Auto Refresh
Advertisement

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਾਬੇ ਨਾਨਕ ਦਾ ਮਾਨਵਤਾ ਲਈ ਸਾਂਝਾ ‘ਧਰਮ’ ਫੈਲਿਆ ਕਿਉਂ ਨਹੀਂ?

Published Jan 16, 2022, 11:05 am IST | Updated Jan 16, 2022, 11:05 am IST

ਕਿਉਂਕਿ ਨਾਨਕ ਦੇ ਅਖੌਤੀ ਸਿੱਖ ਇਸ ਨੂੰ ਫੈਲਾਣਾ ਚਾਹੁੰਦੇ ਹੀ ਨਹੀਂ!!

 Baba Nanak's common 'religion' for humanity
Baba Nanak's common 'religion' for humanity

 

ਕਾਲਜ ਦੇ ਦਿਨਾਂ ਵਿਚ ਹੀ ਧਰਮਾਂ ਬਾਰੇ ਵੱਧ ਤੋਂ ਵੱਧ ਪੜ੍ਹਨ ਦੀ ਰੀਝ ਮੇਰੇ ਅੰਦਰ ਜਾਗ ਪਈ ਸੀ। ਮੈਂ ਬਾਈਬਲ ਤੇ ਕੁਰਾਨ ਬਾਰੇ ਪੁਸਤਕਾਂ ਪਹਿਲੀ ਵਾਰੀ ਉਦੋਂ ਹੀ ਪੜ੍ਹੀਆਂ ਸਨ ਤੇ ਦੁਨੀਆਂ ਦੇ ਸਾਰੇ ‘ਮਹਾਨ ਵਿਅਕਤੀਆਂ’ ਬਾਰੇ ਵੀ ਵੱਧ ਤੋਂ ਵੱਧ ਜਾਣਕਾਰੀ ਉਸ ਸਮੇਂ ਦੌਰਾਨ ਹੀ ਇਕੱਤਰ ਕੀਤੀ ਸੀ। ਮੇਰੀ ਲਾਇਬਰੇਰੀ ਵੇਖੋ ਤਾਂ ਬਹੁਤੀਆਂ ਕੀਮਤੀ ਕਿਤਾਬਾਂ ਕਾਲਜ ਵਿਚ ਪੜ੍ਹਨ ਵੇਲੇ ਦੀਆਂ ਹੀ ਮੇਰੇ ਕੋਲ ਪਈਆਂ ਹਨ ਜੋ ਹੁਣ ਤਕ ਮੇਰਾ ਸੱਭ ਤੋਂ ਵੱਡਾ ‘ਖ਼ਜ਼ਾਨਾ’ ਹਨ। ਹੁਣ ਮੈਂ ਇਹ ਲਾਇਬਰੇਰੀ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਦੇ ਦਿਤੀ ਹੈ।

ਜਵਾਨੀ ਵਿਚ ਹੀ ਜਦ ਮੈਂ ਇਹ ਸਾਰਾ ਕੁੱਝ ਪੜਿ੍ਹਆ ਤਾਂ ਮੈਨੂੰ ਲੱਗਾ ਕਿ ਬਾਬੇ ਨਾਨਕ ਦਾ ਧਰਮ ਤਾਂ ਅੱਜ ਦੇ ਜ਼ਮਾਨੇ ਲਈ ਸੱਭ ਤੋਂ ਕਾਰਗਰ ‘ਟਾਨਿਕ’ (ਤਾਕਤ ਬਣਾਉਣ ਵਾਲਾ ਅਰਕ) ਹੈ ਜੋ ਕੇਵਲ ਪੰਜਾਬ ਦੇ ਲੋਕਾਂ ਨੂੰ ਹੀ ਸਿਹਤਮੰਦ ਨਹੀਂ ਬਣਾਉਂਦਾ ਬਲਕਿ ਸਾਰੀ ਦੁਨੀਆਂ ਨੂੰ ਸਿਹਤਮੰਦ ਬਣਾਉਣ ਲਈ ਹੀ ਤਿਆਰ ਕੀਤਾ ਗਿਆ ‘ਟਾਨਿਕ’ ਸੀ। ਇਸੇ ਲਈ ਬਾਬਾ ਨਾਨਕ, ਦੁਨੀਆਂ ਦੇ ਪਹਿਲੇ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਅਪਣਾ ਧਰਮੀ ਟਾਨਿਕ ਅਪਣੇ ਸ਼ਾਗਿਰਦਾਂ, ਚੇਲਿਆਂ ਜਾਂ ਪੈਰੋਕਾਰਾਂ ਨੂੰ ਹੀ ਨਾ ਵੰਡਿਆ (ਜਿਵੇਂ ਬਾਕੀ ਦੇ ਪੁਰਾਣੇ ਧਰਮਾਂ ਦੇ ਮੋਢੀ ਕਰਿਆ ਕਰਦੇ ਸਨ) ਸਗੋਂ ਇਕ ਪੰਜ-ਵਕਤ ਦੇ ਨਮਾਜ਼ੀ ਮਰਦਾਨੇ ਰਬਾਬੀ ਨੂੰ ਨਾਲ ਲੈ ਕੇ ਹਰ ਧਰਮ ਦੇ ਪੈਰੋਕਾਰਾਂ ਕੋਲ ਗਏ ਤੇ ਉਨ੍ਹਾਂ ਨੂੰ ਅਪਣਾ ‘ਟਾਨਿਕ’ ਬਿਨਾਂ ਇਹ ਸ਼ਰਤ ਲਾਇਆਂ ਵੰਡਿਆ ਕਿ ‘‘ਜਿਹੜਾ ਮੇਰਾ ਪੈਰੋਕਾਰ ਬਣੇਗਾ, ਉਹੀ ਇਸ ਦਾ ਲਾਭ ਲੈ ਸਕੇਗਾ।’’

