
ਸਾਡੀ ਧਰਤੀ ਉਤੇ ਕਈ ਰੁੱਖ ਹੋਂਦ ਵਿਚ ਆਏ। ਭਾਵੇਂ ਦੇਸੀ ਹੋਣ ਜਾਂ ਵਿਦੇਸ਼ੀ, ਇਨ੍ਹਾਂ ਹਰੇ-ਭਰੇ ਮਨਮੋਹਣੇ ਰੁੱਖਾਂ ਨੇ ਮਨੁੱਖ, ਜੀਵ-ਜੰਤੂਆਂ ਅਤੇ ਪਸ਼ੂ-ਪਰਿੰਦਿਆਂ ਦੀ....
ਸਾਡੀ ਧਰਤੀ ਉਤੇ ਕਈ ਰੁੱਖ ਹੋਂਦ ਵਿਚ ਆਏ। ਭਾਵੇਂ ਦੇਸੀ ਹੋਣ ਜਾਂ ਵਿਦੇਸ਼ੀ, ਇਨ੍ਹਾਂ ਹਰੇ-ਭਰੇ ਮਨਮੋਹਣੇ ਰੁੱਖਾਂ ਨੇ ਮਨੁੱਖ, ਜੀਵ-ਜੰਤੂਆਂ ਅਤੇ ਪਸ਼ੂ-ਪਰਿੰਦਿਆਂ ਦੀ ਕਿਸੇ ਨਾ ਕਿਸੇ ਰੂਪ ਵਿਚ ਮਦਦ ਕੀਤੀ ਹੈ। ਇਹ ਮਦਦ ਭਾਵੇਂ ਰੈਣ-ਬਸੇਰੇ, ਸ਼ੁੱਧ ਹਵਾ, ਫੁੱਲ, ਦਵਾਈਆਂ, ਆਕਸੀਜਨ, ਠੰਢੀ ਛਾਂ, ਠੰਢਕ ਅਤੇ ਕੁਦਰਤੀ ਸੰਤੁਲਨ ਬਣਾਉਣ ਦੇ ਰੂਪ ਵਿਚ ਹੋਵੇ ਜਾਂ ਕਿਸੇ ਹੋਰ ਰੂਪ ਵਿਚ। ਹੋਰਨਾਂ ਰੁੱਖਾਂ ਦੇ ਨਾਲ-ਨਾਲ ਖਜੂਰ ਦੇ ਰੁੱਖ ਦਾ ਵਜੂਦ ਵੀ ਖ਼ਤਰੇ ਵਿਚ ਪਿਆ ਜਾਪਦਾ ਹੈ। ਇਹ ਰੁੱਖ ਭਾਵੇਂ ਇਕ ਵਿਦੇਸ਼ੀ ਮੂਲ ਦਾ ਰੁੱਖ ਹੈ ਅਤੇ ਸਾਡੀ ਧਰਤੀ ਉਤੇ ਸ਼ਾਇਦ ਏਨਾ ਜ਼ਿਆਦਾ ਨਹੀਂ ਵੱਧ-ਫੁੱਲ ਰਿਹਾ, ਜਿੰਨਾ ਅਪਣੇ ਮੂਲ ਵਿਦੇਸ਼ੀ ਥਾਵਾਂ ਤੇ ਵਧਦਾ-ਫੁੱਲਦਾ ਹੈ, ਕਿਉਂਕਿ ਬਾਹਰੋਂ ਆਉਣ ਵਾਲੇ ਧਾੜਵੀ ਅਪਣੇ ਨਾਲ ਖਾਣ ਲਈ ਹੋਰ ਵਸਤਾਂ ਦੀ ਥਾਂ ਖਜੂਰਾਂ ਲੈ ਕੇ ਆਉਂਦੇ ਸਨ ਤੇ ਜਦੋਂ ਜਿੱਥੇ ਵਕਤ ਮਿਲਿਆ, ਖਜੂਰਾਂ ਖਾ ਕੇ ਇਸ ਦੀਆਂ ਗਿਟਕਾਂ (ਬੀਜ) ਉਸੇ ਥਾਂ ਤੇ ਸੁਟਦੇ ਗਏ। ਸਿੱਟੇ ਵਜੋਂ ਇਹ ਵਿਦੇਸ਼ੀ ਰੁੱਖ ਸਾਡੀ ਧਰਤੀ ਉਤੇ ਵੀ ਪੈਦਾ ਹੋ ਗਿਆ।
ਖਜੂਰ ਦੇ ਰੁੱਖ ਨਾਲ ਸਾਡਾ ਵਿਰਸਾ ਤੇ ਇਤਿਹਾਸ ਜੁੜਿਆ ਹੋਇਆ ਹੈ। ਇਤਿਹਾਸਕ ਪੱਖੋਂ ਇਹ ਵਿਦੇਸ਼ੀ ਹਮਲਿਆਂ, ਧਾੜਵੀਆਂ ਆਦਿ ਦੇ ਇੱਥੇ ਆਉਣ ਦੀ ਗਵਾਹੀ ਦਿੰਦਾ ਹੈ। ਖਜੂਰ ਦੇ ਪੱਤੇ ਬਹੁਤ ਲਚਕਦਾਰ ਅਤੇ ਮਜ਼ਬੂਤ ਹੁੰਦੇ ਹਨ, ਇਸ ਲਈ ਲੋਕ ਇਸ ਦੇ ਪੱਤਿਆਂ ਦੇ ਝਾੜੂ, ਚਟਾਈਆਂ, ਹੱਥ-ਪੱਖੀਆਂ ਅਤੇ ਹੋਰ ਕਈ ਘਰੇਲੂ ਉਪਯੋਗ ਦੀਆਂ ਵਸਤਾਂ ਬਣਾ ਕੇ ਵਰਤੋਂ ਵਿਚ ਲਿਆਉਂਦੇ ਹੁੰਦੇ ਸਨ। ਅਕਸਰ ਕੁੜੀਆਂ ਦੇ ਦਾਜ ਵਿਚ ਖਜੂਰ ਦੇ ਰੁੱਖ ਦਾ ਬਣਿਆ ਸਾਮਾਨ ਬੜੇ ਚਾਅ-ਮਲਾਰ ਨਾਲ ਦਿਤਾ ਜਾਂਦਾ ਸੀ। ਖ਼ਾਸ ਤੌਰ ਤੇ ਹੱਥ-ਪੱਖੀਆਂ ਤਾਂ ਦਾਜ ਦੀ ਮੁੱਖ ਵਸਤੂ ਹੁੰਦੀਆਂ ਸਨ। ਖਜੂਰ ਦੇ ਪੱਤਿਆਂ ਦੇ ਬਣੇ ਝਾੜੂ ਬਹੁਤ ਮਜ਼ਬੂਤ ਅਤੇ ਸਦਾਬਹਾਰ ਹੁੰਦੇ ਹਨ। ਅੱਜ ਵੀ ਟਪਰੀਵਾਸ ਲੋਕ ਖਜੂਰ ਦੇ ਪੱਤਿਆਂ ਦੇ ਝਾੜੂ ਸੜਕਾਂ, ਮੁੱਖ ਮਾਰਗਾਂ ਆਦਿ ਥਾਵਾਂ ਉਤੇ ਬਣਾਉਂਦੇ ਅਤੇ ਵੇਚਦੇ ਨਜ਼ਰ ਆ ਹੀ ਜਾਂਦੇ ਹਨ। ਇਸ ਦੇ ਫੱਲ (ਖਜੂਰਾਂ) ਵੀ ਖ਼ਾਸ ਤੌਰ ਤੇ ਸਰਦ ਰੁੱਤ ਦਾ ਮੁੱਖ ਅਤੇ ਮਸ਼ਹੂਰ ਫੱਲ ਮੰਨਿਆ ਗਿਆ ਹੈ। ਇਸ ਰੁੱਖ ਦਾ ਤਣਾ ਬਹੁਤ ਮਜ਼ਬੂਤ ਅਤੇ ਉੱਚਾ-ਲੰਮਾ ਹੋਣ ਕਰ ਕੇ ਪਿੰਡਾਂ ਜਾਂ ਪਾਣੀਆਂ, ਦਰਿਆਵਾਂ ਕੰਢੇ ਵਸੇ ਲੋਕ ਇਸ ਨੂੰ ਨਦੀਆਂ, ਖਾਲਿਆਂ ਆਦਿ ਉੱਪਰ ਰੱਖ ਕੇ ਪੁਲ ਦਾ ਕੰਮ ਵੀ ਲੈ ਲੈਂਦੇ ਹਨ। ਖਜੂਰ ਦੇ ਰੁੱਖ ਉੱਤੇ ਪੰਛੀ-ਪਰਿੰਦਿਆਂ ਦੇ ਸੈਂਕੜੇ ਆਲ੍ਹਣੇ ਹੁੰਦੇ ਹਨ। ਇਹ ਰੁੱਖ ਕਈ ਪੰਛੀਆਂ ਦੇ ਰੈਣ-ਬਸੇਰੇ ਲਈ ਵੀ ਰੋਲ ਅਦਾ ਕਰਦਾ ਆਇਆ ਹੈ ਕਿਉਂਕਿ ਹੋਰ ਰੁੱਖਾਂ ਨਾਲੋਂ ਖਜੂਰ ਦਾ ਰੁੱਖ ਉੱਚਾ ਅਤੇ ਸਿੱਧਾ ਹੁੰਦਾ ਹੈ ਅਤੇ ਕੋਈ ਵੀ ਸ਼ਿਕਾਰੀ ਜਾਨਵਰ ਪੰਛੀਆਂ ਦੇ ਆਲ੍ਹਣਿਆਂ ਤਕ ਛੇਤੀ ਨਹੀਂ ਪਹੁੰਚ ਸਕਦਾ। ਖਜੂਰ ਦੇ ਦਰੱਖ਼ਤ ਨਾਲ ਬਚਪਨ ਦੀਆਂ ਕਈ ਯਾਦਾਂ ਵੀ ਜੁੜੀਆਂ ਹੁੰਦੀਆਂ ਹਨ ਜਿਵੇਂ ਖੇਡਣਾ, ਪੰਛੀਆਂ ਦੇ ਖਜੂਰ ਰੁੱਖ ਕੋਲ ਉੱਡਣ ਨੂੰ ਵੇਖਣਾ ਅਤੇ ਢੀਮਾਂ (ਬੱਟੇ) ਜਾਂ ਰੋੜੇ ਮਾਰ ਕੇ ਖਜੂਰਾਂ ਤੋੜਨਾ ਆਦਿ-ਆਦਿ।
ਕੁੱਝ ਵੀ ਹੋਵੇ, ਖਜੂਰ ਦਾ ਰੁੱਖ ਅੱਜ ਸਾਡੇ ਦਿਲਾਂ, ਮਨਾਂ, ਸਾਡੀ ਸੋਚ, ਸਾਡੀ ਧਰਤੀ ਸਾਡੇ ਖੇਤਾਂ, ਖੇਡਾਂ, ਵਿਰਸੇ, ਇਤਿਹਾਸ, ਸਾਡੇ ਬਚਪਨ ਸਾਡੇ ਵਿਆਹਾਂ ਅਤੇ ਘਰ-ਪ੍ਰਵਾਰ ਵਿਚ ਅਪਣੀ ਉਚਿਤ ਥਾਂ ਬਣਾ ਚੁੱਕਾ ਹੈ। ਅੱਜ ਲੋੜ ਹੈ ਇਸ ਦਰੱਖ਼ਤ ਨੂੰ ਯੋਗ ਉਪਰਾਲੇ ਕਰ ਕੇ ਇਸ ਦੀ ਹੋਂਦ ਨੂੰ ਬਚਾਉਣ ਦੀ ਅਤੇ ਨਵੀਆਂ ਪੀੜ੍ਹੀਆਂ ਨੂੰ ਇਸ ਦੇ ਗੌਰਵਮਈ ਇਤਿਹਾਸ ਅਤੇ ਵਿਰਸੇ ਬਾਰੇ ਜਾਣੂ ਕਰਵਾਉਣ ਦੀ, ਤਾਂ ਜੋ ਖਜੂਰ ਦਾ ਰੁੱਖ ਹੌਲੀ-ਹੌਲੀ ਕਿਤੇ ਅਲੋਪ ਹੀ ਨਾ ਹੋ ਜਾਵੇ ਅਤੇ ਸਾਡੇ ਮਨਾਂ ਵਿਚੋਂ ਹੀ ਨਾ ਵਿਸਰ ਜਾਵੇ।
ਸੰਪਰਕ : 94785-61356