
ਦੁੱਖ ਸੁੱਖ ਵਿਚ ਆਂਦੇ ਨੇ ਉਹ
ਦੁੱਖ ਸੁੱਖ ਵਿਚ ਆਂਦੇ ਨੇ ਉਹ
ਮਨ ਹੌਲਾ ਕਰ ਜਾਂਦੇ ਨੇ ਉਹ
ਜਦੋਂ ਛਡ ਜਾਂਦੇ ਸਾਰੇ ਅਪਣੇ
ਤਾਂ ਵੀ ਸਾਥ ਨਿਭਾਂਦੇ ਨੇ ਉਹ
ਬੁਲਾਣਾ ਨਹੀਂ ਪੈਂਦਾ ਉਨ੍ਹਾਂ ਨੂੰ
ਆਪ ਹੀ ਆ ਜਾਂਦੇ ਨੇ ਉਹ
ਵੱਡੇ ਵੱਡੇ ਮਸਲੇ ਮਿੰਟਾਂ ਵਿਚ
ਇਕੱਲੇ ਹੀ ਸੁਲਝਾਂਦੇ ਨੇ ਉਹ
ਰੁੱਸੇ ਹੋਏ ਦੋਸਤਾਂ ਯਾਰਾਂ ਵਿਚ
ਦੂਰੀਆਂ ਨੂੰ ਮਿਟਾਉਂਦੇ ਨੇ ਉਹ
ਇਕ ਦੂਜੇ ਨੂੰ ਅਪਣੇਪਣ ਦਾ
ਅਹਿਸਾਸ ਕਰਾਉਂਦੇ ਨੇ ਉਹ
ਛੋਟੀਆਂ ਵੱਡੀਆਂ ਜਿੰਦਾਂ ਤਾਂ
ਮਿੰਟਾਂ ਵਿਚ ਮਨਵਾਂਦੇ ਨੇ ਉਹ
ਜੋ ਕੰਮ ਹਥਿਆਰ ਨਹੀਂ ਕਰਦੇ
ਉਹ ਕੰਮ ਕਰਵਾਉਂਦੇ ਨੇ ਉਹ
ਅਮਰ ਲਈ ਬੜੇ ਮੁੱਲਵਾਨ ਨੇ
ਅੱਖਾਂ ਦੇ ਹੰਝੂ ਅਖਵਾਂਦੇ ਨੇ ਉਹ
-ਅਮਰਦੀਪ ਕੌਰ