ਔਰਤ ਦਾ ਵਿਰੋਧ ਮਰਦ ਨਾਲ ਨਹੀਂ ਸਮਾਜ ਦੀਆਂ ਨੀਤੀਆਂ ਨਾਲ
Published : Apr 4, 2018, 2:51 am IST
Updated : Apr 4, 2018, 2:51 am IST
SHARE ARTICLE
Harassing Women
Harassing Women

ਮਰਦ ਦੀ ਪ੍ਰਧਾਨਤਾ ਕਾਰਨ ਉਹ ਔਰਤ ਤੇ ਅਧਿਕਾਰ ਜਤਾਉਣਾ ਅਪਣਾ ਹੱਕ ਸਮਝਣ ਲਗਿਆ ਜਦਕਿ ਔਰਤ ਅਜਿਹਾ ਨਹੀਂ ਕਰ ਸਕਦੀ

ਭਾਰਤੀ ਸਮਾਜ ਵਿਚ ਕਿਸੇ ਸਮੇਂ ਔਰਤ ਨੂੰ ਉੱਚ ਸਥਾਨ ਪ੍ਰਾਪਤ ਸੀ। ਸਰੀਰਕ ਬਣਤਰ ਕਾਰਨ ਮਰਦ ਨੇ ਬਾਹਰਲੇ ਕਾਰਜ ਅਤੇ ਔਰਤ ਨੇ ਘਰ ਦੇ ਕਾਰਜ ਸੰਭਾਲ ਲਏ। ਇਸ ਤਰ੍ਹਾਂ ਹੌਲੀ-ਹੌਲੀ ਮਰਦ ਨੇ ਪੈਦਾਵਾਰੀ ਸੋਮਿਆਂ ਨੂੰ ਅਪਣੇ ਹੱਥ ਹੇਠ ਕਰ ਕੇ ਔਰਤ ਨੂੰ ਸਾਧਨਹੀਣ ਬਣਾ ਦਿਤਾ ਅਤੇ ਅਪਣੇ ਅਧੀਨ ਕਰ ਲਿਆ। ਸਮਾਂ ਬੀਤਣ ਨਾਲ ਹੌਲੀ-ਹੌਲੀ ਔਰਤ ਦੀ ਹਾਲਤ ਤਰਸਯੋਗ ਹੋ ਗਈ। ਭਾਰਤੀ ਸਮਾਜ, ਜੋ ਕਦੇ ਔਰਤ ਪ੍ਰਧਾਨ ਸਮਾਜ ਸੀ, ਮਰਦ ਪ੍ਰਧਾਨ ਸਮਾਜ ਵਿਚ ਤਬਦੀਲ ਹੋ ਗਿਆ। ਮਰਦ ਦੀ ਪ੍ਰਧਾਨਤਾ ਕਾਰਨ ਉਹ ਔਰਤ ਤੇ ਅਧਿਕਾਰ ਜਤਾਉਣਾ ਅਪਣਾ ਹੱਕ ਸਮਝਣ ਲਗਿਆ ਜਦਕਿ ਔਰਤ ਅਜਿਹਾ ਨਹੀਂ ਕਰ ਸਕਦੀ ਅਤੇ ਨਾ ਹੀ ਉਸ ਨੂੰ ਅਜਿਹਾ ਕਰਨ ਦਿਤਾ ਜਾਂਦਾ ਹੈ। ਉਸ ਨੂੰ ਤਾਂ ਅਪਣੀਆਂ ਸਾਰੀਆਂ ਖ਼ੁਸ਼ੀਆਂ ਦਾ ਗਲਾ ਘੁਟਣਾ ਪੈਂਦਾ ਹੈ। ਔਰਤ ਦੀ ਅਗਿਆਨਤਾ ਦਾ ਹਨੇਰਾ ਹੀ ਉਸ ਦੀ ਦੁਰਦਸ਼ਾ ਦਾ ਸੱਭ ਤੋਂ ਵੱਡਾ ਕਾਰਨ ਸੀ ਜਿਸ ਨੇ ਉਸ ਨੂੰ ਸਦੀਆਂ ਤਕ ਮਰਦ ਦੀ ਗ਼ੁਲਾਮੀ ਹੇਠ ਰਖਿਆ। ਔਰਤ ਘਰ ਦੀ ਚਾਰਦੀਵਾਰੀ ਤਕ ਸੀਮਤ ਰਹੀ। ਹੌਲੀ ਹੌਲੀ ਪੜ੍ਹਨ-ਲਿਖਣ ਕਾਰਨ ਔਰਤ ਅਪਣੇ ਅਧਿਕਾਰਾਂ ਅਤੇ ਫ਼ਰਜ਼ਾਂ ਬਾਰੇ ਜਾਣੂ ਹੋਈ। ਵਿਦਿਆ ਦੇ ਚਾਨਣ ਨੇ ਅੱਜ ਔਰਤ ਦਾ ਦਿਮਾਗ਼ ਰੌਸ਼ਨ ਕਰ ਦਿਤਾ ਹੈ ਜਿਸ ਕਾਰਨ ਉਹ ਹਨੇਰੇ ਵਿਚੋਂ ਨਿਕਲ ਕੇ ਰੌਸ਼ਨੀ ਵਲ ਵੱਧ ਰਹੀ ਹੈ। ਔਰਤ ਹੁਣ ਵਿਚਾਰੀ ਬਣ ਕੇ ਅਪਣੇ ਦਿਨ ਨਹੀਂ ਗੁਜ਼ਾਰ ਰਹੀ ਸਗੋਂ ਅਪਣੇ ਹੱਕਾਂ ਲਈ ਲੜ ਵੀ ਰਹੀ ਹੈ। ਪੈਰ ਦੀ ਜੁੱਤੀ ਅਤੇ ਬਾਪ ਦੀ ਪੱਗ ਤੇ ਲਗਿਆ ਦਾਗ਼ ਸਮਝੀ ਜਾਂਦੀ ਲੜਕੀ ਅੱਜ ਮਾਪਿਆਂ ਦੇ ਸਿਰ ਦਾ ਤਾਜ ਬਣ ਰਹੀ ਹੈ। ਬਦਲਦੇ ਹਾਲਾਤ ਕਾਰਨ ਹੀ ਹੁਣ ਔਰਤ ਦੀ ਸਥਿਤੀ ਉਸ ਦੇ ਮਾਪਿਆਂ ਦੇ ਘਰ ਵਿਚ ਮੁਕਾਬਲਤਨ ਸੁਖਾਵੀਂ ਹੋ ਗਈ ਹੈ। ਔਰਤ ਦੇ ਖਾਣ-ਪੀਣ, ਪਹਿਨਣ ਸਬੰਧੀ ਵਿਤਕਰੇ ਕਾਫ਼ੀ ਹੱਦ ਤਕ ਮਨਫ਼ੀ ਹੋ ਗਏ ਹਨ। ਬੇਸ਼ੱਕ ਅੱਜ ਔਰਤ ਹਰ ਉੱਚੇ ਅਹੁਦੇ ਤਕ ਪਹੁੰਚ ਗਈ ਹੈ, ਉਸ ਦੀ ਆਰਥਕਤਾ ਕਾਰਨ ਉਸ ਦੇ ਮਾਪਿਆਂ ਨੂੰ ਵੀ ਸਹਾਰਾ ਮਿਲਦਾ ਹੈ ਪਰ ਔਰਤ ਹਮੇਸ਼ਾ ਹਰ ਵਰਤਾਰੇ ਵਿਚ ਦੂਜੇ ਸਥਾਨ ਉਤੇ ਵਿਚਰਦੀ ਰਹੀ ਹੈ। ਅਜੇ ਵੀ ਨੌਕਰੀ ਕਰਨੀ ਜਾਂ ਨਾ ਕਰਨੀ, ਕਿਥੇ ਕਰਨੀ ਅਤੇ ਜੀਵਨ ਸਾਥੀ ਨੂੰ ਅਪਣੀ ਮਰਜ਼ੀ ਨਾਲ ਚੁਣਨ ਵਰਗੀ ਖੁੱਲ੍ਹ ਔਰਤ ਦੇ ਪੂਰੀ ਤਰ੍ਹਾਂ ਹੱਥ ਵਿਚ ਨਹੀਂ ਆਈ। ਔਰਤ ਅਤੇ ਮਰਦ ਦੋਵੇਂ ਇਕ ਸਿੱਕੇ ਦੇ ਹੀ ਦੋ ਪਹਿਲੂ ਹਨ। ਦੋਵੇਂ ਇਕ-ਦੂਜੇ ਦੇ ਪੂਰਕ ਹਨ। ਔਰਤ ਕੁਦਰਤ ਦੀ ਖ਼ੂਬਸੂਰਤ ਸੌਗਾਤ ਹੈ। ਜੇਕਰ ਔਰਤ ਦੀ ਹੋਂਦ ਸ੍ਰਿਸ਼ਟੀ ਵਿਚ ਨਾ ਹੁੰਦੀ ਤਾਂ ਵਿਕਾਸ ਅਤੇ ਮਨੁੱਖੀ ਨਸਲ ਦੀ ਲਗਾਤਾਰਤਾ ਅਸੰਭਵ ਸੀ। ਔਰਤ ਹੀ ਸ੍ਰਿਸ਼ਟੀ ਨੂੰ ਚਲਦਾ ਰੱਖਣ ਦਾ ਸਾਧਨ ਹੈ। ਔਰਤ ਦੀ ਹੋਂਦ ਘਰ ਵਿਚ ਅਤਿ ਜ਼ਰੂਰੀ ਹੈ। ਇਹ ਔਰਤ ਹੀ ਹੈ ਜੋ ਵਧੀਕੀਆਂ ਸਹਿੰਦੀ ਹੋਈ ਵੀ ਹਰ ਹੀਲੇ ਅਪਣੇ ਪ੍ਰਵਾਰ ਨੂੰ ਟੁੱਟਣ ਤੋਂ ਬਚਾਉਣ ਦੇ ਉਪਰਾਲੇ ਕਰਦੀ ਹੋਈ ਧਰਤੀ ਜਿੱਡਾ ਜਿਗਰਾ ਲੈ ਕੇ ਵਿਚਰਦੀ ਹੈ। ਜਦੋਂ ਆਦਮੀ ਨੂੰ ਔਰਤ ਦੀ ਕੁੱਖ ਵਿਚ ਨੂਰ ਦਾ ਪਤਾ ਲਗਦਾ ਹੈ ਤਾਂ ਉਹ ਉਸ ਨੂੰ ਨਿੱਤ ਦਰਸਾਉਂਦਾ ਹੈ ਕਿ ਪੁੱਤਰ ਹੀ ਹੋਣਾ ਚਾਹੀਦਾ ਹੈ। ਜੇਕਰ ਧੀ ਪੈਦਾ ਹੋ ਗਈ ਤਾਂ ਤੇਰਾ ਇਸ ਘਰ ਵਿਚ ਕੋਈ ਸਤਿਕਾਰ ਨਹੀਂ। ਇਥੋਂ ਤਕ ਕਿ ਮਰਦ ਵੀ ਅਪਣੀ ਪਤਨੀ ਤੋਂ ਮੂੰਹ ਫੇਰ ਲੈਂਦਾ ਹੈ।
ਔਰਤ ਦੀ ਜ਼ਿੰਦਗੀ ਦਾ ਇਹ ਸਮਾਂ (ਹਿੱਸਾ) ਜਿਸ ਵਿਚ ਉਹ ਬੱਚੇ ਨੂੰ ਜਨਮ ਦੇਂਦੀ ਹੈ ਪਲ-ਪਲ ਇਸ ਉਧੇੜ-ਬੁਣ ਵਿਚ ਹੀ ਬਤੀਤ ਹੁੰਦਾ ਹੈ ਕਿ ਕੁੱਖ ਵਿਚ ਪਲ ਰਿਹਾ ਬੀਜ ਜੇਕਰ ਮਾਦਾ ਹੋਇਆ ਤਾਂ ਉਸ ਨੂੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਏਗਾ ਜਦਕਿ ਪਤੀ ਤੋਂ ਇਲਾਵਾ ਘਰ ਦੇ ਬਜ਼ੁਰਗਾਂ ਦੀ ਵੀ ਲਾਲਸਾ ਪੁੱਤਰ ਦੀ ਹੀ ਹੁੰਦੀ ਹੈ। ਕੁੱਖ ਵਿਚ ਧੀ ਦਾ ਪਤਾ ਲੱਗਣ ਅਤੇ ਭਰੂਣ ਹਤਿਆ ਕਰਵਾਉਣ ਲਈ ਸਾਰਾ ਪ੍ਰਵਾਰ ਤਿਆਰ ਹੋ ਜਾਂਦਾ ਹੈ। ਜਦੋਂ ਕਿਤੇ ਬੱਚੀ ਕੁੱਖ ਵਿਚ ਕਤਲ ਹੋਣ ਤੋਂ ਬੱਚ ਕੇ ਸੰਸਾਰ ਦਾ ਮੂੰਹ ਵੇਖਦੀ ਹੈ ਤਾਂ ਧੀ ਜੰਮਣ ਨਾਲ ਘਰ ਵਿਚ ਸੋਗ ਵਾਲਾ ਮਾਹੌਲ ਬਣ ਜਾਂਦਾ ਹੈ। ਜਵਾਨੀ ਦੇ ਮੁਕਾਮ ਤੇ ਪੁੱਤਰ ਨੂੰ ਆਜ਼ਾਦ ਆਜ਼ਾਦੀ ਪ੍ਰਾਪਤ ਹੁੰਦੀ ਹੈ ਪਰ ਧੀ ਨੂੰ ਪਾਬੰਦੀਆਂ ਦੀ ਕੈਦ। ਫੋਕੀ ਇੱਜ਼ਤ ਖ਼ਾਤਰ ਅਨੇਕਾਂ ਧੀਆਂ ਕਤਲ ਕਰ ਦਿਤੀਆਂ ਜਾਂਦੀਆਂ ਹਨ ਕਿਉਂਕਿ ਸੱਚਾ ਪਿਆਰ ਕਰਨਾ ਵੀ ਧੀ ਲਈ ਮਾਫ਼ ਨਾ ਕਰਨ ਵਾਲਾ ਗੁਨਾਹ ਬਣ ਜਾਂਦਾ ਹੈ। ਜਗਤ ਜਨਨੀ ਔਰਤ ਇਕ ਮਾਂ, ਭੈਣ, ਪ੍ਰੇਮਿਕਾ, ਪਤਨੀ ਅਤੇ ਧੀ ਬਣ ਕੇ ਅਪਣਾ ਹਰ ਰੋਲ ਬਾਖ਼ੂਬੀ ਨਿਭਾਉਂਦੀ ਹੈ। ਔਰਤ ਹਰ ਰੂਪ ਵਿਚ ਵੱਡੇ ਤੋਂ ਵੱਡਾ ਤਿਆਗ ਕਰ ਕੇ ਸਮਾਜ ਨੂੰ ਨਰੋਆ ਬਣਾਉਂਦੀ ਹੈ ਅਤੇ ਸੰਪੂਰਨਤਾ ਬਖ਼ਸ਼ਦੀ ਹੈ। ਪਰ ਅੱਜ ਵੀ ਸਮਾਜ ਵਿਚ ਅਨੇਕਾਂ ਕੁਰੀਤੀਆਂ ਨੇ ਪੈਰ ਪਸਾਰ ਰੱਖੇ ਹਨ ਜਿਵੇਂ ਦਾਜ ਪ੍ਰਥਾ, ਭਰੂਣ-ਹਤਿਆ, ਨਸਲੀ ਵਿਤਕਰਾ ਆਦਿ। ਵਿਗਿਆਨ ਅਤੇ ਤਕਨੀਕ ਦੇ ਵਿਕਸਤ ਹੋਣ ਨਾਲ ਜਿਹੜੀ ਨਵੀਂ ਸਮੱਸਿਆ ਨੇ ਸਾਡੇ ਸਭਿਆਚਾਰਕ ਵਿਰਸੇ ਨੂੰ ਕਲੰਕਿਤ ਕੀਤਾ ਹੈ, ਉਹ ਹੈ ਲਿੰਗ ਪਰਿਵਰਤਨ, ਜਿਸ ਨਾਲ ਬੰਦਾ ਔਰਤ ਬਣ ਰਿਹਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੇ ਔਰਤ ਦੀ ਰਾਖੀ ਅਤੇ ਹੱਕਾਂ ਲਈ ਕਈ ਕਾਨੂੰਨ ਬਣਾਏ ਹਨ। ਬਹੁਤ ਸਾਰੇ ਗ਼ੈਰ-ਸਰਕਾਰੀ ਸੰਗਠਨ ਵੀ ਇਸ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਪਰ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਸੁਰੱਖਿਅਤ ਨਹੀਂ। ਉੱਚ ਅਹੁਦਿਆਂ ਤੇ ਬਿਰਾਜਮਾਨ ਔਰਤਾਂ ਤੇ ਵੀ ਅਸੁਰੱਖਿਅਤਾ ਦੇ ਬੱਦਲ ਮੰਡਰਾ ਰਹੇ ਹਨ। ਇਥੋਂ ਤਕ ਕਿ ਇਕ ਜੱਜ ਔਰਤ ਨੂੰ ਵੀ ਅਪਣੀ ਇੱਜ਼ਤ ਬਚਾਉਣ ਖ਼ਾਤਰ ਅਪਣੀ ਨੌਕਰੀ ਛਡਣੀ ਪਈ। ਔਰਤ ਦੀ ਫ਼ਰਿਆਦ ਸੁਣਨ ਵਾਲਾ ਵੀ ਕੋਈ ਨਜ਼ਰ ਨਹੀਂ ਆਉਂਦਾ। ਜੇ ਕੋਈ ਹਮਦਰਦੀ ਕਰੇ ਤਾਂ ਉਸ ਉਤੇ ਅੱਖਾਂ ਬੰਦ ਕਰ ਕੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਦੀ ਹਮਦਰਦੀ ਦੇ ਪਰਦੇ ਹੇਠ ਕਾਫ਼ੀ ਕੁੱਝ ਛੁਪਿਆ ਹੁੰਦਾ ਹੈ। ਮਰਦ ਅੰਦਰਲੀ ਹਵਸ ਦਾ ਹਨੇਰਾ ਔਰਤ ਦੀ ਜ਼ਿੰਦਗੀ ਨੂੰ ਵੀ ਹਨੇਰੇ ਵਿਚ ਹੀ ਡੋਬਦਾ ਹੈ। ਔਰਤ ਦਾ ਅਪਣੇ ਸਰੀਰ ਉਪਰ ਵੀ ਅਧਿਕਾਰ ਨਹੀਂ। ਜਬਰ-ਜ਼ਨਾਹ ਦੀਆਂ ਘਟਨਾਵਾਂ ਨਿੱਤ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ। ਭਾਵੇਂ ਔਰਤਾਂ ਨਾਲ ਹੁੰਦੇ ਅਪਰਾਧ ਰੋਕਣ ਲਈ ਸਮੇਂ ਦੀਆਂ ਸਰਕਾਰਾਂ ਨੇ ਕਾਨੂੰਨ ਬਣਾਏ ਤਾਂ ਵੀ ਔਰਤ, ਮਰਦ ਦੇ ਤਸ਼ੱਦਦ ਦਾ ਸ਼ਿਕਾਰ ਹੋ ਰਹੀ ਹੈ। ਦਾਦਾ ਧਰਮਾਧਿਕਾਰੀ ਅਨੁਸਾਰ, ਕਾਨੂੰਨ ਘੋੜੇ ਨੂੰ ਪਾਣੀ ਵਿਖਾ ਸਕਦਾ ਹੈ ਪਰ ਪਿਆ ਨਹੀਂ ਸਕਦਾ। ਡਾਕਟਰ, ਪੁਲਿਸ, ਗਵਾਹ, ਸਰਕਾਰੀ ਵਕੀਲ, ਹਮਲਾਵਰ ਤੋਂ ਰਿਸ਼ਵਤ ਲੈ ਕੇ ਕੇਸ ਨੂੰ ਕਮਜ਼ੋਰ ਕਰ ਦੇਂਦੇ ਹਨ, ਜਿਸ ਕਾਰਨ ਔਰਤ ਨੂੰ ਕਚਹਿਰੀਆਂ ਵਿਚ ਜ਼ਲੀਲ ਹੋਣਾ ਪੈਂਦਾ ਹੈ। ਮਨੁੱਖ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਜੇਕਰ ਔਰਤ ਉਸ ਦੀ ਜ਼ਿੰਦਗੀ ਵਿਚ ਨਾ ਹੋਵੇ ਤਾਂ ਉਸ ਦੀ ਜ਼ਿੰਦਗੀ ਕਿਹੋ ਜਹੀ ਹੋਵੇਗੀ। ਮਨੁੱਖ ਇਸ ਨੂੰ ਜਾਣਦਾ ਹੋਇਆ ਵੀ ਅਵੇਸਲਾ ਹੈ। ਔਰਤ ਪ੍ਰਵਾਰ ਦਾ ਉਹ ਥੰਮ੍ਹ ਹੈ ਜਿਸ ਦੇ ਸਹਾਰੇ ਘਰ ਦੀ ਛੱਤ ਖੜੀ ਹੈ। ਔਰਤ ਹੀ ਹੈ ਜੋ ਬੱਚਿਆਂ ਨੂੰ ਚੰਗੇ ਸੰਸਕਾਰ ਦੇਂਦੀ ਹੈ। ਔਰਤ ਤੋਂ ਬਗ਼ੈਰ ਘਰ, ਘਰ ਨਜ਼ਰ ਨਹੀਂ ਆਉਂਦਾ। ਜਿਸ ਤਰ੍ਹਾਂ ਔਰਤ ਅਪਣੇ ਆਪ ਨੂੰ ਸ਼ਿੰਗਾਰਦੀ ਹੈ, ਉਸੇ ਤਰ੍ਹਾਂ ਘਰ ਨੂੰ ਵੀ ਸੋਹਣਾ ਬਣਾ ਕੇ ਰਖਦੀ ਹੈ। ਔਰਤ ਤੋਂ ਬਗ਼ੈਰ ਘਰ ਭੂਤਵਾੜਾ ਹੀ ਲਗਦਾ ਹੈ। ਜਿਸ ਘਰ-ਪ੍ਰਵਾਰ ਵਿਚ ਔਰਤ ਖ਼ੁਸ਼ਹਾਲ ਨਹੀਂ, ਉਹ ਘਰ-ਪ੍ਰਵਾਰ ਵੀ ਖ਼ੁਸ਼ਹਾਲ ਨਹੀਂ ਰਹਿ ਸਕਦਾ। ਲੋੜ ਹੈ ਔਰਤ ਪ੍ਰਤੀ ਅਪਣੀ ਸੋਚ ਬਦਲਣ ਦੀ।
ਬੇਸ਼ੱਕ ਪੱਛਮ ਵਿਚ ਚਲੀਆਂ ਨਾਰੀਵਾਦੀ ਲਹਿਰਾਂ ਨੇ ਔਰਤ ਨੂੰ ਅਪਣੇ ਹੱਕਾਂ ਲਈ ਜਾਗਰੂਕ ਕਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਵਖਰੀ ਗੱਲ ਹੈ ਕਿ ਕੁੱਝ ਲੋਕ ਨਾਰੀਵਾਦ ਨੂੰ ਕੇਵਲ ਨਾਰੀ ਦੇ ਹੱਕ ਵਿਚ ਭੁਗਤਦਾ ਵਰਤਾਰਾ ਕਹਿੰਦੇ ਹਨ। ਪਰ ਨਾਰੀਵਾਦ ਪੁਰਖ ਪ੍ਰਧਾਨ ਸਮਾਜ ਦੀਆਂ ਸਥਾਪਤ ਸੱਭ ਪਰਿਭਾਸ਼ਾਵਾਂ ਰੱਦ ਕਰ ਕੇ ਨਵੇਂ ਸਿਰਿਉਂ ਵਿਊਂਤਬੰਦੀ ਕਰਨ ਦੀ ਸਕੀਮ ਹੈ। ਇਸ ਨੂੰ ਵਰਜੀਨੀਆ ਵੁਲਫ਼ ਪੁਨਰਪਰਿਭਾਸ਼ਾ ਦਾ ਨਾਂ ਦਿੰਦੀ ਹੈ। ਇਸ ਪੁਨਰਸਥਾਪਨਾ ਦਾ ਮਤਲਬ ਵਖਰਾ ਸੰਸਾਰ ਵਸਾਉਣਾ ਨਹੀਂ ਸਗੋਂ ਇਸੇ ਜਗਤ ਦੀ ਪੁਨਰਤਰਤੀਬ ਕਰਨਾ ਹੈ। ਇਹ ਤਰਤੀਬ ਜੋ ਇਕ ਇਤਿਹਾਸਕ ਢਾਂਚੇ ਵਜੋਂ ਉਸਰਦੀ ਉਸ ਪੜਾਅ ਤੇ ਪੁੱਜ ਚੁੱਕੀ ਹੈ ਜਿਥੇ ਲੋੜੀਂਦੀ ਤਬਦੀਲੀ ਦੀ ਸਖ਼ਤ ਲੋੜ ਹੈ। ਤਬਦੀਲੀ ਦੀ ਇਸ ਸੰਭਾਵਨਾ ਕਾਰਨ ਹੀ ਔਰਤ ਦਾ ਦੂਜੈਲਾ ਸਥਾਨ ਕੁਦਰਤੀ ਨਹੀਂ ਸਗੋਂ ਸਮਾਜਕ ਦੇਣ ਸਿੱਧ ਹੋ ਸਕਦਾ ਹੈ। ਇਉਂ ਨਾਰੀਵਾਦੀ ਸੋਚ, ਪ੍ਰਵਾਰ, ਰਿਸ਼ਤੇ ਅਤੇ ਵਿਆਹ ਵਰਗੀਆਂ ਸੰਸਥਾਵਾਂ ਨੂੰ ਨਵੇਂ ਅਰਥ, ਮੋੜ ਦੇਣ ਵਲ ਯਤਨਸ਼ੀਲ ਹੈ। 
ਇਸ ਨੂੰ ਔਰਤ ਲਈ ਕ੍ਰਾਂਤੀਕਾਰੀ ਯਤਨ ਕਿਹਾ ਜਾ ਸਕਦਾ ਹੈ ਜੋ ਸਮੇਂ ਦੀ ਲੋੜ ਹੈ। ਅੱਜ ਦੀ ਔਰਤ ਦਾ ਵਿਰੋਧ ਮਰਦ ਨਾਲ ਨਹੀਂ ਸਗੋਂ ਸਮਾਜ ਦੀਆਂ ਦਬਾਅ ਨੀਤੀਆਂ ਨਾਲ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement