
ਵਿਛੋੜਿਆਂ ਦੀ ਘੜੀ ਦਸਾਂ ,ਗੁਰੂ ਪ੍ਰਵਾਰ ਦੀ, ਖੇਰੂੰ-ਖੇਰੂੰ ਹੋਈ ਲੜੀ, ਹੀਰਿਆਂ ਦੇ ਹਾਰ ਦੀ...
ਪੋਹ ਦਾ ਮਹੀਨਾ, ਹਵਾ ਠੰਢੀ ਸੀਨਾ ਠਾਰਦੀ,
ਮਾਤਾ ਬੈਠੀ ਪੋਤਿਆਂ ਨੂੰ ,ਪਿਆਰ ਨਾਲ ਦੁਲਾਰਦੀ,
ਲੋਹੜਿਆਂ ਦੀ ਠੰਢ, ਹੱਥ-ਪੈਰ ਸੀਨਾ ਠਾਰਦੀ,
ਵਿਛੋੜਿਆਂ ਦੀ ਘੜੀ ਦਸਾਂ ,ਗੁਰੂ ਪ੍ਰਵਾਰ ਦੀ,
ਖੇਰੂੰ-ਖੇਰੂੰ ਹੋਈ ਲੜੀ, ਹੀਰਿਆਂ ਦੇ ਹਾਰ ਦੀ,
ਬਣੀ ਇਤਿਹਾਸ ਘੜੀ, ਸਰਸਾ ਤੋਂ ਪਾਰ ਦੀ,
ਲੋਹੜਿਆਂ ਦਾ ਮੀਂਹ ਨਦੀ, ਪਈ ਠਾਠਾਂ ਮਾਰਦੀ,
ਪੁੱਤਰਾਂ ਦੀ ਜੋੜੀ ਦੀ ਜੋੜੀ, ਗੰੁਮੀ ਦਸਮ ਦਾਤਾਰ ਦੀ,
ਦਾਦੀ ਪੋਤਿਆਂ ਤੇ ਠੰਢ, ਕਹਿਰ ਗੁਜ਼ਾਰਦੀ,
ਗੰਗੂ ਘਰ ਪਹੁੰਚੀ ਮਾਤਾ, ਦਸਮ ਦਾਤਾਰ ਦੀ,
ਮੋਹਰਾਂ,ਪੈਸੇ ਵੇਖ, ਡੋਲੀ, ਨੀਅਤ ਗ਼ਦਾਰ ਦੀ,
ਮੁਗ਼ਲਾਂ ਹਵਾਲੇ ਕੀਤੀ, ਜੋੜੀ ਦਸਮ ਦਾਤਾਰ ਦੀ,
ਵੇਖੋ ਕਰਤੂਤ ਕੈਸੀ, ਨਮਕ ਹਰਾਮ ਦੀ,
ਬੁਰਜ ਠੰਢੇ ਵਿਚ ਤਾੜੀ, ਜੋੜੀ ਦਾਤਾਰ ਦੀ,
ਸਿਦਕੋਂ ਡੁਲਾਵੇ, ਲੱਗੀ ਕਚਹਿਰੀ ਸਰਕਾਰ ਦੀ,
ਇਕ-ਇਕ ਗੱਲ ਕਹੀ, ਬੱਚਿਆਂ ਦੀ ਸੀਨਾ ਠਾਰਦੀ,
ਪੇਸ਼ ਨਾ ਕੋਈ ਚਲੀ, ਜਦੋਂ ਸੂਬਾ ਸਰਕਾਰ ਦੀ,
ਕਹਿੰਦੇ ਨੀਹਾਂ ਵਿਚ ਚਿਣੋ, ਇਹ ਜੋੜੀ ਦਾਤਾਰ ਦੀ,
ਦੁੱਧ ਵਾਲੀ ਸੇਵਾ ਵੱਡੀ, ਮਹਿਰਾ ਪ੍ਰਵਾਰ ਦੀ,
ਸ਼ਹਾਦਤਾਂ ਲਈ ਤੋਰੀ ਮਾਂ ਨੇ, ਜੋੜੀ ਦਾਤਾਰ ਦੀ,
ਜਾਂਦੀ ਵਾਰੀ ਗਲ ਲਾਈ, ਮਾਂ ਨੇ ਜੋੜੀ ਦਾਤਾਰ ਦੀ,
ਨੀਹਾਂ ਵਿਚ ਨਾ ਖੜ ਡੋਲੀ, ਜੋੜੀ ਦਾਤਾਰ ਦੀ,
ਜੈਕਾਰਿਆਂ ਦੇ ਨਾਲ ਗੂੰਜੀ ,ਜਗ੍ਹਾ ਸੱਚ-ਖੰਡ ਦਰਬਾਰ ਦੀ,
ਸੱਚ ਖੰਡ ਪਹੁੰਚੀ ਰੂਹ,
ਜ਼ੋਰਾਵਰ ਤੇ ਫ਼ਤਿਹ ਸਿੰਘ ਸਰਦਾਰ ਦੀ,
ਬੰਦਗੀ ਵਿਚ ਬੈਠੀ ਮਾਂ ਵੀ, ਸਵਰਗ ਸਿਧਾਰ ਗਈ,
ਅਰਬਾਂ ਵਿਚ ਜਗ੍ਹਾ ਵਿਕੀ, ਬੱਚਿਆਂ ਦੇ ਸਸਕਾਰ ਦੀ,
ਦੁਨੀਆਂ ਵਿਚ ਗੱਲ ਹੋਣੀ, ਟੋਡਰ ਮੱਲ ਦੇ ਵਪਾਰ ਦੀ,
ਸੇਵਾ ਵਿਚੋਂ ਸੇਵਾ ਵੱਡੀ, ਟੋਡਰ ਪ੍ਰਵਾਰ ਦੀ,
‘ਸੰਦੀਪ’ ਗਾਵੇ ਗਾਥਾ ਅੱਜ, ਦਸਮ ਪ੍ਰਵਾਰ ਦੀ,
ਪੋਹ ਦਾ ਮਹੀਨਾ, ਠੰਢ ਸੀਨਿਆਂ ਨੂੰ ਠਾਰਦੀ,
ਮਾਤਾ ਬੈਠੀ ਪੋਤਿਆਂ ਨੂੰ, ਪਿਆਰ ਨਾਲ ਦੁਲਾਰਦੀ।
-ਸੰਦੀਪ ਸਿੰਘ ‘ਬਖੋਪੀਰ’,
98153-21017