
ਅਸੀਂ ਮਾਰੇ ਮੁਹੱਬਤਾਂ ਦੇ ਤੇ ਨਫ਼ਰਤ ਜਾਣਦੇ ਹੀ ਨਹੀਂ। ਜਦੋਂ ਦਾ ਪਾ ਲਿਆ ਦਿਲਬਰ ਕਿ ਹਸਰਤ ਜਾਣਦੇ ਹੀ ਨਹੀਂ
ਗ਼ਜ਼ਲ
ਅਸੀਂ ਮਾਰੇ ਮੁਹੱਬਤਾਂ ਦੇ ਤੇ ਨਫ਼ਰਤ ਜਾਣਦੇ ਹੀ ਨਹੀਂ।
ਜਦੋਂ ਦਾ ਪਾ ਲਿਆ ਦਿਲਬਰ ਕਿ ਹਸਰਤ ਜਾਣਦੇ ਹੀ ਨਹੀਂ
ਉਹ ਛੇਤੀ ਆਉਣ ਦਾ ਲਾਰਾ ਅਸਾਂ ਨੂੰ ਤੁਰ ਗਏ ਲਾ ਕੇ
ਕਿਵੇਂ ਵਾਅਦਾ ਨਿਭਾਉਣਾ ਬੇ-ਮੁਰੱਵਤ ਜਾਣਦੇ ਹੀ ਨਹੀਂ
ਹੈ ਹਸਰਤ ਜੀਣ ਦੀ ਜਿਸ ਨੂੰ ਬਿਸ਼ੱਕ ਰੱਖਣ ਸਦੀ ਦਰ ਸਦੀ
ਭਲਾ ਤੰਦਰੁਸਤ ਕੀ ਰਹਿਣੇ ਜੋ ਕਸਰਤ ਜਾਣਦੇ ਹੀ ਨਹੀਂ
ਉਹ ਮਿੱਟੀ ਵਿਚ ਪਲਾਂ ਅੰਦਰ ਮਿਲਾ ਦੇਂਦਾ ਹੈ ਹਸਤੀ ਨੂੰ
ਹਿਮਾਕਤ ਕਿਉਂ ਕਰੋ ਐਦਾਂ ਕਿ ਕੁਦਰਤ ਜਾਣਦੇ ਹੀ ਨਹੀਂ
ਖ਼ੁਦਾ ਰਹਿਮਤ ਦੇ ਸਦਕਾ ਮੈਂ ਗ਼ਮਾਂ ਨੂੰ ਪੀਣ ਲੱਗੀ ਹਾਂ
ਬਣੇ ਨੇ ਗੀਤ ਮੇਰੇ ਮੀਤ ਇਬਰਤ ਜਾਣਦੇ ਹੀ ਨਹੀਂ
ਪੜ੍ਹੇ ਭਾਵੇਂ ਜ਼ਮਾਨੇ ਭਰ ਦੀਆਂ ਕਿਤਾਬਾਂ ਲੁਗਾਤਾਂ ਨੂੰ
ਬਿਨਾਂ ਤਹਿਜ਼ੀਬ ਦਿਆਨਤ ਦੇ ਜੋ ਸ਼ਫ਼ਕਤ ਜਾਣਦੇ ਹੀ ਨਹੀਂ
ਮਨਾਉਂਦਾ ਦਿਵਸ ਨਾਰੀ ਦਾ ਜ਼ਮਾਨਾ ਬੱਸ ਦਿਖਾਵੇ ਲਈ
ਹਕੀਕਤ ਕੀ ਹੈ ਔਰਤ ਦੀ ਇਹ ਅਸਮਤ ਜਾਣਦੇ ਹੀ ਨਹੀਂ
ਦਿਖਾਉਂਦੇ ਨੇ ਵਡੱਪਨ ਜੋ, ਲੁਟਾਉਂਦੇ ‘ਪ੍ਰੀਤ’ ਦੌਲਤ ਨੂੰ
ਇਹ ਕਿੰਨਾ ਪਾਕ ਰੁਤਬਾ ਹੈ ਸਦਾਰਤ ਜਾਣਦੇ ਹੀ ਨਹੀਂ
-ਪਰਮ ਪ੍ਰੀਤ ਬਠਿੰਡਾ