
ਫੁੱਲ ਗੁਲਾਬ ਦੀ ਮਹਿਕ ਜਿਹਾ, ਰਾਂਝਣ ਦੇ ਸਾਹ ਦੀ ਸਹਿਕ ਜਿਹਾ।
ਫੁੱਲ ਗੁਲਾਬ ਦੀ ਮਹਿਕ ਜਿਹਾ, ਰਾਂਝਣ ਦੇ ਸਾਹ ਦੀ ਸਹਿਕ ਜਿਹਾ।
ਬਾਗ਼ੀ ਕੋਇਲ ਦੀ ਚਹਿਕ ਜਿਹਾ, ਅੰਬਰਾਂ 'ਤੇ ਚੰਨ ਜਿਉਂ ਟਹਿਕ ਰਿਹਾ।
ਇਕ ਸਾਥੀ ਹੋਵੇ।
ਸੁੱਚੇ ਘਿਉ ਦੀ ਜੋਤ ਜਿਹਾ, ਮੋਹ ਮੁਹੱਬਤਾਂ ਵਿਚ ਪਰੋਤ ਜਿਹਾ।
ਸੱਸੀ ਦੇ ਪੁੰਨੂੰ ਬਲੋਚ ਜਿਹਾ, ਅੰਮ੍ਰਿਤ ਵੇਲੇ ਦੀ ਸਰੋਤ ਜਿਹਾ।
ਇਕ ਸਾਥੀ ਹੋਵੇ।
ਸਜਰੇ ਸਜੇ ਪਿਆਰ ਜਿਹਾ, ਮੌਸਮ 'ਤੇ ਆਈ ਬਹਾਰ ਜਿਹਾ।
ਵੀਣਾਂ ਦੀ ਇਕ ਤਾਰ ਜਿਹਾ, ਦੋ ਨੈਣਾਂ ਵਿਚ ਖ਼ੁਮਾਰ ਜਿਹਾ।
ਇਕ ਸਾਥੀ ਹੋਵੇ।
ਕਿਸੇ ਸਮ੍ਹਾਂ ਦੇ ਨੂਰ ਜਿਹਾ, ਗੁੱਝੀਆਂ ਰਮਜ਼ਾਂ ਨਾਲ ਭਰਪੂਰ ਜਿਹਾ।
ਬਿਨ ਪੀਤਿਉਂ ਚੜ੍ਹੇ ਸਰੂਰ ਜਿਹਾ, ਕਿਸੇ ਅੱਲ੍ਹੜ ਦੇ ਗ਼ਰੂਰ ਜਿਹਾ।
ਇਕ ਸਾਥੀ ਹੋਵੇ।
ਰਣ ਵਿਚ ਸ਼ਾਹ ਸਵਾਰ ਜਿਹਾ, ਵੈਰੀ ਦੇ ਲਈ ਲਲਕਾਰ ਜਿਹਾ।
ਉਤੇ ਭਖਦੇ ਲਾਲ ਅੰਗਿਆਰ ਜਿਹਾ, ਕਿਸੇ ਯੋਧੇ ਦੀ ਤਲਵਾਰ ਜਿਹਾ।
ਇਕ ਸਾਥੀ ਹੋਵੇ।
- ਸਵਰਨਦੀਪ ਸਿੰਘ ਨੂਰ, ਬਠਿੰਡਾ।
ਮੋਬਾਈਲ: 75891-19192