Kartarpur SahibKartarpur Sahib

ਬਾਬੇ ਨਾਨਕ ਨੇ ਸਗੋਂ ਕਿਹਾ ਕਿ ‘ਤੁਸੀ ਮੇਰੇ ਪੈਰੋਕਾਰ ਨਹੀਂ ਬਣਨਾ, ਕੇਵਲ ਰੱਬ ਦੇ ਸੱਚੇ ਪੈਰੋਕਾਰ ਬਣਨਾ ਹੈ ਤੇ ਮੇਰੀ ਕਿਸੇ ਵਖਰੀ ਮਰਿਆਦਾ ਨੂੰ ਨਹੀਂ ਮੰਨਣਾ, ਕੁਦਰਤ ਵਲੋਂ ਨਿਸਚਿਤ ਕੀਤੀ ਮਰਿਆਦਾ ਨੂੰ ਹੀ ਮੰਨਣਾ ਹੈ। ਕਰਮ-ਕਾਂਡ, ਅੰਧ-ਵਿਸ਼ਵਾਸ ਤੇ ਕਥਾ-ਕਹਾਣੀਆਂ ’ਚੋਂ ਰੱਬ ਨਹੀਂ ਲਭਣਾ, ਅਪਣੇ ਅੰਦਰੋਂ ਲਭਣਾ ਹੈ। ਅਪਣੇ ਅੰਦਰੋਂ ਰੱਬ ਤੁਹਾਨੂੰ ਉਦੋਂ ਹੀ ਲੱਭੇਗਾ ਜਦ ਤੁਸੀ ਪੁਜਾਰੀਆਂ, ਪਖੰਡੀ ਸਾਧਾਂ, ਜੋਤਸ਼ੀਆਂ ਅਤੇ ‘ਚਮਤਕਾਰ’ ਵਿਖਾਉਣ ਦਾ ਦਾਅਵਾ ਕਰਨ ਵਾਲਿਆਂ ਤੋਂ ਪਿੱਛਾ ਛੁਡਾ ਕੇ ਤੇ ਕੇਵਲ ‘ਸ਼ੁਭ ਅਮਲਾਂ’ ਵਾਲਾ ਜੀਵਨ ਗੁਜ਼ਾਰ ਕੇ ‘ਘਾਲ ਖਾਏ ਕਿਛੁ ਹਥਹੁ ਦੇਇ’ ਵਾਲਾ ਰਾਹ ਫੜੋਗੇ ਤੇ ਰੱਬ ਨਾਲ ਸੌਂਦਿਆਂ, ਜਾਗਦਿਆਂ, ਕੰਮ ਕਰਦਿਆਂ, ਪਿਆਰ ਵਾਲਾ ਰਿਸ਼ਤਾ ਕਾਇਮ ਕਰੋਗੇ।’

ਸਾਰੀ ਦੁਨੀਆਂ ਦੇ ਲੋਕਾਂ ਲਈ (ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋਣ) ਬੜੇ ਥੋੜੇ ਸ਼ਬਦਾਂ ਵਿਚ ਬਾਬੇ ਨਾਨਕ ਨੇ ਕਮਾਲ ਦਾ ‘ਟਾਨਿਕ’ ਦੇ ਦਿਤਾ ਸੀ ਜਿਸ ਦਾ ਕੇਵਲ ਇਕ ਘੁਟ ਰੋਜ਼ ਲੈਣ ਮਗਰੋਂ ਮਨ ਅਤੇ ਸ੍ਰੀਰ ਦੀ ਕੋਈ ਬੀਮਾਰੀ ਰਹਿੰਦੀ ਹੀ ਨਹੀਂ ਤੇ ਸਾਰੀ ਭਟਕਣਾ ਵੀ ਖ਼ਤਮ ਹੋ ਕੇ ਰਹਿ ਜਾਂਦੀ ਹੈ। ਨਾ ਤੁਹਾਨੂੰ ਕਿਸੇ ਨੂੰ ਪੂਜਣ ਦੀ ਲੋੜ ਹੈ, ਨਾ ਭਰਮਾਂ ਵਹਿਮਾਂ ਵਿਚ ਪੈਣ ਦੀ ਲੋੜ, ਨਾ ਹੀ ਕਿਸੇ ਅੱਗੇ ਮੱਥੇ ਰਗੜਨ ਦੀ ਲੋੜ ਹੈ (ਬਾਬੇ ਨਾਨਕ ਅੱਗੇ ਵੀ ਨਹੀਂ), ਬਸ ‘ਸ਼ੁਭ ਅਮਲਾਂ’ ਨਾਲ ਬਾਬੇ ਨਾਨਕ ਦਾ ਟਾਨਿਕ ਪੀਂਦੇ ਰਹੋ ਤੇ ‘ਪਰਮ ਆਨੰਦ’ ਵਾਲਾ ਜੀਵਨ ਜੀਅ ਕੇ ਜੀਵਨ ਸਫ਼ਲ ਕਰੋ।

file photofile photo

ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀ ਕਿਸ ਦੇਸ਼ ਵਿਚ ਰਹਿੰਦੇ ਹੋ, ਕਿਹੜੇ ਧਰਮ ਨੂੰ ਮੰਨਦੇ ਹੋ ਤੇ ਕਿਹੜੀ ਨਸਲ ਵਿਚੋਂ ਹੋ, ਤੁਸੀ ਬਾਬੇ ਨਾਨਕ ਦਾ ‘ਟਾਨਿਕ’ ਪੀ ਕੇ ਤੇ ਸਿਰਫ਼ ਇਕ ਰੱਬ ਉਤੇ ਵਿਸ਼ਵਾਸ ਰੱਖ ਕੇ ਭਵਜਲ ਪਾਰ ਕਰ ਸਕਦੇ ਹੋ। ਕਿੰਨਾ ਕਮਾਲ ਦਾ ਹੈ ਬਾਬਾ ਨਾਨਕ ਤੇ ਉਸ ਦਾ ਟਾਨਿਕ। ਮੇਰੀ ਨਜ਼ਰ ਵਿਚ ਜਿਸ ਨੇ ਬਾਬੇ ਨਾਨਕ ਨੂੰ ਪੜ੍ਹ ਕੇ ਸਮਝ ਲਿਆ, ਉਸ ਨੂੰ ਹੋਰ ਕੁੱਝ ਜਾਣਨ ਦੀ ਲੋੜ ਹੀ ਨਹੀਂ ਰਹਿ ਜਾਂਦੀ, ਉਂਜ ਸੌਕੀਆ, ਉਹ ਸੱਭ ਕੁੱਝ ਪੜ੍ਹੇ ਪਰ ਸਫ਼ਲਤਾ ਪੂਰਵਕ ਭਵਜਲ ਪਾਰ ਕਰਨ ਲਈ ਬਾਬੇ ਨਾਨਕ ਦੀ ਬਾਣੀ ਹੀ ਕਾਫ਼ੀ ਹੈ ਤੇ ਦੁਨੀਆਂ ਦੇ ਹਰ ਪ੍ਰਾਣੀ ਲਈ ਕਾਫ਼ੀ ਹੈ। ਇਹ ਕਹਿਣ ਦੀ ਲੋੜ ਹੀ ਮੁਕ ਜਾਏਗੀ ਕਿ ਮੈਂ ਕਿਹੜੇ ਧਰਮ ਨੂੰ ਮੰਨਦਾ ਹਾਂ ਤੇ ਕਿਹੜੇ ਨੂੰ ਨਹੀਂ।

ਪਰ ਉਦੋਂ ਹੀ ਮੇਰੇ ਦਿਲ ਵਿਚ ਇਕ ਖ਼ਿਆਲ ਵੀ ਉਠਦਾ ਸੀ ਕਿ ਸਾਰੀ ਮਨੁੱਖਤਾ ਦੇ ਭਲੇ ਵਾਲਾ ਏਨਾ ਸ਼ਾਨਦਾਰ ਫ਼ਲਸਫ਼ਾ ਜਿਸ ਬਾਬੇ ਨਾਨਕ ਨੇ ਦਿਤਾ, ਉਸ ਦੀ ਗੱਲ ਦੁਨੀਆਂ ਤਕ ਤਾਂ ਕੀ ਜਾਣੀ ਸੀ, 1947 ਤੋਂ ਪਹਿਲਾਂ ਵਾਲੇ ਪੰਜਾਬ ਵਿਚ ਵੀ ਬਹੁਤ ਥੋੜੇ ਲੋਕਾਂ ਨੇ ਸੁਣੀ।  ‘ਸਿੱਖ’ ਅਖਵਾਉਣ ਵਾਲਿਆਂ ਦੀ ਗਿਣਤੀ ਕੇਵਲ 13 ਫ਼ੀ ਸਦੀ ਸੀ ਜਦਕਿ ਬਾਹਰੋਂ ਆਏ ਇਸਲਾਮ ਦੇ ਪੈਰੋਕਾਰਾਂ ਦੀ ਤਾਂ ਇਸ ਸਾਂਝੇ ਪੰਜਾਬ ਵਿਚ ਉਦੋਂ ਵੀ ਬਹੁਗਿਣਤੀ ਸੀ। ਪੰਜਾਬ ਤੋਂ ਬਾਹਰ ਤਾਂ ‘ਸਿੱਖ’ ਕੋਈ ਬਣਿਆ ਹੀ ਨਹੀਂ ਤੇ ਉਥੇ ਜਿਹੜੇ ਸਿੱਖ ਮਿਲਦੇ ਵੀ ਹਨ, ਉਹ ਵੀ ਮੂਲ ਤੌਰ ਤੇ ‘ਪੰਜਾਬੀ ਸਿੱਖ’ ਹੀ ਹਨ ਜੋ ਬਾਹਰ ਜਾ ਕੇ ਵੱਸ ਗਏ।

SikhsSikhs

ਕੀ ਬਾਬੇ ਨਾਨਕ ਦੇ ਫ਼ਲਸਫ਼ੇ ਵਿਚ ਕੋਈ ਕਮੀ ਸੀ ਜਾਂ ਕੋਈ ਹੋਰ ਕਾਰਨ ਬਣਿਆ ਜਿਸ ਸਦਕਾ ਬਾਬੇ ਨਾਨਕ ਦੀ ਸਿੱਖੀ ਨਾ ਪੰਜਾਬ ਵਿਚ ਹੀ ਪਹਿਲੇ ਨੰਬਰ ’ਤੇ ਆ ਸਕੀ ਤੇ ਨਾ ਪੰਜਾਬ ਤੋਂ ਬਾਹਰ ਹੀ ਪੈਰ ਜਮਾ ਸਕੀ ਜਦਕਿ ਇਸਲਾਮ ਵਾਲੇ, ਭਾਰਤ ਦੇ ਹਰ ਕੋਨੇ ਵਿਚ ਸਥਾਨਕ ਵਸੋਂ ਨੂੰ ‘ਮੁਸਲਮਾਨ’ ਬਣਾ ਗਏ ਤੇ ਦੁਨੀਆਂ ਵਿਚ ਵੀ ਪੈਰ ਪਸਾਰ ਗਏ। ਬਾਬੇ ਨਾਨਕ ਦੇ ਫਲਸਫ਼ੇ ਵਿਚ ਕੀ ਕਮੀ ਸੀ?... ਕਿਉਂ ਨਹੀਂ ਇਹ ਸੰਸਾਰ ਭਰ ਦੀ ਸਥਾਨਕ ਵਸੋਂ ਵਿਚ ਜੜ੍ਹ ਫੜ ਸਕਿਆ?... ਜਵਾਨ ਉਮਰੇ ਹੀ ਇਹ ਸਵਾਲ ਮੈਨੂੰ ਕਾਫ਼ੀ ਪ੍ਰੇਸ਼ਾਨ ਕਰਦਾ ਰਿਹਾ।

ਫਿਰ ਪੜ੍ਹਦਿਆਂ ਪੜ੍ਹਦਿਆਂ ਤੇ ਅਪਣੇ ਆਲੇ ਦੁਆਲੇ ਨੂੰ ਘੋਖਦਿਆਂ, ਮੈਨੂੰ ਮੇਰੇ ਸਵਾਲਾਂ ਦੇ ਜਵਾਬ ਵੀ ਮਿਲਣੇ ਸ਼ੁਰੂ ਹੋ ਗਏ। ਸੱਭ ਤੋਂ ਵੱਡਾ ਜਵਾਬ ਇਹੀ ਸੀ ਕਿ ਅਖੌਤੀ ਸਿੱਖ ਆਪ ਹੀ ਨਹੀਂ ਚਾਹੁੰਦੇ ਕਿ ਦੁਨੀਆਂ ਦੇ ਲੋਕ ਸਿੱਖੀ ਨੂੰ ਸਮਝ ਲੈਣ ਤੇ ਅਪਨਾ ਲੈਣ। ਜਿਵੇਂ ਇਕ ਸਿੱਖ ਇਕ ਵਾਰ ਗੁਰਦਵਾਰੇ ਦਾ ਪ੍ਰਧਾਨ ਬਣ ਕੇ, ਚਾਹੁਣ ਇਹ ਲਗਦਾ ਹੈ ਕਿ ਉਮਰ ਭਰ ਲਈ ਉਸ ਦੀ ‘ਪ੍ਰਧਾਨਗੀ’ ਕੋਈ ਹੋਰ ਨਾ ਖੋਹ ਲਵੇ, ਇਸੇ ਤਰ੍ਹਾਂ ਪੰਜਾਬੀ ਸਿੱਖ ਇਹ ਵੀ ਨਹੀਂ ਚਾਹੁੰਦੇ ਕਿ ਸਿੱਖੀ ਨੂੰ, ਪੰਜਾਬੀ ਸਿੱਖਾਂ ਤੋਂ ਬਿਨਾਂ ਕੋਈ ਹੋਰ ਕੌਮ ਵੀ ‘ਅਪਣਾ ਧਰਮ’ ਆਖ ਸਕੇ। ਆਪ ਇਨ੍ਹਾਂ ਨੇ ਗੁਰਦਵਾਰਿਆਂ ਨੂੰ ‘ਮੰਦਰ’ ਬਣਾ ਛਡਿਆ ਹੈ ਤੇ ਬਾਬੇ ਨਾਨਕ ਦਾ ਸਿਰਫ਼ ਨਾਂ ਹੀ ਅੰਦਰ ਰਹਿਣ ਦਿਤਾ ਹੈ

Kartarpur Sahib Kartarpur Sahib

ਬਾਕੀ ਸੱਭ ਕੁਝ ਬਾਹਰੋਂ ਲਿਆ ਕੇ ਰਖਿਆ ਹੋਇਆ ਹੈ ਜੋ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਜ਼ਰਾ ਜਿੰਨਾ ਵੀ ਮੇਲ ਨਹੀਂ ਖਾਂਦਾ, ਸਗੋਂ ਬਾਬੇ ਨਾਨਕ ਦੀ ਹਰ ਗੱਲ ਨੂੰ ਕੱਟ ਦੇਂਦਾ ਹੈ। ਪੁਜਾਰੀ ਸ਼ੇ੍ਰਣੀ, ਪਖੰਡੀ ਸਾਧ, ਜੋਤਸ਼ੀ ਤੇ ‘ਚਮਤਕਾਰ’ ਵਿਖਾਉਣ ਦਾ ਦਾਅਵਾ ਕਰਨ ਵਾਲੇ, ਸਿੱਖੀ ਵਿਚ ਵੀ ਪ੍ਰਧਾਨ ਹੋ ਗਏ ਹਨ। ਜਿਹੜਾ ਕੋਈ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਦੀ ਗੱਲ ਕਰਨ ਦੀ ਕੋਸ਼ਿਸ਼ ਕਰੇ, ਉਸ ਵਿਰੁਧ ਡੰਡਾ ਚੁਕ ਕੇ ਪੈ ਜਾਂਦੇ ਹਨ ਤੇ ਅਪਣੇ ਪੰਥ ’ਚੋਂ ਛੇਕ ਕੇ ਸਾਹ ਲੈਂਦੇ ਹਨ। ਡਰਦੇ ਮਾਰੇ, ਬਹੁਤੇ ਵਿਦਵਾਨ ਲੋਕ, ਬਾਬੇ ਨਾਨਕ ਦੀ ਅਸਲ ਸਿੱਖੀ ਦੀ ਗੱਲ ਕਰਨੀ ਹੀ ਛੱਡ ਗਏ ਹਨ!

ਫਿਰ ਕੀਤਾ ਕੀ ਜਾਏ? ਬਾਕੀਆਂ ਵਾਂਗ ਹਾਰ ਮੰਨ ਕੇ ਬੈਠ ਜਾਇਆ ਜਾਏ ਜਾਂ....? ਸੋਚ ਸੋਚ ਕੇ ਉਥੇ ਹੀ ਜਾ ਪੁੱਜਾ ਜਿਥੇ ਦੁਨੀਆਂ ਦੇ ਮਹਾਨ ਯੂਨਾਨੀ ਵਿਦਵਾਨ ਪਲੈਟੋ ਨੂੰ ਦੋ ਹਜ਼ਾਰ ਸਾਲ ਤੋਂ ਵਧ ਸਮਾਂ ਪਹਿਲਾਂ ਪੁਜਣਾ ਪਿਆ ਸੀ। ਉਸ ਨੇ ਵੇਖਿਆ ਕਿ ਲੋਕ ਬੜੇ ਮਤਲਬੀ, ਭ੍ਰਿਸ਼ਟ ਅਤੇ ਅਗਿਆਨੀ (ਗਿਆਨ ਵਿਹੂਣੇ) ਬਣ ਚੁੱਕੇ ਸਨ, ਇਸ ਲਈ ਇਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ। ਸੋ ਸਮਾਜ ਨੂੰ ਸੁਧਾਰਨ ਦਾ ਇਕੋ ਰਾਹ ਉਸ ਨੂੰ ਇਹੀ ਜਚਿਆ ਕਿ ਸ਼ਹਿਰ ਤੋਂ ਬਾਹਰਵਾਰ ਇਕ ‘ਅਕੈਡਮੀ’ ਖੋਲ੍ਹੀ ਜਾਵੇ ਜਿਥੇ ਛੋਟੀ ਉਮਰ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ, ਗੰਦੇ ਸਮਾਜ ਤੋਂ ਦੂਰ ਰੱਖ ਕੇ ਇਸ ਤਰ੍ਹਾਂ ਸਿਖਿਆ ਦਿਤੀ ਜਾਵੇ ਕਿ ਜਵਾਨ ਹੋਣ ਤਕ ਚੰਗੇ ਗਿਆਨਵਾਨ ਤੇ ਬੁਰਾਈਆਂ ਤੋਂ ਮੁਕਤ ਸ਼ਹਿਰੀ ਬਣ ਕੇ ਉਹ ਸਮਾਜ ਵਿਚ ਜਾਣ ਤੇ ਸਮਾਜ ਦਾ ਭਲਾ ਕਰਨ।

ਮੈਂ ਵੀ ਸੋਚਿਆ ਕਿ ‘ਗੁਰਦਵਾਰਾ’ ਅਤੇ ਗੁਰਦਵਾਰਾ ਪ੍ਰਬੰਧ’ ਬਾਬੇ ਨਾਨਕ ਦੀ ਸਿੱਖੀ ਤੋਂ ਏਨਾ ਦੂਰ ਜਾ ਚੁੱਕਾ ਹੈ ਕਿ ਹੁਣ ਉਸ ਤੋਂ ਕਿਸੇ ਚੰਗੀ ਗੱਲ ਦੀ ਆਸ ਰਖਣਾ ਹੀ ਫ਼ਜ਼ੂਲ ਹੈ, ਇਸ ਲਈ ਇਕ ਅਜਿਹੀ ਸੰਸਥਾ ਬਣਾਈ ਜਾਵੇ ਜੋ ਨਵੇਂ ਸਿਰੇ ਤੋਂ ਬਾਬੇ ਨਾਨਕ ਦੇ ਅਸਲ ਫ਼ਲਸਫ਼ੇ ਨੂੰ, ਬਾਕੀ ਸੱਭ ਕੁੱਝ ਨਾਲੋਂ ਵੱਖ ਕਰ ਕੇ ਪੇਸ਼ ਕਰੇ ਤੇ ਫਿਰ ਦੱਸੇ ਕਿ ਬਾਬੇ ਨਾਨਕ ਵਲੋਂ ਖੜੇ ਕੀਤੇ ਮਹਿਲ ਉਤੇ ਉਸਾਰੇ ਗਏ ਚੁਬਾਰੇ ਕਿੰਨੇ ਕੁ ਇਸ ਮਹਿਲ ਦੀ ਸ਼ਾਨ ਵਧਾਂਦੇ ਹਨ ਤੇ ਕਿੰਨੀ ਘਟਾਂਦੇ ਹਨ। ਇਸ ਸੰਸਥਾ ਦਾ ਨਾਂ ‘ਉੱਚਾ ਦਰ ਬਾਬੇ ਨਾਨਕ ਦਾ’ ਰਖਿਆ ਗਿਆ ਤਾਂ ਬਾਬੇ ਨਾਨਕ ਦੇ ਫ਼ਲਸਫ਼ੇ ਅਨੁਸਾਰ ਹੀ, ਇਸ ਵਿਚ ਗੋਲਕ ਨੂੰ ਬਿਲਕੁਲ ਕੋਈ ਥਾਂ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ, ਪ੍ਰਬੰਧਕ ਕੇਵਲ ਨਿਸ਼ਕਾਮ ਲੋਕ ਹੀ ਲੈਣ ਦਾ ਨਿਰਣਾ ਵੀ ਲਿਆ ਗਿਆ ਤੇ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਇਹ ਸੰਸਥਾ ਬਾਬੇ ਨਾਨਕ ਦੇ ‘ਧਰਮ’ ਵਰਗੀ ਹੀ ਹੋਵੇ

Dera Baba Nanak 

ਜਿਥੇ ਦੁਨੀਆਂ ਦਾ ਹਰ ਬਸ਼ਰ, ਨਾਨਕ ਅਤੇ ਮਰਦਾਨੇ ਵਾਂਗ, ਧਰਮ (ਪੰਥ) ਦੇ ਵਖਰੇਵੇਂ ਨੂੰ ਇਕ ਪਾਸੇ ਰੱਖ ਕੇ, ਸਾਥੀ ਬਣ ਕੇ ਆ ਸਕੇ ਤੇ ਇਸ ਨੂੰ ਅਪਣੀ ਜ਼ਿਆਰਤ ਵਾਲੀ ਥਾਂ ਸਮਝ ਕੇ, ਮਰਿਆਦਾ ਦੇ ਹਰ ਬੰਧਨ ਤੋਂ ਆਜ਼ਾਦ ਹੋ ਕੇ ਗਿਆਨ ਪ੍ਰਾਪਤ ਕਰ ਸਕੇ। ਬਾਬੇ ਨਾਨਕ ਵਾਂਗ ਹੀ, ਇਹ ਸੰਸਥਾ, ਅਪਣਾ ਸੌ ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਵੰਡ ਦੇਵੇ, ਬੈਂਕ ਬੈਲੈਂਸ ਕੁੱਝ ਨਾ ਰੱਖੇ ਤੇ ਬਾਬੇ ਨਾਨਕ ਦਾ ਦਿਤਾ ਟਾਨਿਕ (ਗਿਆਨ) ਦੁਨੀਆਂ ਭਰ ਦੇ ਹਰ ਪ੍ਰਾਣੀ ਤਕ ਪਹੁੰਚਾਣਾ ਹੀ ਅਪਣਾ ਇਕੋ ਇਕ ਉਦੇਸ਼ ਸਮਝੇ।

ਮੈਂ ‘ਸਪੋਕਸਮੈਨ’ ਵਿਚ ਇਸ ਬਾਰੇ ਲਿਖਿਆ। ਪਾਠਕਾਂ ਨੂੰ ਵਿਚਾਰ ਪਸੰਦ ਆਇਆ। ਮੈਂ ਵਿਚਾਰ ਨਾਲ ਸਹਿਮਤ ਪਾਠਕਾਂ ਦੀ ਇਕ ਮੀਟਿੰਗ ਹਰ ਮਹੀਨੇ ਅਪਣੇ ਘਰ ਰਖਣੀ ਸ਼ੁਰੂ ਕਰ ਦਿਤੀ। ਪਾਠਕਾਂ ਦਾ ਉਤਸ਼ਾਹ ਵੇਖ ਕੇ ਮੇਰਾ ਉਤਸ਼ਾਹ ਵੀ ਬਹੁਤ ਵੱਧ ਗਿਆ। ਮੈਂ ਦਸਿਆ ਕਿ ਅਜਿਹੀ ਸੰਸਥਾ ਉਤੇ 60 ਕਰੋੜ ਖ਼ਰਚਾ ਆ ਜਾਏਗਾ। ਪਾਠਕਾਂ ਨੇ ਕਿਹਾ, ‘‘ਫ਼ਿਕਰ ਨਾ ਕਰੋ, ਅਸੀ ਦਿਆਂਗੇ।’’ ਜਮੀਨ ਖ਼ਰੀਦੀ ਗਈ। ਉਥੇ ਜ਼ਮੀਨ ਵਿਚ ਆਰਜ਼ੀ ਸਟੇਜ ਲਾ ਕੇ ਪਹਿਲਾ ਸਮਾਗਮ ਰਖਿਆ ਗਿਆ ਤੇ ਅਖ਼ਬਾਰ ਵਿਚ ਸੂਚਨਾ ਦਿਤੀ ਗਈ। ਸਾਡਾ ਖ਼ਿਆਲ ਸੀ ਕਿ ਵੱਧ ਤੋਂ ਵੱਧ 8-10 ਹਜ਼ਾਰ ਪਾਠਕ ਆ ਜਾਣਗੇ ਤੇ ਏਨਿਆਂ ਲਈ ਹੀ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

ਪਰ ਉਥੇ 50 ਹਜ਼ਾਰ ਤੋਂ ਵੱਧ ਪਾਠਕ ਪੁਜ ਗਏ। ਹਰ ਇਕ ਨੇ ਬਾਹਵਾਂ ਖੜੀਆਂ ਕਰ ਕੇ ਅਤੇ ਸਟੇਜ ਤੇ ਆ ਕੇ ਐਲਾਨ ਕੀਤਾ ਕਿ ਜ਼ਮੀਨ ‘ਰੋਜ਼ਾਨਾ ਸਪੋਕਸਮੈਨ’ ਨੇ ਲੈ ਦਿਤੀ ਹੈ, ਹੁਣ ਉਸਾਰੀ ਦਾ ਸਾਰਾ ਖ਼ਰਚਾ ਪਾਠਕ ਦੇਣਗੇ। ਮੈਂ ਕਿਹਾ, ‘‘ਸਾਰਾ ਨਹੀਂ, ਅੱਧੇ ਦਾ ਪ੍ਰਬੰਧ, ਅਖ਼ਬਾਰ ਰਾਹੀਂ ਮੈਂ ਕਰ ਦਿਆਂਗਾ, ਅੱਧਾ ਤੁਸੀ ਆਪੇ ਪਾ ਦੇਣਾ ਤੇ ਉਸ ਲਈ ਤਰਲੇ ਨਾ ਕਰਵਾਉਣਾ।’’ ਪਾਠਕਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਦਿਤੇ। 

 

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

Health Minister Vijay Singla Arrested in Corruption Case

24 May 2022 6:44 PM
ਸਿਹਤ ਮੰਤਰੀ ਵਿਜੇ ਸਿੰਗਲਾ ਦੀ AAP ਸਰਕਾਰ ਨੇ ਕੀਤੀ ਛੁੱਟੀ, ਪੰਜਾਬ ਸਰਕਾਰ 1 ਰੁਪਏ ਦੀ ਹੇਰਾ ਫੇਰੀ ਵੀ ਬਰਦਾਸ਼ਤ ਨਹੀਂ ਕਰੇਗੀ

ਸਿਹਤ ਮੰਤਰੀ ਵਿਜੇ ਸਿੰਗਲਾ ਦੀ AAP ਸਰਕਾਰ ਨੇ ਕੀਤੀ ਛੁੱਟੀ, ਪੰਜਾਬ ਸਰਕਾਰ 1 ਰੁਪਏ ਦੀ ਹੇਰਾ ਫੇਰੀ ਵੀ ਬਰਦਾਸ਼ਤ ਨਹੀਂ ਕਰੇਗੀ

ਪੰਚਾਇਤੀ ਜ਼ਮੀਨਾਂ 'ਤੇ ਕਾਰਵਾਈ ਤੋਂ 15 ਦਿਨ ਪਹਿਲਾਂ ਨੋਟਿਸ ਭੇਜੇਗੀ ਪੰਜਾਬ ਸਰਕਾਰ - ਮੰਤਰੀ ਕੁਲਦੀਪ ਧਾਲੀਵਾਲ

ਪੰਚਾਇਤੀ ਜ਼ਮੀਨਾਂ 'ਤੇ ਕਾਰਵਾਈ ਤੋਂ 15 ਦਿਨ ਪਹਿਲਾਂ ਨੋਟਿਸ ਭੇਜੇਗੀ ਪੰਜਾਬ ਸਰਕਾਰ - ਮੰਤਰੀ ਕੁਲਦੀਪ ਧਾਲੀਵਾਲ

ਟਿੱਬਿਆਂ ਤੇ ਜੰਗਲਾਂ ਨੂੰ ਸਾਫ਼ ਕਰ ਕੇ ਉਪਜਾਊ ਬਣਾਈਆਂ ਜ਼ਮੀਨਾਂ ਨੂੰ ਕਿਸਾਨਾਂ ਤੋਂ ਛੁਡਵਾਉਣਾ ਬਿਲਕੁਲ ਗ਼ਲਤ - ਜਗਜੀਤ ਡੱਲੇਵਾਲ

ਟਿੱਬਿਆਂ ਤੇ ਜੰਗਲਾਂ ਨੂੰ ਸਾਫ਼ ਕਰ ਕੇ ਉਪਜਾਊ ਬਣਾਈਆਂ ਜ਼ਮੀਨਾਂ ਨੂੰ ਕਿਸਾਨਾਂ ਤੋਂ ਛੁਡਵਾਉਣਾ ਬਿਲਕੁਲ ਗ਼ਲਤ - ਜਗਜੀਤ ਡੱਲੇਵਾਲ

Advertisement