾਨੀਆਂ ਨੂੰ ਕਰਨ ਦੀ ਆਮ ਆਦਤ ਹੈ। ਜੇ ਕੋਈ ਦੋਸਤ ਮਿੱਤਰ, ਮਦਦ ਮੰਗਣ ਆਉਂਦਾ ਹੈ ਤਾਂ ਭਾਵੇਂ ਸਾਡੇ ਕੋਲ ਲੱਖਾਂ ਰੁਪਏ ਪਏ ਹੋਣ ਪਰ ਆਮ ਹਿੰਦੁਸਤਾਨੀ ਰਵਾਇਤ ਅਨੁਸਾਰ ਅਸੀ ਦੇਂਦੇ ਓਨੇ ਹੀ ਹਾਂ ਜਿੰਨੇ ਸਾਡੇ ਕੋਲ ਵਾਧੂ ਹੋਣ ਅਰਥਾਤ ਘੱਟ ਤੋਂ ਘੱਟ। ਮੰਗਤੇ ਨੂੰ ਭੀਖ ਦੇਣ ਸਮੇਂ ਵੀ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਿਰਫ਼ ਆਨਾ ਦੁਆਨੀ ਹੀ ਦਿਤਾ ਜਾਵੇ ਤੇ ਜੇ ਸਾਡੇ ਕੋਲ ਛੋਟੇ ਪੈਸੇ ਨਾ ਹੋਣ ਤਾਂ ਅਸੀ ਕਹਿ ਦੇਂਦੇ ਹਾਂ, ''ਜਾਹ ਭਾਈ ਮਾਫ਼ ਕਰ, ਟੁੱਟੇ ਪੈਸੇ ਕੋਈ ਨਹੀਂ ਮੇਰੇ ਕੋਲ।''
ਕਈ ਵਾਰ ਮੰਗਤਾ ਵੀ ਅੱਗੋਂ ਬੋਲ ਪੈਂਦਾ ਹੈ, ''ਟੁੱਟੇ ਪੈਸੇ ਨਹੀਂ ਤਾਂ ਸਾਬਤ ਰੁਪਈਆ ਦੇ ਦਿਉ, ਇਸ ਨਾਲ ਘੱਟ ਨਹੀਂ ਜਾਏਗੀ ਤੁਹਾਡੀ ਦੌਲਤ।'' ਪਰ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ।ਬ੍ਰਾਹਮਣ ਨੇ ਸ਼ੁਰੂ ਤੋਂ ਹੀ ਹਿੰਦੁਸਤਾਨੀਆਂ ਦੇ ਮਨ ਵਿਚ ਇਕ ਗੱਲ ਬਿਠਾ ਦਿਤੀ ਹੋਈ ਹੈ ਕਿ ਥੋੜੇ ਜਹੇ ਪੈਸੇ (ਪਹਿਲਾਂ ਪੈਸੇ ਹੀ ਟੇਕੇ ਜਾਂਦੇ ਸਨ, ਹੁਣ ਰੁਪਏ ਟੇਕੇ ਜਾਂਦੇ ਹਨ) ਸਵੇਰੇ ਸਵੇਰੇ ਮੰਦਰ ਵਿਚ ਜਾ ਕੇ ਬ੍ਰਾਹਮਣ ਦੇ ਗੁਜ਼ਾਰੇ ਲਈ, ਮੂਰਤੀ ਜਾਂ ਧਰਮ ਗ੍ਰੰਥ ਦੇ ਨਾਂ ਤੇ, ਦੇ ਆਉ ਤੇ ਸਾਰਾ ਦਿਨ ਹੋਰ ਜੋ ਪਾਪ ਮਰਜ਼ੀ ਕਰੀ ਜਾਉ, ਸਵੇਰ ਦਾ ਮੰਦਰ ਵਿਚ ਦਿਤਾ ਛੋਟਾ ਜਿਹਾ ਹਰ ਰੋਜ਼ ਦਾ ਦਾਨ, ਸਾਰਾ ਦਿਨ ਤੁਹਾਡੀ ਰਖਿਆ ਕਰਦਾ ਰਹੇਗਾ, ਹੋਰ ਕੋਈ ਚੰਗਾ ਕੰਮ ਕਰਨ ਦੀ ਲੋੜ ਹੀ ਨਹੀਂ। ਬਾਬੇ ਨਾਨਕ ਨੇ ਗੁਰਦਵਾਰਾ ਵੀ ਨਾ ਬਣਾਇਆ ਤੇ ਸਾਰੀ ਬ੍ਰਾਹਮਣੀ ਪ੍ਰਥਾ ਹੀ ਰੱਦ ਕਰ ਕੇ ਰੱਖ ਦਿਤੀ ਤੇ ਫ਼ੁਰਮਾਇਆ ਕਿ ਤੁਸੀ ਅਪਣੇ ਲਈ ਰੱਬ ਦੀ ਮਿਹਰ ਮੰਗਦੇ ਹੋ ਤਾਂ ਦੂਜਿਆਂ ਦੀ ਭਲਾਈ ਕਰਨ ਬਾਰੇ ਸੋਚੋ ਤੇ ਰੱਬ ਵਲੋਂ ਦਿਤੇ ਧਨ 'ਚੋਂ ਜੋ ਦਾਨ ਦੇਣਾ ਹੈ, ਉਹ ਧਨ ਮੰਦਰ ਵਿਚ ਪੁਜਾਰੀ ਦੀ ਗੋਲਕ ਵਿਚ ਪਾ ਕੇ ਨਹੀਂ, ਦੂਜਿਆਂ ਨੂੰ ਉਪਰ ਚੁੱਕਣ ਲਈ ਸਿੱਧਾ ਖ਼ਰਚੋ। ਇਸੇ ਲਈ ਰੱਬ ਨੇ ਅਧੂਰੀ ਦੁਨੀਆਂ ਬਣਾਈ ਹੈ ਜਿਥੇ ਗ਼ਰੀਬ ਅਤੇ ਲੋੜਵੰਦ ਜ਼ਿਆਦਾ ਰੱਖੇ ਹਨ ਤਾਕਿ ਜਿਨ੍ਹਾਂ ਕੋਲ ਪੈਸਾ ਹੈ, ਉਨ੍ਹਾਂ ਦੀ ਪ੍ਰੀਖਿਆ ਲਈ ਜਾ ਸਕੇ ਕਿ ਉਹ ਰੱਬ ਦੇ ਦਿਤੇ ਧਨ ਉਤੇ ਅਪਣਾ ਤੇ ਅਪਣੇ ਪ੍ਰਵਾਰ ਦਾ ਹੀ ਸਾਰਾ ਹੱਕ ਸਮਝਦੇ ਹਨ ਜਾਂ ਦੂਜੇ ਮਨੁੱਖਾਂ ਦਾ ਤੇ ਚੰਗੇ ਕਾਰਜਾਂ ਦਾ ਵੀ ਹੱਕ ਪ੍ਰਵਾਨ ਕਰਦੇ ਹਨ?
ਸਿੱਖਾਂ ਨੇ ਬਾਬੇ ਨਾਨਕ ਦੀ ਸਿਖਿਆ ਪੂਰੀ ਤਰ੍ਹਾਂ ਭੁਲਾ ਦਿਤੀ ਤੇ ਬ੍ਰਾਹਮਣ ਵਲੋਂ ਚਲਾਈ ਗਈ ਪ੍ਰਥਾ ਅਨੁਸਾਰ ਕੰਮ ਕਰਨਾ ਜ਼ਿਆਦਾ ਸੌਖਾ ਮੰਨਿਆ¸ਸਵੇਰੇ ਸਵੇਰੇ ਥੋੜ੍ਹੇ ਜਹੇ ਪੈਸੇ ਗੁਰਦਵਾਰੇ ਚੜ੍ਹਾ ਆਉ, ਬਾਕੀ ਸਾਰਾ ਦਿਨ ਕੋਈ ਚੰਗਾ ਕੰਮ ਕਰਨ ਦੀ ਲੋੜ ਹੀ ਨਹੀਂ। ਸੋ ਸਾਰਾ ਦਿਨ ਕੋਈ ਵੀ ਚੰਗਾ ਬੰਦਾ ਅਪਣੇ ਲਈ ਜਾਂ ਕਿਸੇ ਲੋਕ-ਭਲਾਈ ਦੇ ਕਾਰਜ ਲਈ ਮਦਦ ਮੰਗਣ ਆ ਜਾਏ ਤਾਂ ਝੱਟ ਜਵਾਬ ਦੇ ਦੇਂਦੇ ਹਨ, ''ਜੋ ਦੇਣਾ ਸੀ, ਸਵੇਰੇ ਗੁਰਦਵਾਰੇ ਦੇ ਆਏ ਹਾਂ (10 ਰੁਪਏ), ਹੁਣ ਮੇਰੇ ਕੋਲ ਦੇਣ ਲਈ ਹੋਰ ਕੁੱਝ ਨਹੀਂ।''
'ਉੱਚਾ ਦਰ' ਤੇ 'ਰੋਜ਼ਾਨਾ ਸਪੋਕਸਮੈਨ' ਦੋ ਅਜਿਹੇ ਲੋਕ-ਭਲਾਈ ਦੇ ਅਦਾਰੇ ਹਨ ਜਿਨ੍ਹਾਂ 'ਚੋਂ ਅਪਣੇ ਲਈ ਅਸੀ ਅੱਜ ਤਕ ਕੁੱਝ ਨਹੀਂ ਲਿਆ¸ਸਿਵਾਏ ਮਿਹਨਤ ਮਜ਼ਦੂਰੀ, ਮੰਗਤਿਆਂ ਨੂੰ ਮਿਲਣ ਵਾਲੀ ਨਾਂਹ ਅਤੇ ਹੋਰ ਕਈ ਤਰ੍ਹਾਂ ਦੀ ਜ਼ਿੱਲਤ ਦੇ, ਜਿਸ ਦੀ ਪੂਰੀ ਕਹਾਣੀ ਕਦੇ ਲਿਖਾਂਗਾ ਤਾਂ ਪਾਠਕਾਂ ਨੂੰ ਪੂਰੀ ਗੱਲ ਪਤਾ ਲੱਗੇਗੀ ਕਿ 7-8 ਸਾਲ ਕਿਵੇਂ ਸਾਨੂੰ ਇਕ ਤਰ੍ਹਾਂ ਨਰਕ ਵਿਚੋਂ ਲੰਘ ਕੇ ਇਸ ਥਾਂ ਪਹੁੰਚਣ ਦਾ ਮੌਕਾ ਮਿਲਿਆ ਹੈ। ਪਰ ਜਿਵੇਂ ਵੀ ਹੋਇਆ, ਰੀਂਗ ਰੀਂਗ ਕੇ ਤੇ ਕਈ ਪ੍ਰਕਾਰ ਦੀ ਜ਼ਲਾਲਤ ਸਹਿ ਸਹਿ ਕੇ, ਅਸੀ ਮਾਊਂਟ ਐਵਰੈਸਟ ਅਥਵਾ ਹਿਮਾਲੀਆ ਦੀ ਸੱਭ ਤੋਂ ਉੱਚੀ ਚੋਟੀ ਦੇ ਨੇੜੇ ਪੁੱਜ ਗਏ ਹਾਂ ਤੇ ਇਥੇ ਆ ਕੇ ਸਾਹ ਹਰ ਇਕ ਦਾ ਫੁਲਿਆ ਹੋਇਆ ਹੈ ਤੇ ਲੱਤਾਂ ਥੱਕ ਚੁਕੀਆਂ ਹਨ। ਫਿਰ ਵੀ ਅੰਤਮ ਪੌੜੀ ਤੇ ਪੈਰ ਰੱਖ ਕੇ ਉਪਰ ਵਲ ਹੀ ਵੇਖਿਆ ਜਾਣਾ ਚਾਹੀਦਾ ਹੈ, ਪਿੱਛੇ ਮੁੜ ਕੇ ਨਹੀਂ। ਉਪਰ ਵੇਖੋ, ਤੁਹਾਨੂੰ ਚੋਟੀ ਤੇ ਪੁਜਦਿਆਂ ਹੀ ਸਵਰਗ ਮਿਲਣ ਵਾਲਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ। ਉਸ ਅਹਿਸਾਸ ਨੂੰ ਧੁਰ ਅੰਦਰ ਤਕ ਸਮਾਅ ਕੇ ਅਨੰਦ ਲੈਣ ਦੀ ਤਿਆਰੀ ਕਰੋ।ਕਰਨਾ ਕੀ ਹੈ? 10 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਪੂਰਾ ਕਰਨ ਲਈ ਜੋ ਵੀ ਕਰ ਸਕਦੇ ਹੋ, ਕਰ ਦਿਉ। 2500 ਮੈਂਬਰ ਪਹਿਲਾਂ ਹੀ ਬਣ ਚੁੱਕੇ ਹਨ। ਉਹ ਸਾਰੇ ਇਕ ਪੌੜੀ ਉਪਰ ਵੀ ਚੜ੍ਹ ਜਾਣ। ਤੁਸੀ ਹੁਣ ਕੇਵਲ 7500 ਮੈਂਬਰ ਹੋਣ ਬਣਾਉਣੇ ਹਨ। ਤੁਸੀ ਧਰਮ-ਅਰਥਾਨ ਬੜੇ ਬਣਾਏ ਹਨ। ਪੈਸੇ ਵੀ ਦਿਤੇ ਤੇ ਫਿਰ ਵੀ ਉਥੇ ਜਦ ਜਾਂਦੇ ਹੋ ਤਾਂ 'ਹੋਰ ਦਿਉ' ਦੀ ਮੰਗ ਹੀ ਸੁਣਦੇ ਹੋ। ਜੇ ਤੁਸੀ ਕੁੱਝ ਮੰਗਦੇ ਹੋ ਤਾਂ ਤੁਹਾਨੂੰ ਉਥੋਂ ਮਿਲ ਕੁੱਝ ਨਹੀਂ ਸਕਦਾ। ਪਰ 'ਉੱਚਾ ਦਰ' ਪਹਿਲਾ ਅਜਿਹਾ ਸਥਾਨ ਬਣ ਗਿਆ ਹੈ ਜਿਥੋਂ ਹਮੇਸ਼ਾ ਕੁੱਝ ਲੈਣ ਦੀ ਬਜਾਏ 'ਕੁੱਝ ਦੇਣ' ਦੀ ਗੱਲ ਹੀ ਸੁਣ ਸਕੋਗੇ। ਮੈਂਬਰਾਂ ਨੂੰ ਵੀ ਇਕ-ਦੋ ਸਾਲ ਵਿਚ ਹੀ ਉਨ੍ਹਾਂ ਦਾ ਦਿਤਾ ਪੈਸਾ, ਮਿਲਣ ਵਾਲੀਆਂ ਰਿਆਇਤਾਂ ਕਾਰਨ ਵਾਪਸ ਹੋ ਜਾਏਗਾ ਤੇ ਲੋੜਵੰਦਾਂ ਲਈ ਵੀ 'ਉੱਚਾ ਦਰ' ਦੇ ਦਰ ਇਸੇ ਤਰ੍ਹਾਂ ਖੁੱਲ੍ਹੇ ਰਹਿਣਗੇ ਜਿਵੇਂ ਬਾਪ ਦਾ ਦਰ ਪੁੱਤਰ ਧੀ ਲਈ ਸਦਾ ਖੁਲ੍ਹਾ ਰਹਿੰਦਾ ਹੈ ਤੇ ਪੁੱਤਰ ਧੀ ਦੀ ਲੋੜ ਹੱਸ ਕੇ ਤੇ ਫ਼ਰਜ਼ ਸਮਝ ਕੇ ਪੂਰੀ ਕੀਤੀ ਜਾਂਦੀ ਹੈ, ਆਕੜ ਕੇ, ਅਪਮਾਨ ਕਰ ਕੇ ਜਾਂ ਸ਼ਰਤਾਂ ਲਾ ਕੇ ਨਹੀਂ। ਅਜਿਹਾ ਸਥਾਨ ਦੁਨੀਆਂ ਵਿਚ ਹੋਰ ਕੋਈ ਨਹੀਂ। ਇਸ ਨੂੰ ਸਫ਼ਲ ਕਰਨ ਲਈ 10 ਹਜ਼ਾਰ ਮੈਂਬਰ ਪਹਿਲਾਂ ਬਣਾਉਣੇ ਜ਼ਰੂਰੀ ਹਨ। ਬਾਬੇ ਨਾਨਕ ਦੇ ਨਾਂ ਤੇ ਇਥੇ ਕੰਜੂਸੀ ਨਾ ਵਿਖਾਣਾ ਤੇ 10 ਹਜ਼ਾਰ ਮੈਂਬਰਾਂ ਦਾ ਟੀਚਾ ਪੂਰਾ ਕਰ ਵਿਖਾਣਾ। ਬਾਬੇ ਨਾਨਕ ਨੂੰ ਇਸ ਤੋਂ ਚੰਗੀ ਸ਼ਰਧਾਂਜਲੀ ਹੋਰ ਕੋਈ ਨਹੀਂ ਦਿਤੀ ਜਾ ਸਕਦੀ। ਇਥੇ ਪੈਸੇ ਵਾਲੇ ਸਿੱਖਾਂ ਦਾ 'ਕੌਮੀ ਬਹਾਨਾ' (ਹੱਥ ਬੜਾ ਤੰਗ ਹੈ ਜੀ) ਨਾ ਲਗਾਣਾ ਤੇ ਇਸ ਕੌਮੀ ਜਾਇਦਾਦ ਦਾ ਪੂਰਾ ਲਾਭ ਦੁਨੀਆਂ ਨੂੰ ਮਿਲ ਸਕੇ, ਉਹਦੇ ਲਈ 10 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਸਰ ਕਰਨ ਲਈ ਡਟ ਜਾਉ ਬਸ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement