
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ। ਤਿੰਨ ਰੰਗੇ ਪਰਚਮ ਨੂੰ ਰਲ ਕੇ ਦੁਨੀਆਂ ਵਿਚ ਲਹਿਰਾਵਾਂਗੇ।
ਗੁਰੂਆਂ ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿਤਾ, ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿਤਾ।
ਇਕ-ਇਕ ਬੱਚੇ ਦੇ ਵਿਚ ਆਪਾਂ, ਅਣਖ ਦਾ ਬੀਜ ਉਗਾਵਾਂਗੇ। ਸਾਰੇ ਧਰਮ ਹੀ ਉੱਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ।
ਇਕੋ ਜੋਤ ਤੋਂ ਪੈਦਾ ਹੋਏ, ਭਾਵੇਂ ਰੰਗ-ਬਿਰੰਗੇ ਨੇ। ਗਲੀ ਗਲੀ ਵਿਚ ਜਾ ਕੇ, ਦੇਸ਼-ਪ੍ਰੇਮ ਦੇ ਗੀਤ ਹੀ ਗਾਵਾਂਗੇ।
ਹਿੰਦੋਸਤਾਨ ’ਚ ਰਲ ਕੇ ਰਹਿੰਦੇ, ਮੁਸਲਿਮ, ਸਿੱਖ ਜਾਂ ਹਿੰਦੂ ਨੇ, ਸਾਂਝ ਇਨ੍ਹਾਂ ਵਿਚ ਪੱਕੀ-ਪੀਡੀ, ਹਿੰਦ-ਗਗਨ ਦੇ ਇੰਦੂ ਨੇ।
ਏਕੇ ਵਿਚ ਏਦਾਂ ਹੀ ਹਰਦਮ, ਸੁਰ ਤੇ ਤਾਲ ਮਿਲਾਵਾਂਗੇ। ਧਰਤ ਨੂੰ ਰੱਖੀਏ ਹਰੀ ਭਰੀ ਤੇ ਨਸ਼ਿਆਂ ਤੋਂ ਬਸ ਦੂਰ ਰਹੀਏ।
ਮੰਦਾ ਬੋਲ ਨਾ ਮੂੰਹੋਂ ਕੱਢੀਏ, ਨਾਲ ਮੁਹੱਬਤ ਮਿਲ ਬਹੀਏ। ਨਰ-ਨਾਰੀ ਤੇ ਬੱਚੇ ਮਿਲ ਕੇ, ਗੀਤ ਆਜ਼ਾਦੀ ਗਾਵਾਂਗੇ।
ਮਾਂ ਦਾ ਦਰਜਾ ਸਭ ਤੋਂ ਉੱਚਾ, ਔਰਤ ਦਾ ਸਤਿਕਾਰ ਕਰੋ, ਵੱਡਿਆਂ ਅੱਗੇ ਸੀਸ ਝੁਕਾਈਏ, ਛੋਟਿਆਂ ਤਾਈਂ ਪਿਆਰ ਕਰੋ।
ਜਾਤ-ਕੁਲ ਨੂੰ ਤਜ ਕੇ, ਸਭ ਨੂੰ ਨਾਲ ਗਲੇ ਦੇ ਲਾਵਾਂਗੇ। ਪੱਤਾ ਪੱਤਾ ਮਹਿਕ ਰਿਹਾ ਹੈ, ਸਭ ਪਾਸੇ ਖ਼ੁਸ਼ਹਾਲੀ ਹੈ।
ਧਰਤੀ ਹੋਈ ਹੈ ਹੁਣ ਸਾਵੀ, ਮੁਸਕਾਉਂਦੀ ਹਰ ਡਾਲੀ ਹੈ। ਪ੍ਰਦੂਸ਼ਣ ਤੋਂ ਕਰਨੀ ਤੋਬਾ, ਵਾਤਾਵਰਣ ਬਚਾਵਾਂਗੇ।
- ਪ੍ਰੋ. ਨਵ ਸੰਗੀਤ ਸਿੰਘ, # 1, ਲਤਾ ਗਰੀਨ ਐਨਕਲੇਵ, ਪਟਿਆਲਾ। ਮੋਬਾ : 94176-92015