ਅਮਰੀਕਨ ਅਜੂਬਿਆਂ ਨੂੰ ਵੇਖਣ ਮਗਰੋਂ ਅਸੀਂ 'ਅਕਸ਼ਰਧਾਮ' ਵੀ ਵੇਖਿਆ ਤਾਕਿ 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਕੀ ਹੋਣਾ ਚਾਹੀਦਾ ਹੈ ਤੇ ਕੀ ਨਹੀਂ, ਇਸ ਬਾਰੇ ਫ਼ੈਸਲਾ ਕਰ ਸਕੀਏ
Published : Oct 15, 2017, 12:00 am IST
Updated : Oct 14, 2017, 6:30 pm IST
SHARE ARTICLE

ਅਸੀ ਕਾਫ਼ੀ ਨਿਰਾਸ਼ ਹੋ ਕੇ ਪਰਤੇ। ਦਿਲ ਕਰਦਾ ਸੀ ਕਿ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਕਰ ਕੇ, ਦੁਨੀਆਂ ਨੂੰ ਵਿਖਾ ਦਈਏ ਕਿ ਦੌਲਤ ਦੇ ਅੰਬਾਰ ਖ਼ਰਚ ਕੇ ਨਹੀਂ ਸਗੋਂ ਘੱਟ ਤੋਂ ਘੱਟ ਪੈਸੇ ਖ਼ਰਚ ਕਰ ਕੇ ਤੇ ਸਾਇੰਸੀ ਕਾਢਾਂ ਨੂੰ ਵਿਗਿਆਨਕ ਸੋਚ ਪੈਦਾ ਕਰਨ ਲਈ ਵਰਤ ਕੇ ਹੀ ਅੱਜ ਦੇ ਮਨੁੱਖ ਦਾ ਭਲਾ ਕੀਤਾ ਜਾ ਸਕਦਾ ਹੈ, ਗ਼ੈਰ-ਵਿਗਿਆਨਕ ਧਾਰਣਾਵਾਂ ਤੇ ਅੰਧ-ਵਿਸ਼ਵਾਸ ਦਾ ਪ੍ਰਚਾਰ ਕਰ ਕੇ ਨਹੀਂ।

ਜਿਸ ਦਿਨ ਅਸੀ 'ਉੱਚਾ ਦਰ ਬਾਬੇ ਨਾਨਕ ਦਾ' ਦੀ ਜ਼ਮੀਨ ਪ੍ਰਾਪਤ ਕੀਤੀ, ਉਸ ਦਿਨ ਤੋਂ ਹੀ ਇਕ ਸੁਝਾਅ ਮੈਨੂੰ ਕਈ ਸ਼ੁਭਚਿੰਤਕਾਂ ਵਲੋਂ ਦਿਤਾ ਜਾ ਰਿਹਾ ਸੀ ਕਿ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਕ ਵਾਰ, ਦਿੱਲੀ ਦਾ 'ਅਕਸ਼ਰਧਾਮ' ਜ਼ਰੂਰ ਵੇਖ ਆਵਾਂ। ਮੈਂ ਇਸ ਦੀ ਜ਼ਰੂਰਤ ਨਹੀਂ ਸੀ ਸਮਝਦਾ ਕਿਉਂਕਿ ਮੈਂ ਅਮਰੀਕਾ ਤੇ ਬਰਤਾਨੀਆ ਵਿਚ ਲਗਭਗ ਅੱਧੀ ਦਰਜਨ ਮਿਊਜ਼ੀਅਮ ਵੇਖ ਚੁੱਕਾ ਸੀ ਤੇ ਉੁਨ੍ਹਾਂ ਸਾਰਿਆਂ ਵਿਚਲੇ ਕਈ ਪੱਖਾਂ ਨੂੰ ਛਾਂਟ ਕੇ ਤੇ ਅਪਣੇ ਹਾਲਾਤ ਅਨੁਸਾਰ ਢਾਲ ਕੇ, ਇਕ ਖ਼ਾਕਾ ਤਿਆਰ ਕੀਤਾ ਸੀ ਜਿਸ ਦਾ ਸੰਖੇਪ ਰੂਪ, ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਦਾ ਨਕਸ਼ਾ ਤਿਆਰ ਕਰਵਾਇਆ ਸੀ। ਹੋਰ ਕਿਸੇ ਨਵੀਂ ਜਾਣਕਾਰੀ ਦੀ ਲੋੜ ਮੈਂ ਮਹਿਸੂਸ ਨਹੀਂ ਸੀ ਕਰਦਾ ਕਿਉਂਕਿ ਬਿਨਾਂ ਵੇਖੇ ਹੀ, ਮੈਂ ਸਮਝ ਸਕਦਾ ਸੀ ਕਿ ਅਕਸ਼ਰਧਾਮ ਵਿਚ ਵੀ ਅਮਰੀਕੀ ਮਿਊਜ਼ੀਅਮਾਂ ਦੀ ਨਕਲ ਹੀ ਕੀਤੀ ਗਈ ਹੋਵੇਗੀ ਪਰ.....।
ਖ਼ੈਰ ਹੁਣ ਜਦ ਸਾਡੇ ਆਰਕੀਟੈਕਟ ਨੇ ਵੀ ਇਹੀ ਸਲਾਹ ਦਿਤੀ ਤਾਂ ਮੈਂ ਅਕਸ਼ਰਧਾਮ ਦੀ ਯਾਤਰਾ ਉਤੇ ਉੁਨ੍ਹਾਂ ਨਾਲ ਚਲਾ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤਕ 'ਅਕਸ਼ਰਧਾਮ' ਦੇ ਅੰਦਰ ਹੀ ਰਹੇ ਤੇ ਦੋ ਟਿਕਟ ਖ਼ਰੀਦ ਕੇ (340 ਰੁਪਏ ਦੇ) ਅਸੀ ਸਾਰਾ ਮੰਦਰ ਘੁੰਮ ਕੇ ਵੇਖਿਆ। 100 ਏਕੜ ਜ਼ਮੀਨ ਵਿਚ, ਅਕਸ਼ਰਧਾਮ ਉਤੇ ਸੰਗਮਰਮਰ ਤੇ ਲਾਲ ਪੱਥਰ ਏਨੀ ਖਲ੍ਹਦਿਲੀ ਨਾਲ ਥਪਿਆ ਹੋਇਆ ਹੈ ਕਿ ਪਹਿਲੀ ਨਜ਼ਰੇ ਹੀ ਇੰਜ ਲਗਦਾ ਹੈ ਜਿਵੇਂ ਤੁਸੀ ਅਮੀਰ ਲੋਕਾਂ ਦੇ ਕਿਸੇ ਵਿਆਹ ਮੰਡਪ ਵਿਚ ਆ ਗਏ ਹੋ। ਉੁਂਜ ਮੈਨੂੰ ਉਹ ਵਿਆਹ ਹੀ ਚੰਗੇ ਲਗਦੇ ਹਨ ਜਿਨ੍ਹਾਂ ਵਿਚ ਦੌਲਤ ਦਾ ਵਿਖਾਵਾ ਬਿਲਕੁਲ ਨਹੀਂ ਕੀਤਾ ਗਿਆ ਹੁੰਦਾ ਪਰ ਸਲੀਕੇ, ਪ੍ਰਾਹੁਣਾਚਾਰੀ, ਸਾਦਗੀ ਅਤੇ ਪ੍ਰੇਮ ਦਾ ਭਰਪੂਰ ਨਜ਼ਾਰਾ ਵੇਖਣ ਨੂੰ ਮਿਲਦਾ ਹੋਵੇ। ਘੱਟੋ ਘੱਟ ਮੈਂ ਉੁਨ੍ਹਾਂ ਥਾਵਾਂ 'ਤੇ ਜਾ ਕੇ ਬਿਲਕੁਲ ਵੀ ਖ਼ੁਸ਼ ਨਹੀਂ ਹੁੰਦਾ ਜਿਥੇ ਦੌਲਤ ਦਾ ਅੰਨ੍ਹਾ ਵਿਖਾਵਾ ਕੀਤਾ ਗਿਆ ਹੋਵੇ ਪਰ ਚੰਗੀ ਗੱਲ ਉਥੋਂ ਸਿਖਣ ਨੂੰ ਕੋਈ ਨਾ ਮਿਲੇ।ਜਿਵੇਂ ਕਿ ਅਕਸ਼ਰਧਾਮ ਦੇ ਅੰਦਰ ਦਸਿਆ ਗਿਆ, 50 ਹਜ਼ਾਰ ਕਾਰੀਗਰ, 7 ਸਾਲ ਤਕ 'ਅਕਸ਼ਰਧਾਮ' ਦੇ ਨਿਰਮਾਣ 'ਤੇ ਲੱਗੇ ਰਹੇ। ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪੈਸਾ ਖ਼ਰਚ ਕੀਤਾ ਗਿਆ ਹੋਵੇਗਾ। ਪੱਥਰਾਂ ਦੀ ਕਟਾਈ, ਮੀਨਾਕਾਰੀ ਤੇ ਸਜਾਵਟ ਉਤੇ ਹੀ ਅਰਬਾਂ ਰੁਪਏ ਲਗਾ ਦਿਤੇ ਗਏ ਹੋਣਗੇ। ਪਰ ਬਦਲੇ ਵਿਚ, ਆਮ, ਗ਼ਰੀਬ ਬੰਦੇ ਨੂੰ  ਮਿਲਿਆ ਕੀ, ਇਹ ਮੈਂ ਆਪ ਜਾ ਕੇ ਵੇਖਿਆ। 

ਟਿਕਟ ਖ਼ਰੀਦ ਕੇ ਅੰਦਰ ਦਾਖ਼ਲ ਹੋਣ ਦਾ ਅਧਿਕਾਰ ਦੇਣ ਦੇ ਬਾਵਜੂਦ, ਥਾਂ-ਥਾਂ ਦਾਨ-ਪਾਤਰ ਰੱਖੇ ਹੋਏ ਸਨ ਜੋ ਅੱਖਾਂ ਨੂੰ ਬਹੁਤ ਚੁਭਦੇ ਸਨ। ਮੇਰਾ ਅੰਦਾਜ਼ਾ ਹੈ ਕਿ ਦਿਨ ਭਰ ਵਿਚ 100-150 ਤੋਂ ਵੱਧ ਸ਼ਹਿਰੀ, ਅਕਸ਼ਰਧਾਮ ਨੂੰ ਵੇਖਣ ਲਈ ਨਹੀਂ ਸਨ ਆਏ। ਜੋ ਆਏ ਵੀ ਸਨ, ਉਹ ਵੀ ਬਹੁਤੇ ਦੱਖਣ ਭਾਰਤ ਤੋਂ ਹੀ ਆਏ ਸਨ। ਪਰ ਭੀੜ ਬਣਾਈ ਰੱਖਣ ਲਈ, ਪ੍ਰਬੰਧਕਾਂ ਨੇ ਹਰ ਰੋਜ਼, ਸਕੂਲਾਂ ਦੇ ਬੱਚਿਆਂ ਦੇ 'ਟੂਰਾਂ' ਦਾ ਪ੍ਰਬੰਧ ਕੀਤਾ ਹੋਇਆ ਸੀ। ਉਸ ਦਿਨ ਵੀ ਸਵੇਰ ਤੋਂ ਸ਼ਾਮ ਤਕ, 2000 ਦੇ ਕਰੀਬ ਬੱਚੇ, ਅਪਣੀਆਂ ਮਾਸਟਰਨੀਆਂ ਨਾਲ ਆਏ ਹੋਏ ਸਨ। ਮੈਨੂੰ ਨਹੀਂ ਲਗਦਾ ਕਿ ਉੁਨ੍ਹਾਂ ਨੂੰ ਕੁੱਝ ਵੀ ਅਜਿਹਾ ਵੇਖਣ ਨੂੰ ਮਿਲਿਆ ਜਿਸ ਵਿਚ ਉਨ੍ਹਾਂ ਦੀ ਦਿਲਚਸਪੀ ਸੀ। ਉਹ ਇਸ ਤਰ੍ਹਾਂ ਹੀ ਵਿਚਰ ਰਹੇ ਸਨ ਜਿਵੇਂ ਉਹ 'ਪਿਕਨਿਕ' ਤੇ ਆਏ ਹੋਣ। ਸਾਰਾ ਕੁੱਝ ਵੇਖਣ ਮਗਰੋਂ ਵੀ, ਉੁਨ੍ਹਾਂ ਦੇ ਵਤੀਰੇ ਵਿਚ ਕੋਈ ਫ਼ਰਕ ਨਹੀਂ ਸੀ ਪਿਆ। ਮੰਦਰ ਨਾਲ ਤਾਂ ਕੇਵਲ ਸ਼ਰਧਾਲੂਆਂ ਨੂੰ ਹੀ ਮਤਲਬ ਸੀ ਪਰ ਅਸੀ ਤਾਂ ਸਾਰੇ, ਮਿਊਜ਼ੀਅਮ ਅਤੇ ਬੇੜੀ ਦੀ ਸਵਾਰੀ ਕਰਨ ਗਏ ਯਾਤਰੀ ਹੀ ਸੀ।

ਮਿਊਜ਼ੀਅਮ ਵਿਚ ਜਾਣ ਲਗਿਆਂ ਵੀ, ਸਾਡੇ ਤੋਂ ਪਹਿਲਾਂ, 200 ਬੱਚੇ ਲਾਈਨ ਵਿਚ ਲੱਗ ਚੁੱਕੇ ਸਨ, ਇਸ ਲਈ ਸਾਨੂੰ ਅਪਣੀ ਵਾਰੀ ਦੀ ਉਡੀਕ ਕਰਨ ਲਈ, ਇਕ ਘੰਟਾ ਬੈਂਚ 'ਤੇ ਬੈਠਣਾ ਪਿਆ। ਇਕ ਦੋ 'ਵਾਲੰਟੀਅਰਾਂ' ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਤਰ੍ਹਾਂ ਹੀ ਖਰ੍ਹਵੀ ਭਾਸ਼ਾ ਵਿਚ ਬੋਲਦੇ ਸਨ ਜਿਸ ਤਰ੍ਹਾਂ ਅਸੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਹੁਤੇ 'ਸੇਵਾਦਾਰਾਂ' ਬਾਰੇ ਸ਼ਿਕਾਇਤਾਂ ਸੁਣਦੇ ਰਹਿੰਦੇ ਹਾਂ। ਸਾਰਾ ਦਿਨ ਧਰਮ-ਮੰਦਰਾਂ ਵਿਚ 'ਸੇਵਾ' ਕਰਨ ਵਾਲਿਆਂ ਨੂੰ ਵੀ ਜੇਕਰ ਯਾਤਰੀਆਂ ਤੇ ਸ਼ਰਧਾਲੂਆਂ ਨਾਲ, ਪ੍ਰੇਮ ਨਾਲ ਗੱਲ ਕਰਨੀ ਨਹੀਂ ਆਉਂਦੀ ਅਤੇ ਅੰਦਰੋਂ ਪ੍ਰਚਾਰੇ ਜਾ ਰਹੇ 'ਮਿੱਠੀ ਵਾਣੀ' ਤੇ 'ਪ੍ਰੇਮ ਦੇ ਬੋਲਾਂ' ਦੀ ਵਰਖਾ ਜੇ ਇਨ੍ਹਾਂ ਵਾਲੰਟੀਅਰਾਂ ਅਤੇ 'ਸੇਵਾਦਾਰਾਂ' ਉਤੇ ਵੀ ਨਹੀਂ ਹੁੰਦੀ ਤਾਂ ਕੁੱਝ ਚਿਰ ਲਈ, ਬਾਹਰੋਂ ਆਇਆਂ ਉਤੇ ਕੀ ਅਸਰ ਕਰੇਗੀ? ਇਸ ਦੇ ਮੁਕਾਬਲੇ, ਯਾਦ ਆ ਗਿਆ, ਅਮਰੀਕਨ ਮਿਊਜ਼ੀਅਮਾਂ ਦਾ ਤਜਰਬਾ। ਉਥੇ ਧਨ ਦਾ ਕੋਈ ਵਿਖਾਵਾ ਨਹੀਂ ਸੀ ਕੀਤਾ ਗਿਆ ਹੁੰਦਾ, ਹਰ ਚੀਜ਼ ਬੜੀ ਸਾਦਗੀ ਤੇ ਸਲੀਕੇ ਨਾਲ ਰੱਖੀ ਗਈ ਹੁੰਦੀ ਸੀ ਤੇ ਸਾਧਾਰਣ ਤੋਂ ਸਾਧਾਰਣ ਯਾਤਰੂ ਦੀ ਹਰ ਗੱਲ ਉਹ ਇਸ ਤਰ੍ਹਾਂ ਸੁਣਦੇ ਸਨ ਜਿਵੇਂ ਕੋਈ ਬੜਾ ਮਹਾਨ ਆਦਮੀ ਉੁਨ੍ਹਾਂ ਨੂੰ ਕੁੱਝ ਪੁੱਛ ਰਿਹਾ ਹੋਵੇ। ਤੁਹਾਡੀ ਮਦਦ ਕਰਨ ਲਈ, ਉਹ ਆਪ ਦੌੜ ਕੇ ਤੁਹਾਡੇ ਕੋਲ ਆਉਂਦੇ ਸਨ ਤੇ ਤੁਹਾਡੇ ਚਿਹਰੇ ਦੇ ਹਾਵ-ਭਾਵ ਪੜ੍ਹ ਕੇ ਹੀ ਅੰਦਾਜ਼ਾ ਲਾ ਲੈਂਦੇ ਸਨ ਕਿ ਤੁਹਾਨੂੰ ਕੋਈ ਔਕੜ ਪੇ²ਸ਼ ਆ ਰਹੀ ਹੈ। ਉਹ ਆਪ ਤੁਹਾਡੇ ਕੋਲ ਆ ਕੇ, ਤੁਹਾਡੀ ਪ੍ਰੇਸ਼ਾਨੀ ਦੂਰ ਕਰਨ ਦੀ ਪੇਸ਼ਕਸ਼ ਕਰਦੇ ਸਨ। ਉਥੇ ਵੀ ਟਿਕਟ ਲੈ ਕੇ ਹੀ, ਅੰਦਰ ਜਾਇਆ ਜਾ ਸਕਦਾ ਸੀ ਪਰ ਤੁਹਾਨੂੰ 'ਦਾਨ ਪਾਤਰ' ਕਿਤੇ ਵੀ ਵੇਖਣ ਨੂੰ ਨਹੀਂ ਸੀ ਮਿਲਦਾ। ਹਾਂ, ਜੇ ਤੁਸੀ ਕੋਈ ਮਦਦ ਦੇਣੀ ਚਾਹੋ ਤਾਂ ਦਫ਼ਤਰ ਵਿਚ, ਰਸੀਦ ਕੱਟ ਕੇ ਤੁਹਾਡੇ ਹੱਥ ਫੜਾਈ ਜਾਂਦੀ ਸੀ ਤੇ ਗਰਮਜੋਸ਼ੀ ਨਾਲ ਤੁਹਾਡਾ ਧਨਵਾਦ ਕੀਤਾ ਜਾਂਦਾ ਸੀ। ਅਕਸ਼ਰਧਾਮ ਵਿਚ ਟਿਕਟ ਵੀ ਸੀ, ਦਾਨ ਪਾਤਰ ਵੀ ਅਣਗਿਣਤ ਰੱਖੇ ਹੋਏ ਸਨ ਤੇ ਮੱਥੇ ਟਿਕਵਾ ਕੇ ਚੜ੍ਹਾਵਾ ਲੈਣ ਦਾ ਵੀ ਪ੍ਰਬੰਧ ਮੌਜੂਦ ਸੀ। ਯਾਤਰੀ ਜਾਂ ਸ਼ਰਧਾਲੂ ਦੀ ਜੇਬ ਵਿਚੋਂ ਪੈਸੇ ਕਢਵਾਉਣ ਦੇ ਤਿੰਨੇ ਇੰਤਜ਼ਾਮ ਇਕੋ ਥਾਂ 'ਤੇ ਹੋਣੇ ਬਹੁਤ ਅਖਰਦੇ ਸਨ। ਜਾਂ ਤਾਂ ਪੂਰੀ ਤਰ੍ਹਾਂ ਪੱਛਮ ਦਾ ਪ੍ਰਬੰਧ ਅਪਣਾਉ ਜਾਂ ਨਿਰੋਲ ਭਾਰਤੀ ਪ੍ਰਬੰਧ। ਪੈਸੇ ਉਗਰਾਹੁਣ ਦੇ ਤਿੰਨਾਂ ਪ੍ਰਬੰਧਾਂ ਕਾਰਨ 'ਨਾ ਇਹ ਤਿੱਤਰ, ਨਾ ਇਹ ਬਟੇਰ' ਵਾਲੀ ਹਾਲਤ ਹੀ ਬਣੀ ਹੋਈ ਨਜ਼ਰ ਆ ਰਹੀ ਸੀ।
ਤੇ ਫਿਰ ਅਸੀ ਵੇਖਣਾ ਸ਼ੁਰੂ ਕੀਤਾ ਮਿਊਜ਼ੀਅਮ। ਬਹੁਤ ਵੱਡੇ ਖੇਤਰ ਵਿਚ, ਬਹੁਤ ਜ਼ਿਆਦਾ ਖ਼ਰਚਾ ਕਰ ਕੇ, ਸੁਨੇਹਾ ਇਹੀ ਦਿਤਾ ਜਾ ਰਿਹਾ ਸੀ ਕਿ ਇਕ ਬੜੇ ਚਮਤਕਾਰੀ ਸਵਾਮੀ ਜੀ ਹੋਏ ਸਨ ਜੋ ਮਰੀਆਂ ਹੋਈਆਂ ਮੱਛੀਆਂ ਨੂੰ ਵੀ ਜ਼ਿੰਦਾ ਕਰ ਸਕਦੇ ਸਨ। ਸੋ ਉੁਨ੍ਹਾਂ ਨੇ ਮਛਿਆਰੇ ਵਲੋਂ ਫੜੀਆਂ ਮੱਛੀਆਂ ਜ਼ਿੰਦਾ ਕਰ ਦਿਤੀਆਂ ਤੇ ਮਛਿਆਰੇ ਨੂੰ ਉਪਦੇਸ਼ ਦਿਤਾ ਕਿ ਉਹ ਨਿਰਦੋਸ਼ ਮੱਛੀਆਂ ਨੂੰ ਫੜ ਕੇ ਹਿੰਸਾ ਨਾ ਕਰਿਆ ਕਰੇ। ਜਦ ਮਛਿਆਰਾ ਨਾ ਮੰਨਿਆ ਤਾਂ ਗ਼ੈਬੀ ਸ਼ਕਤੀਆਂ (ਤੂਫ਼ਾਨ, ਬੱਦਲ, ਬਿਜਲੀ) ਉਸ ਉਤੇ ਝਪਟ ਪਈਆਂ ਤੇ ਉਸ ਨੇ ਮੱਛੀਆਂ ਫੜਨ ਤੋਂ ਤੌਬਾ ਕਰ ਕੇ, ਸਵਾਮੀ ਜੀ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਰਖਿਆ ਕਰਨ। ਸਵਾਮੀ ਜੀ ਨੇ ਤੂਫ਼ਾਨ ਨੂੰ ਰੁਕ ਜਾਣ ਲਈ ਕਹਿ ਕੇ, ਮਛਿਆਰੇ ਨੂੰ ਬਚਾ ਲਿਆ। ਉੁਨ੍ਹਾਂ ਦੀ ਯਾਦ ਵਿਚ ਹੀ, ਇਕ ਨਵੀਂ ਸੰਪਰਦਾ ਬਣ ਗਈ ਜੋ ਦੇਸ਼-ਵਿਦੇਸ਼ ਵਿਚ 'ਅਕਸ਼ਰਧਾਮ' ਉਸਾਰ ਕੇ ਉਪ੍ਰੋਕਤ 'ਚਮਤਕਾਰੀ' ਸਵਾਮੀ ਜੀ ਦਾ ਪ੍ਰਚਾਰ ਕਰ ਰਹੀ ਹੈ। ਬਾਬੇ ਨਾਨਕ ਦੀ ਧਰਮਸ਼ਾਲਾ ਵਿਚ ਪੜ੍ਹੇ ਹੋਇਆਂ ਨੂੰ 'ਚਮਤਕਾਰੀ' ਕਹਾਣੀਆਂ ਚੰਗੀਆਂ ਨਹੀਂ ਲੱਗ ਸਕਦੀਆਂ ਸੀ ਪਰ ਦਰਵਾਜ਼ੇ ਉਦੋਂ ਹੀ ਖੁਲ੍ਹਦੇ ਸਨ ਜਦੋਂ ਸਾਰਾ ਪ੍ਰੋਗਰਾਮ ਖ਼ਤਮ ਹੋ ਜਾਂਦਾ ਸੀ। ਫਿਰ ਕਿਸ਼ਤੀ ਵਿਚ ਬੈਠ ਕੇ, 'ਅਮੀਰ ਵਿਰਸੇ' ਦੀ ਯਾਤਰਾ ਵੀ ਕੀਤੀ। ਵਧਾ ਚੜ੍ਹਾ ਕੇ ਪੇਸ਼ ਕੀਤੇ ਗਏ ਦਾਅਵਿਆਂ ਨੂੰ, ਭਾਰੀ ਖ਼ਰਚਾ ਕਰ ਕੇ, ਸਾਇੰਸ ਦੀਆਂ ਕਾਢਾਂ ਦੀ ਵਰਤੋਂ ਕਰ ਕੇ, ਸਹੀ ਦਸਣ ਦੇ ਯਤਨ ਕੀਤੇ ਜਾ ਰਹੇ ਸਨ। ਕਿਸੇ ਇਕ ਵੀ ਦਾਅਵੇ ਦਾ ਸਬੂਤ ਮੰਗ ਲਉ ਤਾਂ ਉੁਨ੍ਹਾਂ ਕੋਲ ਕੁੱਝ ਨਹੀਂ ਸੀ। ਬੱਸ ਲੰਮੇ ਚੌੜੇ ਦਾਅਵੇ ਸੁਣ ਲਉ ਤੇ ਮੰਨ ਲਉ, ਨਹੀਂ ਤਾਂ ਘਰ ਚਲੇ ਜਾਉ। ਸੱਭ ਤੋਂ ਵੱਧ ਦੁਖ ਉਦੋਂ ਹੋਇਆ ਜਦੋਂ ਬਾਬਾ ਨਾਨਕ ਨੂੰ ਵੀ ਇਕ 'ਸਾਧ' ਵਜੋਂ ਪੇਸ਼ ਕਰਨ ਲਈ, ਉੁਨ੍ਹਾਂ ਦੀ ਬੜੀ ਗੰਦੀ ਜਹੀ ਮੂਰਤੀ ਵਿਖਾਈ ਗਈ ਜੋ ਤੁਲਸੀ ਦਾਸ ਦੀ ਮੂਰਤੀ ਦੇ ਕੋਲ ਹੀ ਰੱਖੀ ਗਈ ਹੋਈ ਸੀ। ਬਾਹਰ, ਮੈਦਾਨ ਵਿਚ ਕੌਮੀ ਨੇਤਾਵਾਂ ਵਿਚ, ਮਹਾਰਾਜਾ ਰਣਜੀਤ ਸਿੰਘ ਦਾ ਬੁਤ ਵੀ ਰਖਿਆ ਹੋਇਆ ਸੀ।

ਮੈਂ ਜੋ ਕੁੱਝ ਸੋਚ ਕੇ ਗਿਆ ਸੀ, ਐਨ ਉਸ ਦੇ ਉਲਟ ਵੇਖਿਆ। ਆਧੁਨਿਕ ਸਾਇੰਸੀ ਖੋਜਾਂ ਤੇ ਤਕਨਾਲੋਜੀ ਨੂੰ ਪੁਰਾਤਨ ਸਮੇਂ ਦੀਆਂ ਉੁਨ੍ਹਾਂ ਮਾਨਤਾਵਾਂ ਦਾ ਪ੍ਰਚਾਰ ਕਰਨ ਲਈ ਵਰਤਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਅੱਜ ਸਾਇੰਸ ਵੀ ਮੰਨਣ ਤੋਂ ਇਨਕਾਰੀ ਹੈ ਤੇ ਜਿਨ੍ਹਾਂ ਵਿਰੁਧ ਬਾਬੇ ਨਾਨਕ ਨੇ, ਮਨੁੱਖੀ ਇਤਿਹਾਸ ਦੀ ਸੱਭ ਤੋਂ ਵੱਡੀ ਬਗ਼ਾਵਤ ਕੀਤੀ ਸੀ। ਅਸੀ ਅੰਦਰੋਂ ਹੀ, ਕੁੱਝ ਖਾਣ ਪੀਣ ਦਾ ਸਮਾਨ ਖ਼ਰੀਦਿਆ  ਜੋ ਬਜ਼ਾਰ ਨਾਲੋਂ ਮਹਿੰਗਾ ਤਾਂ ਸੀ ਹੀ ਪਰ ਵਧੀਆ ਵੀ ਨਹੀਂ ਸੀ। ਪੀਜ਼ਾ, ਸੈਂਡਵਿਚ (ਅੰਗਰੇਜ਼ੀ ਖਾਣਾ) ਅਤੇ ਖਿਚੜੀ (ਦੱਖਣ ਭਾਰਤ ਦਾ ਖਾਣਾ) ਤਾਂ ਸੀ ਪਰ ਦਿੱਲੀ ਦੇ ਅਕਸ਼ਰਧਾਮ ਵਿਚ, ਉੱਤਰ ਭਾਰਤ ਦਾ ਖਾਣਾ (ਰੋਟੀ ਸਬਜ਼ੀ) ਕੁੱਝ ਨਹੀਂ ਸੀ। ਹਾਂ, ਕਚੌਰੀਆਂ, ਟਿੱਕੀਆਂ ਜ਼ਰੂਰ ਸਨ।ਅਸੀ ਕਾਫ਼ੀ ਨਿਰਾਸ਼ ਹੋ ਕੇ ਪਰਤੇ। ਦਿਲ ਕਰਦਾ ਸੀ ਕਿ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਕਰ ਕੇ, ਦੁਨੀਆਂ ਨੂੰ ਵਿਖਾ ਦਈਏ ਕਿ ਦੌਲਤ ਦੇ ਅੰਬਾਰ ਖ਼ਰਚ ਕੇ ਨਹੀਂ ਸਗੋਂ ਘੱਟ ਤੋਂ ਘੱਟ ਪੈਸੇ ਖ਼ਰਚ ਕਰ ਕੇ ਤੇ ਸਾਇੰਸੀ ਕਾਢਾਂ ਨੂੰ ਵਿਗਿਆਨਕ ਸੋਚ ਪੈਦਾ ਕਰਨ ਲਈ ਵਰਤ ਕੇ ਹੀ ਅੱਜ ਦੇ ਮਨੁੱਖ ਦਾ ਭਲਾ ਕੀਤਾ ਜਾ ਸਕਦਾ ਹੈ, ਗ਼ੈਰ-ਵਿਗਿਆਨਕ ਧਾਰਣਾਵਾਂ ਤੇ ਅੰਧ-ਵਿਸ਼ਵਾਸ ਦਾ ਪ੍ਰਚਾਰ ਕਰ ਕੇ ਨਹੀਂ। ਉਪਰ ਦੱਸੇ ਤਿੰਨ ਢੰਗਾਂ ਨਾਲ ਮਾਇਆ ਇਕੱਤਰ ਕਰਨ ਦੇ ਬਾਵਜੂਦ, ਕਿਸੇ ਗ਼ਰੀਬ ਤੇ ਦੁਖੀ ਦੀ ਮਦਦ ਕਰਨ ਦਾ ਕੋਈ ਪ੍ਰੋਗਰਾਮ, ਏਨੇ ਵੱਡੇ 'ਧਾਮ' ਵਿਚ ਨਹੀਂ ਸੀ। ਸੱਚ ਤਾਂ ਇਹ ਹੈ ਕਿ ਗ਼ਰੀਬ ਆਦਮੀ ਲਈ ਤਾਂ ਅੰਦਰ ਜਾਣਾ ਹੀ ਨਾਮੁਮਕਿਨ ਸੀ ਤੇ ਜੇਕਰ ਕੋਈ, ਮਹਿੰਗੀ ਟਿਕਟ ਲੈ ਕੇ, ਅੰਦਰ ਚਲਾ ਵੀ ਜਾਂਦਾ ਹੈ ਤਾਂ ਉਸ ਦੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ ਸੀ। ਖਰ੍ਹਵੇ ਬੋਲਾਂ ਵਾਲੇ ਮੁਲਾਜ਼ਮ ਤਾਂ ਅਜਿਹੇ ਬੰਦੇ ਨਾਲ ਮਾੜਾ ਸਲੂਕ ਕਰਨ ਵਿਚ ਕਿਸੇ ਵੀ ਹੱਦ ਤਕ ਜਾ ਸਕਦੇ ਹਨ।

ਉਪ੍ਰੋਕਤ ਕੋਈ ਵੀ ਕਮੀ, 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਕਿਸੇ ਨੂੰ ਨਜ਼ਰ ਨਾ ਆਵੇ ਤੇ ਬਾਬੇ ਨਾਨਕ ਵਾਂਗ ਹੀ, ਇਹ ਸਮੁੱਚੀ ਮਾਨਵਤਾ ਨੂੰ ਸੁੱਖ ਵੰਡੇ, ਇਸ ਦਾ ਪ੍ਰਬੰਧ ਟਰੱਸਟੀਆਂ ਤੇ ਮੈਂਬਰਾਂ ਨੂੰ ਸਦਾ ਕਰਦੇ ਰਹਿਣਾ ਪਵੇਗਾ। ਤੁਹਾਡੀ ਗ਼ਫ਼ਲਤ ਤੇ ਰੁੱਖੇਪਨ ਦਾ ਬੋਝ ਬਾਬੇ ਨਾਨਕ ਨੂੰ ਚੁਕਣਾ ਪਵੇਗਾ ਤੇ ਤੁਹਾਡੇ ਪ੍ਰੇਮ, ਤੁਹਾਡੀ ਹਲੀਮੀ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਵਿਚ ਹਰਮਨ-ਪਿਆਰਾ ਬਣਾਉਣਗੇ। ਤੁਸੀ ਮੇਰੇ ਲਫ਼ਜ਼ ਬੇਸ਼ੱਕ ਨੋਟ ਕਰ ਕੇ ਰੱਖ ਲਉ। ਮੈਂ ਜ਼ਰਾ ਵੀ ਵਧਾ ਚੜ੍ਹਾ ਕੇ ਗੱਲ ਨਹੀਂ ਕਰ ਰਿਹਾ। ਇਕ ਦੋ ਸਾਲਾਂ ਵਿਚ ਹੀ, ਇਹ ਸਾਰੀ ਦੁਨੀਆਂ ਦਾ ਧਿਆਨ, ਅਪਣੇ ਵਲ ਖਿੱਚ ਲਵੇਗਾ। ਬਸ ਡਰ ਹੈ ਤਾਂ ਕੇਵਲ ਏਨਾ ਹੀ ਕਿ ਉਸਾਰੀ ਦਾ ਕੰਮ, ਆਖ਼ਰੀ ਪੌੜੀ ਦੇ ਨੇੜੇ ਪੁਜ ਕੇ ਵੀ ਕਿਤੇ ਪੈਸੇ ਦੀ ਕਮੀ ਜਾਂ ਸਾਧਨਾਂ ਦੀ ਕਮੀ ਕਰ ਕੇ, ਰੁਕ ਨਾ ਜਾਵੇ। ਇਹ ਭਾਈ ਲਾਲੋਆਂ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦਾ ਅਜੂਬਾ ਹੋਵੇਗਾ ਜੋ ਉਹ ਦੁਨੀਆਂ ਨੂੰ ਦੇਣਗੇ। ਅੰਤਮ ਪੜਾਅ ਤੇ ਪੁੱਜ ਚੁੱਕਾ ਕੰਮ, ਇਕ ਦਿਨ ਲਈ ਵੀ ਰੁਕ ਗਿਆ (ਉਪ੍ਰੋਕਤ ਕਾਰਨਾਂ ਕਰ ਕੇ) ਤਾਂ ਮੈਨੂੰ ਬੜੀ ਤਕਲੀਫ਼ ਹੋਵੇਗੀ। ਇਸ ਲਈ ਸਪੋਕਸਮੈਨ ਦੇ ਸਾਰੇ ਪਾਠਕਾਂ ਤੇ ਬਾਬੇ ਨਾਨਕ ਦੇ ਸੱਚੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਅਪਣਾ ਅਪਣਾ ਫ਼ਰਜ਼ ਪਛਾਣ ਲਉ ਤੇ ਇਸ ਨੂੰ ਝਟਪਟ ਸ਼ੁਰੂ ਕਰਨ ਲਈ ਜੋ ਕੁੱਝ ਵੀ ਕਰ ਸਕਦੇ ਹੋ, ਅੱਜ ਹੀ ਕਰ ਦਿਉ ਤਾਕਿ ਸਾਡੇ ਵੀ ਹੌਸਲੇ ਵੱਧ ਜਾਣ। ਮੈਂ ਪਹਿਲਾਂ ਹੀ ਸਾਰਾ ਕੁੱਝ ਬਾਬੇ ਨਾਨਕ ਦੇ ਸਿੱਖਾਂ ਦੇ ਨਾਂ ਕਰ ਦਿਤਾ ਹੈ ਤੇ ਮੈਨੂੰ ਯਕੀਨ ਹੈ, ਉਹ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਬਾਬੇ ਨਾਨਕ ਦਾ ਆਲਮੀ ਸੰਦੇਸ਼ ਦੁਨੀਆਂ ਨੂੰ ਦੇਣ ਵਿਚ ਕਾਮਯਾਬ ਹੋਣਗੇ ਤੇ ਮਾਇਆ ਦੇ ਲੋਭ ਤੋਂ ਨਿਰਲੇਪ ਰਹਿ ਕੇ, ਇਸ ਅਜੂਬੇ ਨੂੰ ਗ਼ਰੀਬ ਤੇ ਲੋੜਵੰਦ ਦੀ ਪੱਕੀ ਠਾਹਰ ਬਣਾ ਕੇ ਵਿਖਾ ਦੇਣਗੇ। ਮੈਂ ਹੁਣ ਉਮਰ ਦੀ ਉਸ ਹੱਦ ਵਿਚ ਪੁਜ ਗਿਆ ਹਾਂ ਜਿਥੇ ਮੈਂ ਆਪ ਬਹੁਤੀ ਸੇਵਾ ਵੀ ਨਹੀਂ ਕਰ ਸਕਦਾ ਤੇ ਬਹੁਤ ਦੇਰ ਤਕ ਇਸ ਸੰਸਾਰ ਦਾ ਵਾਸੀ ਵੀ ਬਣਿਆ ਨਹੀਂ ਰਹਿ ਸਕਦਾ। ਨਵੀਂ ਪੋਚ ਵਾਲੇ ਅੱਗੇ ਆਉਣ, ਅਪਣੀ ਕਾਬਲੀਅਤ ਦੇ ਜੌਹਰ ਵਿਖਾਉਣ, ਮੈਂਬਰ ਬਣਨ ਤੇ ਇਸ ਦੀ ਹਰ ਸਮੱਸਿਆ ਨੂੰ ਮਿੰਟਾਂ ਵਿਚ ਹੱਲ ਕਰਨ ਦੀ ਜ਼ਿੰਮੇਵਾਰੀ ਅਪਣੇ ਉਪਰ ਲੈਣ।

SHARE ARTICLE
Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM
Advertisement