
ਉਪ੍ਰੋਕਤ ਚੰਗੇ ਅਕਾਲੀ ਲੀਡਰਾਂ ਦਾ ਵੇਲਾ ਉਹ ਵੇਲਾ ਸੀ ਜਦ ਕੋਈ ਵੀ ਪੱਕਾ ਸਿੱਖ, ਅਪਣੀ ਵੋਟ, ਉਨ੍ਹਾਂ ਦੇ ਹੁਕਮ ਦੇ ਉਲਟ ਜਾ ਕੇ ਦੇਣ ਨੂੰ ਪਾਪ ਸਮਝਦਾ ਸੀ ਤੇ ਇਹ ਲੀਡਰ ਵੀ ਕਿਸੇ ਕੱਚੇ ਸਿੱਖ ਨੂੰ ਅਪਣੇ ਨੇੜੇ ਨਹੀਂ ਸਨ ਢੁਕਣ ਦੇਂਦੇ। 'ਮੈਂ ਮਰਾਂ, ਪੰਥ ਜੀਵੇ' ਇਨ੍ਹਾਂ ਦਾ ਮੁੱਖ ਨਾਹਰਾ ਹੁੰਦਾ ਹੁੰਦਾ ਸੀ ਤੇ ਗ਼ਰੀਬੀ ਇਨ੍ਹਾਂ ਦਾ ਸੌਣਾ ਵਿਛੌਣਾ ਹਾਲਾਂਕਿ ਪੰਥ ਦੀ ਸਾਂਝੀ ਮਾਇਆ ਇਨ੍ਹਾਂ ਦੇ ਇਸ਼ਾਰੇ ਨਾਲ ਹੀ ਖ਼ਰਚੀ ਜਾਂਦੀ ਸੀ।
24 ਜੂਨ ਨੂੰ ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਦਾ ਜਨਮ ਦਿਨ, ਸਰਕਾਰੀ ਤੌਰ 'ਤੇ ਮਨਾਇਆ ਗਿਆ ਭਾਵੇਂ ਅਸਲੀ 'ਸਰਕਾਰ' ਉਸ ਵਿਚੋਂ ²ਗ਼ੈਰ-ਹਾਜ਼ਰ ਸੀ। ਕੌਣ ਸੀ ਮਾਸਟਰ ਤਾਰਾ ਸਿੰਘ? ਸਿੱਖਾਂ ਦੇ ਇਤਿਹਾਸ ਵਿਚ, ਗੁਰੂਆਂ ਤੋਂ ਬਾਅਦ, ਮੁਗ਼ਲਾਂ, ਮਿਸਲਾਂ, ਸਿੱਖ ਰਾਜਿਆਂ ਤੇ ਫਿਰ ਅੰਗਰੇਜ਼ ਦੀ ਗ਼ੁਲਾਮੀ ਦੇ ਚਾਰ ਅਧਿਆਏ ਹੀ ਤਾਂ ਬਣਦੇ ਹਨ। ਪੰਜਵਾਂ ਅਧਿਆਏ (ਹਿੰਦੂ ਬਹੁਗਿਣਤੀ ਵਾਲੇ 'ਸੈਕੁਲਰ' ਭਾਰਤ ਵਿਚ ਸਿੱਖ) ਅਜੇ ਲਿਖਿਆ ਜਾ ਰਿਹਾ ਹੈ। ਅੰਗਰੇਜ਼ ਦੀ ਗ਼ੁਲਾਮੀ ਦੇ ਚੌਥੇ ਅਧਿਆਏ ਵਿਚ, ਰਾਜਸੀ ਪਾਰਟੀਆਂ ਕਾਇਮ ਕਰਨ ਦੀ ਰੀਤ, ਭਾਰਤ ਵਿਚ ਵੀ ਚਾਲੂ ਕੀਤੀ ਗਈ ਤੇ ਰਾਜਸੀ ਲੀਡਰਾਂ ਦੀ ਫ਼²ਸਲ ਵੀ ਤਿਆਰ ਹੋਣ ਲੱਗ ਪਈ। ਅੰਗਰੇਜ਼ ਨੇ, ਰਾਜਸੀ ਪਾਰਟੀਆਂ ਕਾਇਮ ਕਰਨ ਦਾ, ਅਪਣੇ ਦੇਸ਼ ਦਾ ਅਮਲ, ਭਾਰਤ ਵਿਚ ਚਾਲੂ ਕਰ ਕੇ, ਇਕ ਚੰਗਾ ਕੰਮ ਹੀ ਕੀਤਾ। ਇਸ ਤੋਂ ਪਹਿਲਾਂ, ਭਾਰਤੀਆਂ ਕੋਲ ਕੇਵਲ ਰਾਜੇ ਤੇ ਵਜ਼ੀਰ ਹੀ ਹੁੰਦੇ ਸਨ ਤੇ ਉਹ ਲੋਕਾਂ ਵਿਚੋਂ ਨਹੀਂ ਸਨ ਹੁੰਦੇ, ਜਨਮ-ਜਾਤ ਕਾਰਨ ਹੀ ਰਾਜੇ ਤੇ ਵਜ਼ੀਰ, ਅਸਮਾਨੋਂ ਉਤਰਦੇ ਸਨ। ਉੁਨ੍ਹਾਂ ਦੇ ਵਿਰੋਧੀ ਵੀ, ਉੁਨ੍ਹਾਂ ਦੇ ਅੰਦਰੋਂ ਹੀ ਉਪਜਦੇ ਸਨ ਜੋ ਆਪ ਰਾਜਗੱਦੀ 'ਤੇ ਬੈਠਣਾ ਚਾਹੁੰਦੇ ਸਨ ਪਰ ਜਨਤਾ ਦਾ ਇਸ ਵਿਚ ਕੋਈ ਰੋਲ ਨਹੀਂ ਸੀ ਹੁੰਦਾ। ਜਨਤਾ ਬਸ ਤਮਾਸ਼ਬੀਨ ਬਣ ਕੇ ਹੀ, ਸਾਰਾ ਤਮਾਸ਼ਾ ਵੇਖਦੀ ਰਹਿੰਦੀ ਸੀ ਤੇ ਆਪਸੀ ਲੜਾਈ ਵਿਚ ਜਿਹੜਾ ਕੋਈ ਵੀ ਜਿੱਤ ਜਾਂਦਾ ਸੀ, ਉਸੇ ਨੂੰ ਸਲਾਮਾਂ ਕਰਨ ਲੱਗ ਪੈਂਦੀ ਸੀ, ਉਸੇ ਨੂੰ ਜਜ਼ੀਆ (ਟੈਕਸ) ਦੇਣ ਲੱਗ ਪੈਂਦੀ ਸੀ ਤੇ ਉਸੇ ਨੂੰ 'ਮਾਈ ਬਾਪ' ਕਹਿਣ ਲੱਗ ਜਾਂਦੀ ਸੀ।ਸਿਆਸੀ ਪਾਰਟੀਆਂ ਬਣਨ ਨਾਲ, ਜਨਤਾ ਵਿਚੋਂ ਆਗੂ ਉਭਰਨ ਲੱਗੇ ਜੋ ਰਾਜਿਆਂ, ਮਹਾਰਾਜਿਆਂ ਨੂੰ ਵੀ ਚੁਨੌਤੀ ਦੇਣ ਲੱਗ ਪਏ ਤੇ ਉੁਨ੍ਹਾਂ ਨੂੰ 'ਮਾਈ ਬਾਪ' ਮੰਨਣ ਤੋਂ ਇਨਕਾਰ ਕਰਨ ਲੱਗ ਪਏ। ਸਿੱਖਾਂ ਨੇ ਵੀ ਜਿਹੜੀ ਪਹਿਲੀ ਸਿਆਸੀ ਪਾਰਟੀ ਬਣਾਈ, ਉਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਸੀ, ਜਿਵੇਂ ਭਾਰਤ ਦੀ ਪਹਿਲੀ ਰਾਜਸੀ ਪਾਰਟੀ, ਇਕ ਅੰਗਰੇਜ਼ ਵਲੋਂ ਕਾਇਮ ਕੀਤੀ ਗਈ, ਕਾਂਗਰਸ ਪਾਰਟੀ ਸੀ। ਅਕਾਲੀ ਪਾਰਟੀ, ਦੂਜੀਆਂ ਪਾਰਟੀਆਂ ਵਰਗੀ ਰਾਜਸੀ ਪਾਰਟੀ ਨਹੀਂ ਸੀ ਤੇ ਗੁਰਦਵਾਰਿਆਂ ਦੇ ਪ੍ਰਬੰਧ ਲਈ ਹੋਂਦ ਵਿਚ ਆ ਚੁੱਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਦਦ ਕਰਨ ਲਈ ਬਣਾਈ ਗਈ ਪਾਰਟੀ ਸੀ। ਹੌਲੀ-ਹੌਲੀ ਇਹ ਵੱਡੀ ਬਣਦੀ ਗਈ ਤੇ ਸ਼੍ਰੋਮਣੀ ਕਮੇਟੀ, ਇਸ ਪਾਰਟੀ ਦੇ ਅਧੀਨ ਹੁੰਦੀ ਚਲੀ ਗਈ।
ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਪਹਿਲੀ ਰਾਜਸੀ ਪਾਰਟੀ ਸੀ। ਇਸ ਦੇ ਪਹਿਲੇ ਪੂਰ ਵਿਚ, ਕਈ ਆਗੂ ਅੱਗੇ ਆਏ ਪਰ ਥੋੜੇ-ਥੋੜੇ ਸਮੇਂ ਮਗਰੋਂ ਹੀ, ਪੂਰੀ ਤਰ੍ਹਾਂ ਖਿੜਨ ਤੋਂ ਪਹਿਲਾਂ ਹੀ ਝੜਦੇ ਵੀ ਗਏ। ਰਾਜਨੀਤੀ ਬੜੀ ਬੇਰਹਿਮ ਤੇ ਅਥਰੀ ਘੋੜੀ ਹੁੰਦੀ ਹੈ ਜਿਸ ਉਤੇ ਸਵਾਰੀ ਕਰਨ ਵਾਲੇ ਨੂੰ, ਹਰ ਵੇਲੇ, ਹੇਠਾਂ ਡਿਗ ਕੇ ਖ਼ਤਮ ਹੋ ਜਾਣ ਦਾ ਫ਼ਿਕਰ ਲੱਗਾ ਰਹਿੰਦਾ ਹੈ। ਕੋਈ ਬੜਾ ਖ਼ੁਸ਼ਕਿਸਮਤ ਜਾਂ ਬੜਾ ਸ਼ਾਤਰ ਆਗੂ ਹੀ ਮਿਲਦਾ ਹੈ ਜੋ ਇਕ ਵਾਰ ਇਸ ਅਥਰੀ ਘੋੜੀ ਤੋਂ ਡਿਗ ਕੇ, ਦੂਜੀ ਵਾਰ ਇਸ ਉਤੇ ਸਵਾਰ ਹੋਣ ਵਿਚ ਸਫ਼ਲ ਹੋ ਸਕਿਆ ਹੋਵੇ--ਵਰਨਾ ਇਕ ਵਾਰ ਜੋ ਢਹਿ ਪਿਆ ਸੋ ਸਦਾ ਲਈ ਢਹਿ ਪਿਆ, ਵਾਲਾ ਅਸੂਲ ਹੀ ਇਥੇ ਚਲਦਾ ਹੈ।ਮਾ. ਤਾਰਾ ਸਿੰਘ, ਸਿੱਖਾਂ ਦੀ ਪਹਿਲੀ ਰਾਜਸੀ ਪਾਰਟੀ ਦੇ ਪਹਿਲੇ ਪੂਰ ਦੇ ਆਗੂ ਸਨ ਜਿਨ੍ਹਾਂ ਨੇ ਅਥਰੀ ਘੋੜੀ ਉਤੇ ਕਾਠੀ ਪਾਉਣ ਦਾ ਨਿਰਣਾ ਲਿਆ। ਉਹ ਤਾਂ ਸਕੂਲ ਮਾਸਟਰ ਸਨ, ਇਸੇ ਲਈ ਅੰਤ ਤਕ ਉਹ 'ਮਾਸਟਰ ਜੀ' ਹੀ ਬਣੇ ਰਹੇ। ਉੁਨ੍ਹਾਂ ਦੇ ਮੁਕਾਬਲੇ ਤੇ, ਉਸ ਪਹਿਲੇ ਪੂਰ ਵਿਚ, ਬਾਬਾ ਖੜਕ ਸਿੰਘ, ਆਏ ਪਰ ਬਹੁਤ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕਰਨ ਮਗਰੋਂ ਵੀ, ਇਕ ਦੋ ਗ਼ਲਤੀਆਂ ਕਾਰਨ, 'ਮਾਸਟਰ ਜੀ' ਤੋਂ ਮਾਤ ਖਾ ਗਏ ਤੇ ਫਿਰ ਕਾਂਗਰਸ ਦੇ ਨੇੜੇ ਚਲੇ ਗਏ। ਕਿਸੇ ਵੇਲੇ ਬਾਬਾ ਖੜਕ ਸਿੰਘ ਨੂੰ 'ਸਿੱਖਾਂ ਦਾ ਬੇਤਾਜ ਬਾਦਸ਼ਾਹ' ਵੀ ਕਿਹਾ ਜਾਂਦਾ ਸੀ ਤੇ ਉਹ ਸੀ ਵੀ ਬੜਾ ਅਮੀਰ ਸਿੱਖ। ਪਰ ਮਾ: ਤਾਰਾ ਸਿੰਘ ਦੀ ਵਿਰੋਧਤਾ ਕਰ ਕੇ, ਉਹ ਸਿਆਸਤ ਦੀ ਅਥਰੀ ਘੋੜੀ ਤੇ ਬਹੁਤਾ ਚਿਰ ਟਿਕ ਨਾ ਸਕਿਆ। ਪੰਜਾਬ ਵਿਚ ਤਾਂ ਇਸ ਵੇਲੇ ਬਾਬਾ ਖੜਕ ਸਿੰਘ ਦੀ ਕੋਈ ਨਿਸ਼ਾਨੀ ਨਜ਼ਰ ਨਹੀਂ ਆਉਂਦੀ ਪਰ ਦਿੱਲੀ ਵਿਚ, ਜਵਾਹਰ ਲਾਲ ਨਹਿਰੂ ਨੇ, ਮਾ: ਤਾਰਾ ਸਿੰਘ ਦਾ ਮੂੰਹ ਚਿੜਾਉਣ ਲਈ, ਗੁ: ਬੰਗਲਾ ਸਾਹਿਬ ਦੇ ਨੇੜੇ, ਇਕ ਸੜਕ ਦਾ ਨਾਂ, ਬਾਬਾ ਖੜਕ ਸਿੰਘ ਮਾਰਗ ਰੱਖ ਦਿਤਾ ਸੀ ਜੋ ਅੱਜ ਤਕ ਵੀ ਚਲਿਆ ਆ ਰਿਹਾ ਹੈ।
ਜੋ ਵੀ ਹੈ, ਬਾਬਾ ਖੜਕ ਸਿੰਘ ਤੇ ਮਾ: ਤਾਰਾ ਸਿੰਘ, ਅਕਾਲੀ ਲੀਡਰਸ਼ਿਪ ਦੇ ਪਹਿਲੇ ਪੂਰ ਦੇ ਦੋ ਸੱਭ ਤੋਂ ਵੱਡੇ ਦੋ ਆਗੂ ਸਨ। ਲੀਡਰ ਤਾਂ ਹੋਰ ਵੀ ਬਥੇਰੇ ਸਨ ਪਰ ਉਸ ਪਹਿਲੇ ਪੂਰ ਦੇ, ਇਹ ਸੱਭ ਤੋਂ ਵੱਡੇ ਦੋ ਅਕਾਲੀ ਲੀਡਰ ਹੀ, ਕੌਮੀ ਪੱਧਰ ਦੇ ਲੀਡਰਾਂ ਵਾਲਾ ਕੱਦ-ਕਾਠ ਬਣਾ ਸਕੇ। ਬਾਬਾ ਖੜਕ ਸਿੰਘ ਤੋਂ ਬਾਅਦ, ਜਿਹੜਾ ਲੀਡਰ ਸਿੱਖ ਲੀਡਰ ਵਜੋਂ ਪੈਰ ਜਮਾ ਸਕਿਆ, ਉਹ ਗਿ: ਕਰਤਾਰ ਸਿੰਘ ਸੀ। ਸ. ਬਲਦੇਵ ਸਿੰਘ, ਗਿਆਨੀ ਸ਼ੇਰ ਸਿੰਘ, ਹੁਕਮ ਸਿੰਘ ਤੇ ਹੋਰ ਕਈ ਸਿੱਖ ਨੇਤਾ ਵੀ ਉਭਰੇ ਪਰ ਆਜ਼ਾਦੀ ਮਿਲਣ ਤਕ, ਮਾ: ਤਾਰਾ ਸਿੰਘ ਤੇ ਗਿ: ਕਰਤਾਰ ਸਿੰਘ ਹੀ, ਸਿੱਖਾਂ ਦੇ ਹਰ ਵਰਗ ਨੂੰ ਪ੍ਰਵਾਨ ਹੋਣ ਯੋਗ ਨੇਤਾ ਬਣੇ ਰਹੇ। ਇਨ੍ਹਾਂ ਦੇ ਵਿਰੋਧੀ ਵੀ ਬਹੁਤ ਸਨ ਜੋ ਅੰਦਰੋਂ ਕਾਂਗਰਸ ਨਾਲ ਮਿਲ ਕੇ ਚਲਦੇ ਸਨ ਤੇ ਬਾਹਰੋਂ ਅਕਾਲੀ ਸਨ ਪਰ ਉਹ ਦੂਜੀ, ਤੀਜੀ ਕਤਾਰ ਦੇ ਆਗੂਆਂ ਤੋਂ ਕਦੇ ਉਪਰ ਨਾ ਉਠ ਸਕੇ। ਆਜ਼ਾਦੀ ਮਿਲਦਿਆਂ ਹੀ, ਉਹ ਸਾਰੇ, ਛਾਲ ਮਾਰ ਕੇ ਤੇ ਚਿੱਟੀਆਂ ਪੱਗਾਂ ਬੰਨ੍ਹ ਕੇ, ਕਾਂਗਰਸ ਦੇ ਜਹਾਜ਼ ਵਿਚ ਜਾ ਸਵਾਰ ਹੋਏ ਤੇ ਮਾ: ਤਾਰਾ ਸਿੰਘ, ਵੱਡੇ ਅਕਾਲੀ ਆਗੂਆਂ 'ਚੋਂ ਇਕੱਲੇ ਹੀ ਪਿੱਛੇ ਰਹਿ ਗਏ। ਉੁਨ੍ਹਾਂ ਦੇ ਪੱਕੇ ਸਾਥੀ ਗਿ: ਕਰਤਾਰ ਸਿੰਘ ਵੀ ਕਾਂਗਰਸ ਵਿਚ ਜਾ ਬਿਰਾਜੇ। ਗਿ: ਗੁਰਮੁਖ ਸਿੰਘ ਮੁਸਾਫ਼ਰ, ਈਸ਼ਰ ਸਿੰਘ ਮਝੈਲ, ਦਰਸ਼ਨ ਸਿੰਘ ਫੇਰੂਮਾਨ, ਊਧਮ ਸਿੰਘ ਨਾਗੋਕੇ, ਪ੍ਰਤਾਪ ਸਿੰਘ ਕੈਰੋਂ, ਸਵਰਨ ਸਿੰਘ ਅਤੇ ਬਲਦੇਵ ਸਿੰਘ ਸਮੇਤ, ਕੋਈ ਵੀ, ਅਕਾਲੀ ਦਲ ਦਾ ਸਾਥ ਦੇਣ ਲਈ ਪਿੱਛੇ ਨਾ ਰਿਹਾ। ਸੱਭ ਦਾ ਕਹਿਣਾ ਸੀ ਕਿ ਆਜ਼ਾਦੀ ਦੀ ਲੜਾਈ ਵਿਚ ਬਥੇਰੀ ਮਾਰ ਖਾ ਲਈ ਹੈ ਤੇ ਹੁਣ ਜਦ ਰਾਜ-ਭਾਗ ਦਾ ਸੁੱਖ ਮਾਣਨ ਦਾ ਸਮਾਂ ਆਇਆ ਹੈ ਤਾਂ ਮਾ: ਤਾਰਾ ਸਿੰਘ ਅਜੇ ਵੀ ਚਾਹੁੰਦਾ ਹੈ ਕਿ ਅਕਾਲੀ, ਲਾਠੀਆਂ ਹੀ ਖਾਂਦੇ ਰਹਿਣ। ਮਾ: ਤਾਰਾ ਸਿੰਘ ਦਾ ਜਵਾਬ ਸੀ ਕਿ, ''ਅਸੀ ਦੇਸ਼ ਆਜ਼ਾਦ ਕਰਵਾ ਲਿਆ ਹੈ ਪਰ ਸਿੱਖਾਂ ਨਾਲ, ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਜਦ ਤਕ ਪੂਰੇ ਨਹੀਂ ਕੀਤੇ ਜਾਂਦੇ, ਸਾਨੂੰ ਰਾਜ-ਭਾਗ ਦੇ ਲਾਲਚ ਤੋਂ ਬੱਚ ਕੇ ਰਹਿਣਾ ਪਵੇਗਾ ਨਹੀਂ ਤਾਂ ਸਿੱਖਾਂ ਦਾ ਕੁੱਝ ਨਹੀਂ ਬਣੇਗਾ।''
ਇਕੱਲਿਆਂ ਰਹਿ ਜਾਣ ਦੇ ਬਾਵਜੂਦ, ਮਾ: ਤਾਰਾ ਸਿੰਘ ਨੇ ਨੌਜੁਆਨਾਂ ਦੀ ਇਕ ਜਥੇਬੰਦੀ 'ਬੀਰ ਖ਼ਾਲਸਾ ਦਲ' ਬਣਾਈ ਤੇ ਉਸ ਦੀ ਮਦਦ ਨਾਲ, ਆਮ ਸਿੱਖਾਂ ਤਕ, ਪਿੰਡ-ਪਿੰਡ ਪਹੁੰਚ ਕੇ, ਸੱਚ ਦਾ ਬਖਾਨ ਕਰਨਾ ਸ਼ੁਰੂ ਕੀਤਾ। ਆਮ ਸਿੱਖ, ਮਾਸਟਰ ਜੀ ਦੀ ਗੱਲ ਸਮਝ ਗਏ। ਪਹਿਲਾਂ, ਦਿੱਲੀ ਦੇ ਨਵੇਂ ਹਾਕਮਾਂ ਨੇ ਇਸ ਗੱਲ 'ਤੇ ਖ਼ੁਸ਼ੀਆਂ ਮਨਾਈਆਂ ਸਨ ਕਿ ਇਕੱਲਾ ਰਹਿ ਜਾਣ ਕਰ ਕੇ, ਸਿੱਖਾਂ ਨਾਲ ਕੀਤੇ ਵਾਅਦਿਆਂ ਦੀ ਯਾਦ ਦਿਵਾਉਣ ਵਾਲਾ ਇਕੋ ਇਕ ਲੀਡਰ, ਮਾਸਟਰ ਤਾਰਾ ਸਿੰਘ, ਆਪੇ ਘਰ ਬੈਠ ਜਾਏਗਾ ਪਰ ਜਦ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ, ਕਾਂਗਰਸੀ ਅਤੇ ਕਮਿਊਨਿਸਟ ਸਿੱਖਾਂ ਦੇ ਸਾਂਝੇ ਫ਼ਰੰਟ ਨੂੰ ਮਾਸਟਰ ਜੀ ਨੇ, ਇਕੱਲਿਆਂ ਹੀ, ਆਮ ਸਿੱਖਾਂ ਦੀ ਮਦਦ ਨਾਲ ਚਿਤ ਕਰ ਵਿਖਾਇਆ ਤਾਂ ਸਾਰਾ ਦੇਸ਼ ਹੈਰਾਨ ਹੋ ਕੇ ਰਹਿ ਗਿਆ। ਮੈਂ ਉਦੋਂ 8ਵੀਂ ਜਮਾਤ ਵਿਚ ਪੜ੍ਹਦਾ ਸੀ ਪਰ ਮੈਨੂੰ ਅੱਜ ਵੀ ਯਾਦ ਹੈ ਕਿ ਵੱਡੇ-ਵੱਡੇ ਚੋਣ-ਪੋਸਟਰ ਛਾਪ ਕੇ ਦਸਿਆ ਜਾਂਦਾ ਸੀ ਕਿ ਮਾ: ਤਾਰਾ ਸਿੰਘ, ਅੰਗਰੇਜ਼ਾਂ ਦਾ ਵੀ ਪਿੱਠੂ ਰਿਹਾ ਹੈ ਤੇ ਹੁਣ ਪਾਕਿਸਤਾਨ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ। ਇਹ ਪੋਸਟਰ, ਲੱਖਾਂ ਦੀ ਗਿਣਤੀ ਵਿਚ, ਹਰ ਪਿੰਡ ਤੇ ਹਰ ਸ਼ਹਿਰ ਵਿਚ ਲਗਾਏ ਗਏ ਸਨ। ਮੈਨੂੰ ਇਨ੍ਹਾਂ ਦੀ ਪੂਰੀ ਸਮਝ ਨਹੀਂ ਸੀ ਆਉਂਦੀ, ਇਸ ਲਈ ਮੈਂ ਪੋਸਟਰ ਘਰ ਲੈ ਆਉਂਦਾ ਤੇ ਮਾਤਾ-ਪਿਤਾ ਨੂੰ ਪੁਛਦਾ ਹੁੰਦਾ ਸੀ ਕਿ ਇਨ੍ਹਾਂ ਵਿਚ ਲਿਖੇ ਦਾ ਮਤਲਬ ਕੀ ਹੈ?
ਉੁਪ-ਰਾਸ਼ਟਰਪਤੀ ਬਣਨ ਦੀ ਪੇਸ਼ਕਸ਼ ਪਰ ਚੋਣ ਨਤੀਜਿਆਂ ਮਗਰੋਂ ਜਦੋਂ ਮਾਸਟਰ ਜੀ ਨੇ ਪੰਜਾਬੀ ਸੂਬੇ (ਸਿੱਖ ਬਹੁ-ਗਿਣਤੀ ਵਾਲੇ ਅਤੇ ਇਕ ਭਾਸ਼ਾਈ ਪੰਜਾਬੀ ਰਾਜ) ਦੀ ਲੜਾਈ ਤੇਜ਼ ਕਰਨ ਦਾ ਐਲਾਨ ਕੀਤਾ ਤਾਂ ਨਹਿਰੂ ਨੇ ਪੈਂਤੜਾ ਬਦਲਿਆ ਤੇ ਮਾਸਟਰ ਜੀ ਦੇ ਜਨਮ ਦਿਨ ਸਮਾਗਮ ਵਿਚ ਸ਼ਾਮਲ ਹੋ ਕੇ, ਉੁਨ੍ਹਾਂ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿਤੇ ਤੇ ਫਿਰ ਇਕ ਲਿਖਤੀ ਚਿੱਠੀ ਰਾਹੀਂ ਮਾਸਟਰ ਜੀ ਉਤੇ 'ਦੇਸ਼ ਧ੍ਰੋਹ' ਦੇ ਲਾਏ ਇਲਜ਼ਾਮਾਂ ਲਈ ਮਾਫ਼ੀ ਵੀ ਮੰਗ ਲਈ। ਨਹਿਰੂ ਨੂੰ ਸਮਝ ਆ ਗਈ ਸੀ ਕਿ ਜਦ ਤਕ ਮਾ: ਤਾਰਾ ਸਿੰਘ ਨੂੰ ਖ਼ਰੀਦ ਨਹੀਂ ਲਿਆ ਜਾਂਦਾ, ਸਿੱਖਾਂ ਦੀਆਂ ਮੰਗਾਂ ਦੀ ਗੱਲ ਬੰਦ ਨਹੀਂ ਹੋਵੇਗੀ। ਸੋ ਗਿ: ਗੁਰਮੁਖ ਸਿੰਘ ਮੁਸਾਫ਼ਰ ਰਾਹੀਂ, ਮਾਸਟਰ ਜੀ ਨੂੰ ਦਿੱਲੀ ਸੱਦਿਆ ਗਿਆ ਤੇ ਪੇਸ਼ਕਸ਼ ਕੀਤੀ ਗਈ ਕਿ ਉਹ ਉੁਪ-ਰਾਸ਼ਟਰਪਤੀ ਬਣ ਜਾਣ। ਗਿ: ਗੁਰਮੁਖ ਸਿੰਘ ਮੁਸਾਫ਼ਰ ਨੇ ਜੋ ਕੁੱਝ ਮੈਨੂੰ ਦਸਿਆ ਤੇ ਮਗਰੋਂ ਇਕ ਲੇਖ ਵਿਚ ਲਿਖਿਆ (ਪੰਜ ਪਾਣੀ ਵਿਚ), ਉਸ ਅਨੁਸਾਰ, ਨਹਿਰੂ ਨੇ ਕਿਹਾ, ''ਮਾ: ਜੀ, ਤੁਹਾਡੀ ਉਮਰ ਦੇ ਤੇ ਤੁਹਾਡੇ ਜਿੰਨੀ ਕੁਰਬਾਨੀ ਕਰਨ ਵਾਲੇ ਦੇਸ਼ ਭਗਤ ਆਗੂ ਥੋੜੇ ਹੀ ਰਹਿ ਗਏ ਹਨ, ਇਸ ਲਈ ਮੈਂ ਚਾਹਾਂਗਾ ਕਿ ਤੁਸੀ ਹੁਣ ਕੇਵਲ ਪੰਜਾਬ ਨੂੰ ਹੀ ਅਗਵਾਈ ਨਾ ਦਿਉ ਸਗੋਂ, ਸਾਰੇ ਦੇਸ਼ ਨੂੰ ਅਗਵਾਈ ਦਿਉ ਤੇ ਸਾਡੀ ਬੇਨਤੀ ਮੰਨ ਕੇ, ਦੇਸ਼ ਦੇ ਉਪ ਰਾਸ਼ਟਰਪਤੀ ਬਣਨਾ ਸਵੀਕਾਰ ਕਰੋ। ਮਗਰੋਂ ਜਦੋਂ ਰਾਸ਼ਟਰਪਤੀ ਦਾ ਅਹੁਦਾ ਖ਼ਾਲੀ ਹੋ ਜਾਵੇਗਾ ਤਾਂ ਆਪ ਨੂੰ ਰਾਸ਼ਟਰਪਤੀ ਵੀ ਬਣਾ ਦਿਤਾ ਜਾਵੇਗਾ।''ਮੁਸਾਫ਼ਰ ਜੀ ਅਨੁਸਾਰ ਹੀ, ਮਾਸਟਰ ਜੀ ਨੇ ਇਕ ਪਲ ਦੀ ਦੇਰੀ ਕੀਤੇ ਬਿਨਾਂ ਉੱਤਰ ਦਿਤਾ, ''ਪੰਡਤ ਜੀ, ਤੁਸੀ ਮੈਨੂੰ ਇਹ ਪੇਸ਼ਕਸ਼ ਇਸ ਲਈ ਨਹੀਂ ਕਰ ਰਹੇ ਕਿ ਤੁਹਾਡੇ ਕੋਲ ਉਪ ਰਾਸ਼ਟਰਪਤੀ ਬਣਨ ਦੀ ਕਾਬਲੀਅਤ ਰੱਖਣ ਵਾਲੇ ਬੰਦਿਆਂ ਦੀ ਕਮੀ ਹੈ। ਨਹੀਂ, ਮੇਰੇ ਨਾਲੋਂ ਬਹੁਤ ਚੰਗੇ ਲੋਕ ਤੁਹਾਨੂੰ ਇਸ ਕੁਰਸੀ ਉਤੇ ਬੈਠਣ ਲਈ ਮਿਲ ਜਾਣਗੇ ਪਰ ਮੈਂ ਸਮਝਦਾ ਹਾਂ, ਜੇ ਮੈਂ ਸਿੱਖਾਂ ਨੂੰ ਛੱਡ ਕੇ, ਇਥੇ ਆ ਬੈਠਾ ਤਾਂ ਉਨ੍ਹਾਂ ਦੀ ਗੱਲ ਕਰਨ ਵਾਲਾ ਲੀਡਰ ਅਜੇ ਹੋਰ ਕੋਈ ਨਹੀਂ ਮਿਲਣਾ। ਸੋ ਮੈਨੂੰ ਸਿੱਖਾਂ ਦੀ ਗੱਲ ਕਰਦੇ ਰਹਿਣ ਦਿਉ ਤੇ ਉਪ-ਰਾਸ਼ਟਰਪਤੀ ਤੁਸੀ ਕਿਸੇ ਹੋਰ ਨੂੰ ਬਣਾ ਲਉ।'' ਇਹ ਕਹਿ ਕੇ ਮਾਸਟਰ ਜੀ ਉਠ ਪਏ।
ਜ਼ਰਾ ਗਿਆਨੀ ਕਰਤਾਰ ਸਿੰਘ ਦੀ ਵੀ ਗੱਲ ਕਰ ਲਈਏ। ਗਿਆਨੀ ਜੀ ਕਦੇ ਕਾਂਗਰਸ ਵਿਚ ਚਲੇ ਜਾਂਦੇ ਤੇ ਕਦੇ ਅਕਾਲੀ ਦਲ ਵਿਚ ਆ ਜਾਂਦੇ ਪਰ ਉਹ ਜਿਥੇ ਵੀ ਰਹਿੰਦੇ, ਅਪਣਾ 'ਜਮਾਂਦਰੂ ਅਕਾਲੀਪੁਣਾ' ਕਦੇ ਨਾ ਛਡਦੇ। ਕਾਂਗਰਸ ਵਿਚ ਸ਼ਾਮਲ ਹੋ ਕੇ ਤੇ ਵਜ਼ੀਰ ਬਣ ਕੇ ਵੀ 'ਫ਼ੱਕਰ ਅਕਾਲੀਆਂ ਵਾਂਗ' ਹੀ ਰਹਿੰਦੇ ਤੇ ਜਦੋਂ ਵਜ਼ੀਰੀ ਤੋਂ ਹਟਦੇ ਤਾਂ ਸ੍ਰੀਰ 'ਤੇ ਪਾਏ ਕਪੜਿਆਂ ਤੋਂ ਇਲਾਵਾ, ਉਨ੍ਹਾਂ ਦਾ ਕੋਈ ਸਾਮਾਨ ਨਾ ਹੁੰਦਾ। ਇਕ ਈਮਾਨਦਾਰ ਤੇ ਮਾਇਆ ਤੋਂ ਨਿਰਲੇਪ ਵਜ਼ੀਰ ਵਜੋਂ ਜੇ ਸਾਰੇ ਦੇਸ਼ ਦੇ ਵਜ਼ੀਰਾਂ ਦਾ ਮੁਕਾਬਲਾ ਕਰਵਾਇਆ ਜਾਵੇ ਤਾਂ ਅੱਜ ਵੀ ਗਿਆਨੀ ਕਰਤਾਰ ਸਿੰਘ ਤੋਂ ਚੰਗਾ ਵਜ਼ੀਰ ਕੋਈ ਨਹੀਂ ਮਿਲੇਗਾ। ਮਾਸਟਰ ਤਾਰਾ ਸਿੰਘ ਨੂੰ ਛੱਡ ਕੇ, ਕਾਂਗਰਸੀ ਵਜ਼ੀਰ ਬਣਦੇ ਤਾਂ ਮਾਸਟਰ ਜੀ ਉਨ੍ਹਾਂ ਨੂੰ 'ਗ਼ੱਦਾਰੇ ਆਜ਼ਮ' ਦਾ ਖ਼ਿਤਾਬ ਦੇਣ ਤਕ ਵੀ ਚਲੇ ਜਾਂਦੇ ਪਰ ਵਾਪਸ ਆਉਂਦੇ ਤਾਂ ਇਕ ਪਲ ਦੀ ਦੇਰੀ ਕੀਤੇ ਬਿਨਾਂ, ਉਨ੍ਹਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾ ਲੈਂਦੇ। ਇਸ ਤੋਂ ਸਪੱਸ਼ਟ ਹੈ ਕਿ ਗਿਆਨੀ ਜੀ, ਆਪਸੀ ਸਲਾਹ ਮਸ਼ਵਰੇ ਨਾਲ ਤੇ ਮਾ. ਜੀ ਦੀ ਰਜ਼ਾਮੰਦੀ ਨਾਲ ਹੀ ਕਾਂਗਰਸ ਵਿਚ ਜਾਂਦੇ ਤੇ ਸਿੱਖਾਂ, ਪੰਜਾਬੀ ਦੇ ਹੱਕ ਵਿਚ ਕੰਮ ਕਰਵਾ ਕੇ, ਵਾਪਸ ਆ ਜਾਂਦੇ। ਦੋਵੇਂ ਲੀਡਰ, ਸ਼ੁਰੂ ਤੋਂ ਅਖ਼ੀਰ ਤਕ, ਸਿੱਖ ਪੰਥ ਲਈ ਕੰਮ ਕਰਦੇ ਰਹੇ ਤੇ ਅਪਣੇ ਬਾਰੇ ਕਦੇ ਨਾ ਸੋਚਿਆ। ਦੁਸ਼ਮਣ ਤਾਂ ਇਨ੍ਹਾਂ ਦੋਹਾਂ ਬਾਰੇ ਵੀ ਬੇ-ਪਰ ਦੀਆਂ ਉਡਾਂਦੇ ਰਹੇ ਪਰ ਇਨ੍ਹਾਂ ਦੁਹਾਂ ਲੀਡਰਾਂ ਦੀ ਮੌਤ ਹੋ ਜਾਣ ਮਗਰੋਂ ਪਤਾ ਲੱਗ ਗਿਆ ਕਿ ਇਨ੍ਹਾਂ ਦੇ ਨਿਜੀ ਬੈਂਕ ਖਾਤੇ ਵੀ ਕੋਈ ਨਹੀਂ ਸਨ ਤੇ ਇਹ ਅਪਣੇ ਪਿੱਛੇ ਕੁੱਝ ਵੀ ਨਹੀਂ ਸਨ ਛੱਡ ਗਏ--- ਕੋਈ ਜ਼ਮੀਨ ਜਾਇਦਾਦ, ਬੈਂਕ ਬੈਲੈਂਸ ਜਾਂ ਕੁੱਝ ਵੀ ਨਹੀਂ!
ਮਾ. ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਵੇਲੇ 'ਅਕਾਲੀ ਲੀਡਰ' ਕਿਹੋ ਜਿਹੇ ਸੱਚੇ ਸੁੱਚੇ ਤੇ ਜੀਵਨ ਵਾਲੇ ਸਿੱਖ ਹੁੰਦੇ ਸਨ, ਉਹ ਤੁਸੀ ਉਪਰ ਵੇਖ ਹੀ ਲਿਆ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਨ੍ਹਾਂ ਦੁਹਾਂ ਲੀਡਰਾਂ ਮਗਰੋਂ ਤਾਂ 'ਸਿੱਖ ਲੀਡਰ' ਹੋਣ ਦਾ ਮਤਲਬ ਹੀ ਬਦਲ ਗਿਆ ਹੈ। ਇਹ ਦੋਵੇਂ ਲੀਡਰ, ਲੰਮੇ ਸਮੇਂ ਤਕ, ਪੰਜਾਬ ਅਤੇ ਸਿੱਖਾਂ ਦੇ ਲੀਡਰ ਬਣੇ ਰਹੇ, ਇਸ ਲਈ ਇਨ੍ਹਾਂ ਦੇ ਕੀਤੇ ਕੰਮਾਂ ਵਿਚੋਂ ਜੇ 100 ਕੰਮ ਠੀਕ ਵੀ ਹੋਏ ਹੋਣਗੇ ਤਾਂ 5 ਖ਼ਰਾਬ ਵੀ ਜ਼ਰੂਰ ਹੋ ਗਏ ਹੋਣਗੇ। ਦੋਵੇਂ ਲੀਡਰ, ਜ਼ਾਹਰਾ ਤੌਰ 'ਤੇ ਵੱਖ ਵੱਖ ਰਸਤਿਆਂ 'ਤੇ ਚਲਦੇ ਹੋਏ ਵੀ, ਦਸ ਗਏ ਕਿ ਇਕ ਆਦਰਸ਼ ਸਿੱਖ ਲੀਡਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੰਖੇਪ ਵਿਚ ਕਹੀਏ ਤਾਂ :
J ਸਿੱਖਾਂ ਦਾ ਲੀਡਰ, ਉਹੀ ਹੋਣਾ ਚਾਹੀਦਾ ਹੈ ਜੋ ਅਤਿ ਸਾਦਗੀ ਵਾਲਾ ਜੀਵਨ ਜੀਵੇ ਤੇ ਮਾਇਆ ਤੋਂ, ਅੰਤ ਤਕ ਨਿਰਲੇਪ ਰਹੇ।
J ਸਿੱਖਾਂ ਦਾ ਲੀਡਰ ਉਹੀ ਹੋ ਸਕਦਾ ਹੈ ਜੋ ਕੌਮ ਦੇ ਹਿਤਾਂ ਨੂੰ ਛੱਡਣ ਦੀ ਸ਼ਰਤ 'ਤੇ ਜੇ ਵੱਡੇ ਤੋਂ ਵੱਡਾ ਅਹੁਦਾ ਵੀ ਮਿਲਦਾ ਹੋਵੇ ਤਾਂ ਪੈਰ ਦੀ ਜੁੱਤੀ ਨਾਲ ਠੁਕਰਾ ਦੇਵੇ।
J ਸਿੱਖਾਂ ਦਾ ਲੀਡਰ ਉਹੀ ਹੋ ਸਕਦਾ ਹੈ ਜੋ ਹਕੂਮਤ ਦੀ ਗੱਦੀ 'ਤੇ ਬੈਠਾ ਵੀ ਇਹੀ ਸੋਚੇ ਕਿ ਅਪਣੀ ਕੌਮ ਲਈ, ਸਰਕਾਰੀ ਸ਼ਕਤੀ ਨੂੰ ਕਿਵੇਂ ਵਰਤ ਸਕਦਾ ਹੈ ਪਰ ਭੁੱਲ ਕੇ ਵੀ ਕਦੇ, ਸਰਕਾਰੀ ਸ਼ਕਤੀ ਨੂੰ ਅਪਣੇ ਲਈ ਧਨ ਦੌਲਤ ਇਕੱਠੀ ਕਰਨ ਵਾਸਤੇ ਨਾ ਵਰਤੇ।
J ਸਿੱਖਾਂ ਦਾ ਲੀਡਰ ਉਹ ਹੋ ਸਕਦਾ ਹੈ ਜੋ ਸਰਕਾਰੀ ਸ਼ਕਤੀ ਨੂੰ ਕਿਸੇ ਦਾ ਨੁਕਸਾਨ ਕਰਨ ਲਈ ਤੇ ਨਿਜੀ ਕਿੜਾਂ ਕੱਢਣ ਲਈ ਕਦੇ ਨਾ ਵਰਤੇ ਸਗੋਂ ਵਿਰੋਧੀ ਸਿੱਖ ਦਾ ਵੀ ਭਲਾ ਸੋਚੇ ਤੇ ਪੰਜਾਬ ਦੇ ਵਿਕਾਸ ਨੂੰ ਕਦੇ ਅੱਖੋਂ ਓਹਲੇ ਨਾ ਹੋਣ ਦੇਵੇ।
J ਸਿੱਖਾਂ ਦਾ ਲੀਡਰ ਉਹੀ ਹੋ ਸਕਦਾ ਹੈ ਜੋ ਕਥਨੀ ਤੇ ਕਰਨੀ ਦਾ ਪੂਰਾ ਹੋਵੇ ਤੇ ਦੌਲਤ ਨੂੰ ਤੁੱਛ ਸਮਝ ਕੇ, ਸੇਵਾ ਦੇ ਸੰਕਲਪ ਨੂੰ, ਆਖ਼ਰੀ ਦਿਨ ਤਕ ਸਮਰਪਿਤ ਰਹੇ ਤੇ ਅਪਣੇ ਪਿਛੇ ਏਨਾ ਧਨ ਛੱਡ ਕੇ ਕਦੇ ਨਾ ਜਾਵੇ ਜਿਸ ਨੂੰ ਵੇਖ ਕੇ ਲੱਗੇ ਕਿ ਲੋਕਾਂ ਦੀ ਸੇਵਾ ਦੇ ਨਾਂ 'ਤੇ, ਉਹ ਧਨ ਹੀ ਇਕੱਤਰ ਕਰਦਾ ਰਿਹਾ ਹੈ ਤੇ ਸਿੱਖ ਹੋਣ ਦਾ ਝੂਠ ਬੋਲ ਕੇ, ਲਛਮੀ ਦਾ ਭਗਤ ਹੀ ਬਣਿਆ ਰਿਹਾ ਸੀ।
ਪਹਿਲੀ ਪੂਰ ਦੇ ਇਨ੍ਹਾਂ ਦੋਹਾਂ ਅਕਾਲੀ ਲੀਡਰਾਂ ਮਗਰੋਂ ਜਿਵੇਂ 'ਸਿੱਖ ਲੀਡਰ' ਦੇ ਅਰਥ ਹੀ ਬਦਲ ਗਏ ਹਨ, ਉਸ ਵਲ ਵੇਖ ਕੇ ਅੰਦਾਜ਼ਾ ਲੱਗ ਸਕਦਾ ਹੈ ਕਿ ਸਿੱਖੀ ਦੇ ਖ਼ਾਤਮੇ ਦੀਆਂ ਗੱਲਾਂ ਅੱਜ ਪਰ੍ਹਿਆਂ ਵਿਚ ਹੋਣੀਆਂ ਕਿਉਂ ਸ਼ੁਰੂ ਹੋ ਗਈਆਂ ਹਨ। ਅੱਜ ਤਾਂ 'ਸਿੱਖ ਲੀਡਰ' ਉਹੀ ਵੱਡਾ ਹੈ ਜਿਸ ਨੇ ਧਨ ਦੇ ਅੰਬਾਰ ਇਕੱਠੇ ਕਰਨ ਵਿਚ, ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਮਾਤ ਪਾ ਦਿਤਾ ਹੋਵੇ, ਜੋ 'ਹਰਾਮ ਦੀ ਕਮਾਈੇ' ਦੇ ਆਸਰੇ, ਸਮਗਲਰਾਂ ਵਾਂਗ ਰਹਿੰਦਾ ਹੋਵੇ, ਜਨਤਾ ਦੇ ਪੈਸੇ ਨਾਲ ਬਣਾਏ ਮਹੱਲਾਂ ਵਿਚ ਰਹਿੰਦਾ ਹੋਵੇ, ਗੁਰਦਵਾਰੇ ਦਾ ਧਨ ਲੁਟਣਾ ਤੇ ਖਾਣਾ ਅਪਣਾ ਹੱਕ ਸਮਝਦਾ ਹੋਵੇ, ਹੰਕਾਰੀ ਹੋਵੇ, ਗਾਲਾਂ ਕੱਢੇ ਬਿਨਾਂ ਦੋ ਫ਼ਿਕਰੇ ਨਾ ਬੋਲ ਸਕਦਾ ਹੋਵੇ ਤੇ ਸੱਤਾ ਵਿਚ ਆ ਕੇ, ਅਪਣੇ ਵਿਰੋਧੀਆਂ ਲਈ 'ਚੰਗੇਜ਼ ਖ਼ਾਂ' ਬਣਨ ਨੂੰ ਤਿਆਰ ਰਹਿਣ ਵਾਲਾ ਹੋਵੇ।
ਪਰ ਇਨ੍ਹਾਂ ਦੋ ਮਹਾਨ ਲੀਡਰਾਂ ਨਾਲ ਵੀ ਸਿੱਖਾਂ ਨੇ ਕੀ ਸਲੂਕ ਕੀਤਾ, ਇਹ ਸਭ ਕੁੱਝ ਵੀ ਮੈਂ ਅਪਣੀ ਅੱਖੀਂ ਵਰਤੀਂਦਾ ਦੇਖਿਆ ਹੈ ਤੇ ਇਸ ਕੌਮ ਦੀ ਨਾਦਾਨੀ ਬਾਰੇ ਸੋਚ ਕੇ ਕਈ ਵਾਰ ਦੁਖੀ ਹੋਇਆ ਹਾਂ। ਇਹ ਅਪਣੇ ਚੰਗੇ ਲੀਡਰਾਂ ਨੂੰ ਵੀ, ਫ਼ਜ਼ੂਲ ਦੀਆਂ ਗੱਲਾਂ ਕਰ ਕਰ ਕੇ, ਇਤਿਹਾਸ ਦਾ ਕੂੜ ਕਬਾੜ ਸਮਝ ਕੇ ਭੁੱਲ ਜਾਂਦੀ ਹੈ। ਪਰ ਜੋ ਵੀ ਹੈ, ਉਪ੍ਰੋਕਤ ਚੰਗੇ ਅਕਾਲੀ ਲੀਡਰਾਂ ਦਾ ਵੇਲਾ ਉਹ ਵੇਲਾ ਸੀ ਜਦ ਕੋਈ ਵੀ ਪੱਕਾ ਸਿੱਖ, ਅਪਣੀ ਵੋਟ, ਉਨ੍ਹਾਂ ਦੇ ਹੁਕਮ ਦੇ ਉਲਟ ਜਾ ਕੇ ਦੇਣ ਨੂੰ ਪਾਪ ਸਮਝਦਾ ਸੀ ਤੇ ਇਹ ਲੀਡਰ ਵੀ ਕਿਸੇ ਕੱਚੇ ਸਿੱਖ ਨੂੰ ਅਪਣੇ ਨੇੜੇ ਨਹੀਂ ਸਨ ਢੁਕਣ ਦੇਂਦੇ। 'ਮੈਂ ਮਰਾਂ, ਪੰਥ ਜੀਵੇ' ਇਨ੍ਹਾਂ ਦਾ ਮੁੱਖ ਨਾਹਰਾ ਹੁੰਦਾ ਹੁੰਦਾ ਸੀ ਤੇ ਗ਼ਰੀਬੀ ਇਨ੍ਹਾਂ ਦਾ ਸੌਣਾ ਵਿਛੌਣਾ ਹਾਲਾਂਕਿ ਪੰਥ ਦੀ ਸਾਂਝੀ ਮਾਇਆ ਇਨ੍ਹਾਂ ਦੇ ਇਸ਼ਾਰੇ ਨਾਲ ਹੀ ਖ਼ਰਚੀ ਜਾਂਦੀ ਸੀ।