
ਇਸ ਸਾਰੇ ਇਲਾਕੇ ਵਿਚ ਮੁਸਲਮਾਨਾਂ ਦੀ ਗਿਣਤੀ, ਹਿੰਦੂਆਂ, ਸਿੱਖਾਂ ਦੀ ਕੁਲ ਗਿਣਤੀ ਨਾਲੋਂ ਵੀ, ਜ਼ਿਆਦਾ ਸੀ ਅਰਥਾਤ ਉਨ੍ਹਾਂ ਦੀ ਬਹੁਸੰਮਤੀ ਸੀ।
ਸ. ਕਪੂਰ ਸਿੰਘ ਤਾਂ ਜਿਨਾਹ ਕੋਲੋਂ ਇਹ ਸੁਣ ਕੇ ਹੀ ਬਾਗ਼ੋ ਬਾਗ਼ ਹੋ ਗਏ ਕਿ ਉਹ ਤਾਂ ਡਰਦੇ ਸਨ ਕਿ ਜੇ ਸਿੱਖ ਸਟੇਟ ਬਣਾ ਕੇ, ਸਿੱਖ ਪਾਕਿਸਤਾਨ ਵਿਚ ਰਹਿ ਗਏ ਤਾਂ ਪਾਕਿਸਤਾਨ ਵਿਚ ਕਿਤੇ ਸਿੱਖਾਂ ਦੀ ਬਹੁਗਿਣਤੀ ਹੀ ਨਾ ਹੋ ਜਾਏ ਤੇ ਪਾਕਿਸਤਾਨ ਖ਼ਤਮ ਹੋ ਕੇ ਨਿਰਾ ਖ਼ਾਲਸਤਾਨ ਹੀ ਨਾ ਰਹਿ ਜਾਏ। ਇਸ ਕਥਨ ਵਿਚੋਂ ਸ. ਕਪੂਰ ਸਿੰਘ ਨੂੰ ਜਿਨਾਹ ਸਾਹਬ ਦੀ ‘ਦੂਰ ਦਿ੍ਰਸਟੀ’ ਤੇ ਮਹਾਂ ਗਿਆਨੀ ਹੋਣ ਦੀ ਖ਼ੁਸ਼ਬੂ ਆਉਣ ਲੱਗ ਪਈ ਤੇ ਉਹ ਉਨ੍ਹਾਂ ਦੀ ਉਸਤਤੀ ਕਰਨ ਵਿਚ ਹੀ ਰੁੱਝ ਗਏ ਪਰ ਸ. ਕਪੂਰ ਸਿੰਘ ਨੂੰ ਇਕ ਦੋ ਉਪਰਲਿਆਂ ਦੀ ਕਹੀ ਹੋਈ ਗੱਲ ਹੀ ਸੁਣਾਈ ਦੇਂਦੀ ਸੀ, ਧਰਤੀ ਤੇ ਮੁਸਲਮਾਨ ਕੀ ਸੋਚ ਰਹੇ ਸਨ, ਇਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਨਹੀਂ ਸੀ ਪਤਾ। ਮੈਂ ਉਸ ਵੇਲੇ 5 ਕੁ ਸਾਲ ਦਾ ਸੀ ਪਰ ਮੈਨੂੰ ਯਾਦ ਹੈ, ਉਸ ਵੇਲੇ ਕੱਟੜਵਾਦੀ ਲੀਗੀ, ਜਲਸਿਆਂ ਵਿਚ ਵੀ ਖੁਲ੍ਹ ਕੇ ਕਹਿੰਦੇ ਸਨ ਕਿ ਜਿਨਾਹ ਸਾਹਿਬ ਨੂੰ ਪਾਕਿਸਤਾਨ ਦਾ ਖੇਤਰਫਲ (ਇਲਾਕਾ) ਵੱਡਾ ਕਰਨ ਖ਼ਾਤਰ ਪੰਜਾਬੀ ਹਿੰਦੂਆਂ ਤੇ ਸਿੱਖਾਂ ਨੂੰ ਇਥੇ ਨਹੀਂ ਰਹਿਣ ਦੇਣਾ ਚਾਹੀਦਾ ਤੇ ਸਾਰਾ ਪੰਜਾਬ (ਰਾਵਲਪਿੰਡੀ ਤੋਂ ਗੁੜਗਾਉਂ ਤਕ), ਇਸ ਬਿਨਾਅ ਤੇ ਪਾਕ ਲਈ ਮੰਗਣਾ ਚਾਹੀਦੈ ਕਿ ਇਸ ਸਾਰੇ ਇਲਾਕੇ ਵਿਚ ਮੁਸਲਮਾਨਾਂ ਦੀ ਗਿਣਤੀ, ਹਿੰਦੂਆਂ, ਸਿੱਖਾਂ ਦੀ ਕੁਲ ਗਿਣਤੀ ਨਾਲੋਂ ਵੀ, ਜ਼ਿਆਦਾ ਸੀ ਅਰਥਾਤ ਉਨ੍ਹਾਂ ਦੀ ਬਹੁਸੰਮਤੀ ਸੀ।
Kapoor Singh
ਉਨ੍ਹਾਂ ਦੀ ਦਲੀਲ ਇਹ ਹੁੰਦੀ ਸੀ ਕਿ ਜੇ ਹਿੰਦੂਆਂ, ਸਿੱਖਾਂ ਨੂੰ ਇਥੇ ਹੀ ਰਹਿਣ ਦੇਣਾ ਹੈ ਤਾਂ ਉਹ ਪਾਕਿਸਤਾਨ ਕਿਸ ਤਰ੍ਹਾਂ ਅਖਵਾ ਸਕੇਗਾ? ਪਾਕਿਸਤਾਨ ਤਾਂ ਇਹ ਤਦ ਹੀ ਅਖਵਾਏਗਾ ਜੇ ਉਥੇ ਮੁਸਲਮਾਨਾਂ ਤੋਂ ਬਿਨਾਂ ਹੋਰ ਕੋਈ ਹੋਵੇ ਹੀ ਨਾ ਤੇ ਇਹ ਸਿਰਫ਼ ਤੇ ਸਿਰਫ਼ ਕੁਰਾਨ-ਇ-ਪਾਕ ਨੂੰ ਮੰਨਣ ਵਾਲਿਆਂ ਦਾ ਦੇਸ਼ ਹੀ ਹੋਵੇ।
ਸਾਡੇ ਛੋਟੇ ਜਹੇ ਕਸਬੇ ਵਿਚ ਵੀ ਕੱਟੜ ਲੀਗੀਆਂ ਵਲੋਂ ਪ੍ਰਚਾਰੇ ਜਾਂਦੇ, ਇਨ੍ਹਾਂ ਇਤਰਾਜ਼ਾਂ ਦਾ ਜਵਾਬ ਦੇਣ ਲਈ ਉਚੇਚੇ ਤੌਰ ਤੇ ਲਾਹੌਰ ਤੋਂ ਲੀਗੀ ਲੀਡਰਾਂ ਦਾ ਇਕ ਜੱਥਾ ਆਇਆ ਜਿਸ ਨੇ ਲੀਗੀ ਵਰਕਰਾਂ ਦੀ ਗੁਪਤ ਮੀਟਿੰਗ ਵਿਚ ਕਿਹਾ ਕਿ ‘‘ਜਿਸ ਦਿਨ ਪਾਕਿਸਤਾਨ ਬਣ ਗਿਆ, ਉਸ ਦਿਨ ਪੰਜਾਬੀ ਹਿੰਦੂ ਤਾਂ ਇਥੇ ਇਕ ਵੀ ਨਹੀਂ ਰਹਿਣਾ ਕਿਉਂਕਿ ਉਸ ਦਾ ਇਕ ਪੈਰ, ਪਹਿਲਾਂ ਵੀ, ਉਸ ਦੇ ਵਪਾਰ ਸਦਕਾ, ਦਿੱਲੀ, ਬੰਬਈ ਤੇ ਕਾਨਪੁਰ ਵਿਚ ਟਿਕਿਆ ਹੋਇਆ ਹੈ। ਪਰ ਸਿੱਖਾਂ ਬਾਰੇ ਕੰਨ ਖੋਲ੍ਹ ਕੇ ਸੁਣ ਲਉ, ਇਨ੍ਹਾਂ ਕਰ ਕੇ ਹੀ ਸਾਰਾ ਹਿੰਦੁਸਾਤਨ ਇਸਲਾਮੀ ਦੇਸ਼ ਨਹੀਂ ਸੀ ਬਣ ਸਕਿਆ ਜਾਂ ਬਣਦਾ ਬਣਦਾ ਰਹਿ ਗਿਆ ਸੀ। ਜੇ ਸਿਖੜੇ ਪੈਦਾ ਨਾ ਹੁੰਦੇ ਤਾਂ ਦੁਨੀਆਂ ਦੀ ਕੋਈ ਤਾਕਤ ਹਿੰਦੁਸਤਾਨ ਨੂੰ ਇਸਲਾਮੀ ਦੇਸ਼ ਬਣਨ ਤੋਂ ਨਹੀਂ ਸੀ ਰੋਕ ਸਕਦੀ।
Kapoor Singh
ਹਰ ਸੱਚੇ ਮੁਸਲਮਾਨ ਦਾ ਫ਼ਰਜ਼ੇ ਅੱਵਲੀਨ (ਪਹਿਲਾ ਫ਼ਰਜ਼) ਬਣਦਾ ਹੈ ਕਿ ਉਹ ਸਿਖੜਿਆਂ ਤੋਂ ਇਸ ਗੁਨਾਹੇ ਅਜ਼ੀਮ ਦਾ ਬਦਲਾ ਲਵੇ। ‘ਪਾਕਿਸਤਾਨ ਵਿਚ ਖ਼ਾਲਿਸਤਾਨ’ ਉਨ੍ਹਾਂ ਨੂੰ ਮੁਸਲਿਮ ਇਲਾਕੇ ਵਿਚ ਇਕ ਥਾਂ ਇਕੱਠੇ ਕਰ ਕੇ, ਖ਼ਤਮ ਕਰ ਦੇਣ ਦੀ ਬੜੀ ਦੂਰ ਅੰਦੇਸ਼ੀ ਵਾਲੀ ਸੋਚ ਹੈ। ਪਾਕਿਸਤਾਨ ਵਿਚ ਘਿਰੇ ਹੋਏ ਸਿੱਖ ਸਾਲ ਦੋ ਸਾਲ ਵਿਚ ਕਬਾਈਲੀਆਂ, ਪਠਾਣਾਂ ਤੇ ਪਾਕਿਸਤਾਨੀ ਫ਼ੌਜਾਂ ਦੀਆਂ ਤੋਪਾਂ ਦਾ ਖਾਜਾ ਬਣਾ ਦਿਤੇ ਜਾਣਗੇ। ਬਾਹਰ ਨਿਕਲ ਜਾਣ ਦਾ ਰਸਤਾ ਸਾਰੇ ਪਾਸਿਉਂ ਪਹਿਲਾਂ ਹੀ ਬੰਦ ਕਰ ਦਿਤਾ ਜਾਏਗਾ। ਸਿੱਖਾਂ ਨੂੰ ਇਸ ਤਰ੍ਹਾਂ ਖ਼ਤਮ ਕਰਨਾ ਇਸਲਾਮ ਦੀ ਸੱਭ ਤੋਂ ਵੱਡੀ ਖ਼ਿਦਮਤ ਹੋਵੇਗੀ ਕਿਉਂਕਿ ਉਸ ਮਗਰੋਂ ਅਸੀ ਹੈਦਰੀ ਝੰਡਾ ਚੁਕ ਕੇ ਹਿੰਦੁਸਤਾਨ ਤੇ ਹੱਲਾ ਬੋਲ ਦੇਵਾਂਗੇ ਜਿਸ ਦਾ ਮੁਕਾਬਲਾ ਹਿੰਦੂ ਨਹੀਂ ਕਰ ਸਕਣਗੇ ਤੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਦੇਸ਼ ਬਣਾਉਣ ਦਾ ਸਾਡਾ ਜਿਹੜਾ ਸੁਪਨਾ ਸਿਖੜਿਆਂ ਨੇ ਪੂਰਾ ਨਹੀਂ ਸੀ ਹੋਣ ਦਿਤਾ, ਉਹ ਜਿਨਾਹ ਸਾਹਬ ਦੇ ਢੰਗ ਤਰੀਕੇ ਨਾਲ, ਸਿਖੜਿਆਂ ਨੂੰ ਮਾਰ ਮੁਕਾ ਕੇ ਹੁਣ ਪੂਰਾ ਕਰਾਂਗੇ।’’
ਇਹੋ ਜਹੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਾਪਣ ਤੇ ਤਾਂ ਪਾਬੰਦੀ ਲੱਗੀ ਹੋਈ ਸੀ ਪਰ ਹਰ ਹਿੰਦੂ ਸਿੱਖ ਮਹਿਫ਼ਲ ਵਿਚ ਤੇ ਘਰਾਂ ਵਿਚ ਇਸ ਦੀ ਚਰਚਾ ਹੁੰਦੀ ਰਹਿੰਦੀ ਸੀ। ਅਸੀ ਛੋਟੇ ਬੱਚੇ ਵੀ ਉਸ ਤੋਂ ਜਾਣੂ ਹੋ ਗਏ ਸੀ ਪਰ ਸ. ਕਪੂਰ ਸਿੰਘ ਨੂੰ ਜ਼ਮੀਨੀ ਸਚਾਈਆਂ ਦਾ ਕੁੱਝ ਵੀ ਪਤਾ ਨਹੀਂ ਸੀ ਤੇ ਉਹ ਸਾਰੀ ਪੁਸਤਕ ਵਿਚ ਜਿਨਾਹ ਸਾਹਬ ਤੇ ਡਾ. ਇਕਬਾਲ ਦੇ ਇਸ ਸ਼ਿਕਵੇ ਨੂੰ ਹੀ ਦੁਹਰਾਂਦੇ ਵੇਖੇ ਜਾਂਦੇ ਹਨ ਕਿ ਉਨ੍ਹਾਂ ਦੀ ਗੱਲ ਨਾ ਮੰਨ ਕੇ ਸਿੱਖ ਪਤਾ ਨਹੀਂ ਅਪਣੇ ਪੈਰਾਂ ਉਤੇ ਕੁਹਾੜੀ ਕਿਉਂ ਮਾਰ ਰਹੇ ਹਨ?
ਸ. ਕਪੂਰ ਸਿੰਘ ਵਰਗਾ ਕੋਈ ਬੰਦਾ ਇਕੱਲਾ ਦੁਕੱਲਾ ਹੋ ਕੇ ਵੀ ਸਾਰੀ ਕੌਮ ਦੇ ਮੁਕਾਬਲੇ, ਕੌਮ ਲਈ ਜ਼ਿਆਦਾ ਚੰਗਾ ਰਾਹ ਸੋਚ ਸਕਦਾ ਹੈ, ਬਸਰਤੇ ਕਿ ਰਾਹ ਦੱਸਣ ਵੇਲੇ ਉਸ ਦਾ ਅਪਣਾ ਕੋਈ ਨਿਜੀ ਸੁਆਰਥ ਉਸ ਦੇ ਸਾਹਮਣੇ ਨਾ ਹੋਵੇ। ਜਿਨਾਹ ਤੇ ਇਕਬਾਲ ਨੇ ਵਾਰ ਵਾਰ ਸ. ਕਪੂਰ ਸਿੰਘ ਨੂੰ ਯਕੀਨ ਦਿਵਾ ਦਿਤਾ ਸੀ ਕਿ ਜੇ ਉਹ ਸਿੱਖ ਲੀਡਰਾਂ ਨੂੰ ਮੁਸਲਿਮ ਲੀਗ ਦੀ ਗੱਲ ਮੰਨ ਲੈਣ ਲਈ ਤਿਆਰ ਕਰ ਸਕਿਆ ਤਾਂ ਪਾਕਿਸਤਾਨ ਵਿਚ ਬਣਨ ਵਾਲੀ ‘ਸਿੱਖ ਸਟੇਟ’ ਵਿਚ ਉਸ ਨੂੰ ਸੱਭ ਤੋਂ ਵੱਡਾ ਅਹੁਦਾ ਦਿਤਾ ਜਾਏਗਾ ਕਿਉਂਕਿ ਉਹ ਇਸ ਦਾ ਪੂਰਾ ਹੱਕਦਾਰ ਹੈ। ਸਿੱਖ ਲੀਡਰਾਂ ਨੂੰ ਮਨਾਉਣ ਵਿਚ ਨਾਕਾਮ ਰਹਿਣ ਨੇ ਸ. ਕਪੂਰ ਸਿੰਘ ਦਾ ਸਾਰਾ ਜੀਵਨ ਹੀ ਇਕ ਖਿਝੇ ਹੋਏ, ਉਸ ਮਨੁੱਖ ਵਰਗਾ ਬਣਾ ਦਿਤਾ ਜਿਸ ਕੋਲੋਂ ਉਸ ਦਾ ਸੱਭ ਕੁੱਝ ਖੋਹ ਲਿਆ ਗਿਆ ਹੋਵੇ।
ਉਹ ਖਿੱਝ ਉਨ੍ਹਾਂ ਦੇ ਘਰ ਪ੍ਰਵਾਰ ਉਤੇ ਓਨੇ ਹੀ ਭਿਅੰਕਰ ਰੂਪ ਵਿਚ ਅਸਰ ਅੰਦਾਜ਼ ਹੋ ਗਈ ਜਿੰਨੀ ਉਨ੍ਹਾਂ ਦੇ ਪਬਲਿਕ ਜੀਵਨ ਉਤੇ। ਚੰਡੀਗੜ੍ਹ ਵਿਚ ਉਨ੍ਹਾਂ ਦੀ ਅਪਣੀ ਕੋਠੀ ਸੀ ਜਿਸ ਵਿਚ ਉਹ ਇਕੱਲੇ ਹੀ ਰਹਿੰਦੇ ਸਨ ਤੇ ਇਕ ਹਿੰਦੂ ਜੋੜੇ ਨੂੰ ਕੋਲ ਰਖਿਆ ਹੋਇਆ ਸੀ ਜੋ ਉਨ੍ਹਾਂ ਦੀ ਰੋਟੀ ਪਾਣੀ ਨਾਲ ਸੇਵਾ ਕਰ ਦੇਂਦਾ ਸੀ।
ਲੀਡਰਾਂ ਵਿਚੋਂ ਹਰ ਕੋਈ ਉਨ੍ਹਾਂ ਦੇ ਨੇੜੇ ਜਾਣ ਤੋਂ ਬਚਣਾ ਚਾਹੁੰਦਾ ਸੀ। ਕੇਵਲ ਮਾਸਟਰ ਤਾਰਾ ਸਿੰਘ, ਪੁਰਾਣਾ ਵਿਦਿਆਰਥੀ ਜਾਣ ਕੇ ਸ. ਕਪੂਰ ਨੂੰ ਕੋਈ ਚੰਗੀ ਥਾਂ ਦੇਣਾ ਲੋਚਦੇ ਸਨ ਪਰ ਬਾਕੀ ਸਾਰੇ ਲੀਡਰ ਵਿਰੋਧ ਵਿਚ ਖੜੇ ਹੋ ਜਾਂਦੇ ਸਨ। ਮਾ. ਤਾਰਾ ਸਿੰਘ ਨੇ ਹੀ ਉਨ੍ਹਾਂ ਨੂੰ ਪਾਰਲੀਮੈਂਟ ਵਿਚ ਐਮ.ਪੀ. ਬਣਾ ਕੇ ਭੇਜਿਆ ਪਰ ਜਿਸ ਤਰ੍ਹਾਂ ਦੀ ਭਾਸ਼ਾ ਉਨ੍ਹਾਂ ਮਾ. ਤਾਰਾ ਸਿੰਘ ਬਾਰੇ ਅਪਣੀ ‘ਸਾਚੀ ਸਾਖੀ’ ਵਿਚ ਵਰਤੀ, ਉਸ ਨੂੰ ਪੜ੍ਹ ਕੇ ਕੋਈ ਵੀ ਇਹ ਕਹਿਣੋਂ ਨਹੀਂ ਰਹਿ ਸਕੇਗਾ ਕੇ ‘ਮਾਸਟਰ ਜੀ’ ਨੇ ਅਪਣੇ ਵਿਗੜੇ ਹੋਏ ‘ਵਿਦਿਆਰਥੀ ਜੀ’ ਨੂੰ ਲੋੜ ਤੋਂ ਵੱਧ ਪਿਆਰ ਤੇ ਦੁਲਾਰ ਦੇ ਕੇ ਬਾਪ ਜਾਂ ਵੱਡੇ ਭਰਾ ਵਾਂਗ ਉਸ ਦੀ ਹਰ ਆਪਹੁਦਰੀ ਨੂੰ ਸਹਾਰਿਆ ਹੀ ਨਾ ਸਗੋਂ ਫਿਰ ਵੀ ਮਦਦ ਕਰਨੀ ਜਾਰੀ ਰੱਖੀ ਤੇ ਕਪੂਰ ਸਿੰਘ ਨੇ ਕਦੇ ਵੀ ਅਪਣੀ ਡਿਊਟੀ ਠੀਕ ਤਰ੍ਹਾਂ ਨਾ ਨਿਭਾਈ। ਸਿਆਸੀ ਲੀਡਰਾਂ ਵਿਚੋਂ ਹਰ ਸਮੇਂ ਅਪਣੀ ਹਮਾਇਤ ਵਿਚ ਖੜੇ ਹੋ ਜਾਣ ਵਾਲੇ ਮਾ. ਤਾਰਾ ਸਿੰਘ ਵਿਰੁਧ ਸ. ਕਪੂਰ ਸਿੰਘ ਨੇ ‘ਸਾਚੀ ਸਾਖੀ’ ਵਿਚ ਜੋ ਇਲਜ਼ਾਮ ਲਗਾਏ, ਉਹ ਅਗਲੇ ਹਫ਼ਤੇ ਵੇਖਾਂਗੇ।
(ਚਲਦਾ)