Farmer Protest: ਕਿਸਾਨ ਅੰਦੋਲਨ ‘ਸ਼ਰੀਕੇਬਾਜ਼ੀ’ ਦੀ  ਮੰਝਧਾਰ ’ਚੋਂ ਨਿਕਲ ਵੀ ਸਕੇਗਾ ਜਾਂ...?
Published : Feb 25, 2024, 7:47 am IST
Updated : Feb 25, 2024, 7:49 am IST
SHARE ARTICLE
File Photo
File Photo

ਸ਼ਰੀਕੇਬਾਜ਼ੀ ਲਈ ਪੰਜਾਬੀ ਸਮਾਜ ਬਦਨਾਮ ਹੈ ਪਰ ਸਿੱਖ ਇਤਿਹਾਸ ਵਿਚ ਇਕ ਬੜੀ ਸੁੰਦਰ ਮਿਸਾਲ ਮਿਲਦੀ ਹੈ ਜਿਥੇ ਸ਼ਰੀਕੇਬਾਜ਼ੀ ਛੱਡ ਕੇ, ਹਾਰੀ ਹੋਈ ਬਾਜ਼ੀ ਤੁਰਤ ਜਿੱਤੀ ਗਈ ਸੀ

ਦੋ ਢਾਈ ਸਾਲ ਪਹਿਲਾਂ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਭਾਵੇਂ ਸਾਨੂੰ ਅੰਦਰ ਦੇ ਵਖਰੇਵਿਆਂ, ਸੋਚ ਵਿਚ ਫ਼ਰਕ ਤੇ ਸੱਭ ਤੋਂ ਵੱਧ ਸ਼ਰੀਕੇਬਾਜ਼ੀ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਸਨ ਪਰ ਪੰਜਾਬ ਅਤੇ ਕਿਸਾਨ ਜਗਤ ਦਾ ਭਲਾ ਚਾਹੁਣ ਵਾਲਾ ਹਰ ਬੰਦਾ ਇਹੀ ਅਰਦਾਸ ਕਰਦਾ ਸੀ ਕਿ ਇਹ ਵਖਰੇਵੇਂ ਸਮੁੱਚੀ ਏਕਤਾ ਉਤੇ ਅਸਰ-ਅੰਦਾਜ਼ ਨਾ ਹੋ ਸਕਣ ਤੇ ਕੁਰਬਾਨੀ ਦੇਣ ਵਾਲੇ ਗ਼ਰੀਬ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਫ਼ਲਤਾ ਨਾਂ ਦੀ ਸੁਗਾਤ ਝੋਲੀ ਵਿਚ ਪਵਾਉਣ ਦਾ ਮੌਕਾ ਇਸ ਵਾਰ ਜ਼ਰੂਰ ਮਿਲੇ। ਚਲੋ ਵਾਹਿਗੁਰੂ ਨੇ ਸੱਭ ਗ਼ਰੀਬਾਂ ਦੀ ਸੁਣ ਲਈ ਤੇ ਅੰਦਰ ਦੀਆਂ ਹਜ਼ਾਰ ਵਿਰੋਧਤਾਵਾਂ ਤੇ ਆਪਾ-ਵਿਰੋਧੀ ਗੱਲਾਂ ਦੇ ਬਾਵਜੂਦ, ਮੋਰਚਾ ਜਿਤਿਆ ਗਿਆ ਤੇ 3 ਕਾਲੇ ਕਾਨੂੰਨ ਰੱਦ ਹੋ ਗਏ। ਸਪੋਕਸਮੈਨ ਨੇ ਤਾਂ ਰਾਏ ਦਿਤੀ ਸੀ ਕਿ ਥੋੜੀ ਇੰਤਜ਼ਾਰ ਹੋਰ ਕਰ ਲਉ ਤੇ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾ ਕੇ ਉਠੋ। ਅਸੀ ਮਿਸਾਲ ਵੀ ਦਿਤੀ ਸੀ ਕਿ 1966 ਵਿਚ ਪੰਜਾਬੀ ਸੂਬੇ ਦੀ ਮੰਗ ਤਾਂ ਮੰਨੀ ਗਈ ਪਰ ਉਸ ਵੇਲੇ ਦੇ ਅਕਾਲੀ ਆਗੂਆਂ ਨੇ ਵਿਸਥਾਰ ਉਡੀਕੇ ਬਿਨਾਂ ਦੀਪਮਾਲਾ ਕਰਨ ਦੇ ਹੁਕਮ ਦੇ ਦਿਤੇ ਤੇ ਉਨ੍ਹਾਂ ਦਾ ਪ੍ਰਧਾਨ ਸੰਤ ਫ਼ਤਿਹ ਸਿੰਘ ਹਵਾਈ ਜਹਾਜ਼ ’ਤੇ ਚੜ੍ਹ ਕੇ ਇੰਗਲੈਂਡ ਚਲਾ ਗਿਆ ਤਾਕਿ ਉਥੋਂ ਦੀ ਸੰਗਤ ਕੋਲੋਂ ‘ਸਨਮਾਨ’ ਕਰਵਾ ਸਕੇ। ਇਸ ਅਣਗਹਿਲੀ ਦੀ ਕੀਮਤ ਅੱਜ ਤਕ ਸਾਰੇ ਪੰਜਾਬ ਨੂੰ ਤਾਰਨੀ ਪੈ ਰਹੀ ਹੈ। ਪੰਜਾਬ ਨੂੰ ਮਿਲਿਆ ਤਾਂ ਕੁੱਝ ਨਾ ਪਰ ਜੋ ਕੁੱਝ ਪੰਜਾਬ ਕੋਲ ਸੀ ਵੀ, ਉਹ ਵੀ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਰਾਹੀਂ ਖੋਹ ਲਿਆ ਗਿਆ। ਪੰਜਾਬ ਮਸਲੇ ਤੇ ਕੇਂਦਰ ਦਾ ‘ਇਨਸਾਫ਼’ ਤਾਂ ਇਹੋ ਜਿਹਾ ਹੀ ਹੁੰਦਾ ਹੈ। ਉਹ ਜਦੋਂ ਵੀ ਪੰਜਾਬ ਵਾਲਿਆਂ ਨੂੰ ਕੁੱਝ ‘ਦੇਣ’ ਦੀ ਗੱਲ ਕਰਦਾ ਹੈ ਤਾਂ ਵੇਖ ਲੈਣਾ ਚਾਹੀਦਾ ਹੈ ਕਿ ‘ਦੇਣ’ ਦੇ ਨਾਂ ਤੇ ਬਹੁਤਾ ਕੁੱਝ ਖੋਹ ਕੇ ਤਾਂ ਨਹੀਂ ਲੈ ਗਿਆ? 
ਇਸ ਵਾਰ ਚਾਰ ਵਾਰ ਕੇਂਦਰ ਦੇ ਵਜ਼ੀਰ ਚੰਡੀਗੜ੍ਹ ਕਿਸਾਨ ਲੀਡਰਾਂ ਨੂੰ ਮਿਲਣ ਲਈ ਆਏ ਤਾਂ ਪ੍ਰਭਾਵ ਇਹੀ ਬਣਿਆ ਕਿ ਇਸ ਵਾਰ ਕੁੱਝ ਦੇਣਾ ਜ਼ਰੂਰ ਚਾਹੁੰਦੇ ਹਨ ਕਿਉਂਕਿ ਪਾਰਲੀਮੈਂਟਰੀ ਚੋਣਾਂ ਸਿਰ ’ਤੇ ਖੜੀਆਂ ਹਨ ਤੇ ਕਿਸਾਨਾਂ ਦੀ ਨਾਰਾਜ਼ਗੀ ਤੋਂ ਉਨ੍ਹਾਂ ਨੂੰ ਡਰ ਲੱਗਣ ਲੱਗ ਪਿਆ ਹੈ। ਪਰ ਚੌਥੇ ਗੇੜ ਦੀ ਅੰਤਮ ਗੱਲਬਾਤ ਵਿਚ ਉਨ੍ਹਾਂ ਨੇ ਅਪਣਾ ਥੈਲਾ ਖੋਲ੍ਹਿਆ ਤਾਂ ਵਿਚੋਂ ਉਹੀ ‘ਠੇਕਾ ਖੇਤੀ’ ਦਾ ਮਰਿਆ ਹੋਇਆ ਕਬੂਤਰ ਨਿਕਲਿਆ ਜੋ ਤਿੰਨ ਕਾਲੇ ਕਾਨੂੰਨਾਂ ਰਾਹੀਂ ਦੇਣ ਦੀ ਕੇਂਦਰ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕਾ ਸੀ ਪਰ ਕਿਸਾਨਾਂ ਨੇ ਲੈਣ ਤੋਂ ਨਾਂਹ ਕਰ ਦਿਤੀ ਸੀ। ਦੂਜੇ ਲਫ਼ਜ਼ਾਂ ਵਿਚ ਕਿਸਾਨ ‘ਠੇਕਾ ਖੇਤੀ’ ਦਾ ਪਹਿਲਾਂ ਹੀ ਭੋਗ ਪਾ ਚੁੱਕੇ ਸਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਦਾ ਮਕਸਦ, ਹੌਲੀ ਹੌਲੀ ਕਿਸਾਨ ਦੀ ਖੇਤੀ ਉਤੇ ਧਨਾਢ ਵਪਾਰੀ ਦਾ ਕਬਜ਼ਾ ਕਰਵਾ ਕੇ, ਕਿਸਾਨ ਨੂੰ ਉਸ ਦੀ ਜ਼ਮੀਨ ਤੋਂ ਪਾਸੇ ਕਰਨਾ ਹੀ ਹੈ।
ਖ਼ੈਰ, 21 ਫ਼ਰਵਰੀ ਨੂੰ ਕਿਸਾਨ ਲੀਡਰਾਂ ਨੇ ਫਿਰ ਤੋਂ ਦਿੱਲੀ ਮਾਰਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਵਾਰ ਕੇਂਦਰ ਸਰਕਾਰ ਸਹੁੰ ਖਾਈ ਬੈਠੀ ਸੀ ਕਿ ਕੁੱਝ ਵੀ ਹੋ ਜਾਏ, ਕਿਸਾਨਾਂ ਨੂੰ ਦਿੱਲੀ ਨਹੀਂ ਵੜਨ ਦੇਣਾ। ਕੇਵਲ ਪੰਜਾਬ ਦੇ ਹੀ ਨਹੀਂ, ਹੋਰ ਵੀ ਜਿਹੜੇ ਜਿਹੜੇ ਸੂਬਿਆਂ ’ਚੋਂ ਕਿਸਾਨ, ਦਿੱਲੀ ਪੁੱਜਣ ਲਈ ਨਿਕਲੇ ਉਨ੍ਹਾਂ ਨੂੰ ਰਸਤੇ ਵਿਚ ਹੀ ਗ੍ਰਿਫ਼ਤਾਰ ਕਰ ਲਿਆ। 
ਪਰ ਪੰਜਾਬ ਦੇ ਕਿਸਾਨਾਂ ਦੇ ਹੌਸਲੇ ਅਜੇ ਵੀ ਪਸਤ ਨਾ ਹੋਏ ਤੇ ਉਹ ਰੋਕਾਂ ਨਾਕਿਆਂ, ਅਥਰੂ ਗੈਸ ਦੇ ਗੋਲਿਆਂ, ਸੜਕਾਂ ਵਿਚ ਗੱਡੀਆਂ ਵੱਡੀਆਂ ਵੱਡੀਆਂ ਕਿੱਲਾਂ ਦੀ ਪ੍ਰਵਾਹ ਨਾ ਕਰਦੇ ਹੋਏ ਅੱਗੇ ਵਧਦੇ ਰਹੇ ਪਰ ਇਸ ਵਾਰ ਉਹ ਜ਼ੁਲਮ ਸ਼ੁਰੂ ਹੋ ਗਿਆ ਜਿਸ ਦੀ ਇਕ ਲੋਕ-ਰਾਜੀ ਦੇਸ਼ ਵਿਚ ਆਸ ਹੀ ਕੋਈ ਨਹੀਂ ਸੀ ਕਰ ਸਕਦਾ। ਨਤੀਜੇ ਵਜੋਂ ਇਕ 22 ਸਾਲ ਦਾ ਨੌਜੁਆਨ ਸ਼ੁਭ ਕਰਨ ਸ਼ਹੀਦ ਹੋ ਗਿਆ ਤੇ ਦੋ ਢਾਈ ਸੌ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। 
ਅਜਿਹੇ ਮੌਕੇ ਆਸ ਕੀਤੀ ਜਾਣ ਲੱਗੀ ਕਿ ਜਿਹੜੀਆਂ ‘ਸਿਆਸੀ’ ਕਿਸਾਨ ਯੂਨੀਅਨਾਂ ਇਨ੍ਹਾਂ ‘‘ਗ਼ੈਰ ਸਿਆਸੀ’ ਯੂਨੀਅਨਾਂ ਦੇ ਕਾਫ਼ਲੇ ਵਿਚ ਸ਼ਾਮਲ ਨਹੀਂ ਸਨ ਹੋਈਆਂ, ਉਹ ਐਲਾਨ ਕਰਨਗੀਆਂ ਕਿ ਕਿਸਾਨ ਜਗਤ ਦੀਆਂ ਸਾਂਝੀਆਂ ਮੰਗਾਂ ਲਈ ਜਿਸ ਕਿਸੇ ਨੇ ਵੀ ਅੰਦੋਲਨ ਸ਼ੁਰੂ ਕੀਤਾ ਹੈ, ਉਹ ਸਾਰੇ ਕਿਸਾਨਾਂ ਦਾ ਅੰਦੋਲਨ ਹੈ ਤੇ ਅਸੀ ਉਸ ਨੂੰ ਫ਼ੇਲ੍ਹ ਨਹੀਂ ਹੋਣ ਦੇਵਾਂਗੇ ਤੇ ਰਲ ਕੇ ਲੜਾਂਗੇ, ਰਲ ਕੇ ਹੀ ਜਿੱਤਾਂਗੇ।’’
ਇਸ ਐਲਾਨ ਨੇ ਸਾਰੇ ਦੇਸ਼ ਦੇ ਕਿਸਾਨਾਂ ਅੰਦਰ ਨਵੀਂ ਰੂਹ ਫੂਕ ਦੇਣੀ ਸੀ ਤੇ ਕੇਂਦਰ ਨੇ ਵੀ ਇਕ ਵਾਰ ਫਿਰ ਤੋਂ ਸੋਚਣਾ ਸ਼ੁਰੂ ਕਰ ਦੇਣਾ ਸੀ ਕਿ ਕੁੱਝ ਦਿਤੇ ਬਿਨਾਂ, ਚਲਾਕੀਆਂ ਤੇ ਗੱਲਾਂਬਾਤਾਂ ਨਾਲ ਗੱਲ ਨਹੀਂ ਬਣਨੀ। ਸਿੱਖ ਇਤਿਹਾਸ ਵਿਚ ਮਿਸਾਲ ਮਿਲਦੀ ਹੈ ਕਿ ਸਾਡਾ ਇਕ ਜਰਨੈਲ ਮੁਗ਼ਲਾਂ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਸਿੱਖਾਂ ਵਿਰੁਧ ਲੜ ਰਿਹਾ ਸੀ ਪਰ ਜਦ ਉਸ ਦੇ ਅੰਦਰ ਇਹ ਵਿਚਾਰ ਪੈਦਾ ਹੋਇਆ ਕਿ ਉਸ ਵਲੋਂ ਮੁਗ਼ਲਾਂ ਦਾ ਸਾਥ ਦੇਣ ਨਾਲ ਸਿੱਖ ਹਾਰ ਗਏ ਤਾਂ ਉਹ ਅਪਣਾ ਮੂੰਹ ਆਪ ਵੀ ਕਿਵੇਂ ਵੇਖਣਾ ਗਵਾਰਾ ਕਰ ਸਕੇਗਾ? - ਤਾਂ ਉਸ ਨੇ ਝੱਟ ਰੁੱਕਾ ਭੇਜ ਦਿਤਾ ਕਿ ਮੈਂ ਪੰਥ ਦੀ ਹਾਰ ਨਹੀਂ ਵੇਖ ਸਕਦਾ, ਇਸ ਲਈ ਆ ਰਿਹਾ ਹਾਂ। ਰਲ ਕੇ ਲੜਾਂਗੇ ਤੇ ਰੱਲ ਕੇ ਜਿੱਤਾਂਗੇ।’’ ਇਕਦੰਮ ਪਾਸਾ ਪਲਟ ਗਿਆ। ਮੈਂ ਜਾਣਬੁੱਝ ਕੇ ਨਾਂ ਨਹੀਂ ਲਿਖ ਰਿਹਾ ਕਿਉਂਕਿ ਇਸ ਨਾਲ ‘‘ਉਹ ਗੱਲ ਹੋਰ ਸੀ, ਅੱਜ ਗੱਲ ਹੋਰ ਹੈ’’ ਵਰਗੀਆਂ ਢੁਚਰਾਂ ਘੜੀਆਂ ਜਾਣ ਲਗਦੀਆਂ ਹਨ। ਮੈਂ ਕੇਵਲ ਘਟਨਾ ਦੇ ਸਬਕ ਤਕ ਹੀ ਗੱਲ ਰੱਖੀ ਹੈ। 
ਸਾਰੇ ਕਿਸਾਨੀ ਜਗਤ ਦੀ ਲੜਾਈ ਲੜਨ ਵਾਲੇ, ਉਪ੍ਰੋਕਤ ਜਰਨੈਲ ਦੀ ਘਟਨਾ ਤੋਂ ਸਬਕ ਲੈਣ ਦੀ ਬਜਾਏ ਪੰਜਾਬ ਦੀ ਬਦਨਾਮ ਸ਼ਰੀਕੇਬਾਜ਼ੀ ਦਾ ਸਹਾਰਾ ਲੈ ਰਹੇ ਹਨ - ‘‘ਚੰਗਾ ਹੋਇਆ, ਹਾਰ ਗਏ... ਸਾਨੂੰ ਕਿਹੜਾ ਪੁਛ ਕੇ ਅੰਦੋਲਨ ਸ਼ੁਰੂ ਕੀਤਾ ਸੀ? ਬੜੇ ਨਾਢੂ ਖ਼ਾਂ ਬਣੇ ਫਿਰਦੇ ਸਨ। ਹੁਣ ਇਕੱਲੇ ਈ ਭੁਗਤਣ ਅਪਣੀ ਕੀਤੀ ਦਾ ਫੱਲ...।’’ ਇਹੋ ਜਹੀ ਸ਼ਰੀਕੇਬਾਜ਼ੀ ਸਾਡੇ ਘਰਾਂ ਵਿਚ ਆਮ ਵੇਖੀ ਜਾਂਦੀ ਹੈ। ਵੱਡੇ ਕੰਮ ਕਰਨ ਲਗਿਆਂ ਇਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਕੀ ਜਿੱਤਾਂਗੇ ਤੇ ਕੀ ਹਾਰਾਂਗੇ, ਇਥੋਂ ਤਕ ਹੀ ਸੋਚ ਟਿਕੀ ਰਹਿਣੀ ਚਾਹੀਦੀ ਹੈ!!  

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement