ਸ਼ਾਇਰੀ ਦੇ ਆਈਨੇ 'ਚੋਂ 'ਮਜ਼ਦੂਰ ਦਿਵਸ'
Published : May 1, 2018, 4:23 am IST
Updated : May 1, 2018, 4:23 am IST
SHARE ARTICLE
Labor Day
Labor Day

ਇਸ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ


ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ, 1 ਮਈ ਦੇ ਦਿਨ ਨੂੰ ਕੋਮਾਂਤਰੀ ਮਜ਼ਦੂਰ ਦਿਵਸ ਵਜੋਂ ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ ਅੱਠ ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ  ਹੜਤਾਲ ਕਰ ਦਿਤੀ ਸੀ। ਇਸ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿਖੇ ਬੰਬ ਧਮਾਕਾ ਹੋਇਆ, ਇਸ ਬੰਬ ਨੂੰ ਕਿਸ ਨੇ ਚਲਾਇਆ? ਉਸ ਸਮੇਂ ਇਸ ਦਾ ਕੋਈ ਪਤਾ ਨਹੀਂ ਸੀ ਲੱਗਾ ਪਰ ਪੁਲਿਸ ਵਲੋਂ ਮਜ਼ਦੂਰਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਟੇ ਵਜੋਂ ਸੱਤ ਮਜ਼ਦੂਰ ਮਾਰੇ ਗਏ। ਉਕਤ ਘਟਨਾਵਾਂ ਸਬੰਧੀ ਭਾਵੇਂ ਕੋਈ ਤੁਰਤ ਰੱਦੇ-ਅਮਲ ਵੇਖਣ ਨੂੰ ਨਹੀਂ ਸੀ ਮਿਲਿਆ, ਪਰ ਕੁੱਝ ਸਮਾਂ ਬੀਤਣ ਮਗਰੋਂ ਅਮਰੀਕਾ ਵਿਖੇ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿਤਾ ਗਿਆ ਅਤੇ ਇਹ ਇਕ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ। ਮੌਜੂਦਾ ਸਮੇਂ ਹੋਰ ਦੇਸ਼ਾਂ ਵਾਂਗ ਭਾਰਤ ਵਿਚ ਵੀ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ।
ਅੱਜ ਜਦ ਅਸੀ ਮਜ਼ਦੂਰਾਂ ਦੇ ਹੱਕਾਂ ਜਾਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਮੈਂ ਸਮਝਦਾ ਹਾਂ ਕਿ ਉਕਤ ਅਧਿਕਾਰਾਂ ਵਲ ਅੱਜ ਤੋਂ ਕਰੀਬ 1450 ਸੌ ਸਾਲ ਪਹਿਲਾਂ ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਜ਼ਰਤ ਮੁਹੰਮਦ(ਸ) ਨੇ ਮਜ਼ਦੂਰਾਂ ਦੇ ਨਾ ਸਿਰਫ਼ ਹੱਕਾਂ ਦੀ ਗੱਲ ਕੀਤੀ ਬਲਕਿ ਵਿਸ਼ੇਸ਼ ਰੂਪ ਵਿਚ ਦੁਨੀਆਂ ਦੇ ਤਮਾਮ ਲੋਕਾਂ ਨੂੰ ਇਹ ਹਦਾਇਤ ਵੀ ਕੀਤੀ ਕਿ 'ਮਜ਼ਦੂਰ ਦੀ ਮਜ਼ਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿਤੀ ਜਾਵੇ।' ਅਪਣੇ ਆਖ਼ਰੀ ਸੰਬੋਧਨ ਦੌਰਾਨ ਵੀ ਉਨ੍ਹਾਂ ਪੂਰੇ ਵਿਸ਼ਵ ਦੇ ਸਰਮਾਏਦਾਰ ਜਾਂ ਅਮੀਰ ਲੋਕਾਂ ਨੂੰ ਅਪਣੇ ਮਾਤਹਿਤ ਕੰਮ ਕਰਦੇ ਕਾਰਿੰਦਿਆਂ  ਭਾਵ ਮਜ਼ਦੂਰਾਂ ਦੇ ਹੱਕਾਂ ਨੂੰ ਪੂਰਾ ਕਰਦੇ ਰਹਿਣ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਸ ਸੱਚੇ ਰੱਬ ਦੀ ਦਰਗਾਹ ਵਿਚ ਅਪਣੇ ਅੰਜਾਮ ਭੁਗਤਣ ਦੀ ਵੀ ਚੇਤਾਵਨੀ ਦਿਤੀ।
ਇਸੇ ਤਰ੍ਹਾਂ ਭਾਰਤ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਪਹਿਲਾਂ-ਪਹਿਲ ਬਾਬੇ ਨਾਨਕ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿਚ ਉਦੋਂ ਆਵਾਜ਼ ਬੁਲੰਦ ਕੀਤੀ, ਜਦ ਉਨ੍ਹਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਅਤੇ ਇਸ ਦੀ ਥਾਂ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿਤਾ।
ਜੇਕਰ ਉਰਦੂ ਸ਼ਾਇਰੀ ਵਿਚ ਮਜ਼ਦੂਰ ਤਬਕੇ ਦੇ ਹੱਕਾਂ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਰਦੂ ਦੇ ਸੱਭ ਤਰੱਕੀਪਸੰਦ ਸ਼ਾਇਰਾਂ ਨੇ ਮਜ਼ਦੂਰਾਂ ਦੇ ਜੀਵਨ ਤੇ ਵੱਖੋ-ਵਖਰੇ ਖ਼ਿਆਲਾਤ ਦਾ ਇਜ਼ਹਾਰ ਕੀਤਾ ਹੈ। ਗੱਲ ਸ਼ੁਰੂ ਕਰਦੇ ਹਾਂ ਮੁਹੱਬਤ ਦੀ ਨਿਸ਼ਾਨੀ  ਭਾਵ ਤਾਜ ਮਹਿਲ ਤੋਂ, ਜਿਸ ਨੂੰ ਪੂਰੀ ਦੁਨੀਆਂ ਪਿਆਰ ਦੀ ਨਿਸ਼ਾਨੀ ਵਜੋਂ ਸਵੀਕਾਰਦੀ  ਹੈ। ਪਰ ਜਦ ਕਵੀ  ਦਾ ਮਹਿਬੂਬ  ਉਸੇ ਤਾਜ ਮਹਿਲ 'ਚ ਉਸ ਨੂੰ ਮਿਲਣ ਦੀ ਜ਼ਿਦ ਕਰਦਾ ਹੈ ਤਾਂ ਸਾਹਿਰ ਲੁਧਿਆਣਵੀ ਤਾਜ ਮਹਿਲ ਵਿਚ ਅਪਣੇ ਮਹਿਬੂਬ ਨੂੰ ਮਿਲਣ ਤੋਂ ਗੁਰੇਜ਼ ਕਰਦਾ ਹੋਇਆ ਇਹ ਤਾਕੀਦ ਕਰਦਾ ਹੈ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ ਸਗੋਂ ਇਹ ਸਰਮਾਏਦਾਰਾਨਾ ਨਿਜ਼ਾਮ ਵਲੋਂ ਸਾਡੇ ਵਰਗੇ ਗ਼ਰੀਬ (ਮਜ਼ਦੂਰ) ਲੋਕਾਂ ਦੀ ਮੁਹੱਬਤ ਦਾ ਇਕ ਕਿਸਮ ਦਾ ਮਜ਼ਾਕ ਬਣਾਇਆ ਗਿਆ ਹੈ ਕਿਉਂਕਿ ਤਾਜ ਮਹਿਲ ਨੂੰ ਏਨੀ ਸੁੰਦਰ ਅਤੇ ਬਿਹਤਰੀਨ ਸ਼ਕਲ ਦੇਣ ਵਾਲੇ ਕਾਰੀਗਰ ਜਾਂ ਮਜ਼ਦੂਰਾਂ ਨੂੰ ਵੀ ਅਪਣੀਆਂ ਪਤਨੀਆਂ ਨਾਲ ਜ਼ਰੂਰ ਸ਼ਹਿਨਸ਼ਾਹ ਵਾਂਗ ਹੀ ਪਿਆਰ ਹੋਵੇਗਾ, ਪਰ ਦੁਖਾਂਤ ਇਹ ਹੈ ਕਿ ਉਨ੍ਹਾਂ ਕੋਲ ਅਪਣੀ ਪਤਨੀ ਦੀ ਯਾਦਗਾਰ ਬਣਾਉਣ ਲਈ ਏਨਾ ਪੈਸਾ ਜਾਂ ਸਾਧਨ ਨਹੀਂ ਕਿਉਂਕਿ ਉਹ ਗ਼ਰੀਬ ਹਨ ਅਤੇ ਇਥੋਂ ਤਕ ਕਿ ਹੁਣ ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਅੰਧਕਾਰ ਅਤੇ ਗੁਮਨਾਮੀ ਦੀ ਨਜ਼ਰ ਹੋ ਗਈਆਂ ਹਨ।

Labor DayLabor Day

ਇਸੇ ਲਈ ਸ਼ਾਇਰ ਆਖਦਾ ਹੈ ਕਿ:
ਤਾਜ ਤੇਰੇ ਲੀਏ ਇਕ ਮਜ਼ਹਿਰੇ ਉਲਫ਼ਤ ਹੀ ਸਹੀ,
ਤੁਝ ਕੋ ਇਸ ਵਾਦੀਏ ਰੰਗੀਂ ਸੇ ਅਕੀਦਤ ਹੀ ਸਹੀ।
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ,
ਬਜ਼ਮ-ਏ-ਸ਼ਾਹੀ ਮੇਂ ਗਰੀਬੋਂ ਕਾ ਗੁਜ਼ਰ ਕਿਯਾ ਮਾਅਨੀ,
ਸਬਤ ਜਿਸ ਰਾਹ ਮੇਂ ਹੋਂ ਸਤੂਤੇ-ਸ਼ਾਹੀ ਕੇ ਨਿਸ਼ਾਂ,
ਉਸ ਪੇ ਉਲਫ਼ਤ ਭਰੀ ਰੂਹੋਂ ਕਾ ਸਫ਼ਰ ਕਯਾ ਮਾਅਨੀ,
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ।
ਹਮ ਗਰੀਬੋਂ ਕੀ ਮੁਹੱਬਤ ਕਾ ਉਡਾਯਾ ਹੈ ਮਜ਼ਾਕ।
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ।
ਜਿਵੇਂ ਕਿ ਅਸੀ ਸਾਰੇ ਮਹਿਸੂਸ ਕਰਦੇ ਹਾਂ ਕਿ ਅੱਜ ਮਜ਼ਦੂਰ ਦੀ ਅਣਥੱਕ ਮਿਹਨਤ ਦੇ ਬਾਵਜੂਦ ਉਸ ਦੇ ਰੋਜ਼ਾਨਾ ਜੀਵਨ 'ਚ ਕੋਈ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲਦੀ ਅਤੇ ਕਈ ਵਾਰ ਤਾਂ ਹਾਲਾਤ ਦੀ ਸਿਤਮ-ਜ਼ਰੀਫ਼ੀ ਇੱਥੋਂ ਤਕ ਪਹੁੰਚ ਜਾਂਦੀ ਹੈ ਕਿ ਇਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪੈ ਜਾਂਦੇ ਹਨ। ਇਕ ਕਵੀ ਨੇ ਵਿਅੰਗਮਈ ਅੰਦਾਜ਼ 'ਚ ਕਿਹਾ  ਹੈ ਕਿ:
ਅਗਰ ਮਿਹਨਤ ਸੇ ਦੁਨੀਆਂ ਮੇਂ ਬਦਲ ਸਕਤੀ ਹੈਂ ਤਕਦੀਰੇਂ,
ਪਰੇਸ਼ਾਂ ਹਾਲ ਫਿਰ ਮਜ਼ਦੂਰ ਕਿਉਂ ਹੈ ਹਮ ਨਹੀਂ ਸਮਝੇ।
ਅੱਜ ਜਿਸ ਤਰ੍ਹਾਂ ਵੱਖ ਵੱਖ ਦਫ਼ਤਰਾਂ ਵਿਚ ਮੁਲਾਜ਼ਮਾਂ ਦੇ ਜੋ ਹਾਲਾਤ ਹਨ ਉਸ ਦੀ ਤਸਵੀਰ ਸ਼ਾਇਰ  ਨੇ ਕੁੱਝ ਇਸ ਤਰ੍ਹਾਂ ਪੇਸ਼ ਕੀਤੀ ਹੈ ਕਿ: 
ਵੋਹ ਮੁਲਾਜ਼ਿਮ ਹੈ ਉਸੇ ਹੁਕਮ ਹੈ ਘਰ ਜਾਏ ਨਾ,  
ਮੁੱਝ ਕੋ ਡਰ ਹੈ ਕਿ ਵੋਹ ਦਫ਼ਤਰ ਹੀ ਮੇਂ ਮਰ ਜਾਏ ਨਾ।
ਇਸੇ ਤਰ੍ਹਾਂ ਇਕ ਥਾਂ ਹੋਰ ਕਹਿੰਦੇ ਹਨ ਕਿ:
ਆਜ ਭੀ ਦੌਰ-ਏ-ਹਕੂਮਤ ਵਹੀ ਪਹਿਲੇ ਸਾ ਹੈ, 
ਆਜ ਭੀ ਗੁਜ਼ਰੇ ਹੁਏ ਵਕਤ ਕਾ ਖ਼ਾਦਿਮ ਹੂੰ ਮੈਂ।
ਸਖ਼ਤ ਮਿਹਨਤ ਦੇ ਬਾਵਜੂਦ ਵੀ ਜਦੋਂ ਇਕ ਮਜ਼ਦੂਰ ਅਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਕਮਾ ਪਾਉਂਦਾ ਤਾਂ ਅਜਿਹੇ ਹਾਲਾਤ 'ਚ ਇਕ ਬੱਚਾ ਜਦੋਂ ਅਪਣੇ ਗ਼ਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚੇ ਅਤੇ ਪਿਤਾ ਦੀ ਮਨੋਬਿਰਤੀ ਦੀ ਤਸਵੀਰ ਇਕ ਕਵੀ ਨੇ ਇਸ ਤਰ੍ਹਾਂ ਪੇਸ਼ ਕੀਤੀ ਹੈ ਕਿ:
ਉਸੇ ਭੀ ਮੇਰੀ ਮੁਆਸ਼ੀ ਹੈਸੀਅਤ ਕਾ ਇਲਮ ਹੈ ਸ਼ਾਇਦ,
ਮੇਰਾ ਬੱਚਾ ਅਬ ਮਹਿੰਗੇ ਖਿਲੌਨੇ ਛੋੜ ਜਾਤਾ ਹੈ।
ਇਕ ਹੋਰ ਕਵੀ ਅਪਣੇ ਭਾਵ ਕੁੱਝ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ:
ਮੁੱਝ ਕੋ ਥਕਨੇ ਨਹੀਂ ਦੇਤੇ ਹੈਂ ਜ਼ਰੂਰਤ ਕੇ ਪਹਾੜ,
ਮੇਰੇ ਬੱਚੇ ਮੁਝੇ ਬੂੜ੍ਹਾ ਨਹੀਂ ਹੋਨੇ ਦੇਤੇ।
ਇਕ ਮਜ਼ਦੂਰ ਦੀ ਮਿਹਨਤ ਸਦਕਾ ਜਦੋਂ ਉਸ ਦੇ ਹੱਥਾਂ ਤੇ ਅੱਟਣ ਪੈ ਜਾਂਦੇ ਹਨ, ਉਸ ਸਬੰਧੀ ਕਵੀ ਜਾਂਨਿਸਾਰ ਅਖ਼ਤਰ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੁੱਝ ਇਸ ਪਰਕਾਰ ਕਰਦਾ ਹੈ ਕਿ:
ਔਰ ਤੋ ਮੁਝ ਕੋ ਮਿਲਾ ਕਯਾ ਮੇਰੀ ਮਿਹਨਤ ਕਾ ਸਿਲਾ, 
ਚੰਦ ਸਿੱਕੇ ਮੇਰੇ ਹਾਥ ਮੇਂ ਛਾਲੋਂ ਕੀ ਤਰਹਾ।
ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ ਦੇ ਕਾਮਿਆਂ ਅਤੇ ਕਿਸਾਨਾਂ ਉਤੇ ਨਿਰਭਰ ਕਰਦੀ ਹੈ ਪਰ ਅੱਜ ਜੋ ਦੇਸ਼ ਅੰਦਰ ਕਿਸਾਨਾਂ ਅਤੇ ਕਾਮਿਆਂ ਦੀ ਹਾਲਤ ਹੈ ਉਹ ਕਿਸੇ ਤੋਂ ਢਕੀ-ਛੁਪੀ ਨਹੀਂ। ਹਾਲਾਤ ਇਹ ਹਨ ਕਿ ਦਿਨ-ਰਾਤ ਦੀ ਵਧਦੀ ਮਹਿੰਗਾਈ ਨੇ ਜਿਥੇ ਆਮ ਮੱਧ ਵਰਗ ਦੀ ਕਮਰ ਤੋੜ ਰੱਖੀ ਹੈ ਉਥੇ ਹੀ ਮਜ਼ਦੂਰ ਤਬਕੇ ਲਈ ਅਪਣੇ ਜੀਵਨ ਦਾ ਇਕ ਇਕ ਦਿਨ ਕਟਣਾ ਮੁਹਾਲ ਜਾਪਦਾ ਹੈ। ਜਦਕਿ ਮਜ਼ਦੂਰ ਕਿਸਾਨਾਂ 'ਚ ਅਪਣੇ ਭਵਿੱਖ ਨੂੰ ਲੈ ਕੇ ਵਧੇਰੇ ਨਿਰਾਸ਼ਾ ਪਾਈ ਜਾ ਰਹੀ ਹੈ। ਇਥੋਂ ਤਕ ਕਿ ਕਈ ਤਾਂ ਖ਼ੁਦਕਸ਼ੀਆਂ ਕਰ ਕੇ ਅਪਣੀ ਜੀਵਨਲੀਲਾ ਖ਼ਤਮ ਕਰਨ ਲਈ ਮਜਬੂਰ ਹੋ ਰਹੇ ਹਨ। ਸ਼ਾਇਦ ਉਕਤ ਕਿਸਮ ਦੀਆਂ ਸਥਿਤੀਆਂ ਦੇ ਨਤੀਜੇ ਵਜੋਂ ਹੀ ਕਦੀ ਪ੍ਰਸਿੱਧ ਕਵੀ ਇਕਬਾਲ ਨੇ ਇਹ ਕਿਹਾ ਸੀ:
ਉਠੋ ਮੇਰੀ ਦੁਨੀਆਂ ਕੇ ਗ਼ਰੀਬੋਂ ਕੋ ਜਗਾ ਦੋ।
ਕਾਖ-ਏ-ਉਮਰਾ ਕੇ ਦਰ-ਔ-ਦੀਵਾਰ ਹਿਲਾ ਦੋ।
ਜਿਸ ਖੇਤ ਸੇ ਦਹਿਕਾਨ ਕੋ ਮੁਯੱਸਰ ਨਹੀਂ ਰੋਜ਼ੀ।
ਉਸ ਖੇਤ ਹਰ ਗੋ-ਏ-ਗੰਦੁਮ ਕੋ ਜਲਾ ਦੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement