
ਕੇਵਲ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਹੀ ਨਹੀਂ, ਸਿੱਖ ਕੌਮ ਨੇ ਬਾਬਿਆਂ ਹੱਥੋਂ ਹੋਰ ਕੀ ਕੀ ਗਵਾਇਆ?
ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਹੈਰਾਨੀਜਨਕ ਮਾਮਲਾ ਹੈ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉਢੀ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲੀ ਭੁਗਤ ਨਾਲ ਕਾਰ ਸੇਵਾ ਵਾਲੇ ਬਾਬੇ (ਬਾਬਾ ਜਗਤਾਰ ਸਿੰਘ) ਵੱਲੋਂ 30-31 ਮਾਰਚ, 2019 ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ। ਪਿਛਲੇ ਸਾਲ ਸਤੰਬਰ ਵਿਚ ਵੀ ਕਾਰ ਸੇਵਾ ਵਾਲੇ ਬਾਬੇ ਨੇ ਡਿਉਢੀ ਢਾਹੁਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਸਿੱਖ ਸੰਗਤ ਨੇ ਸਖ਼ਤ ਇਤਰਾਜ਼ ਅਤੇ ਵਿਰੋਧ ਕੀਤਾ ਸੀ।
ਇਸ ਵਾਰ ਅਜਿਹਾ ਰਾਤ ਦੇ ਹਨੇਰੇ ਵਿਚ ਕੀਤਾ ਗਿਆ। ਇਸ ਨਾਲ ਇਹ ਸਾਬਿਤ ਹੋ ਚੁੱਕਾ ਹੈ ਕਿ ਬਾਬਿਆਂ ਨੂੰ ਸਿੱਖ ਭਾਵਨਾਵਾਂ ਦੀ ਕਿੰਨੀ ਕੁ ਫਿਕਰ ਹੈ ਅਤੇ ਕਿੰਨੀ ਬੇਸ਼ਰਮੀ ਨਾਲ ਉਹ ਸਿੱਖ ਵਿਰਾਸਤ ਨੂੰ ਅਣਦੇਖਾ ਕਰ ਰਹੇ ਹਨ। ਅਣਦੇਖਾ ਹੀ ਨਹੀਂ ਬਲਕਿ ਉਹ ਇਸ ਨੂੰ ਮਲੀਆਮੇਟ ਵੀ ਕਰ ਰਹੇ ਹਨ, ਜਿਸ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਉਹ ਕਿਹੋ ਜਿਹੀ ਕਾਰ ਸੇਵਾ ਕਰਦੇ ਹਨ।
Darshani Deodi Darbar Sahib Taran Taran
ਕਾਰ ਸੇਵਾ ਵਾਲੇ ਬਾਬੇ ਇਹ ਨਹੀਂ ਜਾਣਦੇ ਕਿ ਸਮੁੱਚਾ ਸਿੱਖ ਭਾਈਚਾਰਾ ਜਾਗਰੂਕ ਹੋ ਗਿਆ ਹੈ ਅਤੇ ਉਹ ਉਹਨਾਂ ਦੇ ਇਸ ਕਦਮ ਦਾ ਵਿਰੋਧ ਵੀ ਕਰੇਗਾ। ਸੋਸ਼ਲ ਮੀਡੀਆ ‘ਤੇ ਆ ਰਹੀਆਂ ਖਬਰਾਂ ਵਿਚ ਉਹਨਾਂ ਦੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਵੀ ਮਿਲੀ ਹੈ ਕਿ ਐਸਜੀਪੀਸੀ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਐਸਜੀਪੀਸੀ ਨੂੰ ਜਾਂਚ ਲਈ ਨਿਰਦੇਸ਼ ਜਾਰੀ ਕੀਤੇ ਹਨ। ਬਾਬਾ ਜਗਤਾਰ ਸਿੰਘ ਨੇ ਦਿਖਾਵੇ ਲਈ ਮਾਫੀ ਵੀ ਮੰਗੀ। ਇਹ ਸਭ ਕੁੱਝ ਜਨਤਾ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਸੀ। ਨਹੀਂ ਤਾਂ ਉਸੇ ਐਸਜੀਪੀਸੀ ਨੇ ਕਿਸੇ ਵੀ ਵਿਸ਼ੇ ‘ਤੇ ਕਦੀ ਵੀ ਸਿੱਖ ਬੁੱਧੀਜੀਵੀਆਂ ਦੇ ਸੁਝਾਅ ਅਤੇ ਅਲੋਚਨਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਹ ਸਭ ਜਾਣਦੇ ਹਨ ਕਿ ਕਾਰ ਸੇਵਾ ਵਾਲੇ ਬਾਬੇ ਨੇ ਸਿੱਖ ਵਿਰਾਸਤ ਅਤੇ ਸਿੱਖ ਇਤਿਹਾਸ ਨੂੰ ਕਦੀ ਪੂਰਾ ਨਾ ਹੋਣ ਵਾਲਾ ਨੁਕਸਾਨ ਪਹੁੰਚਾਇਆ। ਉਹਨਾਂ ਨੇ ਇਤਿਹਾਸਕ ਮਹੱਤਤਾ ਵਾਲੀਆਂ ਪੁਰਾਣੀਆਂ ਇਮਾਰਤਾਂ ਨੂੰ ਢਾਹਿਆ ਅਤੇ ਯਾਦਗਾਰ ਦਰਖਤਾਂ ਦੀ ਕਟਾਈ ਕੀਤੀ। ਇਸ ਤੋਂ ਬਾਅਦ ਸੰਗਮਰਮਰ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ। ਉਹਨਾਂ ਨੇ ਇਤਿਹਾਸਕ ਕਲਾ ਨੂੰ ਤਬਾਹ ਕਰਕੇ ਗੁਰਦੁਆਰਿਆਂ ਦਾ ਢਾਂਚਾ ਬਦਲ ਦਿੱਤਾ। ਉਹਨਾਂ ਨੇ ਪੁਰਾਤਨ ਨਾਨਕਸ਼ਾਹੀ ਇੱਟਾਂ ਅਤੇ ਪੁਰਾਤਨ ਕਾਰਾਗਰੀ ਨੂੰ ਤਬਾਹ ਕੀਤਾ ਅਤੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਕੋਈ ਵੀ ਇਤਿਹਾਸਕ ਯਾਦ ਨਹੀਂ ਛੱਡੀ।
SGPC
ਸ. ਗੁਰਤੇਜ ਸਿੰਘ ਸਾਬਕਾ ਆਈਏਐਸ (IAS) ਅਤੇ ਸਿੱਖ ਚਿੰਤਕ ਜੋ ਕਿ ਕਈ ਸਾਲਾਂ ਤੋਂ ਇਸ ਖ਼ਿਲਾਫ ਅਵਾਜ਼ ਉਠਾਉਂਦੇ ਆ ਰਹੇ ਹਨ, ਨੇ ਕਿਹਾ ਹੈ, ‘ਕਾਰ ਸੇਵਾ ਵਾਲੇ ਬਾਬੇ ਪੁਰਾਣੀਆਂ ਇਤਿਹਾਸਿਕ ਵਸਤਾਂ ਨੂੰ ਪਹਿਲਾਂ ਹੀ ਤਬਾਹ ਕਰ ਚੁੱਕੇ ਹਨ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਇਹਨਾਂ ਨੂੰ ਵਿਰਾਸਤ ਦੇ ਵਿਨਾਸ਼ਕਾਰ ਕਹਿਣਾ ਚਾਹੀਦਾ ਹੈ’।
ਉਹਨਾਂ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬਾਬਾ ਦੀਪ ਸਿੰਘ ਜੀ ਵੱਲੋਂ ਬਣਾਏ ਗਏ ‘ਬੁਰਜ’ ਨੂੰ ਵੀ ਢਾਹਿਆ, ਸੁਲਤਾਨਪੁਰ ਲੋਧੀ ਵਿਖੇ 500 ਸਾਲ ਪੁਰਾਣੇ ਬੇਬੇ ਨਾਨਕੀ ਦੇ ਘਰ ਨੂੰ ਵੀ ਢਹਿ ਢੇਰੀ ਕਰ ਦਿੱਤਾ, ਚਮਕੌਰ ਸਾਹਿਬ ਵਿਖੇ ਗੁਰਦੁਆਰਾ ਗੜ੍ਹੀ ਸਾਹਿਬ ਅਤੇ ਕਤਲਗੜ੍ਹ ਸਾਹਿਬ ਦੇ ਅਸਲ ਢਾਂਚੇ ਨੂੰ ਵੀ ਨਸ਼ਟ ਕਰ ਦਿੱਤਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਗੁਰੂ ਸਾਹਿਬ ਦੇ ਸਮੇਂ ਦੀ ਪੁਰਾਤਨ ਦਿੱਖ ਨੂੰ ਵੀ ਬਦਲ ਦਿੱਤਾ। ਇਹ ਸਿਰਫ ਕੁਝ ਹੀ ਮਾਮਲੇ ਹਨ ਜੋ ਸਾਹਮਣੇ ਆਏ ਪਰ ਕਈ ਹੋਰ ਅਜਿਹੇ ਮਾਮਲੇ ਹਨ ਜਿਨ੍ਹਾਂ ਦਾ ਸਾਹਮਣੇ ਆਉਣਾ ਬਾਕੀ ਹੈ।
Burj Baba Deep Singh Ji Shaheed, Sri Damdama Sahib
ਅਫਸੋਸ ਇਹ ਹੈ ਕਿ ਇਹ ਸਭ ਕੁਝ ਵਿਰਾਸਤ ਅਤੇ ਇਤਿਹਾਸ ਦੀ ਸੰਭਾਲ ਕਰਨ ਵਾਲੀ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੱਕ ਹੇਠ ਹੋਇਆ। ਵਿਰਸੇ ਦੀ ਸੰਭਾਲ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਨੇ ਆਪਣੇ ਆਪ ਨੂੰ ਪੰਥ ਵਿਰੋਧੀ ਦਲਾਂ ਵਿਚ ਬਦਲ ਲਿਆ ਅਤੇ ਇਹਨਾਂ ਨੇ ਪੰਥ ਅਤੇ ਭਾਈਚਾਰੇ ਨੂੰ ਜੜ੍ਹੋਂ ਖਤਮ ਕਰ ਦਿੱਤਾ ਹੈ। ਕਾਰ ਸੇਵਾ ਦੇ ਨਾਂਅ ‘ਤੇ ਪੈਸਿਆਂ ਵਿਚ ਹੇਰਾ ਫੇਰੀ ਦੀਆਂ ਰਿਪੋਰਟਾਂ ਤੋਂ ਸਭ ਜਾਣੂ ਹਨ।
Gurdwara Sri Katal Garh Sahib
ਅਨੰਦਪੁਰ ਸਾਹਿਬ ਦੇ ਸਿੱਖ ਲੇਖਕ ਅਤੇ ਸਿੱਖ ਬੁੱਧੀਜੀਵੀ ਹਰਸਿਮਰਨ ਸਿੰਘ ਨੇ ਕਿਹਾ, ‘ਕੌਮ ਦੇ ਇਤਿਹਾਸ ਨਾਲ ਮੌਜੂਦਾ ਸਮੇਂ ਵਿਚ ਹੋ ਰਹੀਆਂ ਛੇੜਖਾਨੀਆਂ ਭਾਈਚਾਰੇ ਲਈ ਚੇਤਾਵਨੀ ਹਨ ਅਤੇ ਭਾਈਚਾਰੇ ਨੂੰ ਕਾਰ ਸੇਵਾ ਦੇ ਨਾਂਅ ‘ਤੇ ਹੋ ਰਹੇ ਵਪਾਰ ਨੂੰ ਬੰਦ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ‘ਜਦੋਂ ਜੰਗਲ ਵਿਚ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ।
Ghar Bebe Nanki Ji
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ
ਹਰਿਆ ਬੂਟੁ ਰਹਿਓ ਰੀ।। (ਆਸਾ ਮਹਲਾ-5, ਅੰਗ 384)
ਇਹ ਵੀ ਠੀਕ ਹੈ ਕਿ ਸਿੱਖ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਬਾਬਾ ਜਗਤਾਰ ਸਿੰਘ ਅਤੇ ਐਸਜੀਪੀਸੀ ਦੇ ਮੈਂਬਰਾਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਹ ਸਭਨਾਂ ਲ਼ਈ ਇਕ ਉਦਾਹਰਣ ਹੋਵੇਗੀ।
ਸਿੱਖ ਸੰਸਥਾਵਾਂ ਨੇ ਇਤਿਹਾਸਕ ਸਥਾਨਾਂ ਅਤੇ ਵਿਰਾਸਤ ਦੇ ਸਰਵੇਖਣ ਕਰਨ, ਰਿਪੋਰਟ ਬਣਾਉਣ ਅਤੇ ਦਸਤਾਵੇਜ਼ ਰੀਲੀਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸਦੇ ਨਾਲ ਹੀ ਵੱਡੇ ਪੱਧਰ ‘ਤੇ ‘ਵਿਰਾਸਤ ਬਚਾਓ ਮੋਰਚਾ’ ਦੀ ਸ਼ੁਰੂਆਤ ਕਰਨ ਦਾ ਫੈਸਲਾ ਵੀ ਕੀਤਾ ਹੈ।
ਇਸ ਉਪਰਾਲੇ ਨਾਲ ਭਾਰਤ ਸਮੇਤ ਪਾਕਿਸਤਾਨ ਵਿਚ ਵਿਰਾਸਤ ਅਤੇ ਵਿਰਸੇ ਨੂੰ ਸੰਭਾਲਣ ਲਈ ਐਸਜੀਪੀਸੀ ਵਿਚ ਜਾਗਰੂਕਤਾ ਪੈਦਾ ਹੋਵੇਗੀ ਅਤੇ ਵਿਰਸੇ ਨੂੰ ਸੰਭਾਲਣ ਲਈ ਉਹਨਾਂ ‘ਤੇ ਦਬਾਅ ਵਧੇਗਾ।
ਨੋਟ: ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਡਿਊਢੀ ਦੀ ਉਸਾਰੀ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌਨਿਹਾਲ ਸਿੰਘ ਨੇ ਕਰਵਾਈ ਸੀ।