poem in punjabi : ਤੇਰੀ ਮੇਰੀ ਸਾਂਝ ਕੋਈ ਝਾਤ ਬਰੂਹਾਂ ਤੋਂ,
ਤੇਰੀ ਮੇਰੀ ਦੂਰੀ ਡੂੰਘੀ ਖੂਹਾਂ ਤੋਂ
ਤੇਰੀ ਮੇਰੀ ਸਾਂਝ ਕੋਈ ਝਾਤ ਬਰੂਹਾਂ ਤੋਂ,
ਦਸਦੇ ਮੈਨੂੰ ਰਾਹ ਕੋਈ ਦਿਲ ਦੀਆਂ ਜਾਣਦਿਆਂ।
ਤੇਰੇ ਮੇਰੇ ਰਿਸ਼ਤੇ ਨੂੰ ਕੀ ਨਾਮ ਦਿਆਂ।
ਜਦ ਤੂੰ ਹੋਵੇ ਨੇੜੇ ਝਿਜਕਦੇ ਰਹਿੰਦੇ ਹਾਂ,
ਜਦ ਤੂੰ ਹੋਵੇ ਦੂਰ ਵਿਲਕਦੇ ਰਹਿੰਦੇ ਹਾਂ,
ਜੇ ਵਸ ਹੋਵੇ ਤੈਨੂੰ ਗੱਫੇ ਭਰ ਮੁਸਕਾਨ ਦਿਆਂ।
ਤੇਰੇ ਮੇਰੇ ਰਿਸ਼ਤੇ ਨੂੰ ਕੀ ਨਾਮ ਦਿਆਂ।
ਸਾਰਾ ਸਾਰਾ ਦਿਨ ਕਿਉਂ ਗੱਲਾਂ ਮੁਕਦੀਆਂ ਨਹੀਂ,
ਉਜੜ ਗਏ ਨੇ ਬਾਗ਼ ਇਹ ਸਧਰਾਂ ਸੁਕਦੀਆਂ ਨਹੀਂ,
ਦੁੱਖ-ਸੁੱਖ ਫੋਲੇ ਜਾਂਦੇ ਨੇ ਨਾਲ ਹਾਣਦਿਆਂ।
ਤੇਰੇ ਮੇਰੇ ਰਿਸ਼ਤੇ ਨੂੰ ਕੀ ਨਾਮ ਦਿਆਂ।
ਤੇਰਾ ਏਨਾ ਪਿਆਰ ਜਿਤਾਉਣਾ ਬੜਾ ਅਜੀਬ ਲੱਗੇ,
ਪਰ ਕਦੇ ਕਦੇ ਤੂੰ ਰੱਬ ਤੋਂ ਵੱਧ ਕਰੀਬ ਲੱਗੇ,
ਚਿਤ ਕਰਦਾ ਤੇਰੇ ਕਦਮਾਂ ਵਿਚ ਧਰ ਜਾਨ ਦਿਆਂ।
ਤੇਰੇ ਮੇਰੇ ਰਿਸ਼ਤੇ ਨੂੰ ਕੀ ਨਾਮ ਦਿਆਂ।
-ਜਗਦੇਵ ਸਿੰਘ ਲੱਡਾ ਸੀ.ਐਚ.ਟੀ.ਘਰਾਚੋਂ (ਸੰਗਰੂਰ)।
9463994332