
ਜਿਨਾਹ ਦਾ ਚਤੁਰਾਈ ਨਾਲ ਸ. ਕਪੂਰ ਸਿੰਘ ਵਲ ਸੁਟਿਆ ਗਿਆ ਇਹ ਪਾਸਾ ਜਾਂ ਫ਼ਿਕਰਾ ਕਿ..........
ਜਿਨਾਹ ਦਾ ਚਤੁਰਾਈ ਨਾਲ ਸ. ਕਪੂਰ ਸਿੰਘ ਵਲ ਸੁਟਿਆ ਗਿਆ ਇਹ ਪਾਸਾ ਜਾਂ ਫ਼ਿਕਰਾ ਕਿ ‘‘ਮੈਂ ਤਾਂ ਸਗੋਂ ਡਰਦਾ ਹਾਂ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਬਹੁਗਿਣਤੀ ਨਾ ਹੋ ਜਾਏ ਤੇ ਪਾਕਿਸਤਾਨ ਖ਼ਤਮ ਹੋ ਕੇ, ਨਿਰੀ ਸਿੱਖ ਸਟੇਟ ਹੀ ਨਾ ਰਹਿ ਜਾਏ’’ ਸਾਡੇ ‘ਮਹਾਂ ਵਿਦਵਾਨ’ ਨੂੰ ਇਕ ਤਰ੍ਹਾਂ ਮੂਰਛਤ ਹੀ ਕਰ ਗਿਆ ਤੇ ਹੇਠਲੀ ਪੱਧਰ ਤੇ ਕੱਟੜ ਮੁਸਲਮ ਲੀਗੀ ਉਸ ਵੇਲੇ ਕੀ ਸੋਚ ਰਹੇ ਸਨ
ਇਸ ਵਲ ਉਨ੍ਹਾਂ ਦਾ ਧਿਆਨ ਹੀ ਨਾ ਗਿਆ ਹਾਲਾਂਕਿ ‘ਸਾਚੀ ਸਾਖੀ’ ਦੇ ਪਹਿਲੇ ਚੈਪਟਰ ਵਿਚ ਹੀ ਸ. ਕਪੂਰ ਸਿੰਘ ਨੇ ਇਤਿਹਾਸਕ ਹਵਾਲੇ ਦੇ ਕੇ ਲਿਖਿਆ ਹੈ ਕਿ ਸਿੱਖਾਂ ਵਲੋਂ ਇਸਲਾਮੀ ਰਾਜ ਕਾਇਮ ਕਰਨ ਦੇ ਰਸਤੇ ਵਿਚ ਪਾਈ ਗਈ ਰੁਕਾਵਟ ਤੋਂ ਕੱਟੜਪੰਥੀ ਸ਼ੁਰੂ ਤੋਂ ਹੀ ਬਹੁਤ ਦੁਖੀ ਸਨ ਤੇ ਚਾਹੁੰਦੇ ਸਨ ਕਿ ਸਿੱਖਾਂ ਦਾ ਬੀਜ ਨਾਸ ਕਰ ਦਿਤਾ ਜਾਵੇ ਤੇ ਭਾਰਤ ਨੂੰ ਇਸਲਾਮੀ ਸਟੇਟ ਬਣਾਉਣ ਵਲ ਕਦਮ ਵਧਾਏ ਜਾਣ ਕਿਉਂਕਿ ਸਿੱਖਾਂ ਤੋਂ ਬਿਨਾਂ, ਹੋਰ ਕੋਈ ਵੀ ਇਸ ਹਿੰਦੁਸਤਾਨ ਵਿਚ ਇਸਲਾਮੀ ਰਾਜ ਨੂੰ ਕਾਇਮ ਕਰਨ ਤੋਂ ਰੋਕਣ ਦੀ ਹਿੰਮਤ ਨਹੀਂ ਸੀ ਰਖਦਾ। ਇਹ ਵਿਚਾਰ 1947 ਵਿਚ ਵੀ ਸਪੱਸ਼ਟ ਰੂਪ ਵਿਚ ਚਰਚਿਤ ਹੁੰਦਾ ਵੇਖਿਆ ਜਾ ਸਕਦਾ ਸੀ।
Kapoor Singh
ਸਪੱਸ਼ਟ ਕਰ ਦਿਆਂ ਕਿ ਨਾ ਹੀ ਹਿੰਦੂ ਮਾੜੇ ਹਨ, ਨਾ ਮੁਸਲਮਾਨ। ਦੋਵੇਂ ਨਿਜੀ ਪੱਧਰ ਤੇ ਬਹੁਤ ਚੰਗੇ ਮਿੱਤਰ ਬਣਾਏ ਜਾ ਸਕਦੇ ਹਨ, ਭਾਈਵਾਲ ਬਣਾਏ ਜਾ ਸਕਦੇ ਹਨ ਤੇ ਤੁਹਾਡੇ ਸਦਾ ਲਈ ਸ਼ੁਭਚਿੰਤਕ ਵੀ ਬਣੇ ਰਹਿ ਸਕਦੇ ਹਨ। ਪਰ ਦੋਵਾਂ ਕੌਮਾਂ ਦੀ ਇਕ ਸਾਂਝੀ ਖ਼ਸਲਤ ਹੈ ਕਿ ਉਨ੍ਹਾਂ ਵਿਚ ਇਕ ਛੋਟਾ ਜਿਹਾ ਕੱਟੜ ਤਬਕਾ ਸਦਾ ਹੀ ਆਗੂ ਵਾਲੇ ਰੋਲ ਵਿਚ ਮੋਰਚੇ ਸੰਭਾਲੀ ਬੈਠਾ ਰਹਿੰਦਾ ਹੈ ਤੇ ਮੌਕਾ ਆਉਣ ਤੇ ਇਹ ਹੋਕਾ ਦੇਣ ਲਗਦਾ ਹੈ ਕਿ ‘‘ਇਸ ਦੇਸ਼ ਵਿਚ ਸਿਰਫ਼ ਤੁਹਾਡਾ (ਹਿੰਦੂਆਂ/ਮੁਸਲਮਾਨਾਂ ਦਾ) ਸਿੱਕਾ ਹੀ ਚਲਣਾ ਚਾਹੀਦਾ ਹੈ ਤੇ ਬਾਕੀ ਜਾਂ ਤਾਂ ਇਥੋਂ ਭਜਾ ਦੇਣੇ ਚਾਹੀਦੇ ਹਨ ਜਾਂ ਖ਼ਤਮ ਕਰ ਦਿਤੇ ਜਾਣੇ ਚਾਹੀਦੇ ਹਨ।’’
ਛੋਟੀਆਂ ਕੌਮਾਂ ਨੂੰ ਤਾਂ ਬੜੀ ਸੂਝ ਬੂਝ ਨਾਲ, ਸਾਹਮਣੇ ਦਰਪੇਸ਼ ਹਾਲਾਤ ਦੇ ਮੁਤਾਬਕ ਫ਼ੈਸਲੇ ਲੈਣੇ ਚਾਹੀਦੇ ਹਨ। ਜੇ ਠੀਕ ਫ਼ੈਸਲੇ ਲੈ ਲਏ ਤਾਂ ਵੱਧ ਤੋਂ ਵੱਧ ਨੁਕਸਾਨ ਤੋਂ ਬਚ ਸਕੋਗੇ। ਇਸੇ ਤਰ੍ਹਾਂ ਸਾਰੀ ਕੌਮ ਦੀ ਮੁਕੰਮਲ ਏਕਤਾ ਬਣਾਈ ਰੱਖੋਗੇ ਤਾਂ ਯਕੀਨਨ ਬੱਚ ਜਾਉਗੇ ਪਰ ਜੇ ਗ਼ਲਤ ਫ਼ੈਸਲੇ ਲੈ ਲਏ ਤੇ ਏਕਤਾ ਗਵਾ ਲਈ ਤਾਂ ਮੁਕੰਮਲ ਖ਼ਾਤਮੇ ਵਲ ਵੱਧ ਰਹੇ ਹੋਵੋਗੇ। ਹਿੰਦੁਸਤਾਨ ਵਿਚ ਬੁੱਧ ਧਰਮ ਨਾਲ ਜੋ ਹੋਇਆ, ਸਪੇਨ ਵਿਚ ਜੋ ਮੁਸਲਮਾਨਾਂ ਨਾਲ ਹੋਇਆ, ਲਗਭਗ ਸਾਰੇ ਹੀ ਮੁਸਲਮਾਨ ਦੇਸ਼ਾਂ ਵਿਚ ਗ਼ੈਰ ਮੁਸਲਮਾਨਾਂ ਦੀ ਜੋ ਹਾਲਤ ਹੈ ਤੇ ਕਮਿਊਨਿਸਟ ਦੇਸ਼ਾਂ ਵਿਚ ਸਾਰੇ ਹੀ ਧਰਮਾਂ ਦੀ ਜੋ ਹਾਲਤ ਹੈ
sikhs
ਉਸ ਤੋਂ ਸਬਕ ਸਿਖੇ ਜਾ ਸਕਦੇ ਹਨ ਪਰ ਜਦ ਨਿਜੀ ਫ਼ਾਇਦਿਆਂ ਨੂੰ ਸਾਹਮਣੇ ਰੱਖ ਕੇ ਫ਼ੈਸਲੇ ਲਏ ਜਾਂਦੇ ਹਨ ਤਾਂ ਅੱਖਾਂ ਉਤੇ ਅਪਣੇ ਲਾਲਚ ਦੀ ਪੱਟੀ ਬੱਝ ਜਾਂਦੀ ਹੈ। ਫਿਰ ਸਾਹਮਣੇ ਖੜਾ ਸੱਚ ਵੀ ਵਿਖਾਈ ਦੋਣੋਂ ਹੱਟ ਜਾਂਦਾ ਹੈ। ਤੁਹਾਡੇ ਸਾਹਮਣੇ ਇਕ ਬੰਦਾ ਇਕ ਚੋਣ ‘ਅਕਾਲੀ’ ਬਣ ਕੇ ਲੜਦਾ ਹੈ। ਉਹੀ ਬੰਦਾ ਅਗਲੀ ਚੋਣ ਵਿਚ ਕਾਂਗਰਸ ਟਿਕਟ ’ਤੇ ਚੋਣ ਲੜਨ ਲਈ ਆ ਨਿਤਰਦਾ ਹੈ। ਪਹਿਲੀ ਵਾਰ ਉਹ ਕਹਿੰਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜ ਚੜ੍ਹਾਉਣ ਵਾਲੀ ਤੇ ਦਿੱਲੀ ਵਿਚ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਨ ਵਾਲੀ ਪਾਰਟੀ ਨੂੰ ਵੋਟ ਦੇਣ ਵਾਲੇ ਨੂੰ ਤਾਂ ਸਿੱਖ ਹੀ ਨਹੀਂ ਮੰਨਣਾ ਚਾਹੀਦਾ।
ਅਗਲੀ ਚੋਣ ਵਿਚ ਜਦ ਉਹ ਕਾਂਗਰਸ ਦੇ ਗੁਣ ਗਾਨ ਕਰਦਾ ਹੈ ਤੇ ਅਕਾਲੀ ਉਸ ਨੂੰ ਪਿਛਲੀ ਵਾਰ ਕਹੀਆਂ ਗੱਲਾਂ ਯਾਦ ਕਰਵਾਉਂਦੇ ਹਨ ਤਾਂ ਉਸ ਦਾ ਜਵਾਬ ਹੁੰਦਾ ਹੈ, ‘‘ਇਹ ਗੁਰੂ ਦੀਆਂ ਬੇਅਦਬੀਆਂ ਕਰਨ ਵਾਲੇ ਅਕਾਲੀ ਕਿਹੜੇ ਮੂੰਹ ਨਾਲ ਸਵਾਲ ਪੁਛਦੇ ਹਨ? ਓਇ ਤੁਸੀ ਕਾਂਗਰਸੀਆਂ ਦੀ ਮਾਂ ਮਾਰ ਦਿਤੀ ਸੀ ਤਾਂ ਕੁੱਝ ਲੋਕਾਂ ਨੇ ਲੋੜ ਤੋਂ ਜ਼ਿਆਦਾ ਗੁੱਸਾ ਪ੍ਰਗਟ ਕਰ ਦਿਤਾ ਜੋ ਗ਼ਲਤ ਸੀ ਪਰ ਪਹਿਲ ਤਾਂ ਤੁਹਾਡੇ ਵਲੋਂ ਹੀ ਹੋਈ ਸੀ। ਸ੍ਰੀ ਦਰਬਾਰ ਸਾਹਿਬ ਵਿਚ ਵੀ ਫ਼ੌਜ ਅੱਗੇ ਪਿੱਛੇ ਤਾਂ ਕਦੇ ਨਹੀਂ ਗਈ, ਉਦੋਂ ਹੀ ਗਈ ਜਦੋਂ ਤੁਸੀ ਅੰਦਰ ਹਥਿਆਰ ਜਮ੍ਹਾਂ ਕਰ ਦਿਤੇ ਤੇ ਇਕ ਪੁਲਿਸ ਅਫ਼ਸਰ ਸਮੇਤ ਕਈ ਮਾਰ ਦਿਤੇ। ਉਥੇ ਵੀ ਪਹਿਲ ਤਾਂ ਫ਼ੌਜ ਨੇ ਨਹੀਂ ਸੀ ਕੀਤੀ।’’
ਸੋ ਰੱਬ ਨੇ ‘ਬੰਦਾ’ ਨਾਂ ਦੀ ਇਕ ਅਜਿਹੀ ਮਸ਼ੀਨ ਬਣਾ ਦਿਤੀ ਹੈ ਜੋ ਅਪਣਾ ਫ਼ਾਇਦਾ ਵੇਖ ਕੇ ਅਪਣੇ ਵਿਚਾਰ ਵੀ ਤੇ ਬੋਲ ਵੀ ਉਸੇ ਹਿਸਾਬ ਨਾਲ ਬਦਲ ਲੈਂਦੀ ਹੈ ਤੇ ਅਪਣੇ ਹੀ ਪਿਛਲੇ ਬਚਨਾਂ ਦੇ ਉਲਟ ਜਾ ਕੇ ਬੋਲਣ ਲਗਿਆਂ ਕੋਈ ਸ਼ਰਮ ਮਹਿਸੂਸ ਨਹੀਂ ਕਰਦੀ। (ਕੰਪਿਊਟਰ ਇਸ ਤਰ੍ਹਾਂ ਨਹੀਂ ਕਰ ਸਕਦਾ) ਵਿਦਵਾਨ ਤੇ ਭਲੇ ਲੋਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਅਪਣੇ ਲਾਭ ਖ਼ਾਤਰ, ਨਾ ਬਦਲਿਆ ਕਰਨ ਪਰ ਬਹੁਤ ਘੱਟ ਲੋਕ ਹੀ ਮਿਲਣਗੇ ਜੋ ਇਸ ਅਸੂਲ ਤੇ ਖ਼ਰੇ ਉਤਰਦੇ ਵਿਖਾਈ ਦੇਣਗੇ।
Pakistan
ਸ. ਕਪੂਰ ਸਿੰਘ ਜਦੋਂ ਜਿਨਾਹ ਤੇ ਇਕਬਾਲ ਵਲੋਂ ਛਲ ਕਪਟ ਅਤੇ ਮੂਰਖ ਬਣਾਉਣ ਵਾਲੀ ਭਾਸ਼ਾ ਵਰਤ ਕੇ, ਲਾਰਡ ਵੇਵਲ ਦੀ ਮਦਦ ਨਾਲ ਵੇਚੀ ਜਾ ਰਹੀ ‘ਪਾਕਿਸਤਾਨ ਅੰਦਰ ਸਿੱਖ ਸਟੇਟ’ ਦੀ ਵਕਾਲਤ ਕਰ ਰਹੇ ਹਨ ਤੇ ਇਸਲਾਮੀ ਦੇਸ਼ ਅੰਦਰ ਸਿੱਖ ਸਟੇਟ, ਸਿੱਖਾਂ ਦੇ ਸੰਘ ਹੇਠੋਂ ਜਬਰੀ ਉਤਾਰਨਾ ਚਾਹ ਰਹੇ ਹਨ ਤੇ ਸ. ਕਪੂਰ ਸਿੰਘ ਮਾਰਚ 1947 ਵਿਚਲੇ ਸਿੱਖ ਕਤਲੇਆਮ ਨੂੰ ਲੈ ਕੇ ਵੀ ਦੰਗਈਆਂ ਦੇ ਹੱਕ ਵਿਚ ਦਲੀਲਾਂ ਘੜਦੇ ਨਜ਼ਰ ਆਉਂਦੇ ਹਨ ਤਾਂ ਲਗਦਾ ਹੈ, ਉਨ੍ਹਾਂ ਨੇ ਪਿਛਲਾ ਇਤਿਹਾਸ ਪੜਿ੍ਹਆ ਨਹੀਂ ਜਾਂ ਭੁੱਲ ਗਏ ਹਨ।
ਪਰ ਇਸੇ ਕਿਤਾਬ ਦੇ ਇਸੇ ਚੈਪਟਰ (ਕਮਿਊਨਲ ਐਵਾਰਡ) ਦੇ ਸਫ਼ਾ 78-79 ਤੇ ਸੁਲਤਾਨ ਅਲਾਉਦੀਨ ਖ਼ਿਲਜੀ (ਮਿ੍ਰਤੂ 1316 ਈ.) ਵਲੋਂ ਸ਼ਰਾਅ (ਪ੍ਰਵਾਨਤ ਮਰਿਆਦਾ) ਅਨੁਸਾਰ ਹਿੰਦੂਆਂ ਪ੍ਰਤੀ ਬਣਾਈ ਨੀਤੀ (ਉਦੋਂ ਸਿੱਖ ਧਰਮ ਹੋਂਦ ਵਿਚ ਨਹੀਂ ਸੀ ਆਇਆ) ਦੀ ਜੋ ਵਿਆਖਿਆ ਕੀਤੀ ਗਈ ਹੈ ਤੇ ਜਿਸ ਨੂੰ ਜ਼ਿਆਉਦੀਨ ਬਰਨੀ ਨੇ ਅਪਣੀ ਪੁਸਤਕ ‘ਤਾਰੀਖ਼ ਫ਼ੀਰੋਜ਼ਸ਼ਾਹੀ’ ਨਾਮੀ ਫ਼ਾਰਸੀ ਕਿਤਾਬ ਵਿਚ ਦਰਜ ਕੀਤਾ ਹੈ, ਉਹ ਇਸ ਤਰ੍ਹਾਂ ਹੈ ਕਿ ਇਕ ਦਿਨ ਸੁਲਤਾਨ ਅਲਾਉਦੀਨ ਖ਼ਿਲਜੀ ਨੇ ਕਾਜ਼ੀ ਮੁਗੀਬਦਦੀਨ ਕੋਲੋਂ, ਜੋ ਜਗਤ ਪ੍ਰਸਿੱਧ ਇਸਲਾਮੀ ਵਿਦਵਾਨ ਸੀ, ਕੁੱਝ ਜ਼ਰੂਰੀ ‘ਮਸਲਿਆਂ’ ਬਾਰੇ ਸ਼ਰਾਅ ਦਾ ਹੁਕਮ ਜਾਣਨਾ ਚਾਹਿਆ ਤੇ ਵਿਦਵਾਨ ਨੂੰ ਕਿਹਾ ਕਿ ਕੁਰਆਨ ਮੁਤਾਬਕ ਜੋ ਸ਼ਰਾਹ ਬਣੀ ਹੋਈ ਹੈ, ਉਹ ਸੱਚੀ ਸੱਚੀ ਬਿਆਨ ਕਰੇ ਤੇ ਮਨ ਵਿਚ ਕੋਈ ਡਰ ਨਾ ਰੱਖੇ ਕਿ ਉਸ ਦੀ ਗੱਲ ਸੁਲਤਾਨ ਨੂੰ ਪਸੰਦ ਨਾ ਆਈ ਤਾਂ ਸੁਲਤਾਨ ਉਸ ਨੂੰ ਸਜ਼ਾ ਦੇ ਦੇਵੇਗਾ। ਇਹ ਵਿਸ਼ਵਾਸ ਦਿਵਾ ਕੇ:
Kapoor Singh
‘‘ਪਹਿਲਾ ਮਸਲਾ ਸੁਲਤਾਨ ਨੇ ਕਾਜ਼ੀ ਕੋਲੋਂ ਇਹ ਪੁਛਿਆ ਕਿ ਸ਼ਰਾਅ ਮੁਤਾਬਕ ਕਿਸ ਹਿੰਦੂ ਨੂੰ ‘ਖ਼ਰਾਜ-ਗੁਜ਼ਾਰ’ ਕਿਹਾ ਜਾਂਦਾ ਹੈ। ਕਾਜ਼ੀ ਨੇ ਉੱਤਰ ਦਿਤਾ, ‘‘ਸ਼ਰਾਅ ਮੁਤਾਬਕ ਉਸ ਹਿੰਦੂ ਨੂੰ ‘ਖ਼ਰਾਜ-ਗੁਜ਼ਾਰ’ ਕਿਹਾ ਜਾਏਗਾ, ਜੋ ਉਸ ਕੋਲੋਂ ਜਦੋਂ ਸਰਕਾਰੀ ਉਗਰਾਹੀ ਕਰਨ ਵਾਲਾ ਚਾਂਦੀ ਮੰਗੇ ਤਦ ਉਹ ਹਿੰਦੂ ਬਿਨਾਂ ਵਿਲੰਬ, ਅਤੀ ਅਧੀਨਗੀ ਨਾਲ ਸੋਨਾ ਪੇਸ਼ ਕਰੇ ਅਤੇ ਜੇ ਉਗਰਾਹੀ ਕਰਨ ਵਾਲਾ ਉਸ ਦੇ ਮੂੰਹ ਵਿਚ ਥੁੱਕੇ ਤਾਂ ਉਹ ਬਿਨਾਂ ਗਿਲਾਨੀ ਕੀਤੇ, ਅਪਣਾ ਮੂੰਹ ਅੱਡ ਦੇਵੇ ਅਤੇ ਨਾਲ ਹੀ ਉਗਰਾਹੀ ਕਰਨ ਵਾਲੇ ਦੀ ਪੂਰੀ ਸੇਵਾ ਟਹਿਲ ਕਰੇ। ਖ਼ੁਦਾ ਨੇ ਇਨ੍ਹਾਂ (ਹਿੰਦੂਆਂ) ਨੂੰ ਜ਼ਲੀਲ ਤੇ ਅਪਮਾਨਤ ਕਰਨ ਬਾਬਤ ਫ਼ੁਰਮਾਇਆ ਹੈ ਕਿ ‘‘ਇਨ੍ਹਾਂ ਨੂੰ ਤਬਾਹ ਹਾਲ ਰੱਖੋ’’ ਕਿਉਂ ਜੋ ਹਿੰਦੂ ਰਸੂਲ ਅਕਰਮ ਦੇ ਸੱਭ ਤੋਂ ਵੱਡੇ ਦੁਸ਼ਮਣ ਹਨ ਤੇ ਰਸੂਲ ਨੇ ਹਿੰਦੂਆਂ ਨੂੰ ਕਤਲ ਕਰਨ
ਇਨ੍ਹਾਂ ਦਾ ਮਾਲ ਅਸਬਾਬ ਖੋਹ ਲੈਣ ਅਤੇ ਇਨ੍ਹਾਂ ਨੂੰ ਗ਼ੁਲਾਮ ਬਣਾਉਣ ਦਾ ਹੁਕਮ ਦਿਤਾ ਹੈ ਕਿ ਜਾਂ ਤਾਂ ਉਹ ਮੁਸਲਮਾਨ ਹੋ ਜਾਣ ਜਾਂ ਇਨ੍ਹਾਂ ਨੂੰ ਕਤਲ ਕਰ ਦਿਤਾ ਜਾਵੇ ਅਤੇ ਜਾਂ ਦਾਸ ਬਣਾ ਲਿਆ ਜਾਵੇ। ਹਿੰਦੂਆਂ ਲਈ ਇਸਲਾਮ ਦਾ ਹੁਕਮ ਇਹ ਹੈ, ‘‘ਅਮਾ ਅਲ ਕਤਲ ਵ ਅਮਾ ਅਲ-ਇਸਲਾਮ’’ ਅਰਥਾਤ ਜਾਂ ਉਹ ਮੁਸਲਮਾਨ ਬਣਨ ਅਤੇ ਜਾਂ ਇਨ੍ਹਾਂ ਨੂੰ ਕਤਲ ਕੀਤਾ ਜਾਵੇ। ਬਾਦਸ਼ਾਹ ਨੇ ਜਵਾਬ ਵਿਚ ਕਿਹਾ, ‘‘ਮੈਂ ਪਹਿਲਾਂ ਹੀ ਹਿੰਦੂਆਂ ਨੂੰ ਇਤਨਾ ਭੈਅਭੀਤ ਕੀਤਾ ਹੋਇਆ ਹੈ ਕਿ ਮੈਂ ਕਹਾਂ ਤਾਂ ਉਹ ਚੂਹਿਆਂ ਵਾਂਗਰ ਖੁੱਡਾਂ ਵਿਚ ਵੜ ਜਾਣ। ਮੈਂ ਅਜਿਹੇ ਪ੍ਰਬੰਧ ਕੀਤੇ ਹੋਏ ਹਨ ਕਿ ਕਿਸੇ ਹਿੰਦੂ ਨੂੰ ਸਿਵਾਏ ਦੋ ਵੇਲਿਆਂ ਦੀਆਂ ਸੁੱਕੀਆਂ ਰੋਟੀਆਂ ਦੇ, ਹੋਰ ਕੁੱਝ ਜਮ੍ਹਾਂ ਕਰਨ ਜਾਂ ਜਾਇਦਾਦ ਬਣਾਉਣ ਦਾ ਅਵਸਰ ਹੀ ਨਾ ਮਿਲੇ।’’ (ਸਫ਼ਾ 294-296)
SGPC
ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਤੇ ਸ. ਕਪੂਰ ਸਿੰਘ ਵਲੋਂ ਲਿਖਤ ਪੁਸਤਕ ‘ਸਾਚੀ ਸਾਖੀ’ ਵਿਚ ਦਿਤਾ ਇਹ ਹਵਾਲਾ ਜੇ ਠੀਕ ਹੈ ਤਾਂ ਸ. ਕਪੂਰ ਸਿੰਘ ਨੂੰ ਆਪ ਹੀ ਦਸਣਾ ਚਾਹੀਦਾ ਸੀ ਕਿ ਉਹ ਪਾਕਿਸਤਾਨ (ਇਕ ਇਸਲਾਮੀ ਸਟੇਟ) ਅਧੀਨ ‘ਸਿੱਖ ਸਟੇਟ’ ਦਾ ਵਿਚਾਰ ਕੀ ਸੋਚ ਕੇ ਪ੍ਰਚਾਰ ਰਹੇ ਹਨ ਤੇ ਇਸ ਵਿਚਾਰ ਨੂੰ ਰੱਦ ਕਰਨ ਵਾਲੀ ਸਮੁੱਚੀ ਕੌਮ ਤੇ ਉਸ ਦੀ ਲੀਡਰਸ਼ਿਪ ਨੂੰ ਕਿਹੜੀ ਗੱਲੋਂ ਨਿੰਦ ਰਹੇ ਹਨ? ਪਰ ਸਿੱਖਾਂ ਬਾਰੇ ਮੁਜੱਦਦ ਸਰਹੰਦੀ ਦੇ ਕਪੂਰ ਸਿੰਘ ਵਲੋਂ ਦਰਜ ਕੀਤੇ ਫ਼ਤਵੇ ਇਸ ਸਵਾਲ ਦਾ ਜਵਾਬ ਹੋਰ ਵੀ ਜ਼ਰੂਰੀ ਬਣਾ ਦੇੇਂਦੇ ਹਨ।
ਇਹ ਤਾਂ ਸੀ ਹਿੰਦੂਆਂ ਨੂੰ ਗ਼ੁਲਾਮ ਬਣਾ ਕੇ ਰੱਖਣ, ਅਪਮਾਨਤ ਕਰਦੇ ਰਹਿਣ ਤੇ ਭੁੱਖੇ ਨੰਗੇ ਬਣ ਕੇ ਰਹਿਣ ਲਈ ਤਿਆਰ ਕਰਨ ਦੀ ਨੀਤੀ। ਪਰ ਮਗਰੋਂ ‘ਖ਼ਾਲਸਾ’ ਹੋਂਦ ਵਿਚ ਆ ਗਿਆ ਤੇ ਹਾਕਮਾਂ ਨੂੰ ਟੱਕਰ ਵੀ ਦੇਣ ਲੱਗ ਪਿਆ ਤਾਂ ਨੀਤੀ ਇਹ ਬਣ ਗਈ ਕਿ ‘‘ਇਨ੍ਹਾਂ ਦਾ ਬੀਜ ਨਾਸ ਕੀਤੇ ਬਿਨਾਂ ਆਰਾਮ ਨਾਲ ਨਾ ਬੈਠੋ।’’ ਇਸ ਬਾਰੇ ਅਗਲੇ ਐਤਵਾਰ ਵਿਚਾਰ ਕਰਾਂਗੇ।
(ਚਲਦਾ)