ਪੁਰਾਣੀ ਬਨਾਮ ਅਜੋਕੀ ਪੰਜਾਬੀ ਗਾਇਕੀ -3
Published : Oct 6, 2019, 10:16 am IST
Updated : Apr 10, 2020, 12:14 am IST
SHARE ARTICLE
Old versus present day Punjabi singing-3
Old versus present day Punjabi singing-3

ਨਛੱਤਰ ਛੱਤਾ ਤੋਂ ਬਾਅਦ ਸੁਰਿੰਦਰ ਛਿੰਦਾ ਜੀ ਨੇ ਵੀ ਅਪਣੀ ਗਾਇਕੀ ਦੀ ਗੂੜ੍ਹੀ ਛਾਪ ਛੱਡੀ ਹੈ।

(ਪਿਛਲੇ ਹਫ਼ਤੇ ਤੋਂ ਅੱਗੇ)
ਨਛੱਤਰ ਛੱਤਾ ਤੋਂ ਬਾਅਦ ਸੁਰਿੰਦਰ ਛਿੰਦਾ ਜੀ ਨੇ ਵੀ ਅਪਣੀ ਗਾਇਕੀ ਦੀ ਗੂੜ੍ਹੀ ਛਾਪ ਛੱਡੀ ਹੈ। ਸੁਰਿੰਦਰ ਛਿੰਦਾ ਜੀ ਨੇ ਗੁਲਸ਼ਨ ਕੋਮਲ ਜੀ ਨਾਲ ਕਾਫ਼ੀ ਸਮਾਂ ਦੋਗਾਣੇ ਵੀ ਗਾਏ ਸਨ। 'ਮੈ ਜਾਂ ਮੇਰਾ ਰੱਬ ਜਾਣਦਾ', 'ਅਮਲੀ ਦਾ ਵਿਆਹ', 'ਉਹਦਾ ਏਨੇ ਵਿਚ ਹੀ ਸਰ ਜਾਣਾ' ਆਦਿ ਕਿੰਨੇ ਹੀ ਹੋਰ ਸਫ਼ਲ ਦੋਗਾਣੇ। ਅਪਣੇ ਸਮੇਂ ਦੀ ਇਹ ਵੀ ਪੂਰੀ ਹਿੱਟ ਦੋਗਾਣਾ ਜੋੜੀ ਰਹੀ ਹੈ। ਇਸ ਤੋਂ ਇਲਾਵਾ ਛਿੰਦਾ ਜੀ ਨੇ ਕਾਫ਼ੀ ਸਾਰੀਆਂ ਕਲੀਆਂ ਵੀ ਗਾਈਆਂ ਹਨ ਜਿਵੇਂ ਕਿ ਇਹ ਮਿੱਤ ਕਿਸੇ ਦੇ ਨਾਂ, ਮਲਕੀ ਕੀਮਾ, ਮਿਰਜ਼ਾ ਡਰੇ ਨਾਂ ਰੱਬ ਤੋਂ ਅਤੇ ਪੂਰਨ ਭਗਤ ਆਦਿ। ਉਨ੍ਹਾਂ ਦੇ ਗੀਤ ਖ਼ਾਸ ਕਰ ਕੇ 'ਪੁੱਤ ਜੱਟਾਂ ਦੇ' ਅਤੇ 'ਜੱਟ ਜਿਊਣਾ ਮੌੜ' ਤਾਂ ਪੂਰੇ ਸਫ਼ਲ ਹੋਏ ਸਨ। ਜਿਵੇਂ ਕਿ 'ਪੁੱਤ ਜੱਟਾਂ ਦੇ ਬੁਲਾਉਦੇ ਬੱਕਰੇ', 'ਬਦਲਾ ਲੈ ਲਈਂ ਜਿਉਣਿਆ ਜੇ ਮਾਂ ਦਾ ਜਾਇਆ' ਆਦਿ। ਪਰ ਅੱਜਕਲ੍ਹ ਦੀ ਫੂਹੜ ਗਾਇਕੀ ਵੇਖ ਕੇ ਇਹ ਘਰ ਗੁਮਨਾਮ ਹੋ ਕੇ ਬੈਠ ਗਏ ਹਨ।

ਇਨ੍ਹਾਂ ਤੋਂ ਅੱਗੇ ਹਾਕਮ ਸੂਫ਼ੀ ਜੀ ਨੂੰ ਪੰਜਾਬੀ ਗਾਇਕੀ ਵਿਚੋਂ ਕੌਣ ਭੁਲਾ ਸਕਦਾ ਹੈ? ਇਕ ਸਾਧਾਰਨ ਜਿਹੇ ਪ੍ਰਵਾਰ 'ਚ ਜੰਮੇ ਅਤੇ ਸਾਰੀ ਉਮਰ ਮਾਸਟਰੀ ਕੀਤੀ। ਪਰ ਲਾਲਸਾਵਾਂ ਨੂੰ ਅਪਣੇ ਤੇ ਭਾਰੂ ਨਹੀਂ ਪੈਣ ਦਿਤਾ। ਹਮੇਸ਼ਾ ਵਧੀਆ ਗਾਇਆ ਅਤੇ ਰੂਹ ਨਾਲ ਗਾਇਆ। ਉਨ੍ਹਾਂ ਦੇ ਗੀਤ 'ਯਾਰੀ ਜੱਟ ਦੀ' ਫ਼ਿਲਮ 'ਚ 'ਪਾਣੀ ਵਿਚ ਮਾਰਾਂ ਡੀਕਾਂ' ਤੇ 'ਮੇਰੇ ਚਰਖੇ ਦੀ ਟੁੱਟ ਗਈ ਮਾਲ' ਆਦਿ ਹੋਰ ਕਿੰਨੇ ਹੀ ਗੀਤ ਉਨ੍ਹਾਂ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ। ਉਨ੍ਹਾਂ ਨੇ ਬਹੁਤ ਥੋੜਾ ਗਾਇਆ। ਪਰ ਜੋ ਗਾਇਆ ਸਿਦਕ ਨਾਲ ਗਾਇਆ। ਫਿਰ ਦਿਲਸ਼ਾਦ ਅਖਤਰ ਜੀ ਜੋ ਕਿ ਗੋਲੀ ਦਾ ਸ਼ਿਕਾਰ ਬਣਾ ਦਿਤਾ ਗਿਆ। ਅਖਤਰ ਜੀ ਨੇ ਵੀ ਜ਼ਿੰਦਗੀ ਵਿਚ ਥੋੜਾ ਹੀ ਗਾਇਆ। ਜਿਵੇਂ 'ਸਾਨੂੰ ਪਰਦੇਸੀਆਂ ਨੂੰ ਯਾਦ ਕਰ ਕੇ', 'ਮਨ ਵਿਚ ਵਸਨੈ' ਆਦਿ ਗਿਣਤੀ ਦੇ ਗੀਤ। ਇਸ ਤਾਰੇ ਨੇ ਹਾਲੇ ਪੰਜਾਬੀ ਗਾਇਕੀ ਦੇ ਅਸਮਾਨ ਤੇ ਹੋਰ ਚਮਕਣਾ ਸੀ ਪਰ ਇਕ ਜ਼ਾਲਿਮ ਦੀ ਗੋਲੀ ਦਾ ਸ਼ਿਕਾਰ ਹੋ ਗਿਆ।

ਇਸ ਤੋਂ ਬਾਅਦ ਗੱਲ ਕਰੀਏ ਪੰਜਾਬੀ ਗਾਇਕੀ ਦੀ। ਸੱਭ ਤੋਂ ਵਿਵਾਦਿਤ ਜੋੜੀ ਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਨਜੋਤ ਦੀ। ਬਿਨਾਂ ਸ਼ੱਕ ਦੋਵਾਂ ਨੇ ਕਾਫ਼ੀ ਗਾਇਆ ਅਤੇ ਇਨ੍ਹਾਂ ਦੇ ਬਹੁਤ ਸਾਰੇ ਗੀਤਾਂ 'ਤੇ ਅਸ਼ਲੀਲਤਾ ਦਾ ਠੱਪਾ ਲੱਗਾ। ਇਨ੍ਹਾਂ ਦੀ ਗਾਇਕੀ ਦਾ ਦੁਖਾਂਤ ਇਹ ਰਿਹਾ ਕਿ ਇਨ੍ਹਾਂ ਨੇ ਜੋ ਗਾਇਆ ਉਹ ਅੱਜ ਤੋਂ 30-35 ਸਾਲ ਪਹਿਲਾਂ ਦਾ ਸਾਡਾ ਸਮਾਜ ਉਸ ਨੂੰ ਪ੍ਰਵਾਨ ਨਹੀਂ ਸੀ ਕਰਦਾ। ਬਿਨਾਂ ਸ਼ੱਕ ਜੇ ਚਮਕੀਲੇ ਨੇ ਅੱਜ ਉਹ ਗੀਤ ਗਾਏ ਹੁੰਦੇ ਤਾਂ ਕਿਸੇ ਨੇ ਨਹੀਂ ਸੀ ਸੁਣਨੇ ਕਿਉਂਕਿ ਅੱਜ ਪੰਜਾਬੀ ਵਧੇਰੇ ਨੰਗੇਜ ਵੇਖਣ ਅਤੇ ਅਸ਼ਲੀਲ ਸੁਣਨ ਦੇ ਆਦਿ ਹੋ ਗਏ ਹਨ।

ਪਰ 30-35 ਸਾਲ ਪਹਿਲਾਂ ਹਾਲਾਤ ਵਖਰੇ ਸਨ। ਉਦੋਂ ਅੱਖ ਦੀ ਸ਼ਰਮ ਅਤੇ ਬਜ਼ੁਰਗਾਂ ਦੀ ਘੂਰ ਦਾ ਖੌਫ਼ ਸੀ। ਸੋ ਚਮਕੀਲੇ ਦੀ ਸੱਭ ਤੋਂ ਵੱਡੀ ਗ਼ਲਤੀ ਕਿ ਉਸ ਨੇ ਸਮਾਂ ਨਹੀਂ ਵਿਚਾਰਿਆ। ਵੈਸੇ ਕੁੱਝ ਗੀਤ ਉਸ ਦੇ ਕਮਾਲ ਦੇ ਸਨ। ਧਾਰਮਿਕ ਗੀਤ ਜਿਵੇ:- 'ਸਾਥੋਂ ਬਾਬਾ ਖੋਹ ਲਿਆ ਸਾਡਾ ਨਨਕਾਣਾ', 'ਤਾਹਿਉਂ ਅੱਜ ਖਾਲਸੇ ਦੇ ਸਿਰ ਸੋਂਹਦੀਆਂ ਨੇ ਦਸਤਾਰਾਂ ਕੇਸਰੀ', 'ਤਲਵਾਰ ਮੈਂ ਕਲਗੀਧਰ ਦੀ ਹਾਂ' ਆਦਿ। ਦੋਗਾਣੇ ਵੀ ਉਨ੍ਹਾਂ ਨੇ ਕਮਾਲ ਦੇ ਗਾਏ ਪਰ ਵਕਤ ਦੇ ਹਿਸਾਬ ਨਾਲ ਕਈ ਗੀਤ ਬਿਲਕੁਲ ਅਸ਼ਲੀਲ ਪ੍ਰਤੀਤ ਹੁੰਦੇ ਹਨ। ਪਰ ਅੱਜ ਸਾਡਾ ਸਮਾਜ ਏਨਾ ਨਿਘਰ ਗਿਆ ਹੈ ਕਿ ਚਮਕੀਲੇ ਦੇ ਗੀਤਾਂ ਤੋਂ ਹਜ਼ਾਰਾਂ ਗੁਣਾਂ ਵੱਧ ਗੰਦ ਅਸੀਂ ਵੇਖ ਵੀ ਰਹੇ ਹਾਂ ਅਤੇ ਸੁਣ ਵੀ ਰਹੇ ਹਾਂ। ਕੁੱਝ ਕੁ ਨਮੂਨੇ 'ਪੀ ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ', 'ਹੋਇਆ ਕੀ ਜੇ ਨਚਦੀ ਦੀ ਬਾਂਹ ਫੜ ਲਈ', 'ਮਿੱਤਰਾਂ ਦੇ ਪਿੰਡ 'ਚ ਪਟੋਲੇ ਮੁੱਕ ਗਏ', 'ਇਹ ਮੇਰੀ ਪੱਪੀ ਉਨ੍ਹਾਂ ਆਸ਼ਕਾਂ ਦੇ ਨਾਮ ਏ' ਅਤੇ ਇਨ੍ਹਾਂ ਵਰਗੇ ਹੋਰ ਹਜ਼ਾਰਾਂ ਗੀਤ।

ਇਹ ਸੱਭ ਅਸੀਂ ਵੇਖ ਵੀ ਰਹੇ ਹਾਂ ਅਤੇ ਮਾਣ ਵੀ ਰਹੇ ਹਾਂ। ਇਹੋ ਜਿਹਾ ਗੰਦ ਹੁਣ ਸਾਡੇ ਸਮਾਜ ਨੇ ਬਾਖੂਬੀ ਕਬੂਲ ਕਰ ਲਿਆ ਹੈ। ਚਮਕੀਲੇ ਨੇ ਨਾ ਕੁੜੀ ਦੀ ਨਚਦੀ ਦੀ ਬਾਂਹ ਫੜੀ, ਨਾ ਕੁੜੀਆਂ ਨੂੰ ਸ਼ਰਾਬ ਪਿਆਉਣੀ ਸਿਖਾਈ ਅਤੇ ਨਾਂ ਪੱਪੀਆਂ ਦੇ ਗੁਰ ਦੱਸੇ। ਉਹ ਫਿਰ ਵੀ ਅਸ਼ਲੀਲ ਅਤੇ ਅੱਜ ਦੇ ਦੁੱਧ ਧੋਤੇ। ਪਰ ਦੂਜਾ ਪੱਖ ਇਹ ਵੀ ਹੈ ਕਿ ਜੋ ਚਮਕੀਲੇ ਦੇ ਪੱਖ ਵਾਲੇ ਉਸ ਨੂੰ ਰੱਬ ਬਣਾ ਕੇ ਖਾੜਕੂਆਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਹਨ, ਉਹ ਇਸ ਤੋਂ ਵੀ ਮਾੜਾ ਹੈ ਕਿਉਂਕਿ ਖਾੜਕੂ ਵੱਟ ਦੇ ਰੌਲੇ ਪਿਛੇ ਤਾਂ ਨਹੀਂ ਸੀ ਲੜ ਰਹੇ।

ਚਮਕੀਲਾ ਬੱਸ ਇਕ ਗਾਇਕ ਸੀ। ਉਸ ਨੇ ਕੁੱਝ ਚੰਗਾ ਗਾਇਆ ਅਤੇ ਕੁੱਝ ਮਾੜਾ। ਤੇ ਉਸ ਦਾ ਵਿਰੋਧ ਕਰਨ ਵਾਲੇ ਵੀ ਦੋਗਲੇ ਹਨ। ਜੇ ਚਮਕੀਲੇ ਦੇ ਗੀਤ ਵਿਚ ਆ ਗਿਆ 'ਦਰਸ਼ਨ ਤੇਰੇ ਕਰ ਕੇ ਨੀਂ' ਤਾਂ ਅਸ਼ਲੀਲ ਅਤੇ ਜੇ ਇਹੀ ਗੀਤ ਗਿੱਪੀ ਗਰੇਵਾਲ ਨੇ ਗਾ ਦਿਤਾ ਤਾਂ ਸਭਿਅਕ ਹੋ ਗਿਆ। ਜੇ ਚਮਕੀਲੇ ਨੇ ਗਾ ਦਿਤਾ ਕਿ 'ਜੇ ਤੈਥੋਂ ਨਹੀਂ ਨਿਭਦੀ ਛੱਡ ਦੇ ਵੈਰਨੇ ਯਾਰੀ' ਤਾਂ ਅਸ਼ਲੀਲ ਹੋ ਗਿਆ ਤੇ ਜੇ ਇਹੀ ਗੀਤ ਜੈਜ਼ੀ ਬੀ ਨੇ ਗਾ ਦਿਤਾ ਤਾਂ ਸਾਰਾ ਟੱਬਰ ਇਕੱਠੇ ਹੋ ਕੇ ਇਸ ਗੀਤ ਤੇ ਨੱਚ ਰਿਹਾ ਹੁੰਦਾ ਹੈ। ਇਹ ਸਾਡੇ ਸਮਾਜ ਦਾ ਦੋਗਲਾ ਚਿਹਰਾ ਹੈ। ਉਸ ਦੇ ਫ਼ੈਨ ਅਤੇ ਵਿਰੋਧੀ ਦੋਵੇਂ ਹੀ ਦੋਗਲੇ ਹਨ।

ਫ਼ੈਨ ਕੁੱਝ ਸਮਝਣ ਦੇ ਸਮਰੱਥ ਹੀ ਨਹੀਂ ਅਤੇ ਵਿਰੋਧੀ ਇਕੱਲੇ ਚਮਕੀਲੇ ਉਤੇ ਅਸ਼ਲੀਲਤਾ ਦਾ ਠੱਪਾ ਲਾ ਕੇ ਬਾਕੀ ਅੱਜ ਦੇ ਕੰਜਰਖਾਨੇ ਰੂਪੀ ਗਾਇਕੀ ਦਾ ਸਾਰਾ ਗੰਦ ਮੰਦ ਹਜ਼ਮ ਕਰ ਰਹੇ ਹਨ। ਮੈਨੂੰ ਕਈ ਵਾਰ ਲਗਦਾ ਹੈ ਕਿ ਜਿਵੇਂ ਕਾਮਰੇਡਾਂ ਨੇ ਸਟਾਲਿਨ ਅਤੇ ਪੋਲ ਪੋਟ ਦੇ ਕਤਲੇਆਮ ਛੁਪਾਉਣ ਵਾਸਤੇ ਹਿਟਲਰ ਨੂੰ ਸੱਭ ਤੋਂ ਵੱਡੇ ਜ਼ਾਲਿਮ ਦੀ ਉਪਾਧੀ ਦੇ ਦਿਤੀ ਹੈ, ਉਵੇਂ ਹੀ ਅਸੀ ਅੱਜ ਦੀ ਕੰਜਰਖਾਨੇ ਰੂਪੀ ਗਾਇਕੀ ਤੋਂ ਖ਼ਿਆਲ ਹਟਾਉਣ ਵਾਸਤੇ ਚਮਕੀਲੇ ਨੂੰ ਅਸ਼ਲੀਲਤਾ ਦਾ ਸਰਟੀਫ਼ੀਕੇਟ ਦੇ ਦਿਤਾ ਹੈ। ਉਸ ਨੇ ਕਾਫ਼ੀ ਲੋਕ ਤੱਥ ਵੀ ਗਾਏ ਸਨ। 'ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈਦਾ' ਮੇਰਾ ਪਸੰਦੀਦਾ ਲੋਕ ਤੱਥ ਹੈ।

ਇਕ ਉਦਾਹਰਣ ਮੈਂ ਜ਼ਾਤੀ ਦੀ ਦੇਵਾਂਗਾ ਕਿ ਇਕ ਵਾਰ ਅਸੀਂ ਸ਼ਰੀਕੇ ਦੀ ਕੁੜੀ ਵਾਸਤੇ ਮੁੰਡਾ ਵੇਖਣ ਗਏ। ਵਿਚੋਲੇ ਸਾਡੀ ਦੂਰ ਦੀ ਰਿਸ਼ੇਤਦਾਰੀ 'ਚੋਂ ਸਨ। ਰਿਸ਼ਤੇਦਾਰ ਦੀ ਉਮਰ 60-65 ਸਾਲ ਸੀ ਅਤੇ ਅੰਮ੍ਰਿਤਧਾਰੀ ਸੀ। ਗੱਲਾਂ ਚੱਲੀਆਂ ਤਾਂ ਉਸ ਨੇ ਚਮਕੀਲੇ ਨੂੰ ਕਾਫ਼ੀ ਗਾਲਾਂ ਕਢੀਆਂ ਅਤੇ ਕੋਸਿਆ। ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਇਸੇ ਬੰਦੇ ਦੇ ਪੁੱਤਰ ਨੇ ਅਪਣੇ ਰਿਸ਼ਤੇ ਵਾਸਤੇ 9 ਕੁੜੀਆਂ ਵੇਖ ਕੇ ਛਡੀਆਂ ਸਨ ਅਤੇ ਦਸਵੀਂ ਪਸੰਦ ਕੀਤੀ ਸੀ। ਕੋਈ ਘੱਟ ਸੋਹਣੀ ਕਰ ਕੇ ਅਤੇ ਕੋਈ ਘੱਟ ਦਾਜ ਕਰ ਕੇ। ਤੇ ਸਿਤਮ ਇਹ ਕਿ ਇਹ ਬਜ਼ੁਰਗ ਬਰਾਬਰ ਕੁੜੀਆਂ 'ਚੋਂ ਨੁਕਸ ਕਢਦਾ ਸੀ ਜਦਕਿ ਉਹ ਕੁੜੀਆਂ ਇਸ ਦੀਆਂ ਧੀਆਂ ਸਮਾਨ ਸਨ। ਆਪ ਕਹਿੰਦਾ ਚਮਕੀਲਾ ਮਾੜਾ ਸੀ।
(ਬਾਕੀ ਅਗਲੇ ਹਫ਼ਤੇ)
ਸੰਪਰਕ : 94785-22228, 98775-58127

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement