Nijji Diary De Panne: ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ ਸਿਆਸੀ ਲੋਕਾਂ ਤੋਂ ਆਜ਼ਾਦ ਕਰ ਕੇ ਅਕਾਲ ਤਖਤ ਨੂੰ ‘ਛੇਕੂ’ ਤੇ ਸਜ਼ਾ ਦੇਣ ਵਾਲੀ ....
Nijji Diary De Panne: ਸ਼ੁਰੂ ਵਿਚ ਹੀ ਮੈਂ ਕਹਿ ਦਿਆਂ ਕਿ ਮੈਂ ਅਪਣੀ ਸਾਰੀ ਜ਼ਿੰਦਗੀ ਵਿਚ ਇਕ ਦਿਨ ਲਈ ਵੀ ਅਕਾਲ ਤਖ਼ਤ ਦਾ ਵਿਰੋਧੀ ਨਹੀਂ ਰਿਹਾ ਤੇ ਸਦਾ ਇਸ ਮਹਾਨ ਤਖ਼ਤ ਨੂੰ ਸਿੱਖ ਪ੍ਰਭੂਸੱਤਾ (Sikh Sovereignty) ਦਾ ਪ੍ਰਤੀਕ ਮੰਨਦਾ ਆ ਰਿਹਾ ਹਾਂ। ਪਰ ਜਦ ਸਿਆਸਤਦਾਨਾਂ ਨੇ ਇਸ ਉਤੇ ਬਿਠਾਏ ਗਏ ਅਪਣੇ ‘ਜਥੇਦਾਰਾਂ’ ਨੂੰ ਸਿੱਖ ਪ੍ਰਭੂਸੱਤਾ ਦੀ ਗੱਲ ਉਚੇਰੀ ਲਿਜਾਣ ਲਈ ਨਹੀਂ ਸਗੋਂ ਅਪਣੇ ਵਿਰੋਧੀਆਂ ਤੇ ਆਲੋਚਕਾਂ ਨੂੰ ਛੇਕਣ, ਤਨਖ਼ਾਹੀਆ ਕਰਾਰ ਦੇਣ ਅਤੇ ਬਦਨਾਮ ਕਰਨ ਲਈ ਵਰਤਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਕਿ ਇਸ ਤਰ੍ਹਾਂ ਤਾਂ ਇਹ ਲੋਕ ਇਸ ਮਹਾਨ ਸਿੱਖ ਸੰਸਥਾ ਨੂੰ ਬਦਨਾਮ ਕਰ ਦੇਣਗੇ ਤੇ ਖ਼ਤਮ ਕਰ ਦੇਣਗੇ ਕਿਉਂਕਿ ਜਿਸ ਵੀ ਸੰਸਥਾ ਨੂੰ ਸ਼ਕਤੀਸ਼ਾਲੀ ਲੋਕਾਂ ਨੇ ਅਪਣੇ ਲਾਭ ਲਈ ਗ਼ਲਤ ਢੰਗ ਨਾਲ ਵਰਤਿਆ, ਉਸ ਸੰਸਥਾ ਦਾ ਨਾਂ ਭਾਵੇਂ ਕਿੰਨਾ ਵੀ ਵੱਡਾ ਰਖਿਆ ਗਿਆ, ਉਹ ਅਵੱਸ਼ ਹੀ ਬਦਨਾਮ ਹੁੰਦੀ ਹੁੰਦੀ, ਖ਼ਤਮ ਵੀ ਹੋ ਗਈ।
ਲਗਭਗ 500 ਸਾਲ ਪਹਿਲਾਂ ‘ਪੋਪ’ ਈਸਾਈ ਜਗਤ ਦੀ ਸੱਭ ਤੋਂ ਵੱਡੀ ਸੰਸਥਾ ਅਤੇ ਬੜੀ ਸਤਿਕਾਰਤ ਸੰਸਥਾ ਸੀ। ਪਰ ‘ਪੋਪ’ ਨੇ ਇਸ ਸੰਸਥਾ ਦੀ ਦੁਰਵਰਤੋਂ ਸ਼ੁਰੂ ਕਰ ਦਿਤੀ ਜਦ ਉਸ ਨੇ ਪੈਸੇ ਲੈ ਕੇ ਸਵਰਗ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿਤੀਆਂ ਤੇ ਅਮੀਰਾਂ ਕੋਲੋਂ ਪੌਂਡ ਵਸੂਲ ਕਰ ਕੇ ਸਟੀਫ਼ੀਕੇਟ ਵੇਚਣੇ ਸ਼ੁਰੂ ਕਰ ਦਿਤੇ ਜਿਨ੍ਹਾਂ ਉਤੇ ਲਿਖਿਆ ਹੁੰਦਾ ਸੀ ਕਿ ‘‘ਇਹ ਵਿਅਕਤੀ ਮਹਾਨ ਈਸਾਈ ਹੈ ਤੇ ਇਸ ਦਾ ਸੱਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ।’’ ਈਸਾਈ ਧਰਮ ਦੇ ਸਾਰੇ ਅਸੂਲਾਂ ਦੇ ਉਲਟ ਜਾ ਕੇ ਉਸ ਨੇ ਅਜਿਹੇ ਕੰਮ ਕਰਨੇ ਸ਼ੁਰੂ ਕਰ ਦਿਤੇ ਜਿਨ੍ਹਾਂ ਨੇ ‘ਪੋਪ’ ਨਾਂ ਦੀ ਮਹਾਨ ਸੰਸਥਾ ਨੂੰ ਬਦਨਾਮ ਕਰ ਕੇ ਰੱਖ ਦਿਤਾ। ਜਿਹੜਾ ਕੋਈ ਪੋਪ ਅੱਗੇ ਮੂੰਹ ਖੋਲ੍ਹਣ ਦਾ ਯਤਨ ਕਰਦਾ, ਉਸ ਨੂੰ ਛੇਕ ਦਿਤਾ ਜਾਂਦਾ। ਉਸ ਵੇਲੇ ਦੇ ਈਸਾਈ ਬਾਦਸ਼ਾਹ ਵੀ ਪੋਪ ਦੇ ਸਾਹਮਣੇ ਅਪਣੇ ਆਪ ਨੂੰ ਛੋਟੇ ਮੰਨਦੇ ਸਨ ਤੇ ਉਸ ਦਾ ਹਰ ਹੁਕਮ ਮੰਨਦੇ ਸਨ। ਇਕ ਜਰਮਨ ਪਾਦਰੀ ਮਾਰਟਿਨ ਲੂਥਰ ਨੇ ਹਿੰਮਤ ਵਿਖਾਈ ਤੇ ਪੋਪ ਉਤੇ ਈਸਾਈਅਤ ਦੀ ਉਲੰਘਣਾ ਦੇ 16 ਦੋਸ਼ ਲਿਖ ਕੇ ਮੂੰਹ ਹਨੇਰੇ ਇਕ ਕਾਗ਼ਜ਼ ਪੋਪ ਦੇ ਦਰਵਾਜ਼ੇ ’ਤੇ ਚਿਪਕਾ ਕੇ ਭੱਜ ਆਇਆ। ਉਸ ਵਿਚ ਵੀ ਏਨੀ ਜੁਰਅਤ ਨਹੀਂ ਸੀ ਕਿ ਉਹ ਪੋਪ ਦੇ ਸਾਹਮਣੇ ਜਾ ਕੇ ਉਸ ਉਤੇ ਈਸਾਈਅਤ ਦੀ ਉਲੰਘਣਾ ਦੇ ਦੋਸ਼ ਲਗਾ ਸਕੇ।
ਸੰਖੇਪ ਵਿਚ ਗੱਲ ਕਰੀਏ ਤਾਂ ਜਰਮਨ ਪਾਦਰੀ ਮਾਰਟਿਨ ਲੂਥਰ ਨੂੰ ਮਾਰ ਦੇਣ ਦੇ ਹੁਕਮਨਾਮੇ ਜਾਰੀ ਹੋਣੇ ਸ਼ੁਰੂ ਹੋ ਗਏ। ਉਸ ਦੇ ਦੋਸਤਾਂ ਨੇ ਕਈ ਸਾਲ ਉਸ ਨੂੰ ਪਿੰਡਾਂ ਵਿਚ ਸੁਰੱਖਿਅਤ ਟਿਕਾਣਿਆਂ ਤੇ ਛੁਪਾਈ ਰਖਿਆ ਪਰ ਉਸ ਦੇ ਹੱਕ ਵਿਚ ਇਕ ਲਹਿਰ ਸ਼ੁਰੂ ਹੋ ਗਈ। ਅੰਤ ਸਮਝੌਤੇ ਦੀ ਗੱਲ ਸ਼ੁਰੂ ਹੋਈ ਤਾਂ ਪੇਸ਼ਕਸ਼ ਹੋਈ ਕਿ ਪੋਪ ਦੇ ‘ਛੇਕੂ ਅਧਿਕਾਰ’ ਖ਼ਤਮ ਕਰ ਦੇਂਦੇ ਹਾਂ ਅਰਥਾਤ ਉਹ ਕਿਸੇ ਨੂੰ ਛੇਕ ਨਹੀਂ ਸਕੇਗਾ, ਨਾ ਕੋਈ ਸਜ਼ਾ ਹੀ ਦੇ ਸਕੇਗਾ ਪਰ ਪੋਪ ਦੀ ਹਸਤੀ ਅੱਗੇ ਸੱਭ ਨੂੰ ਸਿਰ ਨਿਵਾਣਾ ਪਵੇਗਾ। ਮਾਰਟਿਨ ਲੂਥਰ ਤੇ ਉਸ ਦੇ ਸਾਥੀਆਂ ਨੇ ਇਹ ਸ਼ਰਤ ਮੰਨਣ ਤੋਂ ਇਨਕਾਰ ਕਰ ਦਿਤਾ ਤੇ ਕਿਹਾ ਕਿ ਜੇ ਪੋਪ ਦਾ ਪਦ ਖ਼ਤਮ ਨਾ ਕੀਤਾ ਗਿਆ ਤਾਂ ਇਹ (ਪੋਪ) ਈਸਾਈਅਤ ਨੂੰ ਖ਼ਤਮ ਕਰ ਦੇਵੇਗਾ। ਕੁਲ ਮਿਲਾ ਕੇ ਸਥਿਤੀ ਇਹ ਆ ਬਣੀ ਕਿ ਅੱਧੇ ਈਸਾਈ, ਪੋਪ ਨੂੰ ਵਿਖਾਵੇ ਦਾ ਚਰਚ ਮੁਖੀ ਮੰਨਦੇ ਹਨ ਜਿਸ ਕੋਲ ਛੇਕਣ, ਸਜ਼ਾ ਦੇਣ ਜਾਂ ਸਤਿਕਾਰ ਦੇਣ ਦੀ ਕੋਈ ਤਾਕਤ ਨਹੀਂ (ਉਨ੍ਹਾਂ ਨੂੰ ਕੈਥੋਲਿਕ ਈਸਾਈ ਕਿਹਾ ਜਾਂਦਾ ਹੈ) ਤੇ ਅੱਧੇ ਈਸਾਈ ਪੋਪ ਦੀ ਹਸਤੀ ਨੂੰ ਹੀ ਨਹੀਂ ਮੰਨਦੇ ਜਿਵੇਂ ਪੋਪ ਕੋਈ ਹੋਇਆ ਹੀ ਨਾ ਹੋਵੇ। ਇਨ੍ਹਾਂ ਨੂੰ ਪ੍ਰੋਟੈਸਟੈਂਟ ਈਸਾਈ ਕਿਹਾ ਜਾਂਦਾ ਹੈ।
ਸਿੱਖਾਂ ਵਿਚ ਅਜਿਹੀ ਹਾਲਤ ਨਾ ਬਣੇ ਤੇ ਅਕਾਲ ਤਖ਼ਤ, ਸਿੱਖ ਸ਼ਕਤੀ (ਪ੍ਰਭੂਸੱਤਾ) ਅਥਵਾ Sikh Sovereignty ਦੇ ਕੇਂਦਰ ਜਾਂ ਪ੍ਰਤੀਕ ਵਜੋਂ ਕਾਇਮ ਰਖਣਾ ਚਾਹੁੰਦੇ ਹਾਂ ਤਾਂ ‘ਜਥੇਦਾਰ’ ਦੀ ਚੋਣ ਸਾਰਾ ਸਿੱਖ ਪੰਥ ਕਿਸੇ ਸਾਂਝੇ ਤਰੀਕੇ ਨਾਲ ਕਰਿਆ ਕਰੇ ਤੇ ਜਥੇਦਾਰ ਅਪਣੇ ਜਾਂ ਪੰਜ ਸਾਥੀਆਂ ਦੇ ਫ਼ੈਸਲੇ ਲਾਗੂ ਨਾ ਕਰੇ ਸਗੋਂ ਸਮੁੱਚੇ ਪੰਥ ਦੇ ਫ਼ੈਸਲੇ ਲਾਗੂ ਕਰਨ ਦਾ ਅਧਿਕਾਰ ਹੀ ਉਸ ਕੋਲ ਹੋਵੇ। ਨਵੰਬਰ, 2003 ਵਿਚ ਹੋਈ ਵਰਲਡ ਸਿੱਖ ਕਨਵੈਨਸ਼ਨ ਨੇ ਵੀ ਇਸੇ ਤਰ੍ਹਾਂ ਦਾ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਸੀ ਤੇ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਸਿੱਖੀ ਨੂੰ ਮੰਨਣ ਵਾਲਾ ਕੋਈ ਮਾਈ-ਭਾਈ ਅਕਾਲ ਤਖ਼ਤ ਦੇ ਪੁਜਾਰੀਆਂ ਕੋਲ ਪੇਸ਼ ਨਾ ਹੋਵੇ। ਸਜ਼ਾ ਦੇਣ ਦਾ ਅਧਿਕਾਰੀ ਤਾਂ ਬਾਬੇ ਨਾਨਕ ਨੇ ਰੱਬ ਨੂੰ ਵੀ ਨਹੀਂ ਮੰਨਿਆ।
ਸਿੱਖ ਲਈ ਅਕਾਲ ਪੁਰਖ ਵੀ ਕੇਵਲ ‘ਗੁਰ ਪ੍ਰਸਾਦਿ’ ਹੈ ਅਥਵਾ ਸਾਰੀ ਸ੍ਰਿਸ਼ਟੀ ਦਾ ‘‘ਕ੍ਰਿਪਾਲੂ ਗੁਰੂ’’ ਹੈ। ਬਾਬੇ ਨਾਨਕ ਦੀ ਸਿੱਖੀ ਵਿਚ ‘ਮਹਾਂਕਾਲ’ ਨਾਂ ਦੀ ਕੋਈ ਹਸਤੀ ਹੈ ਹੀ ਨਹੀਂ। ਪਰ ਉਸ ਬਾਬੇ ਨਾਨਕ ਦੇ ਨਾਂ ਤੇ ਬਣੇ ਗੁਰਦਵਾਰੇ ਵਿਚ ਸਜ਼ਾਵਾਂ ਦੇਣ ਵਾਲੇ ਪੁਜਾਰੀ ‘ਜਥੇਦਾਰ’ ਬਣੇ ਬੈਠੇ ਹਨ। ਇਹ ਨਾ ਸੁਧਰੇ ਤਾਂ ਸਿੱਖੀ ਨੂੰ ਖ਼ਤਮ ਕਰ ਕੇ ਰਹਿਣਗੇ। ਇਹ ਬਿਲਕੁਲ ਝੂਠ ਹੈ ਕਿ ‘ਅਕਾਲ ਤਖ਼ਤ’ ਗੁਰੂ ਨੇ ਬਣਾਇਆ ਸੀ। ਇਹ ਕੇਵਲ ਸਿੱਖ ਮਿਸਲਾਂ ਦੇ ਮੁਖੀਆਂ ਨੇ ਸਿੱਖ ਪ੍ਰਭੂਸੱਤਾ ਦਾ ਕੇਂਦਰ, ਇਤਿਹਾਸਕ ਲੋੜਾਂ ਪੂਰੀਆਂ ਕਰਨ ਲਈ ਬਣਾਇਆ ਸੀ। ਪੁਜਾਰੀ ਸ਼ੇ੍ਰਣੀ ਤੇ ਅੰਗਰੇਜ਼ ਸਰਕਾਰ ਨੇ ਮੰਦ ਭਾਵਨਾ ਨਾਲ ਇਸ ਨੂੰ ਸਜ਼ਾ ਦੇਣ ਵਾਲੀ ਸੰਸਥਾ ਬਣਾ ਦਿਤਾ। ਸਿੱਖ ਅਜੇ ਵੀ ਇਸ ਵਿਚ ਬਾਹਰੋਂ ਆਈਆਂ ਖ਼ਰਾਬੀਆਂ ਠੀਕ ਕਰ ਸਕਦੇ ਹਨ। ਨਾ ਕਰਨਗੇ ਤਾਂ ਸੰਸਥਾ ਵੀ ਖ਼ਤਰੇ ਵਿਚ ਪੈ ਜਾਏਗੀ।-
ਜੋਗਿੰਦਰ ਸਿੰਘ