
ਨਵੰਬਰ 2024 ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਰੀਪਬਲੀਕਨ ਪਾਰਟੀ ਵਲੋਂ ਨਾਮਜ਼ਦ ਕੀਤੇ ਜਾਣ ਵਾਲੇ ਤਾਕਤਵਰ ਉਮੀਦਵਾਰ
America News: Trump attack is an interesting turn in the presidential election ਨਵੰਬਰ 2024 ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਰੀਪਬਲੀਕਨ ਪਾਰਟੀ ਵਲੋਂ ਨਾਮਜ਼ਦ ਕੀਤੇ ਜਾਣ ਵਾਲੇ ਤਾਕਤਵਰ ਉਮੀਦਵਾਰ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕੋਈ ਪਹਿਲੇ ਰਾਸ਼ਟਰਪਤੀ ਨਹੀਂ ਜਿਨ੍ਹਾਂ ਨੂੰ ਇਕ ਸਿਰਫਿਰੇ ਥਾਮਸ ਮੈਥਿਊ ਕਰੁਕਸ ਨੇ ਬਟਲਰ, ਪੈਨਸਿਲਵੇਨੀਆ ਰੈਲੀ ਵਿਖੇ ਸੈਮੀ ਸਵੈ-ਚਾਲਕ ਬੰਦੂਕ ਏਅਰ-15 ਨਾਲ ਉਡਾਉਣ ਦਾ ਅਸਫ਼ਲ ਯਤਨ ਕੀਤਾ। ਗੋਲੀ ਉਨ੍ਹਾਂ ਦੇ ਸੱਜੇ ਕੰਨ ਨਾਲ ਖਹਿੰਦੀ ਗੁਜ਼ਰ ਗਈ। ਮੁਸਤੈਦ ਸੁਰੱਖਿਆ ਦਸਤੇ ਨੇ ਕਾਤਲ ਨੂੰ ਮੌਕੇ ’ਤੇ ਹੀ ਢੇਰ ਕਰ ਦਿਤਾ।
ਇਤਿਹਾਸ : ਰਾਸ਼ਟਰਪਤੀ ਇਬਰਾਹਿਮ Çਲੰਕਨ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਸਨ, ਜਿਨ੍ਹਾਂ ਤੇ ਸੰਨ 1865 ਵਿਚ ਘਰੋਗੀ ਜੰਗ ਸਮੇਂ ਗ਼ੁਲਾਮ ਪ੍ਰਥਾ ਦੇ ਹਾਮੀ ਐਕਟਰ ਜਾਹਨ ਵਿਲਕਸ ਬੂਥ ਨੇ ਵਾਸ਼ਿੰਗਟਨ ਵਿਚ ਇਕ ਥੀਏਟਰ ਅੰਦਰ ਸਿਰ ਵਿਚ ਪਿੱਛੋਂ ਗੋਲੀ ਮਾਰੀ ਸੀ ਜਿਸ ਕਰ ਕੇ ਉਹ ਅਗਲੇ ਦਿਨ ਚੱਲ ਵਸੇ ਸਨ।
ਜੁਲਾਈ, 1881 ਵਿਚ ਘਰੋਗੀ ਜੰਗ ਸਮੇਂ ਦੇ ਜਨਰਲ ਰਹੇ, ਰਾਸ਼ਟਰਪਤੀ ਜੇਮਸ ਗਾਰਫ਼ੀਲਡ ਨੂੰ ਚਾਰਲਸ ਗੈਟਿਊ ਨਾਮਕ ਵਿਅਕਤੀ ਨੇ ਅਹੁਦਾ ਸੰਭਾਲਣ ਦੇ 6 ਮਹੀਨੇ ਬਾਅਦ ਹੀ ਕਤਲ ਕਰ ਦਿਤਾ ਸੀ।
