
ਪੰਜਾਬੀ ਸੂਬੇ ਬਾਰੇ ਨਹਿਰੂ - ਮਾ. ਤਾਰਾ ਸਿੰਘ ਝੜਪ
1947 ਵਿਚ ਦੇਸ਼ ਆਜ਼ਾਦ ਹੋਇਆ। ਸਿੱਖਾਂ ਦੇ ਲੀਡਰ ਮਾ. ਤਾਰਾ ਸਿੰਘ ਦਾ ਕੇਂਦਰ ਸਰਕਾਰ ਵਿਚ ਵੀ ਬੜਾ ਸਤਿਕਾਰ ਸੀ ਕਿਉਂਕਿ ਉਦੋਂ ਸ਼ਰੇਆਮ ਮੰਨਿਆ ਜਾਂਦਾ ਸੀ ਕਿ ਸਿੱਖਾਂ ਦੇ ਲੀਡਰ ਨੇ ਇਕੱਲਿਆਂ ਹੀ ਅੱਧਾ ਪੰਜਾਬ, ਪਾਕਿਸਤਾਨ ਕੋਲੋਂ ਖੋਹ ਕੇ ਹਿੰਦੁਸਤਾਨ ਨੂੰ ਲੈ ਦਿਤਾ ਸੀ। ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼ ਦੀ ਇਤਿਹਾਸ ਦੀ ਕਿਤਾਬ ਸਾਨੂੰ ਵੀ ਸਕੂਲ ਵਿਚ ਲੱਗੀ ਹੋਈ ਸੀ। ਉਸ ਵਿਚ ਵੀ ਇਸ ਗੱਲ ਦਾ ਜ਼ਿਕਰ ਕਰ ਕੇ ਮਾ. ਤਾਰਾ ਸਿੰਘ ਨੂੰ ਗਾਂਧੀ ਅਤੇ ਨਹਿਰੂ ਤੋਂ ਬਾਅਦ ਦੇਸ਼ ਦਾ ਤੀਜਾ ਵੱਡਾ ਲੀਡਰ ਦਸਿਆ ਗਿਆ ਸੀ। ਸਿੱਖਾਂ ਵਿਚ ਤਾਂ ਮਾ. ਤਾਰਾ ਸਿੰਘ ਦਾ ਵਿਰੋਧ ਕਰਨ ਵਾਲਾ ਕੋਈ ਸੀ ਹੀ ਨਹੀਂ ਪਰ ਸਾਰੇ ਦੇਸ਼ ਵਿਚ ਵੀ ਕੇਵਲ ਉਨ੍ਹਾਂ ਦੇ ਹੱਕ ਵਿਚ ਹੀ ਆਵਾਜ਼ ਸੁਣਾਈ ਦੇਂਦੀ ਸੀ।
Master Tara Singh
ਇਹ ਆਮ ਮੰਨਿਆ ਜਾਂਦਾ ਸੀ ਕਿ ਜੇ ਮਾ. ਤਾਰਾ ਸਿੰਘ ਇਹ ਵੱਡਾ ਕਾਰਨਾਮਾ ਨਾ ਕਰ ਵਿਖਾਂਦੇ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਸਰਹੱਦ ਗੁੜਗਾਉਂ ਕੋਲ ਹੋਣੀ ਸੀ (ਮੁਸਲਿਮ ਲੀਗ ਵਲੋਂ ਤਿਆਰ ਕੀਤੇ ਨਕਸ਼ੇ ਵਿਚ ਵੀ ਇਹ ਸਰਹੱਦ ਗੁੜਗਾਉਂ ਕੋਲ ਹੀ ਸੀ) ਤੇ ਉਸ ਨਾਲ ਹਿੰਦੁਸਤਾਨ ਬਹੁਤ ਕਮਜ਼ੋਰ ਪੈ ਜਾਣਾ ਸੀ ਤੇ ਰਾਜਧਾਨੀ ਵੀ ਦਿੱਲੀ ਤੋਂ ਚੁਕ ਕੇ ਕਿਧਰੇ ਦੂਰ ਲਿਜਾਣੀ ਪੈਣੀ ਸੀ। ਪਰ ਮਾ. ਤਾਰਾ ਸਿੰਘ ਆਪ ਅਪਣੀ ‘ਪ੍ਰਾਪਤੀ’ ਬਾਰੇ ਗੱਲ ਨਹੀਂ ਸਨ ਕਰਦੇ ਸਗੋਂ ਇਸ ਗੱਲ ਨੂੰ ਲੈ ਕੇ ਹੀ ਦੁਖ ਪ੍ਰਗਟ ਕਰਦੇ ਰਹਿੰਦੇ ਸਨ ਕਿ 10 ਲੱਖ ਪੰਜਾਬੀਆਂ ਨੂੰ 1947 ਵਿਚ ਕੁਰਬਾਨ ਹੋਣਾ ਪਿਆ ਤੇ ਸਿੱਖਾਂ ਨੂੰ ਸੱਭ ਤੋਂ ਵੱਧ ਨੁਕਸਾਨ ਸਹਿਣਾ ਪਿਆ।
C. Rajagopalachari
ਇਕ ਵੱਡੇ ਕਾਂਗਰਸੀ ਲੀਡਰ (ਸ਼ਾਇਦ ਸੀ. ਰਾਜ ਗੋਪਾਲਾਚਾਰੀਆ ਸੀ, ਮੈਨੂੰ ਠੀਕ ਯਾਦ ਨਹੀਂ) ਨਾਲ ਵੀ ਮਾ. ਤਾਰਾ ਸਿੰਘ ਇਹੀ ਗੱਲ ਛੇੜ ਬੈਠੇ ਕਿ ‘‘ਆਜ਼ਾਦੀ ਲਈ ਸੱਭ ਤੋਂ ਵੱਧ ਕੁਰਬਾਨੀਆਂ ਵੀ ਸਿੱਖਾਂ ਨੂੰ ਦੇਣੀਆਂ ਪਈਆਂ ਹਨ ਤੇ ਨੁਕਸਾਨ ਵੀ ਸੱਭ ਤੋਂ ਵੱਧ ਉਠਾਣਾ ਪਿਆ ਹੈ, ਇਸ ਲਈ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰ ਕੇ ਸਿੱਖਾਂ ਦੇ ਹੌਸਲੇ ਵਧਾਉ।’’ ਸੀ. ਰਾਜਗੋਪਾਲਾਚਾਰੀਆ ਬੋਲੇ, ‘‘ਅਰੇ ਮਾਸਟਰ ਜੀ, ਆਪ ਨੇ ਤੋ ਏਕ ਝਟਕੇ ਮੇਂ ਸਿੱਖੋਂ ਕੀ ਗਿਨਤੀ ਪੰਜਾਬ ਮੇਂ 13 ਫ਼ੀ ਸਦੀ ਸੇ ਬੜ੍ਹਾ ਕਰ 33 ਫ਼ੀ ਸਦੀ ਕਰ ਲੀ। ਸਿੱਖੋਂ ਕੇ ਸਾਰੇ ਇਤਿਹਾਸ ਮੇਂ ਇਤਨੀ ਬੜੀ ਜੰਪ (ਛਲਾਂਗ) ਕਿਸੀ ਔਰ ਸਿੱਖ ਲੀਡਰ ਨੇ ਸਿੱਖੋਂ ਕੋ ਨਹੀਂ ਦਿਲਾਈ ਹੋਗੀ ਔਰ ਆਪ ਸਿੱਖੋਂ ਕੇ ਹੂਏ ਨੁਕਸਾਨ ਕੋ ਲੇ ਬੈਠਤੇ ਹੈਂ।
Indian National Congress
ਉਨ ਕੋ ਜੋ ਫ਼ਾਇਦਾ ਆਪ ਨੇ ਅਪਨੇ ਏਕ ਝਟਕੇ ਸੇ ਦਿਲਾ ਦੀਆ, ਉਸ ਕੀ ਆਪ ਬਾਤ ਹੀ ਨਹੀਂ ਕਰਤੇ। ਪ੍ਰਮਾਤਮਾ ਕਾ ਸ਼ੁਕਰ ਮਨਾਈਏ ਕਿ ਹਿੰਦੂਉਂ ਨੇ ਭੀ ਆਪ ਕੋ ਅਪਨਾ ਲੀਡਰ ਮਾਨ ਕਰ, ਪੰਜਾਬ ਮੇਂ ਪਹਿਲੀ ਬਾਰ ਸਿੱਖੋਂ ਕੀ ਆਬਾਦੀ 33 ਫ਼ੀ ਸਦੀ ਕਰਨੇ ਮੇਂ ਮਦਦ ਕੀ। ਕਾਂਗਰਸ ਭੀ ਪੂਰਾ ਪੰਜਾਬ ਮੁਸਲਿਮ ਲੀਗ ਕੋ ਦੇਨਾ ਮਾਨ ਗਈ ਥੀ ਕਿਉਂਕਿ ਹਮ ਪੰਜਾਬ ਕੀ ਖ਼ਾਤਰ ਆਜ਼ਾਦੀ ਮਿਲਨੇ ਮੇਂ ਔਰ ਜ਼ਿਆਦਾ ਦੇਰੀ ਬਰਦਾਸ਼ਤ ਕਰਨੇ ਕੇ ਲੀਏ ਤਿਆਰ ਨਹੀਂ ਥੇ। ਆਪ ਜ਼ਿੰਮੇਵਾਰੀ ਨਾ ਲੇਤੇ ਤੋ ਹਮ ਤੋ ਹਾਥ ਖੜੇ ਕਰ ਬੈਠੇ ਥੇ।’’
Giani Kartar Singh
ਪਰ ਮਾ. ਤਾਰਾ ਸਿੰਘ ਸਿੱਖਾਂ ਨਾਲ ਕੀਤੇ ਵਾਅਦੇ ਭੁੱਲਣ ਨੂੰ ਤਿਆਰ ਨਾ ਹੋਏ ਤੇ ਕੇਂਦਰ ਨੇ ਵੀ ਮਾ. ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਤੇ ਅਕਾਲੀ ਦਲ ਨੂੰ ‘ਗ਼ੈਰ ਕਾਨੂੰਨੀ’ ਪਾਰਟੀ ਘੋਸ਼ਿਤ ਕਰ ਕੇ ਉਨ੍ਹਾਂ ਵਿਰੁਧ ਮੋਰਚਾ ਖੋਲ੍ਹ ਦਿਤਾ। ਉਸ ਵਕਤ ਗਿ. ਕਰਤਾਰ ਸਿੰਘ ਨੇ ਲੜਾਈ ਵਿਚ ਵਿਚਕਾਰਲਾ ਰਾਹ ਕਢਿਆ ਤੇ ਦਸਿਆ ਕਿ ਕਾਂਗਰਸ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਸੂਬੇ ਬਣਾਉਣ ਜਾ ਰਹੀ ਹੈ। ਅਸੀ ਵੀ ਪੰਜਾਬੀ ਸੂਬਾ ਮੰਗ ਲਈਏ। ਇਹ ਨਾਂਹ ਨਹੀਂ ਕਰ ਸਕਣਗੇ। ਹਰਿਆਣੇ ਵਾਲੇ ਹਿੰਦੀ-ਭਾਸ਼ੀ ਇਲਾਕੇ ਵੱਖ ਕਰਨੇ ਹੀ ਪੈਣਗੇ ਤੇ ਬਾਕੀ ਦੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ 50 ਫ਼ੀ ਸਦੀ ਤੋਂ ਵੱਧ ਹੋ ਜਾਏਗੀ। ਅੱਧੀ ਲੜਾਈ ਤਾਂ ਇਸ ਨਾਲ ਹੀ ਜਿੱਤੀ ਜਾਏਗੀ ਤੇ ਬਾਕੀ ਅੱਧੀ ਉਸ ਮਗਰੋਂ ਜਿਤਣੀ ਹੋਰ ਵੀ ਸੌਖੀ ਹੋ ਜਾਏਗੀ।’’
shiromani akali dal
ਮਾ. ਤਾਰਾ ਸਿੰਘ ਤਾਂ ਸਹਿਮਤ ਨਹੀਂ ਸਨ ਪਰ ਸਾਰੇ ਅਕਾਲੀ ਗਿਆਨੀ ਕਰਤਾਰ ਸਿੰਘ ਨਾਲ ਸਹਿਮਤ ਹੋ ਗਏ ਤੇ ਮਾ. ਤਾਰਾ ਸਿੰਘ ਨੂੰ ਵੀ ਉਨ੍ਹਾਂ ਦੀ ਗੱਲ ਮੰਨਣੀ ਪਈ। ਉਸ ਵੇਲੇ ਯਾਨੀ ਪੰਜਾਬੀ ਸੂਬੇ ਦੀ ਮੰਗ ਰੱਖਣ ਵੇਲੇ ਸਾਰੇ ਅਕਾਲੀ, ਆਪਸੀ ਗੱਲਬਾਤ ਵਿਚ ਇਹੀ ਦਲੀਲਾਂ ਦੇਂਦੇ ਸਨ ਕਿ ਪੰਜਾਬੀ ਸੂਬਾ ਬਣ ਗਿਆ ਤਾਂ ਦੇਸ਼ ਵਿਚ ਪਹਿਲਾ ਸਿੱਖ ਬਹੁਗਿਣਤੀ ਵਾਲਾ ਰਾਜ ਵੀ ਹੋਂਦ ਵਿਚ ਆ ਜਾਏਗਾ ਜਿਥੇ ਸਿਆਸੀ ਤਾਕਤ ਸਦਾ ਸ਼੍ਰੋਮਣੀ ਅਕਾਲੀ ਦਲ ਕੋਲ ਰਹੇਗੀ ਕਿਉਂਕਿ ਸਿੱਖ ਵੋਟਰ, ਅਕਾਲੀ ਦਲ ਤੋਂ ਬਾਹਰ ਕਦੇ ਨਹੀਂ ਜਾਏਗਾ ਤੇ ਹਿੰਦੂ ਵੋਟਰ ਕਈ ਹਿੰਦੂ ਪਾਰਟੀਆਂ ਵਿਚ ਵੰਡਿਆ ਰਹੇਗਾ। ਇਥੇ ਅਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਵਧੀਆ ਰਾਜ ਦੇ ਕੇ ਸਾਰੇ ਦੇਸ਼ ਨੂੰ ਅਗਵਾਈ ਦੇਣ ਜੋਗੇ ਹੋ ਜਾਵਾਂਗੇ।’’
Maharaja Ranjit Singh
ਇਹ ‘ਦਲੀਲਾਂ’ ਕੇਂਦਰ ਤਕ ਵੀ ਪਹੁੰਚ ਗਈਆਂ। ਇਕ ਪਾਸੇ ਉਨ੍ਹਾਂ ਨੇ ਅਕਾਲੀ ਦਲ ਨੂੰ ਦੋ-ਫਾੜ ਕਰਨ ਦੀਆਂ ਸਕੀਮਾਂ ਤਿਆਰ ਕਰਨੀਆਂ ਸ਼ੁਰੂ ਕਰ ਦਿਤੀਆਂ ਤੇ ਦੂਜੇ ਪਾਸੇ ਪੰਜਾਬੀ ਹਿੰਦੂਆਂ ਨੂੰ ਡਰਾਉਣ ਲਈ ਵਿਸ਼ੇਸ਼ ਏਜੰਸੀਆਂ ਦੀਆਂ ਡਿਊਟੀਆਂ ਲਗਾ ਦਿਤੀਆਂ ਕਿ ਜੇ ਪੰਜਾਬੀ ਸੂਬਾ ਬਣ ਗਿਆ ਤਾਂ ਇਥੇ ਖ਼ਾਲਿਸਤਾਨ ਬਣ ਜਾਏਗਾ ਤੇ ਹਿੰਦੂਆਂ ਦਾ ਕੱਖ ਨਹੀਂ ਰਹੇਗਾ, ਇਸ ਲਈ ਪੰਜਾਬੀ ਸੂਬੇ ਦੀ ਵਿਰੋਧਤਾ ਜੀਅ ਜਾਨ ਨਾਲ ਕਰੋ। ਇਸ ਨੀਤੀ ਅਧੀਨ ਹਿੰਦੂਆਂ ਨੂੰ ਦਿੱਲੀਉਂ ਆਦੇਸ਼ ਮਿਲੇ ਕਿ ਮਰਦਮ ਸ਼ੁਮਾਰੀ ਵਿਚ ਪੰਜਾਬੀ ਨੂੰ ਅਪਣੀ ਮਾਤ-ਭਾਸ਼ਾ ਹੀ ਨਹੀਂ ਮੰਨਣਾ ਸਗੋਂ ਹਿੰਦੀ ਨੂੰ ਮਾਤ-ਭਾਸ਼ਾ ਮੰਨਣਾ ਹੈ ਤਾਕਿ ਕੇਂਦਰ ਪੰਜਾਬੀ ਸੂਬੇ ਦੀ ਮੰਗ ਰੱਦ ਕਰ ਸਕੇ।
Jawaharlal Nehru
ਖ਼ੈਰ ਪੰਜਾਬੀ ਸੂਬੇ ਦੀ ਲੜਾਈ ਸ਼ੁਰੂ ਹੋ ਗਈ। ਮੋਰਚੇ ਲੱਗੇ। ਫਿਰ ਕੇਂਦਰ ਗੱਲਬਾਤ ਕਰਨ ਲਈ ਮਜਬੂਰ ਹੋ ਗਿਆ। ਪਹਿਲੀ ਮੁਲਾਕਾਤ ਵਿਚ ਹੀ ਮਾ. ਤਾਰਾ ਸਿੰਘ ਦੀਆਂ ਦਲੀਲਾਂ ਸੁਣਨ ਮਗਰੋਂ ਪੰਡਤ ਜਵਾਹਰ ਲਾਲ ਨਹਿਰੂ (ਪ੍ਰਧਾਨ ਮੰਤਰੀ) ਨੇ ਜ਼ੋਰਦਾਰ ਹੱਲਾ ਬੋਲਿਆ, ‘‘ਮਾਸਟਰ ਜੀ ਆਪ ਮਾਂਗ ਤੋ ਪੰਜਾਬੀ ਭਾਸ਼ਾ ਕਾ ਸੂਬਾ ਰਹੇ ਹੈਂ ਪਰ ਮੈਂ ਜਾਨਤਾ ਹੂੰ, ਆਪ ਕੇ ਦਿਲ ਮੇਂ ਕੁਛ ਔਰ ਹੈ -- ਸਿੱਖ ਸੂਬਾ ਚਾਹਤੇ ਹੈਂ ਆਪ।’’ ਮਾ. ਤਾਰਾ ਸਿੰਘ ਵੀ ਅਜਿਹੇ ਮੌਕੇ ਚੁੱਪ ਰਹਿਣ ਵਾਲੇ ਨਹੀਂ ਸਨ। ਪੂਰੇ ਠਰੰਮੇ ਨਾਲ ਬੋਲੇ, ‘‘ਪੰਡਤ ਜੀ, ਮੈਂ ਭੀ ਜਾਨਤਾ ਹੂੰ, ਆਪ ਕੇ ਦਿਲ ਮੇਂ ਕਿਆ ਹੈ। ਆਪ ਨਹੀਂ ਚਾਹਤੇ ਕਿ ਘੱਟ-ਗਿਣਤੀਉਂ (ਮਾਈਨਾਰਿਟੀਜ਼) ਕੇ ਪਾਸ ਕਹੀਂ ਹਿਲਨੇ ਜੁਲਨੇ ਕੀ ਤਾਕਤ ਭੀ ਨਾ ਰਹੇ ਔਰ ਆਪ ਯੇਹ ਭੀ ਚਾਹਤੇ ਹੈਂ ਕਿ ਵੋਹ ਸਿਰਫ਼ ਆਪ ਕੇ ਮੁਤਾਬਕ ਹੀ ਚਲਨਾ ਸੀਖ ਲੇਂ।
punjabi language
ਪਰ ਛੋੜੀਏ ਇਸ ਬਾਤ ਕੋ ਕਿ ਮੇਰੇ ਦਿਲ ਮੇਂ ਕਿਆ ਹੈ ਔਰ ਆਪ ਕੇ ਦਿਲ ਮੇਂ ਕਿਆ ਹੈ। ਜੈਸੇ ਆਪ ਸਾਰੇ ਦੇਸ਼ ਮੇਂ ਏਕ-ਭਾਸ਼ਾਈ ਰਾਜ ਕਾਇਮ ਕਰ ਰਹੇ ਹੈਂ, ਵੈਸੇ ਹੀ ਪੰਜਾਬ ਮੇਂ ਜਹਾਂ ਤਕ ਪੰਜਾਬੀ ਬੋਲਨੇ ਵਾਲੇ ਰਹਿਤੇ ਹੈਂ, ਉਨ ਕਾ ਏਕ ਸੂਬਾ ਬਨਾ ਦੀਜੀਏ ਔਰ ਹਿੰਦੀ (ਹਰਿਆਣਵੀ) ਬੋਲਨੇ ਵਾਲੋਂ ਕਾ ਦੂਸਰਾ ਸੂਬਾ। ਬਸ ਇਤਨੀ ਸੀ ਮਾਂਗ ਹੈ ਹਮਾਰੀ। ਕਿਆ ਗ਼ਲਤੀ ਹੈ ਇਸ ਮੇਂ?’’ ਮਾ. ਤਾਰਾ ਸਿੰਘ ਦੀ ‘ਦਲੀਲ’ ਨਹਿਰੂ ਨੂੰ ਨਿਰਉੱਤਰ ਕਰਨ ਲਈ ਤਾਂ ਕਾਫ਼ੀ ਸੀ ਪਰ ਸਾਰੇ ਅਕਾਲੀਆਂ ਦੇ ਦਿਲ ਵਿਚ ਸਿੱਖ ਬਹੁਗਿਣਤੀ ਵਾਲਾ ਸੂਬਾ ਲੈਣ ਦੀ ਹੀ ਚਾਹਤ ਸੀ ਜਿਥੇ ਸਦਾ ਅਕਾਲੀਆਂ ਦਾ ਹੀ ਰਾਜ ਬਣੇ (ਚੋਣਾਂ ਰਾਹੀਂ) ਤੇ ਹੋਰ ਕੋਈ ਪਾਰਟੀ ਇਥੇ ਸੱਤਾ ਵਿਚ ਆ ਹੀ ਨਾ ਸਕੇ। ਪਰ ਅੱਜ 2022 ਦੀਆਂ ਚੋਣਾਂ ਵਲ ਵੇਖੀਏ ਤਾਂ ਹਾਲਤ ਬਿਲਕੁਲ ਬਦਲ ਚੁੱਕੀ ਹੈ।
shiromani akali dal
ਉਸ ਪਾਰਟੀ ਦਾ ਅਪਣਾ ਰੰਗ ਹੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਜਿਸ ਨੇ ਇਥੇ ਸਦਾ ਲਈ ਅਕਾਲੀ ਰਾਜ ਕਾਇਮ ਕਰਨ ਦੇ ਸੁਪਨੇ ਲੈ ਕੇ ਪੰਜਾਬੀ ਸੂਬਾ ਮੰਗਿਆ ਸੀ। ਇਕ ਦੋ ਵਜ਼ੀਰੀਆਂ ਖ਼ਾਤਰ, ਪਾਰਟੀ ਦਾ ਪੰਥਕ ਸਰੂਪ ਹੀ ਖ਼ਤਮ ਕੀਤਾ ਜਾ ਚੁੱਕਾ ਹੈ, 56 ਸਾਲ ਤੋਂ ਪੰਜਾਬ ਦੀ ਰਾਜਧਾਨੀ ਹੀ ਕੋਈ ਨਹੀਂ, ਪੰਜਾਬ ਦੇ ਅੰਗਰੇਜ਼ੀ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਤੇ ਕਿਸੇ ਵੀ ਸ਼ਹਿਰ ਦੇ ਬਾਜ਼ਾਰ ’ਚੋਂ ਲੰਘ ਜਾਉ, ਪੰਜਾਬੀ ਦਾ ਇਕ ਅੱਧ ਬੋਰਡ ਹੀ ਸ਼ਾਇਦ ਕਿਧਰੇ (ਵੈਲਡਿੰਗ ਹਾਊਸ ਦਾ ਜਾਂ ਪੇਂਡੂ ਗਾਹਕਾਂ ਨੂੰ ਕਪੜਾ ਵੇਚਣ ਵਾਲੀ ਕਿਸੇ ਦੁਕਾਨ ਦਾ) ਮਿਲ ਜਾਏਗਾ।
ਜਿਸ ਪਾਰਟੀ ਨੇ ਸਿੱਖ ਬਹੁਗਿਣਤੀ ਵਾਲਾ ਸੂਬਾ ਲੜ ਕੇ ਲਿਆ ਸੀ, ਉਹ ਅੱਜ ਪੰਜਾਬੀ ਸੂਬੇ ਦੇ ਕੱਟੜ ਵਿਰੋਧੀਆਂ ਦੀ ‘ਅਰਧਾਂਗਣੀ’ ਬਣ ਚੁੱਕੀ ਹੈ। ਸਰਕਾਰ ਵਿਚ ਤਾਂ ਪੰਜਾਬੀ ਦੀ ਗੱਲ ਹੀ ਨਾ ਕਰੋ। ਬਾਕੀ ਭਾਸ਼ਾਵਾਂ ਦੇ ਸੂਬੇ ਵੀ ਮੈਂ ਵੇਖੇ ਹਨ। ਉਥੇ ਤਾਂ ਉਥੋਂ ਦੀ ਭਾਸ਼ਾ ਦੀ ਸਰਦਾਰੀ ਅੰਨ੍ਹੇ ਨੂੰ ਵੀ ਦਿਸ ਪੈਂਦੀ ਹੈ। ਏਥੇ ਕੀ ਹੋ ਗਿਆ ਹੈ? ਕਿਹੋ ਜਿਹਾ ਹੈ ਮੇਰਾ ਪੰਜਾਬੀ ਸੂਬਾ ਤੇ ਕਿਉਂ ਇਹ ਇਹੋ ਜਿਹਾ ਬਣ ਗਿਆ ਹੈ?