
ਮਨਮੋਹਨ ਵਾਰਿਸ ਅਤੇ ਕਮਲ ਹੀਰ ਦੋਵੇਂ ਭਰਾ ਹੀ ਵਧੀਆ ਗਾਇਕੀ ਪੇਸ਼ ਕਰ ਰਹੇ ਹਨ। ਅਜੋਕੀ ਵਰਗੀ ਨਵੀਂ ਵਾਅ ਇਨ੍ਹਾਂ ਕੋਲ ਦੀ ਨਹੀਂ ਲੰਘੀ।
(ਪਿਛਲੇ ਹਫ਼ਤੇ ਤੋਂ ਅੱਗੇ)
ਮਨਮੋਹਨ ਵਾਰਿਸ ਅਤੇ ਕਮਲ ਹੀਰ ਦੋਵੇਂ ਭਰਾ ਹੀ ਵਧੀਆ ਗਾਇਕੀ ਪੇਸ਼ ਕਰ ਰਹੇ ਹਨ। ਅਜੋਕੀ ਵਰਗੀ ਨਵੀਂ ਵਾਅ ਇਨ੍ਹਾਂ ਕੋਲ ਦੀ ਨਹੀਂ ਲੰਘੀ। ਵਧੀਆ ਮਿਆਰੀ ਗਾਇਕੀ ਰਾਹੀਂ ਇਹ ਹਰ ਸਾਲ ਪੰਜਾਬੀ ਵਿਰਸੇ ਰਾਹੀਂ ਹਾਜ਼ਰੀ ਲਵਾਂਉਂਦੇ ਹਨ। ਮਨਮੋਹਨ ਵਾਰਿਸ ਦੇ ਗੀਤ ਕਿਵੇਂ ਕਿ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ', 'ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ', 'ਸੱਜਣਾਂ ਦੀ ਫ਼ੁਲਕਾਰੀ ਦੇ ਸ਼ੀਸੇ ਤਾਂ ਪਹਿਲਾਂ ਵਾਲੇ ਨੇ' ਆਦਿ ਕਿੰਨੇ ਹੀ ਗੀਤ ਪੰਜਾਬੀ ਸਰੋਤਿਆਂ ਨੇ ਸੁਣੇ ਅਤੇ ਮਾਣੇ।
Kamal Heer
ਕਮਲ ਹੀਰ ਦੇ ਗੀਤ ਜਿਵੇਂ 'ਜੀਹਦੇ ਪਿਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ', 'ਨੀ ਤੂੰ ਚਰਖਾ ਤਕਦੀ ਕਤਦੀ, ਪੂਣੀਆਂ ਦਾ ਰੰਗ ਕਾਲਾ ਹੋ ਗਿਆ', 'ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ' ਆਦਿ ਹੋਰ ਕਿੰਨੇ ਹੀ ਵਧੀਆ ਗੀਤ ਕਮਲ ਹੀਰ ਨੇ ਪੰਜਾਬੀ ਸਭਿਆਚਾਰ ਦੀ ਝੋਲੀ ਪਾਏ। ਹਰਭਜਨ ਮਾਨ ਨੇ ਵੀ ਹਮੇਸ਼ਾ ਮਿਆਰੀ ਗੀਤ ਹੀ ਗਾਏ ਹਨ। ਸ਼ੁਰੂ ਤੋਂ ਲੈ ਕੇ ਅੱਜ ਤਕ ਉਸ ਦਾ ਕੋਈ ਵੀ ਗੀਤ ਅਜਿਹਾ ਨਹੀਂ ਜੋ ਪ੍ਰਵਾਰ 'ਚ ਬੈਠ ਕੇ ਨਾ ਸੁਣਿਆ ਜਾ ਸਕਦਾ ਹੋਵੇ। ਅਜੋਕੀ ਗਾਇਕੀ ਨੂੰ ਮਿਹਣਾ ਮਾਰ ਕੇ ਉਸ ਨੇ ਗਾਇਆ ਸੀ
ਕਿ 'ਇਥੇ ਪਿਆਰ ਤੋਂ ਬਗ਼ੈਰ ਵੀ ਬਥੇਰੇ ਦੁੱਖ ਨੇ', 'ਜੱਗ ਜੰਕਸ਼ਨ ਰੇਲਾਂ ਦਾ', 'ਬੜੇ ਚਿਰਾਂ ਪਿਛੋਂ ਮਰ ਜਾਣੀ ਯਾਦ ਆਈ ਏ', 'ਜਿੰਦੜੀਏ, ਮਾਨਾ ਮਰ ਜਾਣਾ ਇਥੇ ਯਾਦਾਂ ਰਹਿ ਜਾਣੀਆਂ', 'ਮੁੜ ਮੁੜ ਕੇ ਯਾਦਾਂ ਤੁਰ ਗਏ ਸੱਜਣਾਂ ਦੀਆਂ ਆਉਂਦੀਆਂ' ਆਦਿ ਕਿੰਨੇ ਹੀ ਹੋਰ ਸਭਿਆਚਾਰਕ ਗੀਤ ਉਸ ਨੇ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ।
ਜਸਬੀਰ ਜੱਸੀ ਨੇ ਸ਼ੁਰੂਆਤ ਤਾਂ ਬੜੇ ਅਸੱਭਿਅਕ ਜਿਹੇ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਰਾਹੀਂ ਕੀਤੀ ਸੀ ਪਰ ਛੇਤੀ ਹੀ ਸੰਭਲ ਗਿਆ ਅਤੇ ਫਿਰ ਉਸ ਨੇ ਲੀਹ ਤੋਂ ਹਟ ਕੇ ਬੜੇ ਵਧੀਆ ਗੀਤ ਗਾਏ।
ਜਿਵੇਂ 'ਹੀਰ ਆਖਦੀ ਜੋਗੀਆ ਝੂਠ ਬੋਲੇਂ', 'ਭੱਠੀ ਵਾਲੀਏ ਚੰਬੇ ਦੀਏ ਡਾਲੀਏ', 'ਇਕ ਗੇੜਾ ਗਿੱਧੇ ਵਿਚ ਹੋਰ' ਅਤੇ 'ਨਿਸ਼ਾਨੀ ਯਾਰ ਦੀ' ਆਦਿ। ਅਜੋਕੀ ਤੜਕ ਭੜਕ ਤੇ ਲਚਰ ਗਾਇਕੀ ਤੋਂ ਕਿਨਾਰਾ ਕਰਦੇ ਉਹ ਅਲੋਪ ਜਿਹਾ ਹੋ ਗਿਆ ਹੈ। ਜਲਦੀ ਹੀ ਉਹ ਸਲਮਾਨ ਖ਼ਾਨ ਦੀ ਫ਼ਿਲਮ 'ਚ ਵਾਰਿਸ ਦੀ ਹੀਰ ਗਾਉਂਦਾ ਨਜ਼ਰ ਆਏਗਾ। ਇਕ ਵਾਰ ਉਸ ਨੇ ਸੋਸ਼ਲ ਮੀਡੀਆ ਤੇ ਉਹ ਗੀਤ ਸਲਮਾਨ ਖ਼ਾਨ ਦੇ ਘਰ ਗਾ ਕੇ ਸ਼ੇਅਰ ਕੀਤਾ ਸੀ। ਵੱਡੀ ਗੱਲ ਕਿ ਉਸ ਨੇ ਗੁਰਮਤਿ ਅਨੁਸਾਰ ਮੜ੍ਹੀਆਂ ਅਤੇ ਡੇਰਿਆਂ ਉਤੇ ਲਗਦੇ ਮੇਲਿਆਂ 'ਚ ਗਾਉਣ ਤੋਂ ਸਾਫ਼ ਇਨਕਾਰ ਕਰ ਦਿਤਾ ਸੀ।
ਜਿਥੇ ਅੱਜਕਲ੍ਹ ਦੇ ਗਵਈਏ ਚਾਰ ਛਿਲੜਾਂ ਖ਼ਾਤਰ ਗੁਰਮਤਿ ਨੂੰ ਰੋਲਦੇ ਫਿਰਦੇ ਹਨ। ਗਿੱਲ ਹਰਦੀਪ ਨੇ ਵੀ ਹਮੇਸ਼ਾ ਵਧੀਆ ਗਾਇਕੀ ਰਾਹੀਂ ਹੀ ਹਾਜ਼ਰੀ ਲਵਾਈ ਹੈ। ਲੋਕ ਤੱਥਾਂ ਨਾਲ ਉਹ ਹਮੇਸ਼ਾ ਚਰਚਾ 'ਚ ਰਹਿੰਦਾ ਹੈ। 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ' ਉਸ ਦੇ ਹੀ ਹਿੱਸੇ ਆਇਆ ਹੈ। 'ਕਿਤੇ ਬਹੁੜ ਨਾਜਰਾ ਵੇ ਘਰ ਅੱਧੀ ਐ ਚੰਗੀ' ਰਾਹੀਂ ਉਸ ਨੇ ਵਿਦੇਸ਼ੀਂ ਰੁਲਦੀ ਜੁਆਨੀ ਨੂੰ ਮੁੜ ਵਤਨੀ ਆਉਣ ਦਾ ਸੁਨੇਹਾ ਦਿਤਾ ਹੈ। ਸੋ ਗਿੱਲ ਹਰਦੀਪ ਨੇ ਵੀ ਲਚਰਤਾ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੀ ਹੈ।
Gill Hardeep
ਸਿਰਤਾਜ ਨੇ ਸੂਫ਼ੀਆਨਾ ਗਾਇਕੀ ਰਾਹੀਂ ਹਾਜ਼ਰੀ ਲਵਾਈ ਸੀ। 'ਪਾਣੀ ਪੰਜਾਂ ਦਰਿਆਵਾਂ ਵਾਲਾ' ਨਾਲ ਉਸ ਦੀ ਪਛਾਣ ਬਣੀ ਸੀ। ਫਿਰ ਚਲ ਸੋ ਚਲ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 'ਦ ਬਲੈਕ ਪ੍ਰਿੰਸ' ਫ਼ਿਲਮ ਵਿਚਲਾ ਉਸ ਦਾ ਖ਼ੁਦ ਲਿਖਿਆ ਗੀਤ 'ਮੈਨੂੰ ਦਰਦਾਂ ਵਾਲਾ ਦੇਸ਼ ਅਵਾਜ਼ਾਂ ਮਾਰਦਾ' ਵਿਚੋਂ ਮੈਨੂੰ ਹਮੇਸ਼ਾ ਲਹਿੰਦੇ ਪੰਜਾਬ ਦੀ ਪੰਜਾਬੀ ਗਾਇਕੀ ਵਰਗਾ ਸਕੂਨ ਮਿਲਦਾ ਹੈ।
ਹਰਜੀਤ ਹਰਮਨ ਨੇ ਵੀ ਹਮੇਸ਼ਾ ਵਧੀਆ ਅਤੇ ਮਿਆਰੀ ਗੀਤ ਗਾਏ ਹਨ। 'ਪੰਜਾਬ ਉਜਾੜਨ ਵਾਲੇ ਖ਼ੁਦ ਹੀ ਉਜੜ ਗਏ' ਰਾਹੀਂ ਉਸ ਨੇ ਸਿਦਕੀ ਪੰਜਾਬ ਅਤੇ ਇਸ ਦੇ ਦੁਸ਼ਮਣਾਂ ਦੀ ਚੰਗੀ ਪਛਾਣ ਕਰਾਈ ਹੈ। ਉਸ ਦੇ ਚਰਚਿਤ ਗੀਤ ਜਿਵੇ:- 'ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ', 'ਦਿਲਾਂ ਨੂੰ ਸਦਾ ਯਾਦ ਹੀ ਰਹੂੰ', 'ਹੁਣ ਰੱਬੀਂ ਜਾਂ ਸਬੱਬੀਂ ਮੇਲ ਹੋਣਗੇ' ਆਦਿ ਹਨ। 'ਯੋ ਯੋ' ਨਾਂ ਦੀ ਸਿਉਂਕ ਤੋਂ ਉਹ ਹਮੇਸ਼ਾ ਹੀ ਦੂਰ ਰਿਹਾ ਹੈ।
Raj Brar
ਰਾਜ ਬਰਾੜ ਅਤੇ ਸੁਰਜੀਤ ਬਿੰਦਰਖੀਆ ਦੋਵੇਂ ਹੀ ਸਾਨੂੰ ਬੇਵਕਤਾ ਵਿਛੋੜਾ ਦੇ ਗਏ। ਦੋਹਾਂ ਨੇ ਹੀ ਪੰਜਾਬੀ ਗਾਇਕੀ ਵਿਚ ਅਪਣੀ ਚੰਗੀ ਥਾਂ ਬਣਾ ਲਈ ਸੀ। ਦੋਵੇਂ ਹੀ ਮੌਤ ਵਕਤ ਅਪਣੀ ਗਾਇਕੀ ਦੇ ਸਿਖਰ ਤੇ ਸਨ। ਸੁਰਜੀਤ ਬਿੰਦਰਖੀਆ ਨੇ 'ਵੇ ਮੈਂ ਤਿੜਕੇ ਘੜੇ ਦਾ ਪਾਣੀ', 'ਸਾਨੂੰ ਤਕ ਕੇ ਨਾਂ ਖੰਘ ਮੁੰਡਿਆ' ਆਦਿ ਗੀਤ ਸਰੋਤਿਆਂ ਦੀ ਝੋਲੀ ਪਾਏ ਅਤੇ ਰਾਜ ਬਰਾੜ ਨੇ 'ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ', 'ਭੱਠੀ ਚਲਦੀ ਫੜੀ', 'ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ' ਆਦਿ ਦਰਜਨਾਂ ਹਿੱਟ ਗੀਤ ਗਾਏ। ਦੋਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ ਅਤੇ ਸਰੋਤਿਆਂ ਨੂੰ ਬਹੁਤ ਘਾਟਾ ਪਿਆ।
raj kakra
ਰਾਜ ਕਾਕੜਾ ਨੇ ਵੀ ਹਮੇਸ਼ਾ ਚੰਗਾ ਲਿਖਿਆ ਅਤੇ ਚੰਗਾ ਗਾਇਆ ਹੈ। ਉਸ ਨੇ ਹਮੇਸ਼ਾ ਪੰਜਾਬ ਦੇ ਭਖਦੇ ਮਸਲਿਆਂ ਅਤੇ ਪੰਜਾਬ ਨਾਲ ਹੁੰਦੇ ਧੱਕਿਆਂ ਬਾਬਤ ਬੱਬੂ ਮਾਨ ਵਾਂਗ ਹੀ ਗੀਤਾਂ ਰਾਹੀਂ ਪੇਸ਼ ਕੀਤਾ। ਬਾਕੀ ਗਾਇਕੀ ਤਾਂ ਹੋਰ ਵੀ ਕਿੰਨੇ ਵਧੀਆ ਗਾ ਰਹੇ ਹਨ ਪਰ ਪੰਜਾਬ ਦਾ ਦਰਦ ਬਿਆਨ ਕਰਨ 'ਚ ਨਾਕਾਮ ਹੀ ਰਹੇ ਹਨ। ਰਾਜ ਕਾਕੜੇ ਦੇ ਗੀਤ ਜਿਵੇਂ ਰਾਜਨੀਤੀ, ਲਾਇਲਪੁਰ, ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਹੁੰਦੇ ਰਹੇ, ਤੁਸੀ ਉਨ੍ਹਾਂ ਦੇ ਗਲਾਂ ਵਿਚ ਹਾਰ ਪਾਉਂਦੇ ਰਹੇ ਆਦਿ ਪੰਜਾਬ ਦੇ ਦੁਖਾਂਤ ਦੀ ਤਸਵੀਰ ਪੇਸ਼ ਕਰਦੇ ਹਨ। ਇਹੋ ਜਿਹੇ ਬੇਬਾਕ ਗੀਤ ਗਾਉਣੇ ਰਾਜ ਕਾਕੜੇ ਦੇ ਹੀ ਹਿੱਸੇ ਆਏ ਹਨ। ਰੱਬ ਉਸ ਨੂੰ ਇਸੇ ਤਰ੍ਹਾਂ ਲਿਖਣ ਅਤੇ ਗਾਉਣ ਦੀ ਸ਼ਕਤੀ ਦੇਵੇ।
ਦੇਬੀ ਮਕਸੂਸਪੁਰੀ ਨੇ ਵੀ ਹਮੇਸ਼ਾ ਵਧੀਆ ਗੀਤਾਂ ਅਤੇ ਸ਼ਾਇਰੀ ਰਾਹੀਂ ਸਰੋਤਿਆਂ ਦੀ ਸੇਵਾ ਕੀਤੀ ਹੈ। ਉਸ ਦੀ ਕਲਮ ਨੇ ਪੰਜਾਬ ਦੇ ਦਰਦ ਨੂੰ ਸੱਭ ਤੋਂ ਪਹਿਲਾਂ 'ਦਸਮੇਸ਼ ਤੇਰੀ ਕੌਮ ਨੂੰ' ਰਾਹੀਂ ਪੇਸ਼ ਕੀਤਾ ਸੀ। ਗੀਤਾਂ ਵਿਚ ਵੀ ਦੇਬੀ ਨੇ ਕਦੇ ਲਚਰਤਾ ਨੇੜੇ ਨਹੀ ਆਉਣ ਦਿਤੀ। ਉਨ੍ਹਾਂ ਦਾ ਇਕ ਖ਼ਾਸ ਸ਼ੇਅਰ ਮੈਨੂੰ ਕਦੇ ਨਹੀ ਭੁਲਦਾ:-
ਅਸੀਂ ਹਾਂ ਚਿਰਾਗ ਉਮੀਦਾਂ ਦੇ,
ਸਾਡੀ ਕਦੇ ਹਵਾ ਨਾਲ ਬਣਦੀ ਨਹੀਂ,
ਥੋਨੂੰ ਨੀਵੇਂ ਚੰਗੇ ਨਹੀਂ ਲਗਦੇ,
ਸਾਡੀ ਪਰ ਉੱਚਿਆਂ ਨਾਲ ਬਣਦੀ ਨਹੀਂ,
ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ,
ਅਹਿਸਾਸ ਉਨ੍ਹਾਂ ਦਾ ਸਾਨੂੰ ਹੈ,
ਤੁਸੀਂ ਜੀਹਦੇ ਨਾਂ ਤੇ ਲੁਟਦੇ ਓ,
ਸਾਡੀ ਉਸ ਖ਼ੁਦਾ ਨਾਲ ਬਣਦੀ ਨਹੀਂ।
sukhwinder sukhi
ਇਨ੍ਹਾਂ ਤੋਂ ਇਲਾਵਾ ਸੁਖਵਿੰਦਰ ਸੁੱਖੀ, ਇੰਦਰਜੀਤ ਨਿੱਕੂ, ਨਿਰਮਲ ਸਿੱਧੂ, ਬਲਕਾਰ ਸਿੱਧੂ, ਸੁਰਜੀਤ ਭੁੱਲਰ ਨੇ ਵੀ ਵਧੀਆ ਗਾਇਕੀ ਰਾਹੀਂ ਸੇਵਾ ਕੀਤੀ ਹੈ। ਕੁੱਝ ਕੁ ਗੀਤ ਛੱਡ ਕੇ ਇਨ੍ਹਾਂ ਸੱਭ ਨੇ ਬਾ-ਕਮਾਲ ਗੀਤ ਗਾਏ ਹਨ। ਜੇ ਅਜੋਕੇ ਗਾਇਕਾਂ ਦੀ ਗਿਣਤੀ ਕਰਨੀ ਹੋਵੇ ਤਾਂ ਹਜ਼ਾਰਾਂ ਵਿਚ ਹੋਵੇਗੀ ਪਰ ਇਹ ਗਿਣਤੀ ਦੇ ਗਾਇਕ ਹੀ ਹਨ ਜੋ ਵਧੀਆ ਗਾ ਰਹੇ ਹਨ। ਬਾਕੀ ਤਾਂ ਸੱਭ ਮਾਫ਼ੀਆ ਮੁੰਡੀਰ ਅਤੇ ਦਾ ਲੰਡਰਜ਼ ਵਰਗੇ ਹੀ ਹਨ।
ਹੁਣ ਗੱਲ ਕਰਦੇ ਹਾਂ ਅਜੋਕੀਆਂ ਪੰਜਾਬੀ ਗਾਇਕਾਵਾਂ ਦੀ। ਜਿਵੇਂ ਕਿ ਕੌਰ ਬੀ, ਨਿਮਰਤ ਖਹਿਰਾ, ਅਨਮੋਲ ਗਗਨ ਮਾਨ, ਜੈਨੀ ਜੌਹਲ, ਮਿਸ ਪੂਜਾ, ਰੁਪਿੰਦਰ ਹਾਂਡਾ, ਜੈਸਮੀਨ ਸੈਡਲਜ਼, ਸੁਨੰਦਾ ਸ਼ਰਮਾ, ਸਤਵਿੰਦਰ ਬਿੱਟੀ ਆਦਿ ਹੋਰ ਕਿੰਨੀਆਂ ਹੀ ਗਾਇਕਾਵਾਂ। ਪਰ ਮੈਂ ਇਨ੍ਹਾਂ ਸੱਭ ਵਿਚੋਂ ਕਿਸੇ ਇਕ ਨੂੰ ਵੀ ਵਧੀਆ ਗਾਇਕਾ ਨਹੀ ਮੰਨਦਾ। ਗਾਇਕ ਤਾਂ ਕਈ ਚੰਗਾ ਗਾ ਰਹੇ ਹਨ ਪਰ ਗਾਇਕਾਵਾਂ ਵਲੋਂ ਤਾਂ ਪੂਰੀ ਲਕੀਰ ਹੀ ਖਿੱਚੀ ਜਾ ਸਕਦੀ ਹੈ।
Surinder Kaur
ਇਨ੍ਹਾਂ ਬੀਬੀਆਂ ਦਾ ਪੂਰਾ ਜ਼ੋਰ ਗਾਇਕੀ ਤੋਂ ਛੁੱਟ ਮੇਕਅਪ ਉਤੇ ਵਧੇਰੇ ਹੁੰਦਾ ਹੈ। ਜਦੋਂ ਪੰਜਾਬੀ ਗਾਇਕੀ ਵਿਚ ਕਿਸੇ ਨਵੀਂ ਗਾਇਕਾ ਦਾ ਪ੍ਰਵੇਸ਼ ਹੁੰਦਾ ਹੈ ਤਾਂ ਮੈ ਸੋਚਦਾ ਹਾਂ ਕਿ ਕੋਈ ਸੁਰਿੰਦਰ ਕੌਰ, ਗੁਰਮੀਤ ਬਾਵਾ, ਰਣਜੀਤ ਕੌਰ, ਨਰਿੰਦਰ ਬੀਬਾ, ਗੁਲਸ਼ਨ ਕੋਮਲ ਆਦਿ ਦੇ ਹਾਣ ਦੀ ਗਾਇਕੀ ਪੇਸ਼ ਕਰੇਗੀ। ਪਰ 20-22 ਸਾਲ ਤੋਂ ਮੇਰੇ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ। ਚੜ੍ਹਦੇ ਪੰਜਾਬ ਦੀਆਂ ਗਾਇਕਾਵਾਂ ਮੁਕਾਬਲੇ ਲਹਿੰਦੇ ਪੰਜਾਬ ਦੀਆਂ ਗਾਇਕਾਵਾਂ ਕਮਾਲ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਮੇਕਅਪ ਦੀ ਬਜਾਏ ਗਾਇਕੀ ਉਤੇ ਵਧੇਰੇ ਹੈ।
ਜਿਵੇਂ ਕਿ ਹਕੀਦਾ ਕਿਆਨੀ, ਫਰੀਹਾ ਪ੍ਰਵੇਜ਼, ਨਸੀਬੋ ਲਾਲ, ਅਨਮੋਲ ਸਿਆਲ, ਹਿਨਾ ਨਸਰੁੱਲਾ, ਬੁਸ਼ਰਾ ਸਾਦਿਕ ਆਦਿ। ਇਨ੍ਹਾਂ ਸੱਭ ਦੇ ਗੀਤ ਸੁਣ ਕੇ ਲਗਦਾ ਹੈ ਕਿ ਸੁਰਿੰਦਰ ਕੌਰ ਅਜੇ ਮਰੀ ਨਹੀਂ। ਰਣਜੀਤ ਕੌਰ, ਗੁਰਮੀਤ ਬਾਵਾ ਅਤੇ ਗੁਲਸ਼ਨ ਕੋਮਲ ਹਾਲੇ ਵੀ ਗਾ ਰਹੀਆਂ ਹੋਣ। ਬਿਲਕੁਲ ਉਹੀ ਮਿਠਾਸ ਇਨ੍ਹਾਂ ਦੀ ਗਾਇਕੀ 'ਚੋਂ ਮਿਲਦੀ ਹੈ ਅਤੇ ਇਧਰ ਵਾਲੀਆਂ ਕੋਈ ਪੀਜ਼ਾ ਹੱਟ ਤੇ ਤੁਰੀ ਫਿਰਦੀ ਹੈ, ਕੋਈ ਕਹਿੰਦੀ ਹੈ ਮੈਂ ਪਟੋਲੇ ਵਰਗੀ ਹਾਂ,
Gulshan Komal
ਕੋਈ ਬੁਲਟ ਦੇ ਪਟਾਕੇ ਪਾਉਣ ਨੂੰ ਹੀ ਗਾਇਕੀ ਸਮਝੀ ਬੈਠੀ ਹੈ ਅਤੇ ਕੋਈ ਡੀਜ਼ਾਈਨਰ ਪਾ ਕੇ ਹੀ ਗਾਇਕੀ ਦਾ ਸ਼ੌਕ ਪੂਰਾ ਕਰ ਰਹੀ ਹੈ। ਕੋਈ ਵੈਲੀ ਨਾਲ ਮੰਗਣੀ ਕਰਾਈ ਬੈਠੀ ਹੈ ਤੇ ਕੋਈ ਐਸ.ਪੀ. ਦੇ ਰੈਂਕ ਵਰਗੀ ਕਹਾ ਕੇ ਖ਼ੁਸ਼ ਹੈ। ਸਿਤਮ ਇਹ ਕਿ ਸਾਡਾ ਬੌਧਿਕ ਪੱਧਰ ਇਥੋਂ ਤਕ ਡਿੱਗ ਗਿਆ ਹੈ ਕਿ ਅਜਿਹੇ ਗੀਤਾਂ ਦੇ ਸਾਡੀ ਨਵੀਂ ਪੀੜ੍ਹੀ ਦੇ ਕੁਮੈਂਟ ਹੁੰਦੇ ਹਨ:- ਅੱਤ, ਸਿਰਾ, ਐਂਡ, ਘੈਂਟ ਆਦਿ। ਹੋਰ ਪਤਾ ਨਹੀ ਕੀ ਕੀ। ਜੇ ਪੰਜਾਬੀ ਗਾਇਕੀ ਦਾ ਮਿਆਰ ਉਹ ਨਹੀਂ ਰਿਹਾ ਤਾਂ ਪੰਜਾਬੀ ਸਰੋਤਿਆਂ ਦਾ ਉਸ ਤੋਂ ਵੀ ਮਾੜਾ ਹੋ ਗਿਆ ਹੈ।
ਸੰਪਰਕ : 94785-22228, 98775-58127