ਸਤੰਬਰ, 1901 ਵਿਚ ਘਰੋਗੀ ਜੰਗ ਵੇਲੇ ਲੜਾਕੂ ਰਹੇ ਰਾਸ਼ਟਰਪਤੀ ਵਿਲੀਅਮ ਮਕਿਨਲੇ ਨੂੰ ਲੀਉਨ ਜ਼ੋਲਗੋਜ਼ ਨਾਮ ਦੇ ਅਰਾਜਕਤਾਵਾਦੀ ਵਿਅਕਤੀ ਨੇ ਬਿਲਕੁਲ ਕਰੀਬ ਤੋਂ ਛਾਤੀ ਵਿਚ ਗੋਲੀ ਦਾਗ਼ੀ ਤੇ ਫ਼ਲਸਰੂਪ ਕੱੁਝ ਦਿਨਾਂ ਵਿਚ ਜਖ਼ਮ ਗੈਂਗਰੀਨ ਦਾ ਰੂਪ ਧਾਰਨ ਕਰ ਗਿਆ ਤੇ ਰਾਸ਼ਟਰਪਤੀ ਚੱਲ ਵਸੇ। ਅਮਰੀਕੀ ਕਾਂਗਰਸ (ਸੰਸਦ) ਨੂੰ ਰਾਸ਼ਟਰਪਤੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗੁਪਤ ਸੁਰੱਖਿਆ ਦਸਤਿਆਂ ਨੂੰ ਨਿਯੁਕਤ ਕਰਨ ਸਬੰਧੀ ਬਿੱਲ ਪਾਸ ਕਰਨਾ ਪਿਆ।
ਨਵੰਬਰ, 1963 ਵਿਚ ਸੱਭ ਤੋਂ ਛੋਟੀ ਉਮਰੇ ਅਮਰੀਕੀ ਰਾਸ਼ਟਰਪਤੀ ਬਣਨ ਵਾਲੇ ਹਰਮਨ ਪਿਆਰੇ ਜਾਹਨ ਐਫ਼ ਕੈਨੇਡੀ ਨੂੰ ਡੈਲਸ ਵਿਖੇ ਮੋਟਰ ਕਾਫ਼ਲੇ ਵਿਚ ਜਾਂਦੇ ਹੋਏ ਲੀ ਹਾਰਵੇ ਉਸਵਾਲਡ ਨਾਮ ਦੇ ਹਤਿਆਰੇ ਨੇ ਗੋਲੀ ਮਾਰ ਕੇ ਮਾਰ ਦਿਤਾ ਸੀ। ਉਸ ਮੌਕੇ ਰਾਸ਼ਟਰਪਤੀ ਦੀ ਪਤਨੀ ਜੈਕੁਲੀਨ ਉਨ੍ਹਾਂ ਨਾਲ ਬੈਠੀ ਹੋਈ ਸੀ।
ਸੰਨ 1968 ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਤੋਂ ਪ੍ਰਾਇਮਰੀਜ਼ ਚੋਣਾਂ ਲੜ ਰਹੇ ਮਰਹੂਮ ਰਾਸ਼ਟਰਪਤੀ ਜਾਹਨ ਐੱਫ਼ ਕੈਨੇਡੀ ਦੇ ਭਰਾ ਰਾਬਰਟ ਐੱਫ਼ ਕੈਨੇਡੀ ਨੂੰ ਲਾਸ ਏਂਜਲਸ ਹੋਟਲ ਵਿਖੇ ਗੋਲੀ ਮਾਰ ਦਿਤੀ ਤੇ ਅਗਲੇ ਦਿਨ ਉਹ ਚੱਲ ਵਸੇ।
ਸੰਨ 1912 ਵਿਚ ਜਾਨ ਸ਼ਰੈਂਕ ਨੇ ਰਾਸ਼ਟਰਪਤੀ ਥਿਊਡਰ ਰੂਜ਼ਵੈਲਟ ’ਤੇ ਗੋਲੀ ਚਲਾਈ ਪਰ ਉਹ ਗੰਭੀਰ ਜ਼ਖ਼ਮੀ ਨਹੀਂ ਹੋਏ ਤੇ ਬਚ ਗਏ। ਇੰਜ ਹੀ ਸੰਨ 1975 ਵਿਚ ਦੋ ਔਰਤਾਂ ਨੇ ਦੋ ਵਾਰ ਰਾਸ਼ਟਰਪਤੀ ਜੈਰਾਲਡ ਫੋਰਡ ਉਤੇ ਕਾਤਲਾਨਾ ਹਮਲਿਆਂ ਦਾ ਯਤਨ ਕੀਤਾ। ਇਕ ਦੇ ਪਿਸਟਲ ਵਿਚ ਗੋਲੀ ਹੀ ਨਹੀਂ ਸੀ ਅਤੇ ਦੂਜੀ ਦਾ ਹਥਿਆਰ ਕੋਲ ਖੜੇ ਸੁਚੇਤ ਵਿਅਕਤੀ ਨੇ ਫੁਰਤੀ ਨਾਲ ਖੋਹ ਲਿਆ।
ਮਾਰਚ, 1981 ਵਿਚ ਰਾਸ਼ਟਰਪਤੀ ਰੋਨਾਲਡ ਰੀਗਨ ’ਤੇ ਹਿਲਟਨ ਹੋਟਲ, ਵਾਸ਼ਿੰਗਟਨ ਤੋਂ ਬਾਹਰ ਆਉਂਦੇ ਬੰਦੂਕਧਾਰੀ ਨੇ ਕਈ ਗੋਲੀਆਂ ਤੜਾਤੜ ਦਾਗੀਆਂ। ਉਨ੍ਹਾਂ ਵਿਚੋਂ ਸਿਰਫ਼ ਇਕ ਗੋਲੀ ਉਨ੍ਹਾਂ ਦੀ ਬਾਂਹ ਹੇਠ ਲੱਗੀ। ਮੁਸਤੈਦ ਸੀਕਰੇਟ ਸਰਵਿਸ ਸੁਰੱਖਿਆ ਦਸਤੇ ਨੇ ਹਮਲਾਵਰ ਦਬੋਚ ਲਿਆ। ਰਾਸ਼ਟਰਪਤੀ ਰੀਗਨ ਵਾਲ-ਵਾਲ ਬਚੇ।
ਡੋਨਾਲਡ ਟਰੰਪ ਹਮਲੇ ਦੇ ਪ੍ਰਤੀਕਰਮ ਵਜੋਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਅੰਦਰ ਅਜਿਹੀ ਹਿੰਸਾ ਦੀ ਕੋਈ ਥਾਂ ਨਹੀਂ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਦਾ ਕਹਿਣਾ ਹੈ ਕਿ ਅਜਿਹੀ ਹਿੰਸਾ ਅਮਰੀਕੀ ਲੋਕਤੰਤਰ ’ਤੇ ਹਮਲਾ ਹੈ। ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਘਿਨੌਣੇ ਹਮਲੇ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਸਾਡੇ ਸਮਾਜ ਵਿਚ ਰਾਜਨੀਤਕ ਹਿੰਸਾ ਦੀ ਕੋਈ ਥਾਂ ਨਹੀਂ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਬਕਾ ਰਾਸ਼ਟਰਪਤੀ ਟਰੰਪ ’ਤੇ ਗੋਲੀਬਾਰੀ ਤੋਂ ਬੁਰੀ ਤਰ੍ਹਾਂ ਆਹਤ ਮਹਿਸੂਸ ਕੀਤਾ। ਰਾਜਨੀਤਕ ਹਿੰਸਾ ਕਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ।
ਜਾਪਾਨੀ ਪ੍ਰਧਾਨ ਮੰਤਰੀ ਫੂਮੀਉ ਕਸ਼ੀਦਾ ਦਾ ਮੰਨਣਾ ਹੈ ਕਿ ਅਸੀਂ ਲੋਕਤੰਤਰ ਨੂੰ ਚੁਣੌਤੀ ਦੇਣ ਵਾਲੀ ਹਰ ਹਿੰਸਾ ਵਿਰੁਧ ਚਟਾਨ ਵਾਂਗ ਖੜੇ ਹਾਂ। ਉਨ੍ਹਾਂ ਟਰੰਪ ਦੀ ਸਿਹਤਯਾਬੀ ਲਈ ਦੁਆ ਕੀਤੀ। ਫ਼ਰਾਂਸੀਸੀ ਰਾਸ਼ਟਰਪਤੀ ਮੈਕਰਾਨ ਨੇ ਡੋਨਾਲਡ ਟਰੰਪ ਨਾਲ ਹਮਦਰਦੀ ਜ਼ਾਹਰ ਕਰਦੇ ਸਿਹਤਯਾਬੀ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਸਾ ਦਾ ਰਾਜਨੀਤੀ ਅਤੇ ਲੋਕਤੰਤਰ ਅੰਦਰ ਕੋਈ ਸਥਾਨ ਨਹੀਂ। ਉਨ੍ਹਾਂ ਟਰੰਪ ਦੀ ਸਿਹਤਯਾਬੀ ਅਤੇ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀ ਅਤੇ ਜ਼ਖ਼ਮੀਆਂ ਨਾਲ ਦੁਖ ਸਾਂਝਾ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਨੇਕ ਦੇਸ਼ਾਂ ਦੇ ਮੁਖੀਆਂ ਨੇ ਡੋਨਾਲਡ ਟਰੰਪ ਅਤੇ ਅਮਰੀਕੀਆਂ ਨਾਲ ਦੁੱਖ ਸਾਂਝਾ ਕੀਤਾ।
ਚਿੰਤਾ : ਸੱਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਾਤਲ ਰੈਲੀ ਵਾਲੇ ਸਥਾਨ ਨੇੜੇ ਅਪਣੀ ਸਵੈਚਾਲਤ ਮਾਰੂ ਬੰਦੂਕ ਬੀੜਨ ਵਿਚ ਕਿਵੇਂ ਕਾਮਯਾਬ ਹੋਇਆ। ਜਿਸ ਛੱਤ ’ਤੇ ਉਸ ਨੇ ਬੰਦੂਕ ਬੀੜਨ ਦਾ ਜੁਗਾੜ ਕੀਤਾ ਉਥੋਂ ਰੈਲੀ ਦਾ ਸਥਾਨ ਪ੍ਰਤੱਖ ਨਜ਼ਰ ਆ ਰਿਹਾ ਸੀ। ਫ਼ੈਡਰਲ, ਸਥਾਨਕ ਪੁਲਿਸ ਤੋਂ ਇਲਾਵਾ ਚੌਕਸੀ ਸੁਰੱਖਿਆ ਦਸਤੇ ਅਤੇ ਸੀਕਰੇਟ ਸੁਰਖਿਆ ਦਸਤਿਆਂ ਦਾ ਘੇਰਾ ਤੋੜ ਕੇ ਹਮਲਾਵਰ ਕਿਵੇਂ ਸਫ਼ਲ ਹੋਇਆ? 20 ਸਾਲਾ ਹਮਲਾਵਰ ਦੇ ਦੋ ਜਮਾਤੀਆਂ ਨੇ ਦਸਿਆ ਕਿ ਉਹ ਕਦੇ ਵੀ ਵਧੀਆ ਸ਼ੂਟਰ ਸਾਬਤ ਨਹੀਂ ਸੀ ਹੋਇਆ। ਸੋ ਜੇ ਨਾ ਖੁੰਝਦਾ ਤਾਂ ਟਰੰਪ ਲਈ ਹਮਲਾ ਘਾਤਕ ਸਿੱਧ ਹੋ ਸਕਦਾ ਸੀ। ਅਮਰੀਕੀ ਕਾਂਗਰਸ ਅਤੇ ਸਪੀਕਰ ਮਾਈਕ ਜਾਨਸਨ ਨੇ ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ‘ਪੂਰੀ ਜਾਂਚ’ ਦਾ ਐਲਾਨ ਕੀਤਾ ਹੈ। ਅਮਰੀਕੀ ਲੋਕਾਂ ਨੂੰ ਇਸ ਹਮਲੇ ਦਾ ਸੱਚ ਜਾਣਨ ਦਾ ਹੱਕ ਹੈ। ਅਮਰੀਕੀ ਸੀਕਰੇਟ ਸੁਰੱਖਿਆ ਡਾਇਰੈਕਟਰ ਕਿੰਬਰੇਲ ਚੀਟਲ, ਗ੍ਰਹਿ ਵਿਭਾਗ, ਐਫ਼ਬੀਆਈ ਸਮੇਤ ਜ਼ਿੰਮੇਵਾਰ ਅਧਿਕਾਰੀ ਤਲਬ ਕਰ ਕੇ ਇਸ ਘਟਨਾ ਦੀ ਤਹਿ ਤਕ ਪੁਜਿਆ ਜਾਵੇਗਾ।
ਰਾਜਨੀਤਕ ਹਿੰਸਾ : ਅਮਰੀਕਾ ਅੰਦਰ ਰਾਜਨੀਤਕ, ਨਸਲੀ, ਨਫ਼ਰਤੀ, ਇਲਾਕਾਈ, ਭੇਦਭਾਵ ਭਰੀ ਹਿੰਸਾ ਕੋਈ ਨਵੀਂ ਗੱਲ ਨਹੀਂ। ਨਸਲੀ, ਨਫ਼ਰਤੀ, ਭੇਦਭਾਵ ਭਰੀ ਹਿੰਸਾ ਵਿਚ ਅਕਸਰ ਮਾਰੂ ਹਥਿਆਰਾਂ ਨਾਲ ਸਕੂਲਾਂ, ਯੂਨੀਵਰਸਿਟੀਆਂ, ਜਨਤਕ ਥਾਵਾਂ ’ਤੇ ਮਾਰੂ ਹਥਿਆਰਾਂ ਨਾਲ ਲਾਸ਼ਾਂ ਦੇ ਸੱਥਰ ਵਿਛਦੇ ਵੇਖੇ ਜਾਂਦੇ ਹਨ। ਘਟਨਾ ਉਪਰੰਤ ‘ਬੰਦੂਕ ’ਤੇ ਪਾਬੰਦੀ’ ਦੀਆਂ ਸੁਰਾਂ ਉਠਦੀਆਂ ਵੇਖੀਆਂ ਜਾਂਦੀਆਂ ਹਨ। ਪਰ ਬੰਦੂਕ ਲਾਬੀ ਏਨੀ ਤਾਕਤਵਰ ਹੈ ਕਿ ਹਾਲੇ ਤਕ ਕੋਈ ਮਾਈ ਦਾ ਲਾਲ ਰਾਸ਼ਟਰਪਤੀ, ਅਮਰੀਕੀ ਕਾਂਗਰਸ ਤੇ ਸੈਨੇਟ, ਅਮਰੀਕੀ ਸੁਪਰੀਮ ਕੋਰਟ ਇਸ ’ਤੇ ਪਾਬੰਦੀ ਆਇਦ ਕਰਨ ਦਾ ਹੀਆ ਨਹੀਂ ਕਰ ਸਕਿਆ। ਅਜੋਕੇ ਸਮੇਂ ਵਿਚ ਅਮਰੀਕਾ ਅੰਦਰ ਰਾਜਨੀਤਕ ਹਿੰਸਾ ਦਾ ਸੱਭ ਤੋਂ ਵੱਡਾ ਅਲੰਬਰਦਾਰ ਖ਼ੁਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੈ। ਇਹ ਉਹੋ ਵਿਅਕਤੀ ਹੈ ਜਿਸ ਨੇ ਸੰਨ 2020 ਦੇ ਅਮਰੀਕੀ ਜਨਤਕ ਫ਼ਤਵੇ ਨੂੰ ਅਪਣੇ ਹੱਕ ਵਿਚ ਜਬਰੀ ਪਲਟਾਉਣ ਲਈ ਅਪਣੇ ਹਜ਼ਾਰਾਂ ਹਿੰਸਕ ਅਰਾਜਕਤਾਵਾਦੀਆਂ ਨੂੰ ਅਮਰੀਕੀ ਕੈਪੀਟਲ ’ਤੇ ਹਿੰਸਕ ਹਮਲਾ ਕਰਨ ਲਈ 6 ਜਨਵਰੀ, 2021 ਨੂੰ ਉਕਸਾਇਆ ਸੀ। ਅਜੋਕੇ ਹਮਲੇ ਲਈ ਉਹ ਅਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ।
ਅਮਰੀਕਾ ਅੰਦਰ ਇਸ ਚੁਣਾਵੀ ਸਾਲ ਵਿਚ ਰਾਜਨੀਤੀਵਾਨਾਂ ਵਿਰੁਧ ਹਿੰਸਾ ਅਤੇ ਹਿੰਸਕ ਹਮਲਿਆਂ ਦਾ ਡਰ ਵੱਧ ਚੁੱਕਾ ਹੈ। ਅਮਰੀਕੀ ਪ੍ਰੈੱਸ ਦਾ ਇਕ ਹਿੱਸਾ ਅਤੇ ਵੱਡੀ ਗਿਣਤੀ ਵਿਚ ਲੋਕ 78 ਸਾਲਾ ਟਰੰਪ ਨੂੰ ਕੱਟੜਵਾਦੀ, ਭੰਡ, ਅਯੋਗ, ਝੂਠਾ, ਹਿੰਸਕ, ਬਗ਼ਾਵਤੀ ਤੇ ਅਮਰੀਕੀ ਲੋਕਤੰਤਰ ਲਈ ਖ਼ਤਰਾ ਮੰਨਦੇ ਹਨ। ਉਹ ਇਕ ਬਦਲਾਖ਼ੋਰ, ਭੜਕੀਲਾ, ਜਲਦਬਾਜ਼, ਗੁਸੈਲਾ ਅਤੇ ਬੜਬੋਲਾ ਰਾਜਨੀਤੀਵਾਨ ਮੰਨਦੇ ਹਨ। ਇਹ ਉਹ ਆਗੂ ਹੈ ਜੋ ਚੋਣ ਪ੍ਰਕਿਰਿਆ ਵਿਚ ਹਾਰ ਮੰਨਣ ਵਾਲਾ ਨਹੀਂ ਅਤੇ ਪੁਆੜੇ ਖੜੇ ਕਰਨ ਲਈ ਬਦਨਾਮ ਹੈ।
ਟਰੰਪ ਦਾ ਮਨੋਬਲ ਉੱਚਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਐਸੇ ਹਮਲੇ ਉਨ੍ਹਾਂ ਦੀ ਚੋਣ ਮੁਹਿੰਮ ਅਤੇ ਇਰਾਦਿਆਂ ਨੂੰ ਨਹੀਂ ਤੋੜ ਸਕਦੇ। ਉਨ੍ਹਾਂ ਦੇ ਹਮਾਇਤੀ ਇਸ ਹਮਲੇ ਨੂੰ ਉਨ੍ਹਾਂ ਦੀ ਜਿੱਤ ’ਤੇ ਪੱਕੀ ਮੋਹਰ ਮੰਨ ਰਹੇ ਹਨ। ਇਹ ਹਮਲਾ ਉਨ੍ਹਾਂ ਲਈ ਸਿਆਸੀ ਵਰਦਾਨ ਸਾਬਤ ਹੋਵੇਗਾ। ਸੱਜੇ ਪੱਖੀ ਰੀਪਬਲੀਕਨ ਇਸ ਹਮਲੇ ਦਾ ਦੋਸ਼ ਡੈਮੋਕ੍ਰੈਟਾਂ ’ਤੇ ਮੜ੍ਹ ਰਹੇ ਹਨ ਜੋ ਸਹੀ ਨਹੀਂ। ਖ਼ੈਰ! ਇਸ ਘਿਨੌਣੇ ਹਮਲੇ ਨੇ 5 ਨਵੰਬਰ, 2024 ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਦਿਲਚਸਪ ਮੋੜ ’ਤੇ ਖੜਾ ਕਰ ਦਿਤਾ ਹੈ।