
ਪਰ ਜੇ ਪੰਜਾਬੀ ਨੌਜੁਆਨਾਂ ਨੂੰ ਬੇਮੁਹਾਰੇ ਛੱਡ ਦਿਉ ਤਾਂ ਇਹ ਬੰਦੂਕਾਂ, ਨਸ਼ਿਆਂ, ਗੈਂਗਾਂ ਤੇ ਰਾਜਸੀ ਲੀਡਰਾਂ/ਬਾਬਿਆਂ ਦੇ ਗੜਵਈਏ ਬਣ ਕੇ ਖ਼ਤਮ ਹੋ ਜਾਂਦੇ ਨੇ!!
S. Joginder Singh ji: :‘ਰੋਜ਼ਾਨਾ ਸਪੋਕਸਮੈਨ’ ਦੇ ਸੰਸਥਾਪਕ ਤੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਜੀ ਦੀ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਤੇ ਸਨੇਹੀਆਂ ਵਿਚ ਬਹੁਤ ਮਕਬੂਲ ਰਹੇ ਹਨ। ਜਦੋਂ ਤੋਂ ਸਪੋਕਸਮੈਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਸਪੋਕਸਮੈਨ ਦੇ ਪਾਠਕ ਇਸ ਨੂੰ ਬੜੀ ਤਾਂਘ ਨਾਲ ਪੜ੍ਹਦੇ ਰਹੇ ਹਨ। 4 ਅਗੱਸਤ ਨੂੰ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਪਾਠਕਾਂ ਦੀ ਭਰਵੀਂ ਮੰਗ ਤੇ ਇੱਛਾ ਉੱਤੇ ਫੁੱਲ ਚੜ੍ਹਾਉਂਦਿਆਂ ਉਨ੍ਹਾਂ ਦੀਆਂ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਤੋਂ ਚੋਣਵੀਆਂ ਰਚਨਾਵਾਂ ਅਸੀ ਪਾਠਕਾਂ ਲਈ ਮੁੜ ਪ੍ਰਕਾਸ਼ਤ ਕਰ ਰਹੇ ਹਾਂ।
ਪੰਜਾਬ ਦੀ ਜਵਾਨੀ, ਖ਼ਾਸ ਕਰ ਕੇ ਸਿੱਖ ਮੁੰਡੇ, ਮੈਨੂੰ ਸ਼ੁਰੂ ਤੋਂ ਹੀ ਇਕ ਸ਼ੂਕਦੇ ਤੂਫ਼ਾਨ ਵਰਗੀ ਕੋਈ ਚੀਜ਼ ਲਗਦੇ ਨੇ ਜੋ ਜੇ ਅਪਣੀ ਆਈ ’ਤੇ ਆ ਜਾਣ ਤਾਂ ਦੁਨੀਆਂ ਦੀ ਕੋਈ ਰੁਕਾਵਟ, ਇਨ੍ਹਾਂ ਦੇ ਵੇਗ ਨੂੰ ਡੱਕ ਨਹੀਂ ਸਕਦੀ ¸ ਹਿਮਾਲੀਆ ਵਰਗੇ ਉੱਚੇ ਪਹਾੜ ਵੀ ਨਹੀਂ। ਦੁਨੀਆਂ ਦਾ ਕਿਹੜਾ ਮੋਰਚਾ ਹੈ ਜਿਹੜਾ ਸਿੱਖ ਨੌਜੁਆਨਾਂ ਨੇ ਸਰ ਕਰਨ ਦਾ ਫ਼ੈਸਲਾ ਇਕ ਵਾਰ ਲੈ ਲਿਆ ਹੋਵੇ ਤੇ ਇਨ੍ਹਾਂ ਨੇ ਸਰ ਨਾ ਕੀਤਾ ਹੋਵੇ¸ਸਿਵਾਏ ਉਦੋਂ ਜਦੋਂ ਅੰਦਰ ਬੈਠੇ ਗ਼ੱਦਾਰਾਂ ਨੇ ਇਨ੍ਹਾਂ ਨੂੰ ਧੋਖੇ ਨਾਲ ਦੁਸ਼ਮਣ ਹੱਥੋਂ ਨਾ ਹਰਵਾਇਆ? ਮੈਂ ਵਿਦੇਸ਼ਾਂ ਵਿਚ ਜਾ ਕੇ ਵੀ ਵੇਖਿਆ ਤੇ ਪੰਜਾਬ ਤੋਂ ਬਾਹਰ ਦੇ ਰਾਜਾਂ ਵਿਚ ਵੀ ਇਨ੍ਹਾਂ ਨੂੰ ਕੰਮ ਕਰਦਿਆਂ ਵੇਖਿਆ ਹੈ¸ਇਹ ਹਰ ਖੇਤਰ ਵਿਚ, ਦੂਜਿਆਂ ਨਾਲੋਂ ਅੱਗੇ ਹੀ ਨਜ਼ਰ ਆਏ। ਪਰ ਇਹ ਬਰਤਰੀ, ਉਨ੍ਹਾਂ ਨੇ ਅਪਣੇ ਬਲ-ਬੂਤੇ ਤੇ ਪ੍ਰਾਪਤ ਕੀਤੀ¸ਇਨ੍ਹਾਂ ਨੂੰ ਅਗਵਾਈ ਦੇਣ ਵਾਲਾ ਕੋਈ ਨਹੀਂ ਸੀ।
ਮੈਨੂੰ ਯਾਦ ਹੈ ਜਦ ਮੈਂ ਬੀ.ਏ. ਪਾਸ ਕੀਤੀ ਤਾਂ ਘਰ ਦੇ ਚਾਹੁੰਦੇ ਸਨ ਕਿ ਮੈਂ ਡਾਕਟਰ ਬਣਾਂ। ਬਹੁਤੇ ਦੋਸਤ ਉਸ ਸਮੇਂ ਇੰਜੀਨੀਅਰ ਬਣਨ ਨੂੰ ਸੱਭ ਤੋਂ ਵੱਡੀ ਗੱਲ ਸਮਝਦੇ ਸਨ (ਕਿਉਂਕਿ ਉਨ੍ਹੀਂ ਦਿਨੀਂ ਇੰਜੀਨੀਅਰਿੰਗ ਪਾਸ ਕਰਨ ਵਾਲੇ ਹਰ ਨੌਜੁਆਨ ਨੂੰ ਨੌਕਰੀ ਝੱਟ ਹੀ ਮਿਲ ਜਾਂਦੀ ਸੀ) ਪਰ ਮੇਰਾ ਦਿਲ ਕੁੱਝ ਹੋਰ ਹੀ ਕਰਨ ਨੂੰ ਕਰਦਾ ਸੀ। ਕੀ ਕਰਨਾ ਚਾਹੁੰਦਾ ਸੀ ਮੈਂ? ਮੈਨੂੰ ਆਪ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਧਰ ਜਾਵਾਂ ਜਿਥੇ ਜਾ ਕੇ ਮਨ ਨੂੰ ਤਿ੍ਰਪਤੀ ਮਿਲ ਸਕੇ? ਪੰਜਾਬੀ, ਖ਼ਾਸ ਕਰ ਕੇ ਸਿੱਖ ਨੌਜੁਆਨਾਂ ਦੀ ਇਹ ਸਮੱਸਿਆ ਹਮੇਸ਼ਾ ਤੋਂ ਹੀ ਰਹੀ ਹੈ ਕਿ ਇਨ੍ਹਾਂ ਨੂੰ ਠੀਕ ਮੌਕੇ ਤੇ ਅਗਵਾਈ ਕਿਸੇ ਪਾਸਿਉਂ ਨਹੀਂ ਮਿਲਦੀ।
ਬਸ ਜਿਧਰ ਚਲ ਪੈਂਦੇ ਹਨ, ਝੁੰਡਾਂ ਤੇ ਜਥਿਆਂ ਵਿਚ ਹੀ ਚਲ ਪੈਂਦੇ ਹਨ¸ਇਹ ਸੋਚੇ ਬਗ਼ੈਰ ਕਿ ਜਿਸ ਪਾਸੇ ਵਲ ਉਹ ਝੁੰਡ ਬਣਾ ਕੇ ਚਲ ਪਏ ਹਨ, ਉਨ੍ਹਾਂ ’ਚੋਂ ਕਿੰਨੇ ਹਨ ਜੋ ਸਿਰੇ ਤਕ ਪੁੱਜਣ ਦੀ ਸਮਰੱਥਾ ਜਾਂ ਦਿਲਚਸਪੀ ਵੀ ਰਖਦੇ ਹਨ? ਨਤੀਜੇ ਵਜੋਂ ਅਧਵਾਟਿਉਂ ਹੀ, ਬਹੁਤਿਆਂ ਦੀਆਂ ਲੱਤਾਂ ਜਵਾਬ ਦੇਣ ਲਗਦੀਆਂ ਹਨ ਤੇ ਝੁੰਡ ਵਿਚੋਂ ਨਿਕਲਣ ਦਾ ਰਾਹ ਲੱਭਣ ਲਗਦੇ ਹਨ।
ਪਰ ਜੇ ਪੰਜਾਬ ਦੀ ਜਵਾਨੀ ਨੂੰ ਵੇਲੇ ਸਿਰ ਠੀਕ ਅਗਵਾਈ ਮਿਲ ਜਾਏ ਤੇ ਇਨ੍ਹਾਂ ਨੂੰ ਕਹਿ ਦਿਤਾ ਜਾਏ ਕਿ ਛੇ ਮਹੀਨਿਆਂ ਵਿਚ ਸਾਰੇ ਸੰਸਾਰ ’ਤੇ ਅਪਣਾ ਝੰਡਾ ਗੱਡ ਵਿਖਾਣਾ ਹੈ ਤਾਂ ਮੇਰਾ ਨਹੀਂ ਖ਼ਿਆਲ ਕਿ ਪੰਜਾਬ ਦੇ ਮੁੰਡੇ ਇਸ ਟੀਚੇ ਨੂੰ ‘ਅਸੰਭਵ ਜਹੀ ਗੱਲ’ ਕਹਿ ਕੇ ਪਿੱਛੇ ਹਟ ਜਾਣਗੇ। ਹਰ ਪੰਜਾਬੀ ਨੌਜੁਆਨ, ਖ਼ਾਸ ਤੌਰ ਤੇ ਸਿੱਖ ਨੌਜੁਆਨ ਪੂਰੇ ਹੌਸਲੇ ਨਾਲ ਆਖੇਗਾ, ‘‘ਗੱਲ ਈ ਕੋਈ ਨਹੀਂ ਜੀ।
ਤੁਸੀ ਅਗਵਾਈ ਦਿਉ, ਅਸੀ 6 ਮਹੀਨੇ ਤੋਂ ਪਹਿਲਾਂ ਈ ਟੀਚਾ ਸਰ ਕਰ ਵਿਖਾਵਾਂਗੇ।’’
ਪਰ ਅਗਵਾਈ ਹੀ ਤਾਂ ਉਹ ਚੀਜ਼ ਹੈ ਜੋ ਪੰਜਾਬੀ ਨੌਜੁਆਨ ਨੂੰ ਮਿਲਣੋਂ ਰਹਿ ਜਾਂਦੀ ਹੈ। ਜੇ ਸੰਸਾਰਪੁਰ ਪਿੰਡ ਦੇ ਮੁੰਡਿਆਂ ਨੇ ਹਾਕੀ ਦੀ ਖੇਡ ਨੂੰ ਲੈ ਕੇ ਸੰਸਾਰ ਵਿਚ ਇਕ ਨਵਾਂ ਰੀਕਾਰਡ ਕਾਇਮ ਕਰ ਦਿਤਾ ਤਾਂ ਪੰਜਾਬ ਦਾ ਹਰ ਮੁੰਡਾ ਮੁਹੱਲਿਆਂ ਤੇ ਗਲੀਆਂ ਵਿਚ ਵੀ ਹਾਕੀ ਖੇਡਦਾ ਹੀ ਨਜ਼ਰ ਆਉਂਦਾ ਸੀ। ਇਕ ਛੋਟਾ ਜਿਹਾ ਪਿੰਡ ਹੀ ਸਾਰੇ ਪੰਜਾਬ ਦਾ ਆਗੂ ਬਣ ਗਿਆ।
ਮਿਲਖਾ ਸਿੰਘ ਨੇ ਦੌੜ ਵਿਚ ਸੰਸਾਰ ਰੀਕਾਰਡ ਕਾਇਮ ਕੀਤਾ ਤਾਂ ਹਰ ਪੰਜਾਬੀ ਮੁੰਡਾ ਦੌੜਨ ਹੀ ਲੱਗ ਪਿਆ ਸੀ। ਮਿਲਖਾ ਸਿੰਘ ਜਵਾਨਾਂ ਦਾ ਆਗੂ ਬਣ ਗਿਆ। ਕਾਮਰੇਡਾਂ ਨੇ ‘ਨਕਸਲੀ ਲਹਿਰ’ ਚਲਾਈ ਤਾਂ ਹਰ ਮੁੰਡਾ ਉਸ ਝੁੰਡ ਵਿਚ ਸ਼ਾਮਲ ਹੋਣਾ ਵੀ ਫ਼ਖ਼ਰ ਦੀ ਗੱਲ ਸਮਝਣ ਲੱਗ ਪਿਆ। ਉਨ੍ਹਾਂ ਨੂੰ ਬਾਹਰੋਂ ਅਗਵਾਈ ਮਿਲ ਗਈ ਸੀ। ਅਕਾਲੀਆਂ ਨੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਅਪਣੀ ਸਰਪ੍ਰਸਤੀ ਤੇ ਅਗਵਾਈ ਦਿਤੀ ਤਾਂ ਹਰ ਸਿੱਖ ਮੁੰਡਾ ਫ਼ੈਡਰੇਸ਼ਨੀਆ ਬਣਨ ਨੂੰ ਹੀ ਜ਼ਿੰਦਗੀ ਦਾ ਮਕਸਦ ਬਣਾਉਂਦਾ ਨਜ਼ਰ ਆਇਆ।
ਹਾਕਮ ਬਣਨ ਮਗਰੋਂ, ਅਕਾਲੀਆਂ ਨੇ ਅਪਣੇ ਫ਼ੈਡਰੇਸ਼ਨੀਆਂ ਨੂੰ ‘ਬੱਚੇ ਜਮੂਰੇ’ ਬਣਾ ਕੇ ਅਪਣੇ ਹੱਕ ਵਿਚ ਜ਼ਿੰਦਾਬਾਦ ਦੇ ਨਾਹਰੇ ਮਾਰਨ ਦਾ ਇਕੋ ਇਕ ਕੰਮ ਉਨ੍ਹਾਂ ਨੂੰ ਦੇ ਦਿਤਾ ਤੇ ਜੀਵਨ ਭਰ ਲਈ ਉਨ੍ਹਾਂ ਨੂੰ ਗ਼ੁਲਾਮ ਤੇ ਪਿਛਲੱਗ ਬਣ ਜਾਣ ਲਈ ਮਜਬੂਰ ਕਰ ਦਿਤਾ। ਨਤੀਜੇ ਵਜੋਂ ਫ਼ੈਡਰੇਸ਼ਨਾਂ ਤਾਂ ਅੱਜ ਵੀ ਟੁੱਟੇ ਭੱਜੇ ਗੱਡਿਆਂ ਵਾਂਗ, ਕਈ ਸਾਰੀਆਂ ਬਣੀਆਂ ਹੋਈਆਂ ਹਨ ਪਰ ਸਾਰੀਆਂ ਦੇ ਆਗੂ ਕਿਸੇ ਦੂਜੀ ਸੰਸਥਾ ਕੋਲੋਂ ਗੁਜ਼ਾਰਾ ਭੱਤਾ ਲੈ ਕੇ, ਉਸ ਦੇ ਸੋਹਲੇ ਗਾਉਣ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੌਜੁਆਨਾਂ ਨਾਲੋਂ ਕਟੀਆਂ ਜਾ ਚੁਕੀਆਂ ਜਥੇਬੰਦੀਆਂ ਬਣ ਚੁੱਕੀਆਂ ਹਨ।
ਵਪਾਰ ਅਤੇ ਉਦਯੋਗ ਵਿਚ ਪੰਜਾਬੀ ਮੁੰਡੇ ਪੰਜਾਬ ਵਿਚ ਤਾਂ ਨਹੀਂ ਪਰ ਬਾਕੀ ਸਾਰੀ ਦੁਨੀਆਂ ਦੇ ਹਰ ਖੇਤਰ ਵਿਚ, ਕਮਾਲ ਦੀਆਂ ਮੱਲਾਂ ਮਾਰ ਰਹੇ ਹਨ। ਅਮਰੀਕਾ ਦੀ ਸਿਲੀਕਾਨ ਵੈਲੀ ਵਿਚ ਤਾਂ ਮੈਨੂੰ ਇੰਜ ਲੱਗਾ ਜਿਵੇਂ ਉਥੋਂ ਦਾ ਹਰ ਪੰਜਾਬੀ ਨੌਜੁਆਨ, ਮਿਲੀਅਨੇਅਰ ਤੇ ਬਿਲੀਅਨੇਅਰ (ਕਰੋੜਪਤੀ ਤੇ ਅਰਬਪਤੀ) ਬਣ ਚੁੱਕਾ ਹੈ ਤੇ ਅਮਰੀਕਨ ਗੋਰੇ ਉਸ ਦੀ ਸਫ਼ਲਤਾ ਵੇਖ ਕੇ ਰਸ਼ਕ ਕਰਨ ਲੱਗ ਪਏ ਹਨ। ਇਹੀ ਕੁੱਝ ਮੈਂ ਬੰਬਈ, ਦਿੱਲੀ ਅਤੇ ਯੂ.ਪੀ. ਵਿਚ ਵੀ ਵੇਖਿਆ। ਵਿਦੇਸ਼ਾਂ ਵਿਚ ਤਾਂ ਰਾਜਨੀਤੀ ਵਿਚ ਵੀ ਉਹ ਵੱਡੀਆਂ ਮੱਲਾਂ ਮਾਰਨ ਲੱਗ ਪਏ ਹਨ।
ਕੈਨੇਡਾ ਦਾ ਡੀਫ਼ੈਂਸ ਮਨਿਸਟਰ ਹਰਜੀਤ ਸਿੰਘ ਸੱਜਣ ਵੀ ਹੁਸ਼ਿਆਰਪੁਰ ਦੇ ਇਕ ਪਿੰਡ ਦਾ ਜੰਮਪਲ ਹੈ ਅਤੇ ਦੂਜੀ ਵੱਡੀ ਪਾਰਟੀ ਦਾ ਪ੍ਰਧਾਨ ਜਸਮੀਤ ਸਿੰਘ ਵੀ ਪੰਜਾਬ ਦਾ ਜਾਇਆ ਹੈ ਜਿਸ ਬਾਰੇ ਖ਼ਿਆਲ ਹੈ ਕਿ ਉਹ ਇਕ ਦਿਨ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇਗਾ। ਜਿਥੇ ਹਿੰਦੁਸਤਾਨ ਵਿਚ 2 ਫ਼ੀ ਸਦੀ ਸਿੱਖਾਂ ਨੂੰ ਪੰਜਾਬੀ ਸੂਬਾ ਇਸ ਬਿਨਾਅ ਤੇ ਦੇਣੋਂ ਨਾਂਹ ਕਰ ਦਿਤੀ ਗਈ ਸੀ ਕਿ ਇਸ ਨਾਲ ਪੰਜਾਬ ਦਾ ਮੁੱਖ ਮੰਤਰੀ ਸਦਾ ਲਈ ਕੋਈ ਸਿੱਖ ਹੀ ਬਣ ਸਕੇਗਾ, ਉਥੇ ਸਿੱਖ ਨੌਜੁਆਨਾਂ ਨੇ ਸਾਬਤ ਕਰ ਦਿਤਾ ਹੈ ਕਿ ਉਹ ਤਾਂ ਕੈਨੇਡਾ ਵਰਗੇ ਦੁਨੀਆਂ ਦੇ ਵੱਡੇ ਤੇ ਅਮੀਰ ਦੇਸ਼ਾਂ ਦੇ ਵੀ ਆਗੂ ਬਣਨ ਦੇ ਸਮਰੱਥ ਹਨ।
ਉਧਰ ਦੇ ਪੰਜਾਬੀ, ਪੰਜਾਬ ਦੇ ਪੰਜਾਬੀ ਮੁੰਡਿਆਂ ਨਾਲੋਂ ਜ਼ਿਆਦਾ ਵੱਡੀ ਸਫ਼ਲਤਾ, ਇਸ ਲਈ ਵੀ ਪ੍ਰਾਪਤ ਕਰ ਰਹੇ ਹਨ ਕਿਉਂਕਿ ਉਥੇ ਹਰ ਸ਼ਹਿਰੀ ਨੂੰ ‘ਮਨੁੱਖ’ ਵਜੋਂ ਹੀ ਲਿਆ ਜਾਂਦਾ ਹੈ ਤੇ ਧਰਮ, ਨਸਲ ਜਾਂ ਭਾਸ਼ਾ ਕਰ ਕੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਦੂਜਾ ਪੰਜਾਬੀ ਮੁੰਡਿਆਂ ਨੂੰ ਵੀ ਤਰੱਕੀ ਕਰਨ ਲਈ ਓਨੀ ਹੀ ਚੰਗੀ ਅਗਵਾਈ ਮਿਲ ਜਾਂਦੀ ਹੈ ਜਿੰਨੀ ਕਿ ਉਥੋਂ ਦੇ ਸਥਾਨਕ ਨੌਜੁਆਨਾਂ ਨੂੰ ਮਿਲਦੀ ਹੈ। ਇਸੇ ਅਗਵਾਈ ਸਦਕਾ ਹੀ, ਨੌਜੁਆਨ, ਖ਼ੂਬ ਤਰੱਕੀ ਕਰ ਰਹੇ ਹਨ ਜਦਕਿ ਪੰਜਾਬ ਵਿਚ, ਠੀਕ ਸਮੇਂ ਤੇ ਠੀਕ ਅਗਵਾਈ ਨਾ ਮਿਲਣ ਕਰ ਕੇ ਜਵਾਨੀ ਦੀ ਫ਼ਸਲ, ਬੂਰ ਪੈਣ ਤੋਂ ਪਹਿਲਾਂ ਹੀ ਕੁਮਲਾਉਣ ਲਗਦੀ ਹੈ।
ਜਵਾਨੀ ਜਾਂ ਤਾਂ ਨਸ਼ਿਆਂ ਵਿਚ ਡੁਬਕੀਆਂ ਲਾਉਣ ਲਗਦੀ ਹੈ ਜਾਂ ਬੰਦੂਕ ਫੜ ਕੇ ਗੈਂਗਸਟਰਾਂ ਤੇ ਇਹੋ ਜਿਹੇ ਕਈ ਹੋਰ ਨਾਵਾਂ ਨਾਲ ਮੰਦੇ ਕਾਰੇ ਕਰਨ ਲਗਦੀ ਹੈ ਜਾਂ ਗੁਜ਼ਾਰਾ ਚਲਾਉਣ ਲਈ, ਨੌਜੁਆਨ, ਸਾਰੀ ਉਮਰ ਲਈ ਕਿਸੇ ਲੀਡਰ ਜਾਂ ਕਿਸੇ ਬਾਬੇ ਦਾ ਗੜਵਈਆ ਬਣ ਕੇ ‘ਚਮਚਾਗਿਰੀ’ ਤੇ ਪਿਛਲੱਗੂ ਜ਼ਿੰਦਗੀ ਬਤੀਤ ਕਰਨ ਲਗਦੇ ਹਨ। ਮੈਨੂੰ ਸੱਭ ਤੋਂ ਵੱਧ ਦੁਖ ਉਦੋਂ ਹੁੰਦਾ ਹੈ ਜਦ ਪੰਜਾਬੀ, ਖ਼ਾਸ ਕਰ ਸਿੱਖ ਨੌਜੁਆਨ ਕਿਸੇ ਦੇ ਪਿਛਲੱਗ ਜਾਂ ਚਮਚੇ ਬਣ ਕੇ ਕੰਮ ਕਰਦੇ ਵੇਖਦਾ ਹਾਂ। ਪੰਜਾਬ ਦਾ ਨੌਜੁਆਨ, ਸਿੱਧੀ ਧੌਣ ਵਾਲਾ, ਆਜ਼ਾਦ-ਖ਼ਿਆਲ ਤੇ ਦੂਜਿਆਂ ਦੇ ਵਿਚਾਰਾਂ ਦਾ ਸਤਿਕਾਰ ਕਰਨ ਵਾਲਾ ਹੀ ਚੰਗਾ ਲਗਦਾ ਹੈ।
ਬਾਬਾ ਨਾਨਕ ਅਜੇ ਛੋਟੀ ਉਮਰ ਦੇ ਸਨ ਜਦ ਉਨ੍ਹਾਂ ਨੇ ਸਿੱਧਾਂ ਨੂੰ ਜਾ ਕੇ ਸੱਚ ਸੁਣਾਇਆ ਕਿ ਉਨ੍ਹਾਂ ਦਾ ਕੰਮ ਤਾਂ ਲੋਕਾਈ ਨੂੰ ਗਿਆਨ ਦੇ ਰਾਹ ਪਾਉਣਾ ਸੀ, ਪਰ ਉਹ ‘ਮੁਕਤੀ’ ਦੇ ਨਾਂ ਤੇ ਪਰਬਤਾਂ ਉਤੇ ਛੁਪੇ ਬੈਠੇ ਹਨ! ਸਿੱਧਾਂ ਨੇ ਕਿਹਾ ਕਿ ਉਹ ਰੱਬ ਨੂੰ ਮਿਲਣ ਲਈ, ਪਾਪਾਂ-ਭਰੀ ਮਾਇਆ-ਨਗਰੀ ਤੋਂ ਦੂਰ ਪਰਬਤਾਂ ਉਤੇ ਏਕਾਂਤ ਵਿਚ ਆ ਬੈਠੇ ਹਨ। ਬਾਲਕ ਨਾਨਕ ਨੇ ਕਿਹਾ, ‘‘ਸਾਰੀ ਉਮਰ ਇਥੇ ਬੈਠੇ ਰਹੋ, ਰੱਬ ਨਹੀਂ ਮਿਲੇਗਾ। ਰੱਬ ਨੂੰ ਮਿਲਣਾ ਹੈ ਤਾਂ ਪਹਿਲਾਂ ਰੱਬ ਦੇ ਸ਼ਬਦ ਨੂੰ ਸਮਝੋ।’’
ਸਿੱਧਾਂ ਨੇ ਕਿਹਾ, ‘‘ਬਾਲਕੇ, ਤੇਰੀ ਉਮਰ ਛੋਟੀ ਹੈ ਪਰ ਤੂੰ ਏਨੀ ਛੋਟੀ ਉਮਰੇ ਹੀ ਰੱਬ ਦੇ ‘ਸ਼ਬਦ’ ਨੂੰ ਜਾਣ ਲਿਆ ਜਦਕਿ ਸਾਨੂੰ ਅੱਜ ਤਕ ‘ਸ਼ਬਦ’ ਦੀ ਪ੍ਰਾਪਤੀ ਨਹੀਂ ਹੋਈ। ਦਸ ‘ਸ਼ਬਦ’ ਤੋਂ ਕਿਵੇਂ ਜਾਣੂੰ ਹੋਇਆ ਜਾ ਸਕਦੈ?’’
ਇਹ ਬਾਲਕ ਨਾਨਕ ਦੀ ਵਿਦਵਤਾ ਨੂੰ ਸਿੱਧਾਂ ਦੀ ਵੱਡੀ ਸ਼ਰਧਾਂਜਲੀ ਸੀ। ਪਰ ਬਾਲਕ ਨਾਨਕ ਦੀ ਵਿਦਵਤਾ ਅਤੇ ਸਿਆਣਪ ਨੂੰ ਤਾਂ ਉਸ ਤੋਂ ਪਹਿਲਾਂ ਬਾਲਕ ਨਾਨਕ ਦੇ ਹਿੰਦੂ ਤੇ ਮੁਸਲਮਾਨ ਅਧਿਆਪਕਾਂ ਨੇ ਵੀ ਸਲਾਮ ਕੀਤੀ ਸੀ। ਇਸੇ ਤਰ੍ਹਾਂ ਆਪ ਜਦ ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਤੇ ਭਾਰਤ, ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਤਿੱਬਤ, ਅਰਬ ਆਦਿ ਦੇਸ਼ਾਂ ਵਿਚ ਗਏ ਤਾਂ ਉਥੇ ਵੀ ਉਨ੍ਹਾਂ ਨੂੰ ਬਹੁਤ ਸਾਰੇ ਸਵਾਲ ਕੀਤੇ ਗਏ ਜਿਨ੍ਹਾਂ ਦੇ ਜਵਾਬ ਸੁਣ ਕੇ, ਉਹ ਲੋਕ ਬਾਬੇ ਨਾਨਕ ਦੀ ਸਿਆਣਪ, ਵਿਦਵਤਾ ਨੂੰ ਵੇਖ ਕੇ ਕੀਲੇ ਗਏ। ਕਿਸੇ ਵੀ ਥਾਂ ਬਾਬੇ ਨਾਨਕ ਨੂੰ ਵਿਦਵਤਾ ਵਿਚ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ।
ਪੰਜਾਬੀ ਨੌਜੁਆਨ ਚੰਗੇ ਖਿਡਾਰੀ, ਚੰਗੇ ਵਪਾਰੀ, ਚੰਗੇ ਅਫ਼ਸਰ, ਚੰਗੇ ਪ੍ਰਬੰਧਕ, ਚੰਗੇ ਵਜ਼ੀਰ, ਚੰਗੇ ਫ਼ੌਜੀ ਜਰਨੈਲ, ਚੰਗੇ ਜੱਜ, ਚੰਗੇ ਵਕੀਲ, ਚੰਗੇ ਡਾਕਟਰ, ਚੰਗੇ ਇੰਜੀਨੀਅਰ, ਚੰਗੇ ਕਿਸਾਨ ਤੇ ਹੋਰ ਕਈ ਖੇਤਰਾਂ ਵਿਚ ਸ਼੍ਰੋਮਣੀ ਪੁਰਖ ਸਾਬਤ ਹੋਏ ਹਨ ਪਰ ਵਿਦਵਤਾ ਦੇ ਖੇਤਰ ਵਿਚ ਅਜੇ ਇਨ੍ਹਾਂ ਨੇ ਬਹੁਤ ਵੱਡਾ ਮਾਅਰਕਾ ਮਾਰ ਕੇ ਨਹੀਂ ਵਿਖਾਇਆ ਕਿਉਂਕਿ ਇਨ੍ਹਾਂ ਦੀ, ਬਾਬੇ ਨਾਨਕ ਦੀ ਵਿਦਵਤਾ ਨਾਲ ਸਾਂਝ ਪਵਾਉਣ ਦੀ ਕਿਸੇ ਨੇ ਮਾੜੀ ਜਹੀ ਕੋਸ਼ਿਸ਼ ਵੀ ਨਹੀਂ ਕੀਤੀ।
ਪੁਜਾਰੀ ਸ਼੍ਰੇਣੀ, ਡੇਰਾਵਾਦੀਆਂ ਤੇ ਸਿਆਸਤਦਾਨਾਂ ਨੂੰ ਬਾਬੇ ਨਾਨਕ ਕੋਲੋਂ ਸੱਭ ਤੋਂ ਵੱਧ ਡਰ ਲਗਦਾ ਹੈ ਕਿਉਂਕਿ ਉਹ ਇਨ੍ਹਾਂ ਸਭਨਾਂ ਨੂੰ ‘ਛੋਡੀਲੇ ਪਾਖੰਡਾ’ ਕਹਿੰਦੇ ਹੀ ਨਜ਼ਰ ਆਉਂਦੇ ਹਨ ਪਰ ਜੇ ਪੰਜਾਬੀ ਨੌਜੁਆਨ, ਬਾਬੇ ਨਾਨਕ ਦੀ ਬਾਣੀ ਨੂੰ ਹੀ ਸਮਝ ਲਵੇ ਤਾਂ ਉਹ ਵਿਦਵਤਾ ਦੇ ਖੇਤਰ ਵਿਚ ਵੀ, ਦੁਨੀਆਂ ਵਿਚ ਮਾਅਰਕੇ ਮਾਰ ਕੇ ਵਿਖਾ ਸਕਦਾ ਹੈ। ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀ ਨੌਜੁਆਨਾਂ ਨੂੰ ਲਾਮਬੰਦ ਕਰ ਕੇ, ਉਨ੍ਹਾਂ ਨੂੰ ਬਾਬੇ ਨਾਨਕ ਦੀ ‘ਵਿਦਵਾਨ ਸੈਨਾ’ ਬਣਾਈਏ।
ਸਮੇਂ ਦੀ ਲੋੜ ਹੈ ਕਿ ਹੋਰ ਕੁੱਝ ਤੋਂ ਜ਼ਿਆਦਾ ਅਸੀ ਚੰਗੇ ਵਿਦਵਾਨ ਤੇ ਸਾਇੰਸਦਾਨ ਦੁਨੀਆਂ ਅੱਗੇ ਪੇਸ਼ ਕਰੀਏ। ਇਸ ਤਰ੍ਹਾਂ ਹੀ ਦੁਨੀਆਂ ਵਿਚ ਪੰਜਾਬੀਆਂ ਦਾ ਨਾਮਣਾ ਬਣੇਗਾ। ਪ੍ਰਸਿੱਧੀ ਦੀਆਂ ਬਾਕੀ ਗੱਲਾਂ ਹੌਲੀ ਹੌਲੀ ਬੀਤੇ ਯੁੱਗ ਦੀਆਂ ਗੱਲਾਂ ਬਣ ਕੇ ਰਹਿ ਜਾਣਗੀਆਂ ਪਰ ਵਿਦਵਤਾ ਸਦਾ ਹੀ ਇਸ ਦੁਨੀਆਂ ਵਿਚ ਪਹਿਲੇ ਸਥਾਨ ਤੇ ਬਣੀ ਰਹੇਗੀ। ਬਾਬੇ ਨਾਨਕ ਨੇ ਇਸੇ ਲਈ ਅਕਲ ਨੂੰ ਆਸਥਾ ਸਾਹਮਣੇ ਵੱਡੀ ਦਸਿਆ ਸੀ।
(3 ਦਸੰਬਰ 2017 ਦੀ ਨਿੱਜੀ ਡਾਇਰੀ)