Ucha Dar Babe Nanak Da: ‘ਉੱਚਾ ਦਰ’ ਬਣਨ ਵਿਚ  ਏਨੀ ਦੇਰੀ ਕਿਉਂ ਹੋ ਗਈ?
Published : Apr 7, 2024, 8:01 am IST
Updated : Apr 7, 2024, 8:31 am IST
SHARE ARTICLE
File Photo
File Photo

ਇਹ ਲੜਾਈ ਹੁਣ ਪੈਸੇ ਅਤੇ ਹਕੂਮਤੀ ਜਬਰ ਬਨਾਮ ਗ਼ਰੀਬ ਦੇ ਵਿਸ਼ਵਾਸ ਦੀ ਲੜਾਈ ਬਣ ਗਈ ਸੀ 

‘ਉੱਚਾ ਦਰ ਬਾਬੇ ਨਾਨਕ ਦਾ’ ਹੁਣ ਤਾਂ ਤਿਆਰ ਹੋ ਗਿਆ ਹੈ ਤੇ 14 ਅਪ੍ਰੈਲ ਨੂੰ ਬਾਬੇ ਨਾਨਕ ਦੇ ਅਸਲੀ ਜਨਮ-ਪੁਰਬ ਵਾਲੇ ਦਿਨ ਇਸ ਦਾ ਸ਼ੁਭ ਆਰੰਭ ਵੀ ਹੋ ਜਾਏਗਾ। ਪਰ ਇਕ ਸਵਾਲ ਤੁਹਾਡੇ ਮਨ ਵਿਚ ਵੀ ਉਠਦਾ ਹੋਵੇਗਾ ਕਿ ਜਿਹੜਾ ‘ਉੱਚਾ ਦਰ’ ਤਿੰਨ ਚਾਰ ਸਾਲਾਂ ਵਿਚ ਬਣ ਜਾਣਾ ਸੀ, ਉਹ ਏਨਾ ਲੇਟ ਕਿਉਂ ਹੋ ਗਿਆ ਹੈ? ਮੋਟੀ ਗੱਲ ਤਾਂ ਇਹੀ ਹੈ ਕਿ ਉਸਾਰੀ ਕਰਨ ਲਈ ਅੱਗੇ ਨਿਤਰੇ ਭਲੇ ਪੁਰਸ਼ਾਂ ਕੋਲ ਪੈਸਾ ਕਦੀ ਵੀ ਏਨਾ ਨਹੀਂ ਸੀ ਹੁੰਦਾ ਕਿ ਉਸਾਰੀ ਦਾ ਕੰਮ ਤੇਜ਼ੀ ਨਾਲ  ਕਰ ਸਕਦੇ।

ਸੋ ਪੈਸੇ ਲਈ ਅਪੀਲਾਂ ਕਰਦੇ ਰਹੇ ਤੇ ਥੋੜਾ ਬਹੁਤ ਜੋ ਵੀ ਆਉਂਦਾ, ਉਸ ਨਾਲ ਹੌਲੀ ਹੌਲੀ ਕਰ ਕੇ ਹੀ ਚਲਦੇ ਰਹੇ। ਦੋ ਕੁ ਵਾਰੀ, ਉਸਾਰੀ ਦੋ-ਦੋ ਸਾਲ ਰੁਕੀ ਵੀ ਰਹੀ। ਪਰ ਪੈਸੇ ਦੀ ਕਮੀ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਤੋਂ ਹਰ ਪਾਠਕ ਨੂੰ ਜਾਣੂ ਹੋਣਾ ਚਾਹੀਦਾ ਹੈ। ਤੁਹਾਡੇ ਨਾਲੋਂ ਜ਼ਿਆਦਾ ਇਹ ਸਵਾਲ ਮੈਨੂੰ ਪ੍ਰੇਸ਼ਾਨ ਕਰਦਾ ਹੈ। ਅਪਣੀ ਅਮਰੀਕਾ ਯਾਤਰਾ ਦੌਰਾਨ ਜਦ ‘ਉੱਚਾ ਦਰ’ ਉਸਾਰਨ ਦਾ ਖ਼ਿਆਲ ਮੇਰੇ ਮਨ ਵਿਚ ਪੱਕਾ ਹੋ ਗਿਆ ਤਾਂ ਮੈਂ ਇਹੀ ਸੋਚਿਆ ਸੀ ਕਿ ਇਹ ਤਿੰਨ ਸਾਲਾਂ ਵਿਚ ਜਾਂ ਵੱਧ ਤੋਂ ਵੱਧ ਚਾਰ ਸਾਲਾਂ ਵਿਚ ਜ਼ਰੂਰ ਤਿਆਰ ਹੋ ਜਾਏਗਾ।

ਉਸ ਵੇਲੇ ਮੈਂ ਭਰ ਜਵਾਨ ਸੀ ਤੇ ਮੈਂ ਸੋਚਦਾ ਸੀ ਕਿ ਜੇ ਇਹ ਤਿੰਨ ਜਾਂ ਚਾਰ ਸਾਲ ਵਿਚ ਤਿਆਰ ਹੋ ਜਾਏ ਤਾਂ ਮੈਂ ਕੁੱਝ ਵੱਡੇ ਕੰਮ ਅਗਲੇ ਚਾਰ ਪੰਜ ਸਾਲਾਂ ਵਿਚ ਇਸ ਰਾਹੀਂ ਕਰ ਵਿਖਾਵਾਂਗਾ ਅਰਥਾਤ ਉਹ ਕੰਮ ਜੋ ਵੱਡੇ ਵੱਡੇ ਅਦਾਰੇ ਏਨੇ ਸਾਲਾਂ ਵਿਚ ਕਰਨ ਵਿਚ ਫ਼ੇਲ੍ਹ ਹੋਏ ਸਨ ਤੇ ਮਾਇਆ ਇਕੱਤਰ ਕਰਨ ਵਿਚ ਹੀ ਖੁਭ ਕੇ ਰਹਿ ਗਏ ਸਨ।

ਪਰ ਮੇਰੇ ਕੋਲ ਪੈਸਾ ਕੋਈ ਨਹੀਂ ਸੀ। ਅਖ਼ਬਾਰ ਨੂੰ ਜ਼ੋਰਦਾਰ ਸਰਕਾਰੀ ਤੇ ਪੁਜਾਰੀ ਹਮਲੇ ਤੋਂ ਬਚਾਉਣ ਲਈ ਵੀ ਸਾਨੂੰ ਬੜੀ ਜਦੋਜਹਿਦ ਕਰਨੀ ਪੈ ਰਹੀ ਸੀ। ਉਹ ਕਹਿੰਦੇ ਸਨ, ‘‘ਅਸੀ ਇਸ ਦੀ ਅਖ਼ਬਾਰ ਨੂੰ ਛੇ ਮਹੀਨੇ ਵਿਚ ਬੰਦ ਕਰਵਾ ਕੇ ਰਹਿਣਾ ਹੈ ਕਿਉਂਕਿ ਇਹਨੇ ਸਾਡੀ ਹੁਕਮ-ਅਦੂਲੀ ਕੀਤੀ ਹੈ’’ ਤੇ ਮੈਂ ਕਹਿੰਦਾ ਸੀ ਕਿ ਜੇ ਪ੍ਰਮਾਤਮਾ ਹੈ ਤਾਂ ਉਹ ਗ਼ਰੀਬ ਦੀ ਪੱਤ ਜ਼ਰੂਰ ਰੱਖੇਗਾ।

ਉਂਜ ਅਖ਼ਬਾਰ ਬੰਦ ਕਰਵਾਉਣ ਵਾਲਿਆਂ ਦੀ ਇਹ ਸੂਚਨਾ ਠੀਕ ਸੀ ਕਿ ਅਸੀ ਕਿਸੇ ਵੀ ਧੜੇ ਜਾਂ ਪਾਰਟੀ ਦੀ ਮਦਦ ਲੈਣ ਤੋਂ ਆਪ ਨਾਂਹ ਕਰ ਦਿਤੀ ਸੀ ਤੇ ਪੈਸਾ ਸਾਡੇ ਕੋਲ ਤਿੰਨ ਮਹੀਨੇ ਦਾ ਅਖ਼ਬਾਰ ਚਲਾਉਣ ਜੋਗਾ ਵੀ ਨਹੀਂ ਸੀ। ਬਾਦਲ ਸਰਕਾਰ ਨੇ ਸਖ਼ਤ ਨਾਕੇਬੰਦੀ ਕਰ ਦਿਤੀ ਸੀ ਕਿ ਕਿਸੇ ਪਾਸਿਉਂ ਵੀ ਸਾਨੂੰ ਪੈਸਾ ਨਾ ਆ ਸਕੇ। ਸੋ ਉਹ ਵੀ ਠੀਕ ਕਿਆਸੇ ਲਾਉਂਦੇ ਸਨ ਕਿ ਅਸੀ ਛੇ ਮਹੀਨੇ ਅਖ਼ਬਾਰ ਨਹੀਂ ਕੱਢ ਸਕਣੀ ਤੇ ਅਸੀ ਵੀ ਅਪਣੀ ਥਾਂ ਇਸ ਵਿਸ਼ਵਾਸ ਦੇ ਸਹਾਰੇ ਜਿੱਤਣ ਦੀ ਆਸ ਲਾਈ ਬੈਠੇ ਸੀ ਕਿ ਸੱਚ ਦਾ ਸਾਥ ਪ੍ਰਮਾਤਮਾ ਵੀ ਜ਼ਰੂਰ ਦੇਂਦਾ ਹੈ।

ਸੋ ਇਹ ਲੜਾਈ ਪੈਸੇ ਅਤੇ ਹਕੂਮਤੀ ਜਬਰ ਬਨਾਮ ਗ਼ਰੀਬ ਦੇ ਵਿਸ਼ਵਾਸ ਦੀ ਲੜਾਈ ਦਾ ਰੂਪ ਧਾਰਨ ਕਰ ਗਈ ਸੀ। ਇਨ੍ਹਾਂ ਹਾਲਾਤ ਵਿਚ ਵੀ ਮੈਨੂੰ ਲਗਦਾ ਸੀ, ‘ਉੱਚਾ ਦਰ ਬਾਬੇ ਨਾਨਕ ਦਾ’ ਬਣਨਾ ਵੀ ਜ਼ਰੂਰੀ ਸੀ ਕਿਉਂਕਿ ਗ਼ਰੀਬ ਅਤੇ ਲੋੜਵੰਦ ਲਈ 100 ਫ਼ੀ ਸਦੀ ਮੁਨਾਫ਼ਾ ਰਾਖਵਾਂ ਹੋਰ ਕਿਸੇ ਨੇ ਨਹੀਂ ਕਰਨਾ ਤੇ ਬਾਬੇ ਨਾਨਕ ਦਾ ਇਹ ਹੁਕਮ ਮੰਨਣਾ, ਮੇਰੇ ਲਈ ਤਾਂ ਕੁਦਰਤ ਨੇ ਲਾਜ਼ਮੀ ਕੀਤਾ ਹੋਇਆ ਹੈ ਸ਼ਾਇਦ।

ਮੈਂ ਇਹ ਵੀ ਸਮਝਦਾ ਸੀ ਕਿ ਜਦ ਤਕ ਬਾਬੇ ਨਾਨਕ ਦੇ ਘਰ ਦੀ 100 ਫ਼ੀ ਸਦੀ ਦੌਲਤ ਗ਼ਰੀਬ ਅਤੇ ਲੋੜਵੰਦ ਲਈ ਰਾਖਵੀਂ ਨਹੀਂ ਕੀਤੀ ਜਾਂਦੀ (ਜਿਵੇਂ ਬਾਬੇ ਨਾਨਕ ਨੇ ਰਾਏ ਬੁਲਾਰ ਵਲੋਂ ਦਿਤੀ ਕਰੋੜਾਂ ਦੀ ਸਾਰੀ ਜ਼ਮੀਨ ਗ਼ਰੀਬਾਂ ਦੇ ਹਵਾਲੇ ਕਰ ਦਿਤੀ ਸੀ ਕਿ ਜਿਸ ਨੂੰ ਜਿੰਨੀ ਲੋੜ ਹੈ, ਵਾਹ ਲਵੇ ਪਰ ਆਪ ਇਕ ਇੰਚ ਵੀ ਮੁਫ਼ਤ ਦੀ ਜ਼ਮੀਨ ਆਪ ਨੇ ਨਾ ਵਾਹੀ।

ਇਸੇ ਤਰ੍ਹਾਂ ਪਿਤਾ ਨੇ 20 ਰੁਪਏ ਦਿਤੇ ਤਾਂ ਸਾਰੇ ਹੀ (ਅੱਜ ਦੇ ਹਿਸਾਬ ਉਹ 20 ਕਰੋੜ ਬਣਦੇ ਹਨ) ਉਨ੍ਹਾਂ ਨੇ ਗ਼ਰੀਬਾਂ ਦਾ ਜੀਵਨ ਉੱਚਾ ਕਰਨ ਲਈ ਉਨ੍ਹਾਂ ਨੂੰ ਵੰਡ ਦਿਤੇ। ਨਾਨਕ-ਫ਼ਲਸਫ਼ੇ ਨੂੰ ਉਦੋਂ ਤਕ ਸਮਝਿਆ ਹੀ ਨਹੀਂ ਜਾ ਸਕਦਾ ਤੇ ਇਹ ਵੀ ਸਿਆਸਤਦਾਨਾਂ ਵਾਲਾ ਰਸਮੀ ਐਲਾਨ ਬਣ ਕੇ ਹੀ ਰਹਿ ਜਾਏਗਾ। ਅਜਿਹੀ ਹਾਲਤ ਵਿਚ ਜਦ ਮੇਰਾ ਨਿਸ਼ਚਾ ਪੱਕਾ ਹੋ ਗਿਆ ਕਿ ‘ਉੱਚਾ ਦਰ’ ਦਾ ਕੰਮ ਵੀ ਹੁਣੇ ਸ਼ੁਰੂ ਕਰਨਾ ਹੈ ਤਾਂ ਰੁਕਾਵਟ ਇਹ ਖੜੀ ਹੋ ਗਈ ਕਿ ਉਸ ਵੇਲੇ ਅਖ਼ਬਾਰ ਦੀ ਮਾਲਕੀ ਇਕ ਟਰੱਸਟ ਕੋਲ ਸੀ ਤੇ ਸਾਰੇ ਟਰੱਸਟੀ ਇਸ ਰਾਏ ਦੇ ਸਨ ਕਿ ਅਖ਼ਬਾਰ ਹੀ ਬੜਾ ਔਖਾ ਹੋ ਕੇ ਚਲ ਰਿਹਾ ਹੈ ਤਾਂ ਕਿਸੇ ਨਵੇਂ ਪ੍ਰਾਜੈਕਟ ਦੀ ਗੱਲ ਕਿਵੇਂ ਸੋਚੀ ਜਾਏ?

ਅਖ਼ਬਾਰ ਵਲੋਂ ‘ਉੱਚਾ ਦਰ’ ਦਾ ਕੰਮ ਹੱਥ ਵਿਚ ਲੈਣ ਤੋਂ ਨਾਂਹ ਹੋ ਜਾਣ ਉਪਰੰਤ, ਮੈਂ ਫ਼ੈਸਲਾ ਕੀਤਾ ਕਿ ਪਾਠਕਾਂ ਨੂੰ ਕਹਿੰਦਾ ਹਾਂ, ਉਹ ਥੋੜਾ ਥੋੜਾ ਪੈਸਾ ਪਾ ਕੇ ਇਕ ਵੱਡਾ ਤੇ ਇਤਿਹਾਸਕ ਕੰਮ ਆਪ ਕਰ ਵਿਖਾਣ - ਅਖ਼ਬਾਰ ਉਨ੍ਹਾਂ ਦਾ ਭਾਈਵਾਲ ਤਾਂ ਨਹੀਂ ਬਣੇਗਾ ਪਰ ਉਂਜ ਹਰ ਤਰ੍ਹਾਂ ਮਦਦ ਜ਼ਰੂਰ ਕਰੇਗਾ ਤੇ ਸਰਪ੍ਰਸਤੀ ਵੀ ਦੇਵੇਗਾ।

ਅਖ਼ਬਾਰ ਦੇ ਟਰੱਸਟੀਆਂ ਦਾ ਪੱਕਾ ਫ਼ੈਸਲਾ ਸੀ ਕਿ ਉਹ ਪੈਸੇ ਦੀ ਸਾਂਝ ਇਕ ਪੈਸੇ ਜਿੰਨੀ ਵੀ ਨਹੀਂ ਰਖਣੀ ਚਾਹੁਣਗੇ ਪਰ ਕਿਉਂਕਿ ਇਸ ਟਰੱਸਟ ਦਾ 100 ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਰਖਿਆ ਜਾਣਾ ਹੈ, ਇਸ ਲਈ ਇਸ ਦੀ ਹਰ ਸੰਭਵ ਮਦਦ ਜ਼ਰੂਰ ਕੀਤੀ ਜਾਵੇਗੀ। ਅਖ਼ਬਾਰ ਵਲੋਂ ਇਕ ਮਤਾ ਪਾਸ ਕਰ ਦਿਤਾ ਗਿਆ ਕਿ ਅਖ਼ਬਾਰ ਨਾਲ ਸਬੰਧਤ ਕੋਈ ਵੀ ਵਿਅਕਤੀ ਇਸ ਉੱਚਾ ਦਰ ਟਰੱਸਟ ਦਾ ਮੈਂਬਰ ਨਹੀਂ ਬਣ ਸਕੇਗਾ ਤੇ ਨਾ ਹੀ ਟਰੱਸਟ ਕੋਲੋਂ ਇਕ ਕੱਪ ਚਾਹ ਦਾ ਹੀ ਪੀ ਸਕੇਗਾ। ਮੈਂ ਅੱਜ ਤਕ ਇਸ ਸਹੁੰ ਦੀ 100 ਫ਼ੀ ਸਦੀ ਪਾਲਣਾ ਕੀਤੀ ਹੈ ਤੇ  ਟਰੱਸਟੀਆਂ ਨੇ ਜੋ ਫ਼ੈਸਲਾ ਕੀਤਾ ਸੀ, ਉਸ ਨੂੰ ਅੱਖਰ ਅੱਖਰ ਨਿਭਾਇਆ ਹੈ।

ਪਰ ਇਸ ਦੇ ਬਾਵਜੂਦ ਜਦ ‘ਉੱਚਾ ਦਰ’ ਦੀ ਪਹਿਲੀ ਬਿਲਡਿੰਗ ਹੀ ਜੀ.ਟੀ. ਰੋਡ ਤੋਂ ਸਿਰ ਕਢਦੀ ਹੋਈ ਨਜ਼ਰ ਆਉਣ ਲੱਗੀ ਤਾਂ ਵੈਰੀਆਂ ਦੇ ਹੋਸ਼ ਉੱਡਣ ਲੱਗ ਪਏ। ਹੋਰ ਤਾਂ ਉਹ ਕੁੱਝ ਨਾ ਕਰ ਸਕੇ, ਪਰ ਪਾਗ਼ਲਪਨ ਦੇ ਦੌਰੇ ਸਦਕਾ ਉਨ੍ਹਾਂ ਹਰ ਏਜੰਸੀ, ਹਰ ਥਾਣੇ, ਹਰ ਐਸ ਪੀ ਤੇ ਹਰ ਲੀਡਰ ਨੂੰ ਬੇਨਾਮੀ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿਤੀਆਂ (ਅਪਣਾ ਨਾਂ ਪ੍ਰਗਟ ਕਰ ਕੇ ਝੂਠੀਆਂ ਚਿੱਠੀਆਂ ਲਿਖਣ ਦੀ ਹਿੰਮਤ ਕਿਸੇ ਬੁਜ਼ਦਿਲ ਕੋਲ ਨਹੀਂ ਹੁੰਦੀ) ਕਿ ਸਪੋਕਸਮੈਨ ਵਾਲਿਆਂ ਨੇ ਕਰੋੜਾਂ ਤੇ ਅਰਬਾਂ ਰੁਪਏ ਇਕੱਠੇ ਕਰ ਲਏ ਨੇ, ਉਨ੍ਹਾਂ ਨੇ ਉੱਚਾ ਦਰ ਬਣਾਉਣਾ ਕੋਈ ਨਹੀਂ ਤੇ ਲੋਕਾਂ ਦਾ ਪੈਸਾ ਲੈ ਕੇ ਵਿਦੇਸ਼ ਦੌੜ ਜਾਣਾ ਹੈ

 ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਏ ਤੇ ਪੈਸਾ ਜ਼ਬਤ ਕਰ ਲਿਆ ਜਾਏ। ਕਦੇ ਇਕ ਥਾਣੇਦਾਰ, ਕਦੇ ਦੂਜਾ ਐਸ ਪੀ, ਕਦੇ ਤੀਜਾ ਸਰਕਾਰੀ ਅਫ਼ਸਰ ਸਾਡੇ ਦਫ਼ਤਰ ਪਧਾਰਨ ਲੱਗੇ ਤੇ ਪੁਛਦੇ ਸਨ ਕਿ ‘‘ਉਹ ਕਰੋੜਾਂ ਤੇ ਅਰਬਾਂ ਦਾ ਪੈਸਾ ਦੱਸੋ ਕਿਥੇ ਹੈ ਜਿਹੜਾ ਤੁਸੀ ਲੋਕਾਂ ਤੋਂ ਇਕੱਠਾ ਕੀਤਾ ਹੈ?’’ ਅਸੀ ਦਸਦੇ ਸੀ ਕਿ ਸਪੋਕਸਮੈਨ ਨੇ ਤਾਂ ਇਕ ਪੈਸਾ ਵੀ ਇਕੱਠਾ ਨਹੀਂ ਕੀਤਾ ਪਰ ਸਪੋਕਸਮੈਨ ਦੇ ਪਾਠਕਾਂ ਵਲੋਂ ਬਣਾਏ ਜਾ ਰਹੇ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਨੇ ਜ਼ਰੂਰ ਅਪਣੇ ਸਾਥੀ ਪਾਠਕਾਂ ਕੋਲੋਂ ਕੁੱਝ ਪੈਸਾ ਇਕੱਤਰ ਕੀਤਾ ਹੈ ਅਤੇ ਸਾਡੀ ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਵੀ ਇਕ ਕਰੋੜ ਇਕੱਠਾ ਅੱਜ ਤਕ ਕਦੇ ਨਹੀਂ ਵੇਖਿਆ।’’
ਪੁਲਸੀਏ ਅਫ਼ਸਰਾਂ ਹੁਕਮ ਦੇਣਾ, ‘‘ਅਪਣੇ ਵੀ ਤੇ ਉੱਚਾ ਦਰ ਟਰੱਸਟ ਦੇ ਸਾਰੇ ਬੈਂਕ ਅਕਾਊਂਟ ਤੇ ਹੋਰ ਸਾਰੇ ਕਾਗ਼ਜ਼ ਕਲ ਤਕ ਪੇਸ਼ ਕਰੋ ਨਹੀਂ ਤਾਂ ਅਸੀ ਗ੍ਰਿਫ਼ਤਾਰ ਵੀ ਕਰ ਸਕਦੇ ਹਾਂ।’’

ਅਸੀ ਸਾਰੇ ਕਾਗ਼ਜ਼ ਦੇ ਦੇਣੇ   ਤੇ ਕਹਿਣਾ ਕਿ, ‘‘ਜੇ ਆਪ ਨੂੰ ਇਕ ਪੈਸਾ ਵੀ ਗ਼ਲਤ ਮਿਲੇ ਤਾਂ ਸਾਡੇ ਨਾਲ ਜਾਂ ਉੱਚਾ ਦਰ ਟਰੱਸਟ ਵਾਲਿਆਂ ਨਾਲ ਕੋਈ ਲਿਹਾਜ਼ ਨਾ ਕਰਨਾ ਤੇ ਵੱਧ ਤੋਂ ਵੱਧ ਸਜ਼ਾ ਦੇਣੀ ਪਰ ਸਾਨੂੰ ਦਸ ਜ਼ਰੂਰ ਦੇਣਾ ਕਿ ਕਿਥੇ ਤੇ ਕਿੰਨਾ ਗ਼ਲਤ ਤੁਹਾਨੂੰ ਨਜ਼ਰ ਆਇਆ ਹੈ।’’ ਕਿਸੇ ਨੂੰ ਕੁੱਝ ਵੀ ਗ਼ਲਤ ਨਾ ਲੱਭਾ। ਸਾਰੀਆਂ ਏਜੰਸੀਆਂ (ਸੇਬੀ ਤਕ) ਨੇ ਸਾਡੇ ਤੇ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਹੱਕ ਵਿਚ ਫ਼ੈਸਲੇ ਦਿਤੇ ਪਰ ਦੋ ਸਾਲ ਕੰਮ ਬੰਦ ਰਿਹਾ ਤੇ ਦੋਖੀਆਂ ਨੇ ਸਾਡੇ ਮੈਂਬਰਾਂ ਤੇ ਪੈਸਾ ਉਧਾਰ ਦੇਣ ਵਾਲਿਆਂ ਦੀਆਂ ਸੂਚੀਆਂ ਸਾਡੇ ਦਫ਼ਤਰ ’ਚੋਂ ਚੁਰਾ ਕੇ ਹਜ਼ਾਰਾਂ ਚਿੱਠੀਆਂ ਘਰੋ ਘਰੀ ਪਹੁੰਚਾਈਆਂ ਕਿ ਸਰਕਾਰ ‘ਉੱਚਾ ਦਰ’ ਤੇ ‘ਸਪੋਕਸਮੈਨ’ ਵਾਲਿਆਂ ਵਿਰੁਧ ਵੱਡੀ ਜਾਂਚ ਕਰ ਰਹੀ ਹੈ ਤੇ ਇਹ ਛੇਤੀ ਜੇਲ੍ਹ ਵਿਚ ਹੋਣਗੇ, ਇਸ ਲਈ ਕੋਈ ਇਨ੍ਹਾਂ ਨੂੰ ਹੋਰ ਪੈਸਾ ਨਾ ਦੇਵੇ ਤੇ ਪਿਛਲਾ ਦਿਤਾ ਪੈਸਾ ਵੀ ਸਾਰੇ ਦਾ ਸਾਰਾ ਮੰਗ ਲਵੋ ਨਹੀਂ ਤਾਂ ਪਛਤਾਉਣਾ ਪਵੇਗਾ। 

ਕਮਜ਼ੋਰ ਲੋਕਾਂ ਉਤੇ ਇਸ ‘ਸੌ ਫ਼ੀ ਸਦੀ ਝੂਠ’ ਦਾ ਵੀ ਅਸਰ ਹੋਣ ਲੱਗ ਪਿਆ। ਉਧਾਰਾ ਪੈਸਾ ਦੇਣ ਵਾਲੇ, ਪਿਛਲੇ ਪੈਸੇ ਵਾਪਸ ਮੰਗਣ ਲੱਗ ਪਏ ਤੇ ਅੱਗੋਂ ਹੋਰ ਦੇਣੇ ਬਿਲਕੁਲ ਬੰਦ ਕਰ ਦਿਤੇ। ਰੌਲਾ ਪੈਣੋਂ ਰੋਕਣ ਲਈ ਅਸੀ ਏਧਰੋਂ ਔਧਰੋਂ ਰਕਮਾਂ ਚੁਕ ਕੇ ਤੇ ਅਪਣੀਆਂ ਕਈ ਕੀਮਤੀ ਚੀਜ਼ਾਂ ਵੇਚ ਕੇ ਪੈਸੇ ਵਾਪਸ ਕਰ ਦਿਤੇ ਤਾਕਿ ਉੱਚਾ ਦਰ ਦੇ ਟਰੱਸਟੀ ਵੀ ਹੌਸਲਾ ਨਾ ਛੱਡ ਜਾਣ ਕਿਤੇ ਤੇ ਵਿਰੋਧੀਆਂ ਨੂੰ ਵੀ ਤਾੜੀਆਂ ਮਾਰਨ ਦਾ ਮੌਕਾ ਨਾ ਮਿਲ ਜਾਏ। ਉਧਰੋਂ ਬਾਦਲ ਸਰਕਾਰ ਨੇ ਰੋਜ਼ਾਨਾ ਸਪੋਕਸਮੈਨ ਦੇ 150 ਕਰੋੜ ਦੇ ਇਸ਼ਤਿਹਾਰ ਰੋਕ ਲਏ ਸਨ

ਤੇ ਹੋਰਨਾਂ ਨੂੰ ਵੀ ਸਪੋਕਸਮੈਨ ਲਈ ਇਸ਼ਤਿਹਾਰ ਦੇਣੋਂ ਰੋਕ ਰਹੀ ਸੀ। ਸ਼੍ਰੋਮਣੀ ਕਮੇਟੀ ਵੀ ਅੱਜ ਤਕ ਪੰਥ-ਵਿਰੋਧੀ ਅਖ਼ਬਾਰਾਂ ਨੂੰ ਤਾਂ ਇਸ਼ਤਿਹਾਰ ਦੇਂਦੀ ਹੈ ਪਰ 19 ਸਾਲ ਤੋਂ ਪੰਥ ਦੇ ਇਸ ਸਪੋਕਸਮੈਨ (ਬੁਲਾਰੇ) ਨੂੰ ਇਕ ਪੈਸੇ ਦਾ ਇਸ਼ਤਿਹਾਰ ਵੀ ਨਹੀਂ ਦਿਤਾ। ਸਪੋਕਸਮੈਨ ਦੇ ਕਰੋੜਾਂ ਰੁਪਏ ਉਸ ਨੇ ਵੀ ਮਾਰ ਲਏ ਹੋਏ ਹਨ। ਚਲੋ ਹਕੂਮਤਾਂ ਤਾਂ ਅਪਣਾ ਗੁੱਸਾ ਇਸ ਤਰ੍ਹਾਂ ਹੀ ਕਢਿਆ ਕਰਦੀਆਂ ਹਨ। ਅਸੀ ਕਦੀ ਗਿਲਾ ਵੀ ਨਹੀਂ ਕੀਤਾ। ਰੱਬ ਸਾਡੀ ਹਰ ਲੋੜ ਪੂਰੀ ਕਰੀ ਜਾ ਰਿਹਾ ਹੈ। ਪਰ ਇਕ ਹੋਰ ਦੁਖ ਜੋ ਮੈਨੂੰ ਸਰਕਾਰੀ ਤੇ ਪੁਜਾਰੀ ਧੱਕਾਸ਼ਾਹੀ ਨਾਲੋਂ ਵੀ ਜ਼ਿਆਦਾ ਚੁੱਭ ਰਿਹਾ ਸੀ, ਉਸ ਦਾ ਜ਼ਿਕਰ ਜ਼ਰੂਰ ਕਰਾਂਗਾ ਪਰ ਅਗਲੇ ਐਤਵਾਰ। 
(ਚਲਦਾ)

 


 

SHARE ARTICLE

ਏਜੰਸੀ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement