
ਚੰਡੀਗੜ੍ਹ ਦਾ ਰੌਲਾ ਮੁਕਦਾ ਨਾ, ਆਖਾਂ ਕਿਸ ਦਾ ਇਸ ਨੂੰ ਸ਼ਹਿਰ ਬੇਲੀ।
ਕਈਆਂ ਨੂੰ ਸੱਚ ਕੌੜਾ ਲਗਦਾ, ਕਈਆਂ ਨੂੰ ਲਗਦਾ ਜ਼ਹਿਰ ਬੇਲੀ।
ਕੀਹਦੇ ਰਾਜ ’ਚ ਕੰਮ ਸ਼ੁਰੂ ਹੋਇਆ, ਰਾਜਸਥਾਨ ਜਾਂਦੀ ਜੋ ਨਹਿਰ ਬੇਲੀ।
ਗ੍ਰੰਥ ਕਿਸੇ ਦਾ ਜਦੋਂ ਅਪਮਾਨ ਹੁੰਦਾ, ਵੱਡਾ ਇਸ ਤੋਂ ਨਹੀਂ ਕੋਈ ਕਹਿਰ ਬੇਲੀ।
ਚੋਰ ਲੁਟਦੇ ਸੁਣੇ ਸੀ ਰਾਤਾਂ ਨੂੰ, ਲੀਡਰ ਲੁਟਦੇ ਸਿਖਰ ਦੁਪਹਿਰ ਬੇਲੀ।
ਖੌਫ਼ ਰੱਬ ਦਾ ਭੋਰਾ ਮੰਨਦੇ ਨਾ, ਝੂਠ ਬੋਲਦੇ ਅੱਠੇ ਪਹਿਰ ਬੇਲੀ।
ਚੰਡੀਗੜ੍ਹ ਦਾ ਰੌਲਾ ਮੁਕਦਾ ਨਾ, ਆਖਾਂ ਕਿਸ ਦਾ ਇਸ ਨੂੰ ਸ਼ਹਿਰ ਬੇਲੀ।
ਮਸਲਾ ਬੰਦੀ ਸਿੰਘਾਂ ਦਾ ਹੱਲ ਹੋਊ, ਹੋਈ ਜਾਂਦੀ ਏ ਤਿੱਖੀ ਲਹਿਰ ਬੇਲੀ।
ਮਾਨ ਆਖਦਾ ਸਭ ਨੂੰ ਪਾਊ ਪੜ੍ਹਨੇ, ਮਹੀਨੇ ਦੋ ਚਾਰ ਤੂੰ ਠਹਿਰ ਬੇਲੀ।
ਅਫ਼ਸਰ ਡਰਦਾ ਹੁਣ ਨਾ ਫੜੇ ਰਿਸ਼ਵਤ, ਫੜੇ ਗਏ ਤਾਂ ਕਹਿੰਦਾ ਨਹੀਂ ਖ਼ੈਰ ਬੇਲੀ।
ਸਿਹਤ ਅਪਣੀ ਦਾ ਖ਼ੁਦ ਧਿਆਨ ਕਰ, ਚੱਲ ਉਠ ਤੇ ਕਰ ਲੈ ਸੈਰ ਬੇਲੀ।
ਨਫ਼ਰਤ ਛੱਡ ਤੇ ਪਿਆਰ ਪਾ ਸਭ ਨਾਲ, ਜਾਵੇ ਨਾਲ ਨਾ ਕੁੱਝ ਅਸੀਸਾਂ ਬਗ਼ੈਰ ਬੇਲੀ।
ਕੋਈ ਭਲਾ ਕਰੇ ਚਾਹੇ ਬੁਰਾ ਕਰੇ, ‘ਸੰਧੂ’ ਮੰਗਦਾ ਸਭ ਦੀ ਖ਼ੈਰ ਬੇਲੀ।
- ਪਰਮਜੀਤ ਸੰਧੂ, ਥੇਹ ਤਿੱਖਾ ਗੁਰਦਾਸਪੁਰ।
ਮੋਬਾਈਲ : 94644-27651