ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਦਾ ਪਵਿੱਤਰ ਸ਼ਹਿਰ ਯੋਰੂਸ਼ਲਮ
Published : Jan 3, 2021, 7:42 am IST
Updated : Jan 3, 2021, 7:42 am IST
SHARE ARTICLE
Jerusalem
Jerusalem

ਵੱਖੋ ਵਖਰੇ ਪ੍ਰਵੇਸ਼ ਦੁਆਰ ਹਨ ਤੇ ਪੁਲਸ ਦਾ ਭਾਰੀ ਬੰਦੋਬਸਤ ਰਹਿੰਦਾ ਹੈ। 

ਨਵੀਂ ਦਿੱਲੀ: ਯੇਰੂਸ਼ਲਮ ਇਜ਼ਰਾਈਲ ਦੀ ਰਾਜਧਾਨੀ ਹੈ ਤੇ ਸੰਸਾਰ ਦਾ ਇਕੋ ਇਕ ਸ਼ਹਿਰ ਹੈ ਜੋ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਵਲੋਂ ਸਮਾਨ ਰੂਪ ਵਿਚ ਪਵਿੱਤਰ ਮੰਨਿਆ ਜਾਂਦਾ ਹੈ। ਯਹੂਦੀਆਂ ਦਾ ਸੱਭ ਤੋਂ ਪਵਿੱਤਰ ਸਥਾਨ ਵੇਲਿੰਗ ਵਾਲ (ਡੁਸਕਦੀ ਦੀਵਾਰ), ਇਸਾਈਆਂ ਦੀ ਡੋਮ ਆਫ਼ ਰੌਕ ਚਰਚ ਅਤੇ ਮੁਸਲਮਾਨਾਂ ਦੀ ਅਲ ਅਕਸਾ ਮਸਜਿਦ ਇਥੇ ਬਿਲਕੁਲ ਨਾਲ ਨਾਲ ਸਥਿਤ ਹਨ। ਯੋਰੂਸ਼ਲਮ ਦੀ ਸਥਾਪਨਾ ਅੱਜ ਤੋਂ ਕਰੀਬ 3000 ਸਾਲ ਪਹਿਲਾਂ ਯਹੂਦੀ ਕਬੀਲਿਆਂ ਨੇ ਕੀਤੀ ਸੀ ਤੇ ਇਹ ਸੰਸਾਰ ਦਾ ਸੱਭ ਤੋਂ ਪ੍ਰਾਚੀਨ ਸ਼ਹਿਰ ਹੈ। ਇਸ ਵੇਲੇ ਇਹ ਸ਼ਹਿਰ ਕਾਫ਼ੀ ਫੈਲ ਚੁਕਾ ਹੈ ਤੇ ਇਸ ਦੀ ਅਬਾਦੀ ਕਰੀਬ ਦਸ ਲੱਖ ਹੈ। ਪਹਿਲਾਂ ਇਜ਼ਰਾਈਲ ਦੀ ਰਾਜਧਾਨੀ ਤੈਲਅਵੀਵ ਹੁੰਦੀ ਸੀ ਪਰ ਸੰਨ 1980 ਵਿਚ ਅਰਬ ਦੇਸ਼ਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਸ ਨੇ ਯੋਰੂਸ਼ਲਮ ਨੂੰ ਅਪਣੀ ਰਾਜਧਾਨੀ ਐਲਾਨ ਦਿਤਾ। ਯੋਰੂਸ਼ਲਮ ਵਿਚ 70% ਯਹੂਦੀ, 39% ਅਰਬ ਅਤੇ 1% ਹੋਰ ਕੌਮਾਂ ਦੇ ਲੋਕ ਵਸਦੇ ਹਨ। ਹੁਣ ਤਕ ਯੋਰੂਸ਼ਲਮ ’ਤੇ ਯਹੂਦੀਆਂ, ਰੋਮ, ਈਰਾਨ, ਬਾਈਜ਼ਨਟਾਈਨ ਸਾਮਰਾਜ, ਅਰਬਾਂ, ਈਸਾਈਆਂ, ਤੁਰਕੀ ਅਤੇ ਇੰਗਲੈਂਡ ਆਦਿ ਕਈ ਦੇਸ਼ਾਂ ਦਾ ਕਬਜ਼ਾ ਰਿਹਾ ਹੈ। ਸੰਨ 1981 ਵਿਚ ਪੁਰਾਣੇ ਯੋਰੂਸ਼ਲਮ ਸ਼ਹਿਰ ਨੂੰ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤਾ ਗਿਆ ਸੀ। 

JerusalemJerusalem

ਵੈਣ ਪਾਉਂਦੀ ਦੀਵਾਰ (ਵੇਲਿੰਗ ਵਾਲ) : ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਯਹੂਦੀ ਰਾਜਾ ਹੈਰੋਡ ਮਹਾਨ ਵਲੋਂ ਸੰਨ 19 ਬੀ.ਸੀ. ਵਿਚ ਉਸਾਰੇ ਗਏ ਯਹੂਦੀ ਮੰਦਰ (ਟੈਂਪਲ ਮਾਊਂਟ) ਦਾ ਬਚਿਆ ਹੋਇਆ ਹਿੱਸਾ ਹੈ। ਇਹ ਚੂਨਾ ਪੱਥਰਾਂ ਦੀ ਬਣੀ ਹੋਈ ਹੈ ਤੇ ਇਸ ਦੀ ਲੰਬਾਈ 488 ਮੀਟਰ ਅਤੇ ਉਚਾਈ 19 ਮੀਟਰ ਹੈ। ਸੰਨ 70 ਈਸਵੀ ਵਿੱਚ ਰੋਮਨਾਂ ਨੇ ਟੈਂਪਲ ਮਾਊਂਟ ਨੂੰ ਬਿਲਕੁਲ ਤਬਾਹ ਕਰ ਦਿਤਾ ਸੀ ਤੇ ਸਿਰਫ਼ ਇਹ ਦੀਵਾਰ ਹੀ ਬਚ ਸਕੀ ਸੀ। ਇਸ ਦੇ ਨਾਲ ਹੀ ਯਹੂਦੀਆਂ ਦਾ ਰਾਜ ਵੀ ਖ਼ਤਮ ਹੋ ਗਿਆ ਜਿਸ ਕਾਰਨ ਟੈਂਪਲ ਮਾਊਂਟ ਦੁਬਾਰਾ ਨਾ ਬਣ ਸਕਿਆ। ਯਹੂਦੀਆਂ ਨੂੰ ਦੇਸ਼ ਨਿਕਾਲਾ ਦੇ ਦਿਤਾ ਗਿਆ। ਉਹ ਸਾਰੇ ਸੰਸਾਰ ਵਿਚ ਖਿਲਰ ਗਏ ਪਰ ਜਦੋਂ ਵੀ ਮੌਕਾ ਮਿਲਦਾ ਉਹ ਵੇਲਿੰਗ ਵਾਲ ਦੀ ਯਾਤਰਾ ਕਰਦੇ ਤੇ ਦੀਵਾਰ ਦੇ ਸਾਹਮਣੇ ਖੜੇ ਹੋ ਕੇ ਮੰਦਰ ਨੂੰ ਯਾਦ ਕਰ ਕੇ ਉਚੀ ਉਚੀ ਰੋਂਦੇ ਸਨ। ਇਹ ਵਰਤਾਰਾ ਹੁਣ ਵੀ ਚਲ ਰਿਹਾ ਹੈ। ਇਸ ਕਾਰਨ ਇਸ ਦੀਵਾਰ ਦਾ ਨਾਮ ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਪੈ ਗਿਆ।
1948 ਵਿਚ ਇਜ਼ਰਾਈਲ ਦੀ ਸਥਾਪਨਾ ਹੋਣ ਤੋਂ ਬਾਅਦ ਕੱਟੜ ਯਹੂਦੀਆਂ ਨੇ ਮੰਦਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਲ ਅਕਸਾ ਮਸਜਿਦ ਦੇ ਬਿਲਕੁਲ ਨਾਲ ਹੋਣ ਕਾਰਨ ਮੁਸਲਮਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਕਈ ਵਾਰ ਭਿਆਨਕ ਦੰਗੇ ਵੀ ਹੋਏ। ਹੁਣ ਵੀ ਦੋਵਾਂ ਧਿਰਾਂ ਨੂੰ ਅਲੱਗ ਅਲੱਗ ਰਖਣ ਲਈ ਵੱਖੋ ਵਖਰੇ ਪ੍ਰਵੇਸ਼ ਦੁਆਰ ਹਨ ਤੇ ਪੁਲਸ ਦਾ ਭਾਰੀ ਬੰਦੋਬਸਤ ਰਹਿੰਦਾ ਹੈ। 

ਚਰਚ ਆਫ਼ ਹੋਲੀ ਸਪਰਚਰ : ਚਰਚ ਆਫ਼ ਹੋਲੀ ਸਪਰਚਰ ਪੁਰਾਣੇ ਯੋਰੂਸ਼ਲਮ ਵਿਚ ਉਸ ਜਗ੍ਹਾ ’ਤੇ ਸਥਿਤ ਹੈ ਜਿਥੇ ਈਸਾ ਮਸੀਹ ਨੂੰ ਸੂਲੀ ’ਤੇ ਚੜ੍ਹਾਇਆ ਗਿਆ ਸੀ। ਇਸ ਦੀ ਉਸਾਰੀ ਬਾਈਜ਼ਨਟਾਈਨ ਸਾਮਰਾਜ ਦੇ ਬਾਦਸ਼ਾਹ ਕਾਂਸਟਨਟਾਈਨ ਮਹਾਨ ਨੇ ਸੰਨ 326 ਈਸਵੀ ਨੂੰ ਸ਼ੁਰੂ ਕਰਵਾਈ ਜੋ ਸੰਨ 335 ਵਿਚ ਮੁਕੰਮਲ ਹੋਈ। ਇਹ ਇਸਾਈਆਂ ਦਾ ਇਕ ਸੱਭ ਤੋਂ ਵੱਧ ਪੂਜਣਯੋਗ ਸਥਾਨ ਹੈ ਤੇ ਹਰ ਸਾਲ ਸੰਸਾਰ ਭਰ ਤੋਂ ਲੱਖਾਂ ਇਸਾਈ ਇਸ ਦੀ ਯਾਤਰਾ ਕਰਨ ਲਈ ਪਹੁੰਚਦੇ ਹਨ। ਕਿਹਾ ਜਾਂਦਾ ਹੈ ਕਿ ਸਮਰਾਟ ਕਾਂਸਟਨਟਾਈਨ ਨੂੰ ਇਸ ਸਬੰਧੀ ਸੁਪਨਾ ਆਇਆ ਸੀ ਤੇ ਉਸ ਨੇ ਅਪਣੀ ਮਾਂ ਹੈਲੇਨਾ ਨੂੰ ਇਹ ਸਥਾਨ ਲੱਭਣ ਲਈ ਭੇਜਿਆ। ਹੈਲੇਨਾ ਨੇ ਯੇਰੂਸ਼ਲਮ ਦੇ ਬਿਸ਼ਪ ਮਾਸੇਰੀਅਸ ਦੀ ਮਦਦ ਨਾਲ ਇਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਤਾਂ ਉਸ ਨੂੰ ਇਸ ਜਗ੍ਹਾ ਤੋਂ ਤਿੰਨ ਅਸਲੀ ਕਰਾਸ ਮਿਲੇ। ਰੋਮਨਾਂ ਨੇ ਇਥੇ ਜੂਪੀਟਰ ਅਤੇ ਵੀਨਸ ਦਾ ਮੰਦਰ ਬਣਾਇਆ ਹੋਇਆ ਸੀ। ਜਦੋਂ ਉਸ ਮੰਦਰ ਨੂੰ ਢਾਹ ਕੇ ਮਲਬਾ ਸਾਫ਼ ਕੀਤਾ ਗਿਆ ਤਾਂ ਉਸ ਦੀਆਂ ਨੀਹਾਂ ਵਿਚ ਉਹ ਗੁਫ਼ਾ ਵੀ ਲੱਭ ਗਈ ਜਿਥੇ ਕਰਾਸ ’ਤੇ ਚੜ੍ਹਾਉਣ ਤੋਂ ਬਾਅਦ ਜੀਸਸ ਨੂੰ ਦਫ਼ਨਾਇਆ ਗਿਆ ਸੀ। ਉਸ ਸਥਾਨ ’ਤੇ ਹੀ ਇਸ ਚਰਚ ਦੀ ਸਥਾਪਨਾ ਕੀਤੀ ਗਈ ਹੈ।

 ਇਸ ਚਰਚ ਨੂੰ ਕਈ ਵਾਰ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸੰਨ 614 ਈਸਵੀ ਵਿਚ ਈਰਾਨ ਦੇ ਬਾਦਸ਼ਾਹ ਖੁਸਰੋ ਨੇ ਯੋਰੂਸ਼ਲਮ ’ਤੇ ਕਬਜ਼ਾ ਕਰ ਲਿਆ ਤੇ ਚਰਚ ਨੂੰ ਸਾੜ ਦਿਤਾ। ਪਰ ਜਲਦੀ ਹੀ ਬਾਈਜ਼ਨਟਾਈਨ ਸਮਰਾਟ ਹਰਕੇਲੀਅਸ ਨੇ ਯੋਰੂਸ਼ਲਮ ਈਰਾਨੀਆਂ ਤੋਂ ਖੋਹ ਲਿਆ ਤੇ ਚਰਚ ਦੀ ਦੁਬਾਰਾ ਉਸਾਰੀ ਕੀਤੀ ਗਈ। ਇਸ ਤੋਂ ਬਾਅਦ ਅਰਬ ਲੋਕਾਂ ਨੇ ਯੋਰੂਸ਼ਲਮ ’ਤੇ ਕਬਜ਼ਾ ਕਰ ਲਿਆ ਪਰ ਉਨ੍ਹਾਂ ਨੇ ਚਰਚ ਨਾਲ ਕੋਈ ਛੇੜ ਛਾੜ ਨਾ ਕੀਤੀ। ਪਰ ਖ਼ਲੀਫ਼ਾ ਅਲ ਹਾਕਿਮ ਬਿਨ ਅਮਰੱਲਾਹ ਨੇ ਸੰਨ 1009 ਵਿਚ ਇਸ ਚਰਚ ਨੂੰ ਬਿਲਕੁਲ ਹੀ ਨੇਸਤੋਨਾਬੂਦ ਕਰ ਦਿਤਾ। ਸੰਨ 1027 ਵਿਚ ਨਵੇਂ ਖ਼ਲੀਫ਼ਾ ਅਲੀ ਅਜ਼ਹੀਰ ਅਤੇ ਬਾਈਜ਼ਨਟਾਈਨ ਸਮਰਾਟ ਕਾਂਸਟਨਟਾਈਨ ਨੌਵੇਂ ਵਿਚਕਾਰ ਹੋਏ ਇਕ ਸਮਝੌਤੇ ਤਹਿਤ ਇਸ ਦਾ ਪੁਨਰ ਉਧਾਰ ਕੀਤਾ ਗਿਆ। ਸਮਰਾਟ ਕਾਂਸਟਨਟਾਈਨ ਨੇ ਲੱਖਾਂ ਰੁਪਏ ਖਰਚ ਕੇ ਇਸ ਦੇ ਕੁੱਝ ਹਿਸਿਆਂ ਦੀ ਦੁਬਾਰਾ ਉਸਾਰੀ ਕਰਵਾਈ। ਸੰਨ 1095 ਈਸਵੀ ਨੂੰ ਪੋਪ ਨੇ ਯੇਰੂਸ਼ਲਮ ’ਤੇ ਕਬਜ਼ਾ ਕਰਨ ਲਈ ਧਰਮ ਯੁੱਧ (ਕਰੂਸੇਡ) ਦਾ ਐਲਾਨ ਕਰ ਦਿਤਾ ਜਿਸ ਵਿਚ ਹਿੱਸਾ ਲੈਣ ਲਈ ਯੂਰਪ ਦੇ ਸਾਰੇ ਦੇਸ਼ਾਂ ਨੇ ਸੈਨਿਕ ਭੇਜੇ। ਸੰਨ 1096 ਈਸਵੀ ਵਿਚ ਈਸਾਈਆਂ ਦਾ ਯੇਰੂਸ਼ਲਮ ’ਤੇ ਕਬਜ਼ਾ ਹੋ ਗਿਆ। ਨਵੇਂ ਰਾਜੇ ਗੌਡਫ਼ਰੇ ਨੇ ਯੂਰਪੀਨ ਰਾਜਿਆਂ ਦੀ ਮਦਦ ਨਾਲ ਚਰਚ ਦੀ ਉਸਾਰੀ ਮੁਕੰਮਲ ਕੀਤੀ। 1809 - 10 ਵਿਚ ਚਰਚ ਦੀ ਮੁੜ ਵੱਡੇ ਪੱਧਰ ’ਤੇ ਮੁਰੰਮਤ ਕੀਤੀ ਗਈ ਤੇ ਇਹ ਮੌਜੂਦਾ ਰੂਪ ਵਿਚ ਸੰਸਾਰ ਦੇ ਸਾਹਮਣੇ ਆਈ।

ਅਲ ਅਕਸਾ ਮਸਜਿਦ : ਅਲ ਅਕਸਾ ਮਸਜਿਦ ਇਸਲਾਮ ਵਿਚ ਮੱਕਾ ਅਤੇ ਮਦੀਨਾ ਤੋਂ ਬਾਅਦ ਸੱਭ ਤੋਂ ਵੱਧ ਪਵਿਤਰ ਧਾਰਮਕ ਅਸਥਾਨ ਮੰਨਿਆ ਜਾਂਦਾ ਹੈ। ਇਸਲਾਮਕ ਮਾਨਤਾਵਾਂ ਅਨੁਸਾਰ ਇਸ ਸਥਾਨ ਤੋਂ ਹਜ਼ਰਤ ਮੁਹੰਮਦ ਜੰਨਤ ਨੂੰ ਗਏ ਸਨ। ਸੱਭ ਤੋਂ ਪਹਿਲਾਂ ਬਗ਼ਦਾਦ ਦੇ ਖ਼ਲੀਫ਼ਾ ਉਮਰ  ਨੇ ਇਸ ਜਗ੍ਹਾ ’ਤੇ ਇਕ ਛੋਟੀ ਜਹੀ ਮਸਜਿਦ ਦੀ ਉਸਾਰੀ ਕਰਵਾਈ ਸੀ। ਪਰ ਵੱਡੇ ਪੱਧਰ ’ਤੇ ਅਲ ਅਕਸਾ ਦੀ ਉਸਾਰੀ ਖ਼ਲੀਫ਼ਾ ਅਬੂ ਅਲ ਮਲਿਕ ਨੇ 680 ਈਸਵੀ ਵਿਚ ਸ਼ੁਰੂ ਕਰਵਾਈ ਜੋ ਉਸ ਦੇ ਬੇਟੇ ਖ਼ਲੀਫ਼ਾ ਅਲ ਵਾਲਿਦ ਦੇ ਰਾਜ ਸਮੇਂ 705 ਈਸਵੀ ਵਿਚ ਮੁਕੰਮਲ ਹੋਈ। ਇਹ ਮਸਜਿਦ 746 ਈਸਵੀ ਵਿਚ ਆਏ ਇਕ ਭੁਚਾਲ ਕਾਰਨ ਮੁਕੰਮਲ ਤੌਰ ’ਤੇ ਤਬਾਹ ਹੋ ਗਈ ਤੇ ਇਸ ਦੀ ਮੁੜ ਉਸਾਰੀ ਖ਼ਲੀਫ਼ਾ ਅਲ ਮੰਨਸੂਰ ਨੇ 754 ਈਸਵੀ ਵਿਚ ਕਰਵਾਈ ਪਰ ਸੰਨ 1033 ਵਿਚ ਆਏ ਇਕ ਹੋਰ ਭਿਆਨਕ ਭੁਚਾਲ ਕਾਰਨ ਇਹ ਦੁਬਾਰਾ ਤਬਾਹ ਹੋ ਗਈ ਤੇ ਇਸ ਦੀ ਦੁਬਾਰਾ ਉਸਾਰੀ ਖ਼ਲੀਫ਼ਾ ਅਲੀ ਜ਼ਹੀਰ ਨੇ ਕਰਵਾਈ। ਇਸ ਤੋਂ ਬਾਅਦ ਤੁਰਕੀ, ਮਿਸਰ, ਸਾਊਦੀ ਅਰਬ ਅਤੇ ਜਾਰਡਨ ਦੇ ਬਾਦਸ਼ਾਹਾਂ ਸਮੇਤ ਅਨੇਕਾਂ ਮੋਮਨਾਂ ਨੇ ਇਸ ਦੀ ਇਮਾਰਤ ਅਤੇ ਖ਼ੂਬਸੂਰਤੀ ਨੂੰ ਵਧਾਉਣ ਵਿਚ ਅਪਣਾ ਯੋਗਦਾਨ ਪਾਇਆ।  
ਇਸ ਦੀ ਭਵਨ ਨਿਰਮਾਣ ਕਲਾ ਇਸਲਾਮਕ ਹੈ ਤੇ ਇਸ ਵਿਚ ਇਕ ਸਮੇਂ 5000 ਨਮਾਜ਼ੀ ਨਮਾਜ਼ ਪੜ੍ਹ ਸਕਦੇ ਹਨ। ਇਸ ਦੇ ਦੋ ਵੱਡੇ ਤੇ ਅਨੇਕਾਂ ਛੋਟੇ ਗੁੰਬਦ ਤੇ ਚਾਰ ਮੀਨਾਰ ਹਨ। ਮੀਨਾਰਾਂ ਦੀ ਉਚਾਈ 37 ਮੀਟਰ ਹਰੇਕ ਹੈ। ਇਸ ਦੇ ਅੰਦਰ ਅਤੇ ਬਾਹਰ ਇਸਲਾਮੀ ਜਗਤ ਦੇ ਬੇਹਤਰੀਨ ਉਸਤਾਦ ਕਾਰੀਗਰਾਂ ਦੁਆਰਾ ਕੁਰਾਨ ਦੀਆਂ ਆਇਤਾਂ ਅਤੇ ਫੁੱਲ ਬੂਟਿਆਂ ਦੀ ਅਤਿ ਸੂਖ਼ਮ ਅਤੇ ਖ਼ੂਬਸੂਰਤ ਮੀਨਾਕਾਰੀ ਤੇ ਪਚੀਕਾਰੀ ਕੀਤੀ ਗਈ ਹੈ। ਇਸ ਦਾ ਪ੍ਰਬੰਧ ਜਾਰਡਨ- ਫ਼ਲਸਤੀਨੀ ਵਕਫ਼ ਸੰਭਾਲਦਾ ਹੈ।
ਬਲਰਾਜ ਸਿੰਘ ਸਿੱਧੂ, ਐਸ.ਪੀ.ਮੋਬਾਈਲ : 9501100062

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement