
ਪਰ ਸਾਰੇ ਪਾਠਕਾਂ ਤੇ ਸਾਰੇ ਮੈਂਬਰਾਂ ਦਾ ਇਕੱਠਿਆਂ ਇਕੋ ਦਿਨ ਨਿੱਤਰ ਪੈਣ ਦਾ ਟੀਚਾ ਅਜੇ ਸਰ ਕਰਨਾ ਬਾਕੀ ਹੈ। 31 ਮਾਰਚ ਨੂੰ ਮੇਰਾ ਇਹ ਗਿਲਾ ਵੀ ਦੂਰ ਕਰ ਦਿਉ!
ਬਾਬੇ ਨਾਨਕ ਦੇ ਉੱਚਾ ਦਰ ਲਈ ਕੀਤੀ ਅਪੀਲ ਨੂੰ ਹੁੰਗਾਰਾ ਦੇਣ ਵਾਲੇ 5,7, 10 ਤੋਂ ਵੱਧ ਕੇ 100 ਤਕ ਪਹੁੰਚ ਗਏ ਹੋ ਪਰ ਸਾਰੇ ਪਾਠਕਾਂ ਤੇ ਸਾਰੇ ਮੈਂਬਰਾਂ ਦਾ ਇਕੱਠਿਆਂ ਇਕੋ ਦਿਨ ਨਿੱਤਰ ਪੈਣ ਦਾ ਟੀਚਾ ਅਜੇ ਸਰ ਕਰਨਾ ਬਾਕੀ ਹੈ। 31 ਮਾਰਚ ਨੂੰ ਮੇਰਾ ਇਹ ਗਿਲਾ ਵੀ ਦੂਰ ਕਰ ਦਿਉ!
‘ਉੱਚਾ ਦਰ’ ਦੀ ਉਸਾਰੀ ਲਈ ਅਸੀ ਜਦ ਵੀ ਪਾਠਕਾਂ ਨੂੰ ਆਵਾਜ਼ ਮਾਰੀ, 50-50 ਹਜ਼ਾਰ ਦੀ ਗਿਣਤੀ ਵਿਚ ਪਾਠਕ, ਰੜੇ ਮੈਦਾਨਾਂ ਵਿਚ ਵੀ ਆ ਇਕੱਤਰ ਹੋਏ ਤੇ ਦੋਵੇਂ ਬਾਹਵਾਂ ਚੁੱਕ ਕੇ ਯਕੀਨ ਦਿਵਾਉਣ ਵਿਚ ਪੇਸ਼-ਪੇਸ਼ ਰਹੇ ਕਿ ਸਪੋਕਸਮੈਨ ਨੂੰ ਅਪਣੇ ਕੋਲੋਂ ਉਸਾਰੀ ਉਤੇ ਇਕ ਪੈਸਾ ਵੀ ਖ਼ਰਚਣ ਨਹੀਂ ਦੇਵਾਂਗੇ ਤੇ 10 ਹਜ਼ਾਰ ਮੈਂਬਰ ਬਣਾ ਕੇ ਪੂਰਾ ਪੈਸਾ ਇਕੱਤਰ ਕਰ ਦਿਆਂਗੇ।
Ucha Dar Babe Nanak Da
ਏਨੇ ਸਪੱਸ਼ਟ ਹੁੰਗਾਰੇ ਮਗਰੋਂ ਹੀ ਅਸੀ ਉੱਚਾ ਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ। ਸਹੁੰ ਖਾ ਕੇ ਇਹ ਵਾਅਦਾ ਮੈਂ ਅਪਣੇ ਵਲੋਂ ਕੀਤਾ ਸੀ ਕਿ ਜਦ ਤਕ ‘ਉੱਚਾ ਦਰ’ ਪੂਰੀ ਤਰ੍ਹਾਂ ਤਿਆਰ ਹੋ ਕੇ ਚਾਲੂ ਨਹੀਂ ਹੋ ਜਾਂਦਾ, ਮੈਂ ਇਕ ਪੈਸੇ ਦੀ ਵੀ ਅਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਵਾਂਗਾ ਤੇ ਮੇਰੀ ਜੇਬ ਵਿਚ ਪਿਆ ਹਰ ਪੈਸਾ, ‘ਉੱਚਾ ਦਰ’ ਦੀ ਮਲਕੀਅਤ ਹੀ ਹੋਵੇਗਾ ¸¸ ਮੇਰਾ ਜਾਂ ਮੇਰੇ ਪ੍ਰਵਾਰ ਦੇ ਜੀਆਂ ਦਾ ਉਸ ਤੇ ਕੋਈ ਹੱਕ ਨਹੀਂ ਹੋਵੇਗਾ। ਜੇਕਰ ਕਿਸੇ ਨੂੰ ਸ਼ੱਕ ਹੋਵੇ ਕਿ ਮੈਂ ਅਪਣੇ ਵਾਅਦੇ ਤੋਂ ਜ਼ਰਾ ਵੀ ਪਿੱਛੇ ਹਟਿਆ ਹਾਂ ਤਾਂ ਖੁਲ੍ਹ ਕੇ ਕਹਿ ਸਕਦਾ ਹੈ ਤੇ ਦਸ ਸਕਦਾ ਹੈ ਕਿ ਕਿਥੇ ਮੈਂ ਅਪਣੇ ਪ੍ਰਣ ਤੋਂ ਜ਼ਰਾ ਜਿੰਨਾ ਵੀ ਪਾਸੇ ਹਟਿਆ ਹਾਂ।
Ucha Dar Babe Nanak Da
ਪਰ ਪਾਠਕ ਅਪਣੇ ਪ੍ਰਣ ਤੇ ਪੂਰੇ ਨਹੀਂ ਉਤਰੇ। ਕਿਉਂ ਨਹੀਂ ਉਤਰੇ? ਕਾਰਨ ਉਹੀ ਭਾਰਤੀ ਸੋਚ ਵਿਚਲੀ ਮਾੜੀ ਪ੍ਰਵਿਰਤੀ ਹੈ ਕਿ ਕੁਰਬਾਨੀ ਕੋਈ ਦੂਜਾ ਦੇਵੇ ਤੇ ਮੈਂ ਕੇਵਲ ਜ਼ੁਬਾਨੀ ਵਾਹਵਾਹ ਕਰ ਕੇ ਹੀ ਕੰਮ ਸਾਰ ਲਵਾਂ। ਇਸੇ ਪ੍ਰਵਿਰਤੀ ਦਾ ਨਤੀਜਾ ਸੀ ਕਿ 50-50 ਹਜ਼ਾਰ ਪਾਠਕਾਂ ਦੀਆਂ ਉੱਠੀਆਂ ਬਾਹਵਾਂ ਵੇਖ ਕੇ ਵੀ ਜਦ ਥੋੜੇ ਦਿਨਾਂ ਬਾਅਦ ਅਸੀ ਪੈਸੇ ਭੇਜਣ ਜਾਂ ਮੈਂਬਰ ਬਣਨ ਲਈ ਅਪੀਲ ਕਰਨੀ ਤਾਂ 5,7 ਜਾਂ ਹੱਦ 10 ਪਾਠਕ ਹੀ ਮੈਂਬਰ ਬਣਨ ਜਾਂ ਪੈਸੇ ਦੇਣ ਲਈ ਨਿਤਰਦੇ।
ਅਸੀ ਹਰ ਵਾਰ ਡਾਢੇ ਪ੍ਰੇਸ਼ਾਨ ਹੋ ਜਾਂਦੇ ਪਰ ਸੋਚਦੇ ਕਿ ਉੱਚਾ ਦਰ ਅੱਧ ਪਚੱਧਾ ਬਣ ਚੁੱਕਾ ਵੇਖ ਕੇ, ਪਾਠਕ ਸ਼ਾਇਦ ਹਜ਼ਾਰਾਂ ਦੀ ਗਿਣਤੀ ਵਿਚ ਨਿੱਤਰ ਆਉਣ ਤੇ ਅਪਣਾ ਵਾਅਦਾ ਪੂਰਾ ਕਰ ਦੇਣ। ਸੋ ਅਸੀ ਬੈਂਕਾਂ ਅਤੇ ਹੋਰਨਾਂ ਤੋਂ ਕਰਜ਼ਾ ਚੁਕ ਕੇ ਕੰਮ ਕਰਨਾ ਸ਼ੁਰੂ ਕਰ ਦਿਤਾ ਤੇ ਇਸੇ ਆਸ ਨਾਲ ਲੱਗੇ ਰਹੇ ਕਿ ਪਾਠਕ ਜ਼ਰੂਰ ਨਿਤਰਨਗੇ ਅਤੇ ਅਪਣਾ ਵਾਅਦਾ ਜ਼ਰੂਰ ਪੂਰਾ ਕਰਨਗੇ।
Rozana Spokesman
ਪਰ ਵਾਰ-ਵਾਰ ਮੈਂਬਰਸ਼ਿਪ ਦੇ ਚੰਦੇ ਘੱਟ ਕਰਨ ਮਗਰੋਂ ਵੀ 8 ਸਾਲਾਂ ਵਿਚ 10 ਹਜ਼ਾਰ ਦੀ ਬਜਾਏ ਕੇਵਲ 3000 ਮੈਂਬਰ ਹੀ ਬਣੇ ਤੇ ਉਹ ਵੀ 5,7,10 ਕਰ ਕੇ ਹੀ। ਨਤੀਜੇ ਵਜੋਂ 80 ਫ਼ੀ ਸਦੀ ਖ਼ਰਚੇ ਦਾ ਪ੍ਰਬੰਧ ਇਕੱਲੇ ਸਪੋਕਸਮੈਨ ਨੂੰ ਕਰਨਾ ਪਿਆ ਪਰ ਰੱਬ ਨੇ ਸਾਨੂੰ ਏਨੀ ਤਾਕਤ ਜ਼ਰੂਰ ਦੇ ਦਿਤੀ ਕਿ ਅਸੀ ਅਪਣਾ ਪ੍ਰਣ ਨਿਭਾ ਸਕੇ ਤੇ ‘ਉੱਚਾ ਦਰ’ ਮੁਕੰਮਲ ਕਰ ਦੇਣ ਦੀ ਹਾਲਤ ਵਿਚ ਆ ਗਏ।
Spokesman's readers
ਉਸ ਮਗਰੋਂ ਇਕ ਨਵੀਂ ਰੁਕਾਵਟ ਆ ਖੜੀ ਹੋਈ ਕਿ ਚਾਲੂ ਕਰਨ ਲਈ 4-5 ਸਰਕਾਰੀ ਮਹਿਕਮਿਆਂ ਤੋਂ ਪ੍ਰਵਾਨਗੀ ਲੈਣ ਲਈ 12 ਹੋਰ ਕੰਮ ਕਰਨੇ ਪੈਣਗੇ ਜਿਨ੍ਹਾਂ ਦਾ ਸਬੰਧ ਵੱਡੀ ਗਿਣਤੀ ਵਿਚ ਆਉਣ ਵਾਲੇ ਯਾਤਰੂਆਂ ਦੀ ਸੇਵਾ ਸੰਭਾਲ, ਸੁਰੱਖਿਆ, ਸਿਹਤ ਅਤੇ ਹੋਰ ਸਹੂਲਤਾਂ ਯਕੀਨੀ ਬਣਾਉਣ ਨਾਲ ਹੈ। ਕੋਰੋਨਾ ਕਾਲ ਵਿਚ ਨਵੇਂ ਅਦਾਰਿਆਂ ਨੂੰ ਹੁਣ ਇਨ੍ਹਾਂ ਸਹੂਲਤਾਂ ਦਾ ਪ੍ਰਬੰਧ ਕੀਤੇ ਬਿਨਾਂ, ਚਾਲੂ ਕਰਨ ਦੀ ਪ੍ਰਵਾਨਗੀ ਹੀ ਨਹੀਂ ਮਿਲਦੀ।
Ucha dar babe nanak da
ਪਿਛਲੇ ਤਜਰਬਿਆਂ ਦਾ ਜ਼ਿਕਰ ਕਰ ਕੇ ਮੈਂ ਪਾਠਕਾਂ ਨੂੰ ਅਪੀਲ ਕੀਤੀ ਸੀ ਕਿ ਇਸ ਵਾਰ ਇਕ ਦਿਨ ਮਿਥ ਕੇ ਸਾਰੇ ਪਾਠਕ ਤੇ ਉੱਚਾ ਦਰ ਦੇ ਸਾਰੇ ਮੈਂਬਰ, ਸਰਕਾਰੀ ਸ਼ਰਤਾਂ ਪੂਰਆਂ ਕਰਨ ਜੋਗੀ ਮਦਦ ਇਕੋ ਦਿਨ ਦੇ ਦੇਣ ਤੇ ਪਿਛਲੀਆਂ ਅਪੀਲਾਂ ਵਾਲਾ ਹਾਲ ਹੀ ਨਾ ਦੁਹਰਾਉਣ ਕਿ 5,7,10 ਪਾਠਕ ਨਿੱਤਰ ਕੇ ਹੀ ਮਾਮਲਾ ਠੱਪ ਦੇਣ। ਹੁਣ ਪਹਿਲੀ ਵਾਰੀ 100 ਤੋਂ ਵੱਧ ਪਾਠਕ ਨਿੱਤਰੇ ਹਨ ਜਿਨ੍ਹਾਂ ਨਾਲ 50 ਲੱਖ ਰੁਪਏ ਇਕੱਤਰ ਹੋ ਗਏ ਹਨ ਪਰ ਇਹ ਤਾਂ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਲਈ ਲੋੜੀਂਦੀ ਰਕਮ ਦਾ 10ਵਾਂ ਹਿੱਸਾ ਹੀ ਬਣਦੇ ਹਨ ਤੇ ਇਸ ਨਾਲ ਇਕ ਦੋ ਕੰਮ ਵੀ ਮਸਾਂ ਹੀ ਕੀਤੇ ਜਾ ਸਕਦੇ ਹਨ। ਕੰਮ ਤਾਂ ਚਾਲੂ ਹੈ ਪਰ ਜੇਕਰ ਪੰਜ ਕਰੋੜ ਦੀ ਥਾਂ ਪੌਣੇ ਪੰਜ ਕਰੋੜ ਵੀ ਇਕੱਤਰ ਹੋ ਜਾਣ ਤਾਂ ਸਰਕਾਰੀ ਪ੍ਰਵਾਨਗੀ ਤਾਂ ਨਹੀਂ ਮਿਲ ਸਕੇਗੀ।
ਆਖ਼ਰੀ ਅਪੀਲ
ਸੋ ਮੇਰੀ ਆਖ਼ਰੀ ਵਾਰ ਦੀ ਅਪੀਲ ਹੈ ਕਿ ‘ਉੱਚਾ ਦਰ ਦੇ ਇਤਿਹਾਸ ਵਿਚ ਇਕ ਵਾਰ ‘ਸਾਰੇ ਪਾਠਕ’ ਤੇ ‘ਸਾਰੇ ਮੈਂਬਰ’ (ਸਾਰੇ ਦਾ ਮਤਲਬ 5, 7, 10 ਜਾਂ 100/200 ਨਹੀਂ, ਸਾਰੇ ਹੀ ਹੋਣਾ ਚਾਹੀਦਾ ਹੈ) 31 ਮਾਰਚ ਨੂੰ ਰਲ ਕੇ ਸਰਕਾਰੀ ਸ਼ਰਤਾਂ ਵਾਲੀ ਰੁਕਾਵਟ ਵੀ ਦੂਰ ਕਰ ਦਿਉ ਤਾਕਿ ਉਹ ਇਨਕਲਾਬ ਸ਼ੁਰੂ ਹੋ ਸਕੇ ਜਿਸ ਨੂੰ ਸ਼ੁਰੂ ਕਰਨ ਲਈ ਅਸੀ ਤੁਸੀ ਸਾਰੇ, ਕਈ ਸਾਲਾਂ ਤੋਂ ਜੂਝ ਰਹੇ ਹਾਂ ਤੇ ਆਸ ਲਗਾਈ ਬੈਠੇ ਹਾਂ।
Ucha Dar Babe Nanak Da
ਉਸ ਤੋਂ ਬਾਅਦ ਕਦੇ ਅਪੀਲ ਨਹੀਂ ਕਰਾਂਗਾ, ਕਦੇ ਮਦਦ ਨਹੀਂ ਮੰਗਾਂਗਾ ਤੇ ਕਦੇ ਤੁਹਾਨੂੰ ਪ੍ਰੇਸ਼ਾਨ ਨਹੀਂ ਕਰਾਂਗਾ, ਇਹ ਮੇਰਾ ਪ੍ਰਣ ਵੀ ਹੈ ਤੇ ਵਾਅਦਾ ਵੀ। ਸੰਭਾਲ ਕੇ ਰੱਖ ਲਉ। ਉਸ ਤੋਂ ਬਾਅਦ ਅਸੀ ਨਾਨਕੀ ਇਨਕਲਾਬ ਦੀ ਗੱਲ ਹੀ ਕਰਿਆ ਕਰਾਂਗੇ, ਗ਼ਰੀਬ ਦੀ ਮਦਦ ਦੀ ਗੱਲ ਹੀ ਕਰਿਆ ਕਰਾਂਗੇ, ਸਮਾਜ ਸੁਧਾਰ ਦੀ ਹੀ ਗੱਲ ਕਰਾਂਗੇ ਤੇ ਨੌਜੁਆਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੀ ਕਰਿਆ ਕਰਾਂਗੇ (ਜ਼ੁਬਾਨੀ ਜਮ੍ਹਾਂ ਖ਼ਰਚ ਨਹੀਂ, ਅਮਲੀ ਰੂਪ ਦੀ ਗੱਲ) ਤੇ ਪੈਸੇ ਦੀ ਗੱਲ ਕਰਨੀ ਹੀ ਬੰਦ ਕਰ ਦਿਆਂਗੇ। 31 ਮਾਰਚ ਨੂੰ ਤੁਸੀ ਮੇਰੀ ਗੱਲ ਮੰਨ ਲਉ, ਉਸ ਤੋਂ ਬਾਅਦ ਮੇਰੀ ਗੱਲ ਖ਼ਤਮ, ਬਾਬੇ ਨਾਨਕ ਦੀ ਜਾਂ ਤੁਹਾਡੀ ਗੱਲ ਸ਼ੁਰੂ।