
ਘੁਮੱਕੜਾਂ ਦੀ ਸੱਥ ਕਾਊਚ ਸਰਫ਼ਿੰਗ ਤੇ ਕੈਨੇਡਾ ਦੀ ਮਾਰੀਆ ਦਾ ਸੁਨੇਹਾ ਇੰਜ ਮਿਲਿਆ ਜਿਵੇਂ ਮੱਝਾਂ ਚਾਰਨ ਗਏ ਨੂੰ ਜ਼ੈਲਦਾਰਾਂ ਦਾ ਦੀਪਾ ਭੁੰਨੇ ਕੁੱਕੜ ਨਾਲ ਟੱਕਰ ਪਵੇ........
ਘੁਮੱਕੜਾਂ ਦੀ ਸੱਥ ਕਾਊਚ ਸਰਫ਼ਿੰਗ ਤੇ ਕੈਨੇਡਾ ਦੀ ਮਾਰੀਆ ਦਾ ਸੁਨੇਹਾ ਇੰਜ ਮਿਲਿਆ ਜਿਵੇਂ ਮੱਝਾਂ ਚਾਰਨ ਗਏ ਨੂੰ ਜ਼ੈਲਦਾਰਾਂ ਦਾ ਦੀਪਾ ਭੁੰਨੇ ਕੁੱਕੜ ਨਾਲ ਟੱਕਰ ਪਵੇ। ਉਹ ਕਹਿੰਦੀ ਕਿ ਤੇਰੀ ਪ੍ਰੋਫ਼ਾਈਲ ਪੜ੍ਹਕੇ ਤੇ ਤੇਰੇ ਕੋਲ ਰਹਿ ਕੇ ਗਏ ਬਾਹਰਲੇ ਦੇਸ਼ਾਂ ਦੇ ਲੋਕਾਂ ਦੀਆਂ ਟਿੱਪਣੀਆਂ ਪੜ੍ਹ ਕੇ ਮੈਨੂੰ ਲਗਦੈ ਕਿ ਤੂੰ ਗੱਲਾਂ ਦਾ ਕੜਾਹ ਬਹੁਤ ਸੁਆਦ ਬਣਾਉਂਦੈਂ। ਦੋ ਚਾਰ ਚਮਚੇ ਮੈਨੂੰ ਵੀ ਖੁਆ ਦੇ। ਮੈਂ ਕਿਹਾ ਕਿ ਆਪਾਂ ਨੂੰ ਗੱਲਾਂ ਦਾ ਕੜਾਹ ਹੀ ਬਣਾਉਣਾ ਆਉਂਦੈ, ਹੋਰ ਸੱਭ ਕੰਮਾਂ ਵਿਚ ਤਾਂ ਆਪਾਂ ਫਾਡੀ ਰਹੇ ਹਾਂ। ਮੇਰਾ ਬਾਪੂ ਕਹਿੰਦਾ, ਓਏ ਤੈਨੂੰ ਸੋਨੇ ਦੀਆਂ ਮੇਖਾਂ ਦਿਤੀਆਂ ਸੀ ਬਾਜ਼ਾਰ ਵਿਚ ਵੇਚ ਕੇ ਕਮਾਈ ਕਰਨ ਲਈ, ਪਰ ਤੂੰ ਉਨ੍ਹਾਂ ਨੂੰ ਦਰਵਾਜ਼ੇ 'ਚ ਠੋਕੀ ਜਾਂਦੈਂ।
ਤੈਥੋਂ ਤਾਂ ਹਰੀਆ ਘੁਮਿਆਰ ਹੀ ਚੰਗਾ, ਜਿਹੜਾ ਖੋਤੇ ਤੇ ਭਾਂਡੇ ਵੇਚ ਕੇ, ਲੋਕਾਂ ਦੀਆਂ ਕਣਸਾਂ ਉਤੇ ਭਾਂਡੇ ਅਤੇ ਅਪਣੀਆਂ ਕਣਸਾਂ ਉਤੇ ਨੋਟ ਟਿਕਾਈ ਜਾਂਦੈ।
ਬਾਪੂ ਦੀਆਂ ਗੱਲਾਂ ਚੌਲਾਂ ਦੇ ਕੜਾਹੇ ਦੇ ਖੁਰਚਣੇ ਵਰਗੀਆਂ ਹੁੰਦੀਆਂ ਨੇ, ਜਿਹੜਾ ਇਕੋ ਵਾਰ ਵਿਚ ਚੌਲਾਂ ਦੀ ਹੇਠਲੀ ਪਰਤ ਨੂੰ ਉਪਰ ਕਰ ਦਿੰਦੈ। ਸੱਚੀ ਗੱਲ ਬਾਪੂ ਦੀ, ਰੁਪਈਏ ਕਮਾਉਣ ਵਿਚ ਤਾਂ ਅਪਣੀ ਹਾਲਤ ਉਸ ਮਰੀਜ਼ ਵਰਗੀ ਐ, ਜਿਉਂ ਜਿਉਂ ਬਿਮਾਰੀ ਵਧਦੀ ਏ, ਬੰਦਾ ਡਾਕਟਰ ਬਦਲੀ ਜਾਂਦੈ ਪਰ ਤਸੱਲੀ ਕਿਧਰੋਂ ਵੀ ਨੀ ਮਿਲਦੀ। ਐਨੇ ਵਿਚ ਧਰਮ ਰਾਜ ਦੀ ਚਿੱਠੀ ਆ ਜਾਂਦੀ ਏ ਤੇ ਬੰਦਾ ਹੋਰਾਂ ਦੇ ਮੰਜੇ ਠੋਕਣ ਵਾਲੇ ਬਚਨੇ ਤਰਖਾਣ ਦੇ ਮੰਜੇ ਵਾਂਗ ਘੁਣ ਨਾਲ ਹੀ ਢਹਿ ਪੈਂਦੈ।
ਗੁਰਦਾਸਪੁਰੀਆ ਭਾਊ ਤੇਜ ਕਹਿੰਦੈ, ਲੋਕ ਪੈਸੇ ਲੈ ਕੇ ਅਹਿਸਾਨ ਮੰਨਦੇ ਐ। ਇਸ ਨੂੰ ਜੇ ਦਿਤੇ ਹੋਏ ਪੈਸੇ ਮੰਗੋ ਤਾਂ ਸਾਲਾ ਅੱਗੋਂ ਗਾਲ੍ਹਾਂ ਕਢਦੈ। ਸੱਤ ਸਾਲ ਹੋ ਗਏ ਮੇਰੇ ਪੰਦਰਾਂ ਹਜ਼ਾਰ ਰੁਪਏ ਦੱਬੀ ਬੈਠੈ। ਮਾਰੀਆ ਨੂੰ ਮੈਂ ਕਿਹਾ ਕੋਈ ਗੱਲ ਨੀ ਲੰਘ ਆ ਪੱਤਣ ਝਨਾਂ ਦਾ। ਹੁਣ ਅਗਲਾ ਮਸਲਾ ਸੀ ਕਿ ਉਸ ਨੂੰ ਠਹਿਰਾਇਆ ਕਿਥੇ ਜਾਵੇ। ਅਪਣੇ ਘਰ ਤਾਂ ਮੈਂ ਆਪ ਬੜੀ ਮਜਬੂਰੀ ਵਿਚ ਜਾਂਦਾਂ। ਮੈਨੂੰ ਯਾਦ ਨਹੀਂ ਮੈਂ ਕਦੇ ਦੁਪਹਿਰ ਦੀ ਰੋਟੀ ਘਰ ਖਾਧੀ ਹੋਵੇ। ਉਂਜ ਵੀ ਘਰੇ ਮੇਰੀ ਹਾਲਤ ਇੰਜ ਹੁੰਦੀ ਐ ਜਿਵੇਂ ਬਲੂੰਗੜਾ ਕੁੱਤਿਆਂ ਤੋਂ ਡਰਦਾ ਸੰਦੂਕ ਵਿਚ ਜਾ ਵੜਿਆ ਹੋਵੇ। ਅਪਣੇ ਇਕ ਦੋਸਤ ਨੂੰ ਮੈਂ ਮਾਰੀਆ ਤੇ ਉਸ ਦੇ ਆੜੀ ਦੇ ਆਉਣ ਬਾਰੇ ਦਸਿਆ।
ਮੇਮ ਦਾ ਨਾਂ ਸੁਣ ਕੇ ਉਸ ਨੇ ਅੱਡੀਆਂ ਚੁੱਕ ਲਈਆਂ। ਕਹਿੰਦਾ ਬਾਈ ਸਾਡੇ ਘਰ ਲਿਆਈਂ, ਮੇਮ ਦੀਆਂ ਤਸੱਲੀਆਂ ਕਰਵਾ ਦਿਆਂਗੇ। ਉਸ ਦਾ ਜਵਾਬ ਇੰਜ ਸੀ ਜਿਵੇਂ ਕਿਸੇ ਨੇ ਝੋਟੇ ਨੂੰ ਮੱਕੀ ਦੇ ਖੇਤ ਦੀ ਦੱਸ ਪਾ ਦਿਤੀ ਹੋਵੇ। ਮੈਂ ਕਿਹਾ ਤਸੱਲੀਆਂ? ਉਹ ਵੀ ਸਮਝ ਗਿਆ। ਓ ਨਹੀਂ ਬਾਈ ਮੇਰਾ ਮਤਲਬ ਸੇਵਾ ਕਰਾਂਗੇ, ਤੂੰ ਗ਼ਲਤ ਸਮਝ ਗਿਆ। ਲਉ ਜੀ ਮੈਂ ਮਾਰੀਆ ਤੇ ਉਸ ਦੇ ਆੜੀ ਨੂੰ ਚੱਕਿਆ ਤੇ ਸਿੱਧਾ ਉਨ੍ਹਾਂ ਦੇ ਘਰ ਚਰ੍ਹੀ ਦੀ ਪੰਡ ਵਾਂਗ ਲਿਜਾ ਸੁਟਿਆ। ਅੱਗੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਉਹ ਇੰਜ ਤਿਆਰੀ ਵਿੱਢੀ ਬੈਠੇ ਸਨ ਜਿਵੇਂ ਬਾਰ੍ਹਾਂ ਸਾਲ ਬਾਅਦ ਜੰਮੇ ਮੁੰਡੇ ਦਾ ਜਨਮਦਿਨ ਮਨਾਉਣਾ ਹੋਵੇ।
ਹੁਣ ਮੇਮ ਤੇ ਉਸ ਦਾ ਸਪੇਨ ਦਾ ਆੜੀ ਉਨ੍ਹਾਂ ਦੇ ਘਰ ਡੇਰੇ ਲਾਈ ਬੈਠੈ ਜਿਵੇਂ ਚਿੱਲੇ ਕੱਟ ਰਿਹਾ ਸਾਧ ਪਿੱਪਲ ਹੇਠ ਧੂਣਾ ਤਪਾਈ ਬੈਠਾ ਹੋਵੇ। ਕਦੇ ਕੜਾਹ ਬਣਦਾ, ਕਦੇ ਬਣਦੀਆਂ ਪੂਰੀਆਂ, ਕਦੇ ਮਟਰ ਪਨੀਰ ਤੇ ਕਦੇ ਦਾਖਾਂ ਆਲਾ ਕੜਾਹ ਤੇ ਸ਼ਾਹੀ ਪਨੀਰ। ਨਾਲ ਅਪਣੀ ਵੀ ਸੇਵਾ ਇੰਜ ਹੁੰਦੀ ਜਿਵੇਂ ਛੜੇ ਦਾ ਰਿਸ਼ਤਾ ਕਰਾਉਣ ਵਾਲੇ ਵਿਚੋਲੇ ਨੂੰ, ਮੁੰਡੇ ਦੇ ਘਰ ਦੇ, ਸਿਰ ਤੇ ਚੁੱਕੀ ਫਿਰਦੇ ਹੁੰਦੇ ਐ। ਮਾਰੀਆ ਨੂੰ ਮੈਂ ਕਿਹਾ ਕਿ ਤੈਨੂੰ ਪੰਜਾਬੀ ਨਾਂ ਦੇਣੈ ਜਿਹੜਾ ਬੋਲਣ ਵਿਚ ਸੌਖਾ ਹੋਵੇ। ਸੋ ਉਸ ਦਾ ਨਾਂ ਹੁਣ ਮੋਗਰੀ ਐ ਤੇ ਉਸ ਦੇ ਆੜੀ ਦਾ ਨਾਂ ਮਰੁੰਡਾ।
ਮੈਂ ਕਿਹਾ ਕੀ ਫ਼ਰਕ ਪੈਂਦੈ ਚਾਹੇ ਮੋਗਰੀ ਬਣੋ ਚਾਹੇ ਮਰੁੰਡਾ, ਤੇਰੇ ਨਾਲ ਫ਼ੋਟੋਆਂ ਪਿੱਛੇ ਜੱਟਾਂ ਨੇ ਕਰਾਈ ਜਾਣੈ ਅਪਣਾ ਕੂੰਡਾ। ਮੋਗਰੀ ਨੇ ਪਹਿਲੀ ਵਾਰ ਮੱਝ ਤੇ ਕੱਟਾ ਵੇਖੇ। ਕਹਿੰਦੀ ਕੱਟਾ ਬਹੁਤ ਪਿਆਰਾ ਏ। ਮੈਂ ਇਸ ਨੂੰ ਅਪਣੇ ਨਾਲ ਲੈ ਜਾਣੈ। ਮੈਂ ਕਿਹਾ ਸ਼ੁਕਰ ਐ ਤੂੰ ਅੰਗਰੇਜ਼ੀ ਵਿਚ ਕਿਹੈ। ਜੇ ਕਿਤੇ ਪੰਜਾਬੀ ਵਿਚ ਕਹਿੰਦੀ ਜੱਟਾਂ ਨੇ ਕਹਿਣਾ ਸੀ ਖੀਰ ਅਸੀ ਖੁਆਉਂਦੇ ਮਰ ਗਏ ਜੱਫ਼ੀਆਂ ਸਾਲੀਆਂ ਕੱਟੇ ਨੂੰ। ਸਰਾਧਾਂ ਦੇ ਦਿਨਾਂ ਵਿਚ ਬਾਹਮਣਾਂ ਦੀ ਪੂਰੀ ਚੜ੍ਹਾਈ ਹੁੰਦੀ ਐ। ਉਹੀ ਹਾਲ ਅਜਕਲ ਅਪਣਾ ਹੈ। ਕਈ ਆ ਕੇ ਮੇਰੇ ਕੰਨ ਵਿਚ ਕਹਿਣਗੇ ਬਾਈ ਮੇਮ ਨਾਲ ਫ਼ੋਟੋ ਖਿਚਾਉਣੀ ਐ।
ਮੈਂ ਕਹਿੰਦਾਂ ਰੋਟੀ ਤੇ ਬੁਲਾ ਲਈਂ। ਸਾਰਾ ਟੱਬਰ ਤਾਂ ਕੀ, ਚਾਹੇ ਘਰ ਦੇ ਚੂਹੇ ਬਿੱਲੀਆਂ ਵੀ ਫ਼ੋਟੋਆਂ ਖਿਚਵਾ ਲੈਣ। ਮੋਗਰੀ ਤਾਂ ਰੋਟੀਆਂ ਪਕਾਣੀਆਂ ਵੀ ਸਿੱਖ ਗਈ ਐ। ਜਦੋਂ ਉਹ ਰੋਟੀਆਂ ਪਕਾ ਕੇ ਥਾਲੀ ਵਿਚ ਪਾ ਕੇ ਕਿਸੇ ਮੇਰੇ ਵਰਗੇ ਨੂੰ ਫੜਾਉਂਦੀ ਐ ਤਾਂ ਬੰਦਾ ਕਹਿੰਦੈ ਰੱਬਾ ਕਿਤੇ ਸੁਪਨਾ ਤਾਂ ਨੀ ਆਇਆ ਹੋਇਆ। ਜਦੋਂ ਰਾਂਝਾ ਹੀਰ ਨੂੰ ਮਿਲਣ ਵਾਸਤੇ ਕਾਲੇ ਬਾਗ਼ ਵਿਚ ਡੇਰਾ ਲਗਾ ਕੇ ਬੈਠਾ ਸੀ ਤਾਂ ਹੀਰ ਉਸ ਨੂੰ ਮਿਲਣ ਆਉਂਦੀ ਐ।
ਉਸ ਮੌਕੇ ਵਾਰਸ ਸ਼ਾਹ ਨੇ ਲਿਖਿਆ ਸੀ, 'ਕਾਲੇ ਬਾਗ਼ ਵਿਚ ਅੱਜ ਈਦ ਹੋਈ ਖਾਧੀਆਂ ਭੁੱਖਿਆਂ ਨੇ ਮਠਿਆਈਆਂ ਨੇ।' ਮਰੁੰਡਾ ਤੇ ਮੋਗਰੀ ਈਦ ਮਨਾ ਰਹੇ ਨੇ ਤੇ ਨਾਲ ਮੇਰੇ ਵਰਗੇ ਵੀ ਮਠਿਆਈਆਂ ਛੱਕ ਰਹੇ ਨੇ। ਰੱਬਾ ਅਜਿਹੀ ਈਦ ਤਾਂ ਰੋਜ਼ ਹੁੰਦੀ ਰਹੇ। ਸੰਪਰਕ : 97802-79640