
ਕਾਵਿ-ਕਿਆਰੀ
ਕੋਸ਼ਿਸ਼ ਕਰ
ਖੁਦ ਹੱਸ ਦੂਜਿਆਂ ਨੂੰ ਹਸਾਉਣ ਦੀ ਕੋਸ਼ਿਸ਼ ਕਰ।
ਦਰਦਾਂ ਦੇ ਮਾਰਿਆਂ ਦੇ ਦਰਦ ਵੰਡਾਉਣ ਦੀ ਕੋਸ਼ਿਸ਼ ਕਰ।
ਪਤਾ ਨਹੀਂ ਕਦੋਂ ਮੁੱਕ ਜਾਣੈ ਇਹ ਸਾਹਾਂ ਦਾ ਖ਼ਜ਼ਾਨਾ,
ਟੁੱਟੀਆਂ ਨੂੰ ਗੰਢ, ਸ਼ਿਕਵੇ ਮਿਟਾਉਣ ਦੀ ਕੋਸ਼ਿਸ਼ ਕਰ।
ਗ਼ਮਾਂ ਦੇ ਤੂਫ਼ਾਨਾਂ ਵਿਚ ਸਾਗਰ ਦੀ ਗਹਿਰਾਈ ਅੰਦਰ,
ਬਣ ਕੇ ਤਿਨਕਾ ਕਿਸੇ ਨੂੰ ਕਿਨਾਰੇ ਲਾਉਣ ਦੀ ਕੋਸ਼ਿਸ਼ ਕਰ।
ਦੂਰ ਹੈ ਮੰਜ਼ਿਲ ਬਹੁਤ ਹੀ ਮੁਸ਼ਕਲ ਨੇ ਨਾਲੇ ਰਾਹਾਂ,
ਮੁਰਸ਼ਦ ਦਾ ਲੈ ਕੇ ਕਦਮ ਟਿਕਾਉਣ ਦੀ ਕੋਸ਼ਿਸ਼ ਕਰ।
ਉਜੜਿਆਂ ਦੇ ਨਾਲ ਉਜੜਨਾ ਬੜਾ ਔਖਾ ਹੁੰਦਾ ਹੈ ਸਾਕੀ,
ਕਿਸੇ ਉਜੜੇ ਆਲ੍ਹਣੇ ਨੂੰ ਵਸਾਉਣ ਦੀ ਕੋਸ਼ਿਸ਼ ਕਰ।
ਹਾਰ-ਜਿੱਤ ਹੈ ਜ਼ਿੰਦਗੀ ਇਹ ਇੰਜ ਹੀ ਚਲਦੀ ਰਹਿੰਦੀ,
ਹਾਰ ਵਿਚੋਂ ਜਿੱਤ ਨੂੰ ਕੱਢ ਲਿਆਉਣ ਦੀ ਕੋਸ਼ਿਸ਼ ਕਰ।
ਚਲਣਾ ਨਹੀਂ ਨਾਲ ਕੁੱਝ ਵੀ ਸੱਭ ਇਥੇ ਹੀ ਰੁਕ ਜਾਣਾ,
ਨੇਕ ਅਸੀਸ ਕਿਸੇ ਗ਼ਰੀਬ ਦੀ ਕਮਾਉਣ ਦੀ ਕੋਸ਼ਿਸ਼ ਕਰ।
ਚਹਿਕਣ ਪੰਛੀ ਗਾਉਣ ਗੀਤ ਪਿਆਰ ਮੁਹੱਬਤ ਵਾਲੇ,
ਰਾਜ਼ ਗੁੱਝਾ ਇਹ ਜ਼ਿੰਦਗੀ ਦਾ ਸੱਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰ।
ਦੂਜਿਆਂ ਨੂੰ ਤੂੰ 'ਨਾਂਗਲ' ਦਿੰਦਾ ਨੇਕ ਸਲਾਹਾਂ ਨਿੱਤ ਹੀ,
ਇਕ ਵਾਰ ਅਪਣੇ ਅੰਦਰ ਵੀ ਝਾਤੀ ਪਾਉਣ ਦੀ ਕੋਸ਼ਿਸ਼ ਕਰ।
ਦਵਿੰਦਰ ਸਿੰਘ 'ਨਾਂਗਲ', ਸੰਪਰਕ : 98788-84923