
‘ਉੱਚਾ ਦਰ’ ਮੁਕੰਮਲ ਹੋ ਜਾਣ ਤੇ ਚਾਲੂ ਕਰਨ ਦੀ ਪ੍ਰਵਾਨਗੀ ਦੇਣ ਸਮੇਂ ਜਦ ਸਰਕਾਰ ਨੇ 3-4 ਕਰੋੜ ਦੇ ਹੋਰ ਕੰਮ ਕਰਨ ਦੀਆਂ ਸ਼ਰਤਾਂ ਲਾ ਦਿਤੀਆਂ
ਚਾਰੇ ਪਾਸਿਉਂ ਮਾੜੀਆਂ ਖ਼ਬਰਾਂ ਹੀ ਮਿਲ ਰਹੀਆਂ ਹਨ। ‘ਸ਼੍ਰੋਮਣੀ’ ਅਕਾਲੀ ਦਲ ਖ਼ਤਮ ਹੋ ਗਿਆ ਹੈ। ਇਕ ਪ੍ਰਵਾਰ ਉਸ ਦਾ ਨਾਂ ਲੈ ਕੇ ਅਪਣੀ ਹੋਂਦ ਬਚਾਉਣ ’ਤੇ ਲੱਗਾ ਹੋਇਆ ਹੈ ਪਰ ਸਿੱਖਾਂ ਵਿਚ ਇਸ ‘ਸ਼੍ਰੋਮਣੀ’ ਬਾਰੇ ਗੱਲ ਹੀ ਕੋਈ ਨਹੀਂ ਕਰਨਾ ਚਾਹੁੰਦਾ। ‘ਸ਼੍ਰੋਮਣੀ ਕਮੇਟੀ’ ਮਹੰਤਾਂ ਕੋਲੋਂ ਗੁਰਦਵਾਰੇ ਖੋਹ ਕੇ ਬਣਾਈ ਗਈ ਸੀ। ਇਹ ਵੀ ‘ਸ਼੍ਰੋਮਣੀ ਅਕਾਲੀ ਦਲ’ ਵਰਗੀ ਹਾਲਤ ਵਿਚ ਹੀ ਹੈ।
Shiromani Akali Dal
ਰੋਜ਼ ‘ਘੋਟਾਲਿਆਂ’ ਦੀਆਂ ਖ਼ਬਰਾਂ ਸੁਣ ਸੁਣ ਕੇ ਕੰਨ ਪੱਕ ਗਏ ਹਨ। ਕੋਈ ਧਰਮ ਦੀ ਗੱਲ ਨਹੀਂ, ਕੋਈ ਸਦਾਚਾਰ ਦੀ ਗੱਲ ਨਹੀਂ। ਖ਼ਾਲਸ ਰਾਜਸੀ ਅਖਾੜਾ ਬਣੀ ਹੋਈ ਹੈ ਸਿੱਖਾਂ ਦੀ ਇਹ ‘ਸ਼੍ਰੋਮਣੀ’ ਵੀ। ਦਿੱਲੀ ਵਾਲੀ ‘ਸ਼੍ਰੋਮਣੀ’ ਤਾਂ ਹੈ ਈ ਰਾਜਨੀਤੀ ਦਾ ਪੁਲ। ਉਥੇ ਦਾ ‘ਪ੍ਰਧਾਨ’ ਵੀ ਬੀਜੇਪੀ ਦਾ ਚੁਣਿਆ ਹੋਇਆ ਲੋਕ-ਪ੍ਰਤੀਨਿਧ ਹੈ। ਪੁਰਾਣੇ ਦਿਨਾਂ ਵਿਚ ਵੀ ਗੱਲ ਸੁਣਿਆ ਕਰਦੇ ਸੀ ਕਿ ਦਿੱਲੀ ਵਾਲੀ ‘ਸ਼੍ਰੋਮਣੀ’ ਦਾ ਪ੍ਰਧਾਨ ਵੀ ਉਹੀ ਬਣ ਸਕਦਾ ਸੀ ਜੋ ‘ਪ੍ਰਧਾਨ ਮੰਤਰੀ’ ਦਾ ਚੰਗਾ ਨਿਕਟ-ਵਰਤੀ ਹੁੰਦਾ ਸੀ।
SGPC
ਪਿਛਲੇ ਕੁੱਝ ਸਮੇਂ ਤੋਂ ਇਹ ਖ਼ਬਰ ਬੜੀ ਚਰਚਾ ਵਿਚ ਹੈ ਕਿ ਕਿਸੇ ਨੇ ਖੋਜ ਕੀਤੀ ਹੈ ਕਿ ਬਾਬੇ ਨਾਨਕ ਨੂੰ ‘ਕਤਲ’ ਕਰ ਕੇ ‘ਦੇਹ ਅਲੋਪ ਹੋ ਗਈ’ ਵਰਗੀਆਂ ‘ਸਾਖੀਆਂ’ ਪ੍ਰਚਲਤ ਕਰ ਦਿਤੀਆਂ ਗਈਆਂ ਸਨ। ਮੇਰੇ ਤੋਂ ਪੁਛਿਆ ਜਾਂਦਾ ਸੀ ਕਿ ਮੈਂ ਕਿਉਂ ਨਹੀਂ ਕੁੱਝ ਲਿਖਦਾ ...? ਕੀ ਲਿਖਾਂ? ‘ਸ਼੍ਰੋਮਣੀ’ ਲੋਕ ਤਾਂ ਅੰਮ੍ਰਿਤਸਰ ਦੇ ਆਸ ਪਾਸ ਦੇ ਇਲਾਕਿਆਂ ਵਿਚ ਬੈਠੇ ਹਨ। ਜੋ ਉਨ੍ਹਾਂ ਨੇ ਪ੍ਰਵਾਨ ਕੀਤਾ, ਉਹੀ ਬੋਲਣ ਜਾਂ ਲਿਖਣ ਦੀ ਇਜਾਜ਼ਤ ਹੋਵੇਗੀ ਤੇ ਉਹ ਤਾਂ ਚੁੱਪ ਵੱਟੀ ਬੈਠੇ ਹਨ। ਜੇ ਕੋਈ ਦੂਜਾ ਬੋਲ ਪਿਆ ਤਾਂ ਉਸ ਨੂੰ ‘ਛੇਕਣ’ ਲਈ ਉਨ੍ਹਾਂ ਨੇ ਵੱਡੇ ਤਨਖ਼ਾਹਦਾਰ ਰੱਖੇ ਹੋਏ ਹਨ।
SGPC
ਕੋਈ ਚਿੰਤਾ ਨਹੀਂ ਉਨ੍ਹਾਂ ਨੂੰ ਕਿ ਇਸ ਤੋਂ ਪਹਿਲਾਂ ਕਿ ਝੂਠ ਬੋਲਣ ਵਾਲੇ ਸਾਡਾ ਇਤਿਹਾਸ ਵਿਗਾੜ ਕੇ ਰੱਖ ਦੇਣ, ਅਪਣੇ ਸੱਚ ਝੂਠ ਦਾ ਨਿਬੇੜਾ ਕਰਨ ਦਾ ਕੰਮ ਅਪਣੀ ‘ਸ਼੍ਰੋਮਣੀ’ ਦੇ ਹੱਥਾਂ ਵਿਚ ਹੀ ਦੇ ਦਈਏ। ਸੋਸ਼ਲ ਮੀਡੀਆ ਤੇ ਹਰ ਚੌਥੇ ਦਿਨ ਸਿੱਖ ਗੁਰੂਆਂ ਉਤੇ ਭੱਦੇ ਹਮਲੇ ਕੀਤੇ ਜਾਂਦੇ ਹਨ। ‘ਸ਼੍ਰੋਮਣੀ’ ਵਾਲੇ ਚੁੱਪ ਬੈਠੇ ਰਹਿੰਦੇ ਹਨ। ਉਹ ਤਾਂ ਗੁਰਬਿਲਾਸ ਪਾਤਸ਼ਾਹੀ-6 ਆਪ ਛਾਪ ਕੇ, ਇਤਿਹਾਸ ਨੂੰ ਮਿਥਿਹਾਸ ਵਿਚ ਬਦਲਣ ਤੇ ਗੁਰੂ-ਇਤਿਹਾਸ ਨੂੰ ਵਿਗਾੜ ਕੇ ਰੱਖ ਦੇਣ ਦੇ ਯਤਨਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਮਹਾਂਪੁਰਸ਼ ਹਨ। ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੇ ਇਨ੍ਹਾਂ ਯਤਨਾਂ ਵਿਰੁਧ ਜ਼ੋਰਦਾਰ ਆਵਾਜ਼ ਉਠਾਈ ਸੀ ਪਰ ਬਣਿਆ ਕੁੱਝ ਵੀ ਨਾ ਕਿਉਂਕਿ... ... ..।
Sikh
ਸਿੱਖਾਂ ਉਤੇ ਕਿਸੇ ਪਾਸਿਉਂ ਵੀ ਹਮਲਾ ਹੋ ਜਾਏ, ਜਵਾਬ ਦੇਣ ਵਾਲਾ ਵੀ ਕੋਈ ਨਹੀਂ ਰਹਿ ਗਿਆ। ਗੋਲਕਾਂ ਸੰਭਾਲਣ ਤੇ ਪ੍ਰਧਾਨ ਜੀ, ਜਥੇਦਾਰ ਜੀ ਤੇ ਸਿੰਘ ਸਾਹਬ ਜੀ ਅਖਵਾਉਣ ਵਾਲੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਥਾਂ ਥਾਂ ਅਵਤਾਰ ਧਾਰੀ ਬੈਠੇ ਹਨ ਪਰ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਸ਼ੁਧਤਾ ਤੇ ਪਾਕੀਜ਼ਗੀ ਦਾ ਖ਼ਿਆਲ ਕਿਸੇ ਨੂੰ ਵੀ ਨਹੀਂ ਫੁਰਦਾ। ਜੇ ਪੁੱਛੋ ਤਾਂ ਕਹਿ ਦੇਣਗੇ, ‘‘ਮੇਰੇ ਧਿਆਨ ਵਿਚ ਤਾਂ ਇਹ ਗੱਲ ਅਜੇ ਆਈ ਹੀ ਨਹੀਂ...।’’
SIKH
ਚਲੋ ਉਨ੍ਹਾਂ ਭਾਣੇ ਤਾਂ ਗੱਲ ਹੀ ਮੁੱਕ ਗਈ। ਇਹ ਲੋਕ ਛੇਕਣ ਅਤੇ ਬਿਆਨ ਜਾਰੀ ਕਰਨ ਤੋਂ ਵੱਧ ਕੁੱਝ ਨਹੀਂ ਕਰ ਸਕਦੇ। ਇਸੇ ਲਈ ਸ਼੍ਰੋਮਣੀ ਕਮੇਟੀ ਨੇ ਆਪ ਇਕ ਨਹੀਂ, ਕਈ ਗੁਰੂ-ਨਿੰਦਕ ਪੁਸਤਕਾਂ ਛਾਪੀਆਂ ਹਨ ਤੇ ਗੁਰਦਵਾਰਿਆਂ ਵਿਚ ਉਸ ‘ਗ੍ਰੰਥ’ ’ਚੋਂ ਕਥਾ ਕਰਵਾਈ ਜਾਂਦੀ ਹੈ ਜੋ ਗੁਰੂਆਂ ਦਾ ਬੜਾ ਮਾੜਾ ਪ੍ਰਭਾਵ ਪਿੱਛੇ ਛਡਦਾ ਹੈ, ਟਰੰਪ ਤੋਂ ਲੈ ਕੇ ਨਿਰੰਕਾਰੀਆਂ, ਰਾਧਾ ਸਵਾਮੀਆਂ ਤੇ ਮੈਕਲਾਊਡ ਤਕ ਦੀਆਂ ਜਿੰਨੀਆਂ ਵੀ ਸਿੱਖ ਸਿਧਾਂਤਾਂ ਦੀ ਆਲੋਚਨਾ ਕਰਨ ਵਾਲੀਆਂ ਪੁਸਤਕਾਂ ਬਾਜ਼ਾਰ ਵਿਚ ਉਪਲੱਭਦ ਹਨ, ਉਨ੍ਹਾਂ ਦਾ ਜਵਾਬ ਦੇਣ ਲਈ ਧੂੰਆਂਧਾਰ ਬਿਆਨਬਾਜ਼ੀ ਤੋਂ ਅੱਗੇ ਲੰਘ ਕੇ ਇਕ ਵੀ ਖੋਜ-ਪੁਸਤਕ ਇਨ੍ਹਾਂ ਅਰਬਾਂਪਤੀ ‘ਸ਼੍ਰੋਮਣੀਆਂ’ ਨੇ ਛਪਵਾਈ ਹੋਵੇ ਤਾਂ ਦੱਸੋ।
ਅਜਿਹੇ ਵਿਚ ਮੈਂ ਸੋਚਦਾ ਸੀ, ਸਪੋਕਸਮੈਨ ਦੇ ਪਾਠਕਾਂ ਵਲੋਂ ਇਕ ਚੰਗੀ ਖ਼ਬਰ ਤਾਂ ਆ ਹੀ ਜਾਏਗੀ। 100-ਕਰੋੜੀ ‘ਉੱਚਾ ਦਰ ਬਾਬੇ ਨਾਨਕ ਦਾ’ ਚਾਲੂ ਹੋਣ ਲਈ ਤਿਆਰ ਹੋ ਚੁੱਕਾ ਹੈ। ਜਿਵੇਂ ਮੈਂ ਪਿਛਲੀ ਵਾਰ ਵੀ ਦਸਿਆ ਸੀ, ਭਾਵੇਂ ਸ਼ੁਰੂ ਵਿਚ ਦੋ-ਦੋ ਬਾਹਵਾਂ ਖੜੀਆਂ ਕਰ ਕੇ ਸਪੋਕਸਮੈਨ ਦੇ ਪਾਠਕਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਸਾਰੀ ਦਾ ਸਾਰਾ ਖ਼ਰਚਾ ਉਹ ਆਪ ਦੇਣਗੇ ਤੇ ਸਪੋਕਸਮੈਨ ਨੂੰ ਇਕ ਪੈਸਾ ਨਹੀਂ ਖ਼ਰਚਣ ਦੇਣਗੇ ਪਰ ਜਦ ਕੰਮ ਸ਼ੁਰੂ ਹੋ ਗਿਆ ਤਾਂ 80 ਫ਼ੀ ਸਦੀ ਭਾਰ ਰੋਜ਼ਾਨਾ ਸਪੋਕਸਮੈਨ ਤੇ ਇਸ ਦੇ ਸੇਵਕਾਂ ਉਤੇ ਹੀ ਪਾ ਦਿਤਾ ਗਿਆ ਤੇ ਅਖ਼ੀਰ ਤਕ, ਕੇਵਲ 20 ਫ਼ੀ ਸਦੀ ਭਾਰ ਹੀ ਪਾਠਕਾਂ ਨੇ ਚੁਕਿਆ।
Spokesman's readers
ਚਲੋ, ਜਿਵੇਂ ਵੀ ਹੋਇਆ, ਉੱਚਾ ਦਰ ਬਣ ਕੇ ਤਿਆਰ ਹੋ ਤਾਂ ਗਿਆ ਹੈ ਤੇ ਇਹ ਸੰਸਾਰ ਭਰ ਦੇ ਅਖ਼ਬਾਰਾਂ ਦੇ ਇਤਿਹਾਸ ਦੀ ਇਕ ਨਿਵੇਕਲੀ ਪ੍ਰਾਪਤੀ ਕਰ ਕੇ ਜਾਣੀ ਜਾਏਗੀ ਕਿ ਅਖ਼ਬਾਰ ਜਾਂ ਉਸ ਦੇ ਸੇਵਕਾਂ ਨੇ ਅਪਣਾ ਤਾਂ ਕੁੱਝ ਨਾ ਬਣਾਇਆ ਪਰ ਪੰਜਾਬ ਦੇ ਅਮੀਰ ਵਿਰਸੇ ਦੀ ਤਰਜਮਾਨੀ ਕਰਨ ਵਾਲੀ ਕੌਮੀ ਜਾਇਦਾਦ ਕਰੋੜਾਂ ਦੀ ਬਣਾ ਦਿਤੀ, ਭਾਵੇਂ ਸਾਂਝੇ ਯਤਨਾਂ ਨਾਲ ਦੋ ਸਾਲ ਵਿਚ ਪੂਰਾ ਹੋਣ ਵਾਲਾ ਕੰਮ ਇਸ ਤਰ੍ਹਾਂ 8 ਸਾਲ ਤਕ ਲਟਕਦਾ ਰਿਹਾ। ਜੇ ਪਾਠਕ ਅਪਣਾ ਵਾਅਦਾ ਪੁਗਾ ਦੇਂਦੇ ਤੇ 10 ਹਜ਼ਾਰ ਮੈਂਬਰ ਹੀ ਬਣਾ ਦਿੰਦੇ ਤਾਂ ‘ਉੱਚਾ ਦਰ’ 6 ਸਾਲ ਪਹਿਲਾਂ ਚਾਲੂ ਹੋ ਗਿਆ ਹੋਣਾ ਸੀ।
Ucha Dar Babe Nanak Da
‘ਉੱਚਾ ਦਰ’ ਮੁਕੰਮਲ ਹੋ ਜਾਣ ਤੇ ਚਾਲੂ ਕਰਨ ਦੀ ਪ੍ਰਵਾਨਗੀ ਦੇਣ ਸਮੇਂ ਜਦ ਸਰਕਾਰ ਨੇ 3-4 ਕਰੋੜ ਦੇ ਹੋਰ ਕੰਮ ਕਰਨ ਦੀਆਂ ਸ਼ਰਤਾਂ ਲਾ ਦਿਤੀਆਂ ਤਾਂ ਮੈਂ ਸੋਚਿਆ, ਸੱਭ ਕੁੱਝ ਤਿਆਰ ਬਰ ਤਿਆਰ ਬਣਿਆ ਵੇਖ ਕੇ ਤਾਂ ਪਾਠਕ, ਅਪਣੀ ਪਿਛਲੀ ਬੇਰੁਖੀ ਤੇ ਲਾਪ੍ਰਵਾਹੀ ਨੂੰ ਹੁਣ 3-4 ਕਰੋੜ ਦਾ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਵਾਲਾ ਸਾਰਾ ਕੰਮ, ਅਪਣੇ ਜ਼ਿੰਮੇ ਲੈ ਕੇ ਮੇਰੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦੇਣਗੇ ਕਿਉਂਕਿ ਜੇ ਸਾਰੇ ਮੈਂਬਰ ਤੇ ਸਾਰੇ ਚੰਗੇ ਪਾਠਕ, ਵੰਡ ਕੇ ਇਹ ਭਾਰ ਚੁੱਕ ਲੈਣ ਤਾਂ ਹਰ ਇਕ ਦੇ ਹਿੱਸੇ ਬੜਾ ਮਾਮੂਲੀ ਜਿਹਾ ਭਾਰ ਹੀ ਆਵੇਗਾ ਤੇ ‘ਉੱਚਾ ਦਰ’ ਤੁਰਤ ਚਾਲੂ ਹੋ ਜਾਵੇਗਾ।
Ucha Dar Babe Nanak Da
ਪਰ ਜਿਵੇਂ ਹਰ ਵਾਰ ਹੁੰਦਾ ਆਇਆ ਹੈ, 5-7 ਪਾਠਕਾਂ ਤੋਂ ਬਾਅਦ ਮਾਮਲਾ ਠੱਪ ਅਰਥਾਤ ਉਹੀ ‘ਸ਼੍ਰੋਮਣੀਆਂ’ ਵਾਲੀ ਚੁੱਪੀ ਤੇ ਕੁੱਝ ਨਾ ਕਰਨ ਦੀ ਨੀਤੀ! ਉੱਚਾ ਦਰ ਚਾਲੂ ਹੋ ਜਾਣ ਤੇ, ਹਜ਼ਾਰ ਡੇਢ ਹਜ਼ਾਰ ਨੌਜੁਆਨਾਂ ਨੂੰ ਤੁਰਤ ਰੁਜ਼ਗਾਰ ਮਿਲ ਜਾਏਗਾ, ਗ਼ਰੀਬਾਂ ਨੂੰ ਸਹਾਇਤਾ ਤੇ ਸਾਰੀ ਦੁਨੀਆਂ ਵਿਚ ਸਿੱਖਾਂ ਦੇ ਬੋਲਬਾਲੇ ਦੀ ਗੱਲ ਸ਼ੁਰੂ ਹੋ ਸਕਦੀ ਹੈ ਤੇ ਸਾਡਾ ਇਤਿਹਾਸ ਖੋਜ ਵਿਭਾਗ, ਕਿਸੇ ਵੀ ਗ਼ਲਤ ਗੱਲ ਦੀ, ਖੋਜ ਦੇ ਸਹਾਰੇ, ਤੁਰਤ ਪਿਠ ਲਵਾ ਕੇ ਹੀ ਸਾਹ ਲਵੇਗਾ। ਬੜੇ ਫ਼ਾਇਦੇ ਹੋਣਗੇ ਜੋ ਅੱਜ ਗਿਣੇ ਜਾਂ ਸੋਚੇ ਵੀ ਨਹੀਂ ਜਾ ਸਕਦੇ ਪਰ ‘ਸ਼੍ਰੋਮਣੀਆਂ’ ਨੂੰ ਤਾਂ ਅਸੀ ਸਮਝਾ ਨਹੀਂ ਸਕੇ, ਪਾਠਕਾਂ ਨੂੰ ਵੀ ਕਿਵੇਂ ਸਮਝਾਈਏ ਕਿ ਉੱਚਾ ਦਰ ਦੇ ਆਖ਼ਰੀ ਹੱਲੇ ਵਿਚ ਹਰ ਪਾਠਕ ਲਈ ਸਾਥ ਦੇਣਾ ਜ਼ਰੂਰੀ ਬਣਦਾ ਹੈ? ਇਹ ਗੱਲ ਕਿਸੇ ਦੇ ਸਮਝਉਣ ਵਾਲੀ ਨਹੀਂ, ਅਪਣੇ ਆਪ ਸਮਝਣ ਵਾਲੀ ਹੈ।
-ਜੋਗਿੰਦਰ ਸਿੰਘ