
ਦੇਸ਼-ਵਿਦੇਸ਼ 'ਚੋਂ ਮੁਬਾਰਕਾਂ ਦੇ ਲੱਗੇ ਢੇਰ, ਹਿੰਦੀ, ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਖ਼ਬਾਰਾਂ ਦੇ ਮੁਕਾਬਲੇ ਦਾ ਹੋਇਆ ਸਪੋਕਸਮੈਨ : ਵਿਦਵਾਨ
ਦੁਨੀਆਂ ਦੇ ਕਿਸੇ ਹੋਰ ਲੋਕ-ਰਾਜੀ ਦੇਸ਼ ਵਿਚ ਕਿਸੇ ਹੋਰ ਅਖ਼ਬਾਰ ਉਤੇ ਏਨਾ ਜ਼ੁਲਮ ਜਬਰ ਨਹੀਂ ਹੋਇਆ, ਫਿਰ ਵੀ ਸੱਭ ਤੋਂ ਵੱਡੀਆਂ ਪ੍ਰਾਪਤੀਆਂ ਵੀ ਇਸੇ ਅਖ਼ਬਾਰ ਦੇ ਹਿੱਸੇ ਆਈਆਂ
ਕੋਟਕਪੂਰਾ (ਗੁਰਿੰਦਰ ਸਿੰਘ): ਰੋਜ਼ਾਨਾ ਸਪੋਕਸਮੈਨ ਦੇ ਸੰਘਰਸ਼ਮਈ ਤੇ ਔਂਕੜਾਂ ਨਾਲ ਭਰਪੂਰ ਪਰ ਸਫ਼ਲਤਾਪੂਰਵਕ 14 ਸਾਲ ਪੂਰੇ ਹੋਣ ਅਤੇ 15ਵੇਂ ਸਾਲ 'ਚ ਦਾਖ਼ਲ ਹੋਣ ਦੀ ਖ਼ੁਸ਼ੀ 'ਚ ਵਧਾਈਆਂ ਦੇਣ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ 'ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ, ਜਿਸ ਤਰ੍ਹਾਂ 'ਰੋਜ਼ਾਨਾ ਸਪੋਕਸਮੈਨ' ਵਿਰੁਧ ਚਹੁੰਪਾਸੜ ਹੱਲੇ ਬੋਲੇ ਗਏ, ਕੂੜ-ਪ੍ਰਚਾਰ ਕੀਤਾ ਗਿਆ, ਸਰਕਾਰੀ ਇਸ਼ਤਿਹਾਰਾਂ 'ਤੇ ਪਾਬੰਦੀ, ਪੰਥ 'ਚੋਂ ਛੇਕਣ ਦਾ ਅਖੌਤੀ ਹੁਕਮਨਾਮਾ, ਝੂਠੇ ਪੁਲਿਸ ਕੇਸ ਆਦਿਕ ਪਰ ਫ਼ਿਰ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਗਿਆ।
Rozana Spokesman
ਕਿਸੇ ਦੀ ਈਨ ਨਹੀਂ ਮੰਨੀ : ਪ੍ਰੋ. ਦਰਸ਼ਨ ਸਿੰਘ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਾਅਵਾ ਕੀਤਾ ਹੈ ਕਿ ਪੰਥ ਦੀ ਅਵਾਜ਼ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਨੇ 14 ਸਾਲ ਪਹਿਲਾਂ ਜਦੋਂ ਜਨਮ ਲਿਆ, ਉਦੋਂ ਤੋਂ ਲੈ ਕੇ ਅੱਜ ਤਕ ਪੁਜਾਰੀਵਾਦ ਦਾ ਹਰ ਕੁਹਾੜਾ ਝਲਦਾ ਆ ਰਿਹਾ ਹੈ ਪਰ ਈਨ ਨਹੀਂ ਮੰਨੀ। ਉਨ੍ਹਾਂ ਕਾਮਨਾ ਕੀਤੀ ਕਿ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਵਲੋਂ ਅਰੰਭੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਪ੍ਰਾਜੈਕਟ ਨੂੰ ਮੁਕੰਮਲ ਹੋਣ 'ਚ ਵੀ ਜਲਦ ਸਫ਼ਲਤਾ ਮਿਲੇ। ਉਨ੍ਹਾਂ ਦੇਸ਼-ਵਿਦੇਸ਼ 'ਚ ਅਪਣੀ ਵਖਰੀ ਪਛਾਣ ਦੇ ਮੀਲ ਪੱਥਰ ਗੱਡਣ ਲਈ 'ਰੋਜ਼ਾਨਾ ਸਪੋਕਸਮੈਨ' ਦੇ ਪ੍ਰਬੰਧਕਾਂ, ਪੱਤਰਕਾਰਾਂ ਅਤੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿਤੀ।
Pro. Darshan Singh
ਪੁਜਾਰੀਵਾਦ ਵਿਰੁਧ ਇਤਿਹਾਸਕ ਰੋਲ ਨਿਭਾਇਆ : ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ
ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਪੁਜਾਰੀਵਾਦ ਨੇ ਹਮੇਸ਼ਾ ਪੰਥ ਲਈ ਚੜ੍ਹਦੀ ਕਲਾ ਦੀ ਬਜਾਏ ਢਹਿੰਦੀ ਕਲਾ ਦਾ ਰੋਲ ਨਿਭਾਇਆ ਹੈ ਤੇ ਹਮੇਸ਼ਾ ਪੰਥ ਦੀ ਬੇੜੀ 'ਚ ਵੱਟੇ ਹੀ ਪਾਏ ਹਨ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਡੇਰਾਵਾਦ, ਪਾਖੰਡਵਾਦ, ਗੰਦੀ ਰਾਜਨੀਤੀ, ਕਰਮਕਾਂਡ ਅਤੇ ਪੰਥ ਵਿਰੋਧੀ ਸ਼ਕਤੀਆਂ ਦੇ ਕੋਝੇ ਹਥਕੰਡਿਆਂ ਨੂੰ ਬੇਨਕਾਬ ਕਰਨ ਲਈ ਜੋ ਰੋਲ ਨਿਭਾਇਆ ਹੈ, ਉਸ ਦੀ ਜਿੰਨੀਂ ਪ੍ਰਸ਼ੰਸਾ ਕੀਤੀ ਜਾਵੇ, ਥੋੜੀ ਹੈ ਕਿਉਂਕਿ ਪੁਜਾਰੀਵਾਦ ਮੁੱਢ ਕਦੀਮ ਤੋਂ ਹੀ ਮਨੁੱਖਤਾ ਦਾ ਨੁਕਸਾਨ ਕਰਦਾ ਆ ਰਿਹਾ ਹੈ।
Harjinder Singh Dilgeer
ਦੱਬੇ ਕੁਚਲੇ ਲੋਕਾਂ ਦੀ ਆਵਾਜ਼ : ਭਾਈ ਪੰਥਪ੍ਰੀਤ ਸਿੰਘ
ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਆਖਿਆ ਕਿ ਰੋਜ਼ਾਨਾ ਸਪੋਕਸਮੈਨ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੂੰ ਸਮਾਜ 'ਚ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣਾਇਆ। ਇਹ 'ਰੋਜ਼ਾਨਾ ਸਪੋਕਸਮੈਨ' ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ ਕਿ ਦੱਬੇ-ਕੁਚਲੇ ਲੋਕਾਂ ਦੀਆਂ ਖ਼ਬਰਾਂ ਛਾਪ ਕੇ ਇਸ ਅਖ਼ਬਾਰ ਨੇ ਹੋਰਨਾਂ ਅਖ਼ਬਾਰਾਂ ਨੂੰ ਵੀ ਗਰੀਬ, ਬੇਵੱਸ ਤੇ ਲਾਚਾਰ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਕੇ ਰੱਖ ਦਿਤਾ।
Bhai Panthpreet Singh
ਪ੍ਰੋ. ਗੁਰਮੁਖ ਸਿੰਘ ਤੇ ਗਿ: ਦਿਤ ਸਿੰਘ ਮਗਰੋਂ ਜੋਗਿੰਦਰ ਸਿੰਘ ਨੇ ਜੁਰਅਤ ਵਿਖਾਈ : ਪ੍ਰੋ. ਇੰਦਰ ਸਿੰਘ ਘੱਗਾ
ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਦਾਅਵਾ ਕੀਤਾ ਕਿ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੀ ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਪਹਿਲੀ ਵਾਰ ਸ. ਜੋਗਿੰਦਰ ਸਿੰਘ ਦੇ ਰੂਪ 'ਚ ਕਿਸੇ ਨਿਧੜਕ ਵਿਅਕਤੀ ਨੇ ਪੁਜਾਰੀਵਾਦ ਵਿਰੁਧ ਬੋਲਣ ਅਤੇ ਸਟੈਂਡ ਲੈਣ ਦੀ ਜੁਰਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਵਲੋਂ ਬਾਬੇ ਨਾਨਕ ਦੀ ਵਿਚਾਰਧਾਰਾ, ਦਸਮ ਗੰ੍ਰਥ, ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਸਿਧਾਂਤ, ਸਿੱਖੀ ਦੇ ਨਿਆਰੇਪਨ, ਗੁਰਦਵਾਰਾ ਰੂਪੀ ਡੇਰਿਆਂ, ਅੰਧਵਿਸ਼ਵਾਸ, ਕਰਮਕਾਂਡ ਅਤੇ ਪੰਥ 'ਚ ਘਸੋੜ ਦਿਤੀਆਂ ਮਨਮੱਤਾਂ, ਫ਼ਜ਼ੂਲ ਰਸਮਾਂ ਅਤੇ ਝੂਠੀਆਂ ਸਾਖੀਆਂ ਬਾਰੇ ਲਿਆ ਗਿਆ ਸਟੈਂਡ ਪ੍ਰਸ਼ੰਸਾਯੋਗ ਹੈ।
Inder Singh Ghagga
ਦੁਨੀਆਂ ਦੇ ਹਰ ਕੋਨੇ 'ਚ ਬੈਠੇ ਪੰਜਾਬੀਆਂ ਦੀ ਪਹਿਲੀ ਪਸੰਦ : ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਅਨੁਸਾਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ 'ਚ 'ਰੋਜ਼ਾਨਾ ਸਪੋਕਸਮੈਨ' ਇਕ ਅਜਿਹਾ ਅਖ਼ਬਾਰ ਸਾਬਤ ਹੋਇਆ ਹੈ ਜਿਸ ਨੂੰ ਸਿੱਖ ਮੁਖੌਟੇ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ, ਡੇਰੇਦਾਰਾਂ ਤੇ ਪੁਜਾਰੀਆਂ ਨੇ ਬੰਦ ਕਰਾਉਣ ਲਈ ਹਰ ਹੋਛਾ ਹਥਕੰਡਾ ਵਰਤਿਆ, ਸ਼ਰਮਨਾਕ ਹਰਕਤਾਂ ਤੇ ਸਰਕਾਰੀ ਕੁਹਾੜੇ ਦੇ ਬਾਵਜੂਦ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ। ਹੁਣ ਦੁਨੀਆਂ ਭਰ 'ਚ ਪੰਜਾਬੀ ਅਤੇ ਗ਼ੈਰ ਪੰਜਾਬੀ ਵੀ ਇਸ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਹਨ।
Rozana Spokesman
ਸਾਰੇ ਧਰਮਾਂ ਵਾਲੇ ਪਿਆਰ ਕਰਦੇ ਹਨ : ਸਰਬਜੀਤ ਸਿੰਘ ਧੂੰਦਾ
ਮਿਸ਼ਨਰੀ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਮੁਤਾਬਕ 'ਰੋਜ਼ਾਨਾ ਸਪੋਕਸਮੈਨ' ਨੂੰ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈਆਂ ਸਮੇਤ ਜਾਗਰੂਕ ਸਮਾਜ ਦਾ ਹਰ ਇਕ ਨਾਗਰਿਕ ਰੋਜ਼ਾਨਾ ਪੜ੍ਹਨ ਦੀ ਉਡੀਕ 'ਚ ਰਹਿੰਦਾ ਹੈ। ਇਸ ਦੀ ਉਡੀਕ 'ਚ ਈਰਖਾਲੂ, ਵਿਰੋਧੀਆਂ ਦੀ ਵੀ ਲੰਮੀ ਕਤਾਰ ਦੇਖ਼ੀ ਜਾ ਸਕਦੀ ਹੈ ਕਿਉਂਕਿ ਭਾਵੇਂ ਪੁਜਾਰੀ ਵਰਗ ਲੋਕਾਂ ਨੂੰ 'ਰੋਜ਼ਾਨਾ ਸਪੋਕਸਮੈਨ' ਨਾ ਪੜ੍ਹਨ ਲਈ ਕਹੇ ਪਰ ਆਪ 'ਸਪੋਕਸਮੈਨ' ਅਖ਼ਬਾਰ ਦਾ ਦੀਵਾਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਖ਼ਬਾਰ ਪੰਥ ਦੀ ਸੇਵਾ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
Sarabjit Singh Dhunda
ਜਾਗਰੂਕ ਲੋਕ ਸਪੋਕਸਮੈਨ ਦੀ ਅਗਵਾਈ ਵਿਚ ਲਾਮਬੰਦ : ਗਿ. ਜਗਤਾਰ ਸਿੰਘ ਜਾਚਕ (ਅਮਰੀਕਾ)
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਾਉਣ, ਡੇਰਾਵਾਦ ਵਿਰੁਧ ਜੇਹਾਦ ਛੇੜਨ, ਜੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਯਤਨ, ਧਰਮੀ ਫ਼ੌਜੀਆਂ ਦੀਆਂ ਸਮੱਸਿਆਵਾਂ, ਪੰਥਵਿਰੋਧੀ ਸ਼ਕਤੀਆਂ ਨੂੰ ਧੂੜ ਚਟਾਉਣ ਅਤੇ ਦੁਖੀਆਂ ਤੇ ਜ਼ਰੂਰਤਮੰਦਾਂ ਦੀ ਅਵਾਜ਼ ਬਣਨ 'ਚ ਹਮੇਸ਼ਾ ਮੋਹਰੀ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਵਿਰੋਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਰ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਲਈ 'ਸਪੋਕਸਮੈਨ' ਰਾਹੀਂ ਜਾਗਰੂਕ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।
Jagtar Singh Jachak
ਸਿੱਖ ਸਿਆਸਤ ਨੂੰ ਨਵਾਂ ਮੋੜ ਦਿਤਾ : ਕਥਾਵਾਚਕ ਭਾਈ ਅਮਰੀਕ ਸਿੰਘ
ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਦੀਆਂ ਸੰਪਾਦਕੀਆਂ ਅਤੇ ਸੰਪਾਦਕੀ ਪੰਨੇ 'ਤੇ ਪ੍ਰਕਾਸ਼ਿਤ ਹੁੰਦੇ ਲੇਖਾਂ 'ਚ ਅਹਿਮ ਮੁੱਦੇ ਉਭਾਰੇ ਜਾਂਦੇ ਹਨ ਅਤੇ 'ਸਪੋਕਸਮੈਨ' ਦੇ ਪ੍ਰਬੰਧਕਾਂ, ਪੱਤਰਕਾਰਾਂ ਤੇ ਪ੍ਰਸੰਸਕਾਂ ਵਲੋਂ ਹਰ ਮਸਲੇ ਦੀ ਤਹਿ ਤਕ ਜਾ ਕੇ, ਸਬੰਧਤ ਮੁੱਦੇ ਦਾ ਹੱਲ ਵੀ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਤਰਕਾਰਤਾ ਦੇ ਖ਼ੇਤਰ 'ਚ ਪੈਰ ਰਖਦਿਆਂ ਹੀ 'ਸਪੋਕਸਮੈਨ' ਨੇ ਅਪਣੀਆਂ ਲਿਖਤਾਂ ਰਾਹੀਂ ਸਿੱਖ ਸਿਆਸਤ ਨੂੰ ਨਵਾਂ ਮੋੜ ਦਿਤਾ ਹੈ।
Bhai Amrik Singh
ਕੋਈ ਮਿਸਾਲ ਨਹੀਂ ਮਿਲਦੀ : ਦਰਬਾਰੇ ਖ਼ਾਲਸਾ ਮੁਖੀ ਹਰਜਿੰਦਰ ਸਿੰਘ ਮਾਝੀ
ਦਰਬਾਰ-ਇ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਆਰਥਕ ਨਾਕੇਬੰਦੀ ਦੇ ਬਾਵਜੂਦ 'ਸਪੋਕਸਮੈਨ' ਨੇ ਜਿਸ ਤਰ੍ਹਾਂ ਪੰਜਾਬ ਤੇ ਪੰਥ ਦੀਆਂ ਧਾਰਮਕ ਅਤੇ ਸਿਆਸੀ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਉਭਾਰਿਆ ਹੈ, ਉਸ ਦੀ ਮਿਸਾਲ ਆਧੁਨਿਕ ਯੁੱਗ ਦੇ ਮੀਡੀਆ 'ਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਭਾਵੇਂ ਅਖ਼ਬਾਰ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਅਕਾਲ ਤਖ਼ਤ ਦੇ ਨਾਂ 'ਤੇ ਅਖ਼ਬਾਰ ਨੂੰ ਨਾ ਪੜ੍ਹਨ ਦੇ ਫ਼ਤਵੇ ਜਾਰੀ ਕੀਤੇ ਗਏ ਪਰ ਫ਼ਤਵਿਆਂ ਦਾ ਉਲਟਾ ਅਸਰ ਹੋਇਆ ਤੇ 'ਸਪੋਕਸਮੈਨ' ਪੰਥ ਦੀ ਅਵਾਜ਼ ਬਣ ਗਿਆ।
Harjinder Singh Majhi
ਉੱਚਾ ਦਰ ਉਸਾਰਨ ਦੀ ਵਧਾਈ : ਕਥਾਵਾਚਕ ਭਾਈ ਹਰਜੀਤ ਸਿੰਘ
ਉੱਘੇ ਕਥਾਵਚਕ ਭਾਈ ਹਰਜੀਤ ਸਿੰਘ ਢਪਾਲੀ ਨੇ 'ਰੋਜ਼ਾਨਾ ਸਪੋਕਸਮੈਨ' ਦੇ ਚੁਨੌਤੀਆਂ ਭਰੇ 14 ਸਾਲ ਪੂਰੇ ਹੋਣ ਅਤੇ 15ਵੇਂ ਸਾਲ 'ਚ ਦਾਖ਼ਲ ਹੋਣ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੇ ਇਹ ਅਖ਼ਬਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨ੍ਹਾਂ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਤੇ ਬੇਟੀ ਨਿਮਰਤ ਕੌਰ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰਾਜੈਕਟ ਦੀ ਸਥਾਪਨਾ ਕਰ ਕੇ ਪੰਥ ਦੀ ਚੜ੍ਹਦੀ ਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
Joginder Singh
ਇਤਿਹਾਸ ਦਾ ਸੁਨਹਿਰਾ ਵਰਕਾ : ਪ੍ਰਚਾਰਕ ਗੁਰਜੰਟ ਸਿੰਘ
ਮਿਸ਼ਨਰੀ ਪ੍ਰਚਾਰਕ ਗੁਰਜੰਟ ਸਿੰਘ ਰੂਪੋਵਾਲੀ ਨੇ 'ਸਪੋਕਸਮੈਨ' ਦੇ 15ਵੇਂ ਸਾਲ 'ਚ ਦਾਖ਼ਲੇ ਦੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਦਾਰਾ 'ਸਪੋਕਸਮੈਨ' ਹੋਰ ਅਡੋਲਤਾ ਤੇ ਨਿਰਭੈਤਾ ਸਹਿਤ ਬਾਬੇ ਨਾਨਕ ਦੇ ਦਰਸਾਏ ਉੱਚੇ-ਸੁੱਚੇ ਤੇ ਸਰਬ ਸਾਂਝੇ ਆਦਰਸ਼ਾਂ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਇਤਿਹਾਸ ਦਾ ਇਕ ਸੁਨਹਿਰੀ ਵਰਕਾ ਬਣਿਆ ਰਹੇ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆਂ ਭਰ 'ਚ ਫੈਲਾਉਣ ਦੀ ਭੂਮਿਕਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
Gurjant Singh Rupowali
ਅਖ਼ਬਾਰੀ ਦੁਨੀਆਂ ਵਿਚ ਮਾਲਾਮਾਲ ਹੋਣ ਦੀ ਦੌੜ ਪਰ ਸਪੋਕਮੈਨ ਨੰਗੇ ਧੜ ਸਿੱਖੀ ਲਈ ਲੜ ਰਿਹੈ : ਕਥਾਵਾਚਕ ਭਾਈ ਸਤਨਾਮ ਸਿੰਘ
ਪ੍ਰਸਿੱਧ ਕਥਾਵਾਚਕ ਭਾਈ ਸਤਨਾਮ ਸਿੰਘ ਚੰਦੜ ਨੇ ਦਾਅਵਾ ਕੀਤਾ ਕਿ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਦਾ ਪ੍ਰਚਾਰ/ਪ੍ਰਸਾਰ ਕਰਨ ਲਈ ਜੋ ਢੰਗ-ਤਰੀਕਾ 'ਰੋਜ਼ਾਨਾ ਸਪੋਕਸਮੈਨ' ਨੇ ਅਪਣਾਇਆ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਕਿਉਂਕਿ ਲੱਖਾਂ ਵਿਰੋਧੀ ਹਨੇਰੀਆਂ ਦੇ ਬਾਵਜੂਦ ਵੀ ਨਾ ਤਾਂ ਸ. ਜੋਗਿੰਦਰ ਸਿੰਘ ਨੇ ਅਪਣੀ ਕਲਮ ਦਾ ਸੰਤੁਲਨ ਗੁਆਚਣ ਦਿਤਾ ਅਤੇ ਨਾ ਹੀ ਲਾਲਚ ਵਾਲੇ ਪਾਸੇ ਝਾਕਣ ਦੀ ਲੋੜ ਸਮਝੀ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਅਖਬਾਰੀ ਦੁਨੀਆਂ 'ਚ ਕਈ ਲੋਕ ਮਾਲਾਮਾਲ ਹੋ ਰਹੇ ਹਨ, ਉਥੇ ਦੂਜੇ ਪਾਸੇ 'ਰੋਜ਼ਾਨਾ ਸਪੋਕਸਮੈਨ' ਦਾ ਸੰਪਾਦਕ ਨੰਗੇ ਧੜ ਪੰਥ ਦੀ ਸੇਵਾ ਕਰਦਿਆਂ ਹਰ ਜਬਰ-ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ।
Satnam Singh Chander
ਅੰਤਰ-ਰਾਸ਼ਟਰੀ ਪੱਧਰ ਦਾ ਅਖ਼ਬਾਰ : ਅਵੀਨਿੰਦਰਪਾਲ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
ਡਾ. ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਅਕਾਦਮਿਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁਤਾਬਕ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਪੰਜਾਬੀ ਦਾ ਇਕ ਅੰਤਰਰਾਸ਼ਟਰੀ ਪੱਧਰ ਦਾ ਅਖ਼ਬਾਰ ਸਿੱਖਾਂ ਦੀ ਝੋਲੀ ਪਾ ਕੇ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਅਲੋਕਾਰੀ ਪ੍ਰੋਜੈਕਟ ਅਰੰਭ ਕਰ ਕੇ ਸਾਬਤ ਕਰ ਦਿਤਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਹਰ ਕੰਮ ਸੰਭਵ ਹੈ। ਉਨ੍ਹਾਂ ਪੰਥ ਦੀ ਚੜ੍ਹਦੀਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਪ੍ਰਸੰਸਾ ਕੀਤੀ।
ਅੰਗਰੇਜ਼ੀ, ਹਿੰਦੀ ਅਖ਼ਬਾਰਾਂ ਦੇ ਮੁਕਾਬਲੇ ਦਾ ਅਖ਼ਬਾਰ : ਬਲਵਿੰਦਰ ਸਿੰਘ ਮਿਸ਼ਨਰੀ, ਮੁਖੀ ਏਕਸ ਕੇ ਬਾਰਕ
ਭਾਈ ਬਲਵਿੰਦਰ ਸਿੰਘ ਮਿਸ਼ਨਰੀ ਕਨਵੀਨਰ 'ਏਕਸ ਕੇ ਬਾਰਕ' ਨੇ ਦਸਿਆ ਕਿ ਰੋਜ਼ਾਨਾ ਸਪੋਕਸਮੈਨ ਹਿੰਦੀ, ਪੰਜਾਬੀ ਹੀ ਨਹੀਂ ਬਲਕਿ ਅੰਗਰੇਜ਼ੀ ਅਖ਼ਬਾਰਾਂ ਦੇ ਬਰਾਬਰ ਦਾ, ਕੌਮਾਂਤਰੀ ਪੱਧਰ 'ਤੇ ਸਿੱਖਾਂ ਦੀ ਤਰਜ਼ਮਾਨੀ ਕਰਨ ਵਾਲੀ ਬੇਲਾਗ ਅਵਾਜ਼ ਬਣ ਚੁੱਕਾ ਹੈ। ਉਨ੍ਹਾਂ ਸ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਅਤੇ 'ਮੇਰੀ ਨਿੱਜੀ ਡਾਇਰੀ ਦੇ ਪੰਨੇ' ਕਾਲਮ ਦੀ ਪ੍ਰਸੰਸਾ ਕਰਦਿਆਂ ਦਸਿਆ ਕਿ ਸ. ਜੋਗਿੰਦਰ ਸਿੰਘ ਦੀ ਕਲਮ ਅੰਗਰੇਜ਼ੀ ਅਖ਼ਬਾਰਾਂ ਦੀਆਂ ਵੱਕਾਰੀ ਸੰਪਾਦਕੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਰਖਦੀ ਹੈ।
Makhan Singh Nangal
ਸ਼ਾਨਦਾਰ ਇਤਿਹਾਸ ਸਿਰਜਿਆ : ਜਥੇਦਾਰ ਮੱਖਣ ਸਿੰਘ, ਜਨਰਲ ਸਕੱਤਰ ਟਕਸਾਲੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਮੁਤਾਬਕ 'ਰੋਜ਼ਾਨਾ ਸਪੋਕਸਮੈਨ' ਨੇ ਚੁਨੌਤੀਆਂ ਭਰਪੂਰ ਪਰ ਸਫ਼ਲਤਾਪੂਰਵਕ 14 ਸਾਲ ਪੂਰੇ ਕਰਨ ਅਤੇ 15ਵੇਂ ਸਾਲ 'ਚ ਦਾਖ਼ਲ ਹੋਣ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਨੇ ਹਮੇਸ਼ਾ ਪੰਥਕ ਹਿਤਾਂ, ਘੱਟ ਗਿਣਤੀਆਂ, ਦਲਿਤ, ਬੇਵੱਸ, ਲਾਚਾਰ, ਜ਼ਰੂਰਤਮੰਦ ਤੇ ਮਜ਼ਲੂਮ ਲੋਕਾਂ ਦਾ ਸਾਥ ਹੀ ਨਹੀਂ ਦਿਤਾ, ਬਲਕਿ ਸਮੇਂ-ਸਮੇਂ ਉਨ੍ਹਾਂ ਦੀ ਢਾਲ ਵੀ ਬਣਿਆ।
Tarlochan Singh Dupalpur
ਆਰਥਕ ਤੰਗੀਆਂ ਦੇ ਬਾਵਜੂਦ ਸ਼ਾਨਦਾਰ ਕੰਮ ਕੀਤਾ : ਤਰਲੋਚਨ ਸਿੰਘ ਦੁਪਾਲਪੁਰ
ਪ੍ਰਸਿੱਧ ਸਾਹਿਤਕਾਰ ਤੇ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਦੁਪਾਲਪੁਰ ਨੇ ਆਖਿਆ ਕਿ 'ਰੋਜ਼ਾਨਾ ਸਪੋਕਸਮੈਨ' ਨੇ ਆਰਥਕ ਤੰਗੀਆਂ ਅਰਥਾਤ ਸਹੂਲਤਾਂ ਦੀ ਘਾਟ ਦੇ ਬਾਵਜੂਦ ਵੀ ਸਮਾਜ 'ਚ ਵੰਡੀਆਂ ਪਾਉਣ ਵਾਲੇ, ਅੰਧ-ਵਿਸ਼ਵਾਸ਼, ਕਰਮਕਾਂਡ ਤੇ ਵਹਿਮ-ਭਰਮ ਫੈਲਾਉਣ ਵਾਲੇ ਲੋਕਾਂ ਦੇ ਪਖੰਡ ਦਾ ਭਾਂਡਾ ਐਨ ਚੁਰਾਹੇ 'ਚ ਭੰਨਣ ਦੀ ਜੁਰਅਤ ਵਿਖਾਈ। 'ਰੋਜ਼ਾਨਾ ਸਪੋਕਸਮੈਨ' ਦੇ ਸਿਰੜੀ, ਸੂਝਵਾਨ ਤੇ ਨਿਧੜਕ ਪ੍ਰਬੰਧਕਾਂ ਦੀ ਮਿਹਨਤ, ਇਮਾਨਦਾਰੀ ਤੇ ਲਗਨ ਸਦਕਾ ਅਖ਼ਬਾਰ ਦਾ ਸ਼ਾਨਦਾਰ ਇਕ ਦਹਾਕਾ ਪੂਰਾ ਹੋਣ ਦੀ ਪ੍ਰਬੰਧਕਾਂ, ਪੱਤਰਕਾਰਾਂ, ਪਾਠਕਾਂ ਤੇ ਸਮੂਹ ਸਟਾਫ਼ ਨੂੰ ਦੁਨੀਆਂ ਭਰ ਦੇ ਨਾਨਕ ਨਾਮਲੇਵਾ ਪ੍ਰਾਣੀਆਂ ਵਲੋਂ ਵਧਾਈਆਂ ਮਿਲ ਰਹੀਆਂ ਹਨ ਕਿਉਂਕਿ ਉਹ ਇਸ ਦੇ ਹੱਕਦਾਰ ਵੀ ਹਨ।
Sukhwinder Singh Dadehar
ਹਕੂਮਤ ਦੇ ਜਬਰ ਦੇ ਕੁਹਾੜੇ ਤੋਂ ਬੇਪ੍ਰਵਾਹ ਸੱਚ ਦੀ ਡਗਰ ਤੇ ਚਲਦਾ ਰਿਹਾ : ਮਿਸ਼ਨਰੀ ਪ੍ਰਚਾਰਕ ਸੁਖਵਿੰਦਰ ਸਿੰਘ ਦਦੇਹਰ
ਮਿਸ਼ਨਰੀ ਪ੍ਰਚਾਰਕ ਸੁਖਵਿੰਦਰ ਸਿੰਘ ਦਦੇਹਰ ਨੇ ਦਾਅਵਾ ਕੀਤਾ ਕਿ 'ਰੋਜ਼ਾਨਾ ਸਪੋਕਸਮੈਨ' ਦੇ ਪ੍ਰਬੰਧਕਾਂ ਨੇ ਸੱਚ ਬੋਲਣ ਦਾ ਖ਼ਮਿਆਜ਼ਾ ਭੁਗਤਿਆ, ਹਕੂਮਤ ਦੇ ਜਬਰ ਦਾ ਕੁਹਾੜਾ ਵੀ ਝੱਲਿਆ ਪਰ ਨਾ ਤਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਤੇ ਨਾ ਹੀ ਹਾਕਮਾਂ ਦੇ ਜ਼ੁਲਮ ਅੱਗੇ ਝੁਕਿਆ। ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਸੰਗਤਾਂ ਨੂੰ ਇਸ ਦਾ ਪੂਰਨ ਅਹਿਸਾਸ ਹੈ। 'ਰੋਜ਼ਾਨਾ ਸਪੋਕਸਮੈਨ' ਦੇ ਪ੍ਰਬੰਧਕਾਂ ਵਲੋਂ 14 ਸਾਲ ਨਿਡਰ ਤੇ ਦਲੇਰਾਨਾ ਪੱਤਰਕਾਰੀ ਕਰ ਕੇ ਸਮਾਜ ਨੂੰ ਨਵੀਂ ਸੇਧ ਦੇਣ ਦੀ ਪਹਿਲ ਕਦਮੀ ਕੀਤੀ ਹੈ ਜਿਸ ਕਰ ਕੇ ਦੁਨੀਆਂ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀ ਇਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
harjinder singh sabhra
ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਵਾਲਿਆਂ ਦਾ ਡੱਟ ਕੇ ਮੁਕਾਬਲਾ ਕੀਤਾ : ਭਾਈ ਹਰਜਿੰਦਰ ਸਿੰਘ ਸਭਰਾ ਮਿਸ਼ਨਰੀ ਕਾਲਜ, ਲੁਧਿਆਣਾ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਦਸਿਆ ਕਿ 'ਰੋਜ਼ਾਨਾ ਸਪੋਕਸਮੈਨ' ਦੇ ਜਨਮ ਲੈਂਦਿਆਂ ਹੀ ਪੁਜਾਰੀਆਂ ਨੇ ਵੱਡਾ ਕੁਹਾੜਾ ਚਲਾ ਕੇ ਇਸ ਦੇ ਪ੍ਰਬੰਧਕਾਂ ਨੂੰ ਪੰਥ ਵਿਰੋਧੀ ਸਿੱਧ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਪਰ 'ਰੋਜ਼ਾਨਾ ਸਪੋਕਸਮੈਨ' ਦਾ ਮਿਸ਼ਨ ਤੇ ਨਿਸ਼ਾਨਾ ਸੰਗਤਾਂ ਨੂੰ ਪਤਾ ਹੋਣ ਕਰ ਕੇ ਪੁਜਾਰੀਆਂ ਦਾ ਕੁਹਾੜਾ ਖੁੰਢਾ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਪ੍ਰੈੱਸ ਅਜ਼ਾਦ ਹੈ ਦਾ ਹੋਕਾ ਦੇਣ ਵਾਲੇ ਹਾਕਮਾਂ ਨੇ 'ਰੋਜ਼ਾਨਾ ਸਪੋਕਸਮੈਨ' ਦੀ ਪ੍ਰੈੱਸ ਦੀ ਅਜ਼ਾਦੀ ਨੂੰ ਜਿਸ ਤਰ੍ਹਾਂ ਕੁਚਲਿਆ ਤੇ ਮਧੋਲਿਆ, ਉਸ ਵਰਗੀ ਮਿਸਾਲ ਦੁਨੀਆਂ ਦੇ ਇਤਿਹਾਸ 'ਚ ਹੋਰ ਕਿਧਰੇ ਵੀ ਨਹੀਂ ਮਿਲਦੀ।
Ucha Dar Babe Nanak Da
ਪੰਥਕ ਮੁਖੌਟੇ ਵਾਲੇ ਗ਼ਦਾਰਾਂ ਨੂੰ ਨੰਗਾ ਕੀਤਾ : ਭਾਈ ਬਿਕਰ ਸਿੰਘ ਕੜਾਕਾ
ਅੰਤਰਰਾਸ਼ਟਰੀ ਢਾਡੀ ਜਥੇ ਦੇ ਮੁਖੀ ਭਾਈ ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਜਿੱਥੇ ਪੰਥਕ ਮੁਖੌਟੇ ਵਾਲੇ ਗੱਦਾਰਾਂ ਨੂੰ ਸੰਗਤਾਂ ਦੀ ਕਚਹਿਰੀ 'ਚ ਨੰਗਾ ਕਰਨ ਦੀ ਜੁਰਅਤ ਵਿਖਾਈ, ਉਥੇ ਇਸ ਦੇ ਪ੍ਰਬੰਧਕਾਂ ਨੇ ਹਕੂਮਤ ਨਾਲ ਟੱਕਰ ਲੈ ਕੇ ਡੇਰਾਵਾਦ, ਪਖੰਡਵਾਦ, ਪੁਜਾਰੀਵਾਦ ਸਮੇਤ ਹਰ ਪੰਥਵਿਰੋਧੀ ਸ਼ਕਤੀ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਵੀ ਦਿਤਾ। 'ਰੋਜ਼ਾਨਾ ਸਪੋਕਸਮੈਨ' ਵਲੋਂ ਚੁਨੌਤੀਆਂ ਭਰਪੂਰ ਪਰ ਸਫ਼ਲਤਾਪੂਰਵਕ 14 ਸਾਲ ਪੂਰੇ ਕਰਨ ਅਤੇ 15ਵੇਂ ਸਾਲ 'ਚ ਦਾਖ਼ਲ ਹੋਣ ਦੀ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈ।
ਪੰਜਾਬ ਤੇ ਪੰਥ ਦੇ ਜ਼ਖ਼ਮਾਂ ਨੂੰ ਉਜਾਗਰ ਕਰਨ ਵਿਚ ਦੂਜਾ ਮੀਡੀਆ ਨਾਕਾਮ ਰਿਹਾ ਪਰ ਸਪੋਕਸਮੈਨ ਨੇ ਇਤਿਹਾਸ ਸਿਰਜਿਆ : ਦਰਸ਼ਨ ਸਿੰਘ ਘੋਲੀਆਂ
ਹੋਂਦ ਚਿੱਲੜ ਕਮੇਟੀ ਦੇ ਆਗੂ ਤੇ ਉੱਘੀ ਪੰਥਕ ਸ਼ਖ਼ਸੀਅਤ ਦਰਸ਼ਨ ਸਿੰਘ ਘੋਲੀਆ ਨੇ ਪੰਥ 'ਚ ਘੁਸੜ ਚੁਕੀਆਂ ਅਖੌਤੀ ਮਨੌਤਾਂ ਵਿਰੁਧ ਮੁਹਿੰਮ ਵਿੱਢਣ ਬਦਲੇ 'ਰੋਜ਼ਾਨਾ ਸਪੋਕਸਮੈਨ' ਦੀ ਦਲੇਰਾਨਾ ਪੱਤਰਕਾਰੀ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਬਰਗਾੜੀ ਵਿਖੇ ਵਾਪਰੇ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਦੀ ਸਾਫ-ਸੁਥਰੀ ਕਵਰੇਜ ਜਿਸ ਤਰ੍ਹਾਂ 'ਰੋਜ਼ਾਨਾ ਸਪੋਕਸਮੈਨ' ਨੇ ਕੀਤੀ, ਉਸ ਤੋਂ ਹੋਰ ਮੀਡੀਆ ਵਾਂਝਾ ਰਿਹਾ ਜਾਂ ਇਸ ਤਰਾਂ ਕਹਿ ਲਵੋ ਕਿ ਹੋਰ ਮੀਡੀਏ ਦੇ ਮੁਕਾਬਲੇ ਅਕਤੂਬਰ 2015 'ਚ ਜੋ ਤੱਥ 'ਰੋਜ਼ਾਨਾ ਸਪੋਕਸਮੈਨ' ਨੇ ਸਾਹਮਣੇ ਲਿਆਂਦੇ, ਉਹੀ ਤੱਥ ਹੁਣ ਜਾਂਚ ਕਮਿਸ਼ਨਾਂ ਅਤੇ ਵਿਸ਼ੇਸ਼ ਜਾਂਚ ਟੀਮਾਂ ਰਾਂਹੀ ਸਾਹਮਣੇ ਆ ਰਹੇ ਹਨ।