ਕੋਵਿਡ-19 ਦੇ ਚਲਦਿਆਂ ਕਣਕ ਦੇ ਨਾੜ ਨੂੰ ਸਾੜਨ ਦੇ ਪ੍ਰਭਾਵ ਤੇ ਬਚਾਉ
Published : May 4, 2020, 1:51 pm IST
Updated : May 4, 2020, 1:51 pm IST
SHARE ARTICLE
File Photo
File Photo

ਪਿਛਲੇ ਕੁੱਝ ਸਾਲਾਂ ਦੌਰਾਨ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਪ੍ਰਦੂਸ਼ਣ ਪੰਜਾਬ ਦੇ ਕਣ-ਕਣ ਵਿਚ ਘੁਲ ਗਿਆ ਹੈ।

ਪਿਛਲੇ ਕੁੱਝ ਸਾਲਾਂ ਦੌਰਾਨ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਪ੍ਰਦੂਸ਼ਣ ਪੰਜਾਬ ਦੇ ਕਣ-ਕਣ ਵਿਚ ਘੁਲ ਗਿਆ ਹੈ। ਇਥੋਂ ਦੇ ਦਰਿਆ, ਨਦੀਆਂ, ਨਾਲਿਆਂ, ਛਪੜਾਂ ਦਾ ਪਾਣੀ, ਕਾਰਖਾਨਿਆਂ, ਸ਼ਹਿਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਸੀ। ਪਰ ਅੱਜ ਸੱਭ ਕੁੱਝ ਬਦਲਿਆ-ਬਦਲਿਆ ਜਿਹਾ ਲੱਗ ਰਿਹਾ ਹੈ। ਹਵਾ ਸਾਫ਼, ਵਾਤਾਵਰਣ ਸਾਫ਼, ਦਰਿਆ, ਨਦੀਆਂ, ਨਾਲਿਆਂ ਦਾ ਪਾਣੀ ਵੀ ਸਾਫ਼ ਵੇਖ ਕੇ ਮਨ ਨੂੰ ਇਕ ਭੁਲੇਖਾ ਜਿਹਾ ਪੈਂਦਾ ਹੈ ਕਿ ਅਸੀ ਕਿਤੇ ਪਛਮੀ ਦੇਸ਼ ਵਿਚ ਤਾਂ ਨਹੀਂ ਰਹਿ ਰਹੇ।

ਪੂਰੇ ਦੇਸ਼ ਤੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਪਿਛਲੇ ਇਕ ਮਹੀਨੇ ਤੋਂ ਪੰਜਾਬ ਅੰਦਰ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਰੁਕੀਆਂ ਹੋਈਆਂ ਹਨ। ਹਰ ਤਰ੍ਹਾਂ ਦੀ ਆਵਾਜਾਈ ਬੰਦ ਹੈ। ਇਸ ਸਮੇਂ ਦੌਰਾਨ ਹਵਾ ਦਾ ਪ੍ਰਦੂਸ਼ਣ ਬਹੁਤ ਘੱਟ ਗਿਆ ਹੈ ਜੋ ਪਛਮੀ ਦੇਸ਼ਾਂ ਦੇ ਵਾਤਾਵਰਣ ਨੂੰ ਮਾਤ ਪਾ ਰਿਹਾ ਹੈ। ਹਸਪਤਾਲਾਂ ਵਿਚੋਂ ਮਰੀਜ਼ ਗਾਇਬ ਹਨ, ਬੀਮਾਰੀਆਂ ਘੱਟ ਗਈਆਂ ਹਨ। ਪੰਛੀ ਤੇ ਜਾਨਵਰ ਆਜ਼ਾਦ ਘੁੰਮ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮਨੁੱਖ ਘਰਾਂ ਵਿਚ ਕੈਦ ਹੈ ਤੇ ਪੰਛੀ ਆਜ਼ਾਦ ਹੋ ਗਏ ਹਨ।

File photoFile photo

ਇਸ ਸੱਭ ਦੇ ਬਾਵਜੂਦ ਇਹ ਡਰ ਸਤਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ਤੋਂ ਬਾਅਦ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਉਪਰੰਤ ਕਣਕ ਦੀ ਬਚਖੁਚ ਨੂੰ ਕਿਸਾਨਾਂ ਦੁਆਰਾ ਅੱਗ ਲਗਾ ਕੇ ਸਾੜ ਦਿਤਾ ਜਾਵੇਗਾ ਤੇ ਆਬੋਹਵਾ ਮੁੜ ਖ਼ਰਾਬ ਹੋ ਜਾਵੇਗੀ ਜਿਸ ਤਰ੍ਹਾਂ ਇਕ ਅਦ੍ਰਿਸ਼ ਕੋਰੋਨਾ ਵਾਇਰਸ ਨੇ ਸਾਰੇ ਵਿਸ਼ਵ ਨੂੰ ਚਿੰਤਾ ਵਿਚ ਪਾ ਦਿਤਾ ਹੈ। ਇਹ ਸੱਭ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪਿਛਲੇ ਸਮੇਂ ਦੌਰਾਨ ਮਨੁੱਖ ਵਲੋਂ ਵਿਕਾਸ ਦੇ ਨਾਂ ਉਤੇ ਜੋ ਕੁਦਰਤ ਨਾਲ ਖਿਲਵਾੜ ਕੀਤਾ ਗਿਆ, ਇਹ ਉਸੇ ਦਾ ਹੀ ਨਤੀਜਾ ਤਾਂ ਨਹੀਂ?

ਕਾਸ਼ ਕਿਤੇ ਵਾਤਾਵਰਣ ਇਸੇ ਤਰ੍ਹਾਂ ਸਾਫ਼ ਰਹਿ ਸਕੇ। ਪ੍ਰਦੂਸ਼ਣ ਦੀ ਵੱਧ ਰਹੀ ਸਮੱਸਿਆ ਨੂੰ ਮੁੱਖ ਰਖਦਿਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਵਲੋਂ ਵੀ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਉਤੇ ਮੁਕੰਮਲ ਪਾਬੰਦੀ ਲਗਾ ਦਿਤੀ ਗਈ ਹੈ। ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਸਾੜਦਾ ਹੈ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ 2500/- ਰੁਪਏ ਤੋਂ 12500/-ਰੁਪਏ ਤਕ ਦਾ ਵਾਤਾਵਰਣ ਦੁਸ਼ਿਤ ਕਰਨ ਦਾ ਜੁਰਮਾਨਾ ਵਸੂਲ ਕਰੇਗਾ।

File photoFile photo

ਪੰਜਾਬ ਰੀਮੋਟ ਸੈਂਸਿੰਗ ਸੈਂਟਰ ਦੀ ਰੀਪੋਰਟ ਅਨੁਸਾਰ ਸਾਲ 2018 ਦੌਰਾਨ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਡਾ. ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ, ਸਮੁੱਚੇ ਸਟਾਫ਼ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਤੇ ਕਿਸਾਨਾਂ ਦੀ ਸੋਚ ਵਿਚ ਆਈ ਤਬਦੀਲੀ ਕਾਰਨ ਪੰਜਾਬ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ 10907 ਕਾਂਡ ਦਰਜ ਕੀਤੇ ਗਏ ਜਦਕਿ ਸਾਲ 2017 ਦੌਰਾਨ ਪੰਜਾਬ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ 14437 ਕਾਂਡ ਦਰਜ ਕੀਤੇ ਗਏ ਸਨ, ਜੋ ਸਾਲ 2019 ਵਿਚ ਘੱਟ ਕੇ 9784 ਅੱਗ ਲੱਗਣ ਦੇ ਕਾਂਡ ਰਹਿ ਗਏ।

ਪੰਜਾਬ ਵਿਚ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਦੁਆਰਾ ਤੂੜੀ ਬਣਾਉਣ ਉਪਰੰਤ ਬਚੀ ਪਰਾਲੀ ਨੂੰ ਖੇਤਾਂ ਵਿਚ ਸਾੜਨਾ ਸ਼ੁਰੂ ਕਰ ਦਿਤਾ ਜਾਂਦਾ ਹੈ ਜਿਸ ਨਾਲ ਹਵਾ ਵਿਚਲਾ ਪ੍ਰਦੂਸ਼ਣ ਵੱਧ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਜਾਨਵਰ, ਪੰਛੀ ਸੜ ਜਾਂਦੇ ਹਨ। ਹਵਾ ਵਿਚ ਪ੍ਰਦੂਸ਼ਣ ਵਧਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਸ ਨੂੰ ਰੋਕਣ ਦੀ ਅੱਜ ਬਹੁਤ ਜ਼ਰੂਰਤ ਹੈ। ਪੀ ਏ ਯੂ ਲੁਧਿਆਣਾ ਦੀ ਖੋਜ ਮੁਤਾਬਕ ਪੰਜਾਬ ਵਿਚ ਕਣਕ ਦੀ ਕਾਸ਼ਤ ਤਕਰੀਬਨ 35 ਲੱਖ ਹੈਕਟੇਅਰ ਤੇ ਝੋਨੇ ਦੀ ਤਕਰੀਬਨ 28 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ ਜਿਸ ਤੋਂ 23 ਮਿਲੀਅਨ ਟਨ ਪਰਾਲੀ ਅਤੇ 17 ਮਿਲੀਅਨ ਟਨ ਨਾੜ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ।

File photoFile photo

ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਲੋਂ ਕੀਤੀ ਖੋਜ ਮੁਤਾਬਕ ਕਣਕ ਦੇ 77 ਫ਼ੀ ਸਦੀ ਨਾੜ ਨੂੰ ਤੂੜੀ ਵਜੋਂ ਚਾਰੇ ਲਈ ਵਰਤ ਲਿਆ ਜਾਂਦਾ ਹੈ ਤੇ 9 ਫ਼ੀ ਸਦੀ ਬਚੇ ਨਾੜ ਨੂੰ ਜ਼ਮੀਨ ਹੇਠ ਦਬਾ ਦਿਤਾ ਜਾਂਦਾ ਹੈ ਅਤੇ 11  ਫ਼ੀ ਸਦੀ ਨੂੰ ਸਾੜ ਦਿਤਾ ਜਾਂਦਾ ਹੈ ਜਦ ਕਿ ਝੋਨੇ ਦੀ 85 ਫ਼ੀ ਸਦੀ ਪਰਾਲੀ ਸਾੜ ਦਿਤੀ ਜਾਂਦੀ ਹੈ, 10 ਫ਼ੀ ਸਦੀ ਜ਼ਮੀਨ ਵਿਚ ਵਾਹ ਦਿਤੀ ਜਾਂਦੀ ਹੈ ਅਤੇ 8 ਫ਼ੀ ਸਦੀ ਹੋਰ ਕੰਮਾਂ ਲਈ ਵਰਤੀ ਜਾਂਦੀ ਹੈ। ਕਣਕ -ਝੋਨੇ ਦੇ ਫ਼ਸਲੀ ਚੱਕਰ ਤੋਂ ਤਕਰੀਬਨ 12 ਟਨ ਪ੍ਰਤੀ ਹੈਕਟੇਅਰ ਅਨਾਜ ਪ੍ਰਾਪਤ ਹੁੰਦਾ ਹੈ।

ਇਹ ਫ਼ਸਲੀ ਚੱਕਰ ਜ਼ਮੀਨ ਵਿਚੋਂ 300 ਕਿਲੋ ਨਾਈਟ੍ਰੋਜਨ, 30 ਕਿਲੋ ਫ਼ਾਸਫ਼ੋਰਸ ਤੇ 300 ਕਿਲੋ ਪਟਾਸ਼ ਖਿੱਚ ਲੈਂਦਾ ਹੈ। ਇਹ ਖ਼ੁਰਾਕੀ ਤੱਤ ਪਰਾਲੀ ਅਤੇ ਨਾੜ ਵਿਚ ਹੁੰਦੇ ਹਨ। ਏਨੀ ਵੱਡੀ ਮਾਤਰਾ ਵਿਚ ਖ਼ੁਰਾਕੀ ਤਤਾਂ ਨੂੰ ਅੱਗ ਲਗਾ ਕੇ ਖ਼ਤਮ ਕਰ ਦਿਤਾ ਜਾਂਦਾ ਹੈ। ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟਰੋਜਨ, 0.48 ਲੱਖ ਟਨ ਫ਼ਾਸਫੋਰਸ ਤੇ 2.6 ਲੱਖ ਟਨ ਪੋਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿਚ ਲਘੂ ਤਤਾਂ ਨੂੰ ਨਸ਼ਟ ਕਰ ਦਿਤਾ ਜਾਂਦਾ ਹੈ।

Corona VirusFile Photo

ਨਾੜ ਨੂੰ ਅੱਗ ਲਗਾ ਕੇ ਸਾੜਨ ਨਾਲ ਵੱਡੀ ਮਾਤਰਾ ਵਿਚ  ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣ ਕਾਰਨ ਮਨੁੱਖਾਂ ਵਿਚ ਸਾਹ, ਅੱਖਾਂ ਵਿਚ ਜਲਣ ਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਅਜੋਕੇ ਸਮੇਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਾਸਤੇ ਵੀ ਸਮੱਸਿਆਵਾਂ ਪੈਦਾ ਹੋਣਗੀਆਂ।

ਵਾਤਾਵਰਣ ਵਿਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ ਜਿਸ ਨਾਲ ਕਿਧਰੇ ਹੜ ਤੇ ਕਿਧਰੇ ਸੋਕਾ ਪੈ ਰਿਹਾ ਹੈ ਤੇ ਨਾਮੁਰਾਦ ਬੀਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਜੋ ਹੋ ਰਿਹਾ ਹੈ ਸ਼ਾਇਦ ਇਸੇ ਦਾ ਹੀ ਨਤੀਜਾ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸੰਨ 2050 ਤਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਲਸੀਅਸ ਤੇ ਸੰਨ 2080 ਤਕ 4.5 ਡਿਗਰੀ ਸੈਲਸੀਅਸ ਵੱਧ ਜਾਵੇਗਾ। ਖੇਤੀ ਮਾਹਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਦੇਸ਼ ਵਿਚ 2 ਡਿਗਰੀ ਸੈਲਸੀਅਸ ਤਾਪਮਾਨ ਵਿਚ ਵਾਧਾ ਕਣਕ ਦੀ 0.45 ਮੀਟ੍ਰਿਕ ਟਨ ਤੇ ਝੋਨੇ ਦੀ 0.7 ਮੀਟ੍ਰਿਕ ਟਨ ਪੈਦਾਵਾਰ ਘਟਾ ਸਕਦਾ ਹੈ। ਮੌਸਮੀ ਤਬਦੀਲੀ ਕਾਰਨ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।

File photoFile photo

ਨਾੜ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਵੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵੱਧ ਜਾਂਦੀਆਂ ਹਨ ਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ਵਿਚ ਤਕਲੀਫ਼, ਖੰਘ, ਜ਼ੁਕਾਮ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖ਼ਾਰ, ਸਿਰ ਦਰਦ, ਟਾਈਫ਼ਾਈਡ, ਫੇਫੜਿਆਂ ਵਿਚ ਨੁਕਸ, ਅੱਖਾਂ ਵਿਚ ਜਲਣ, ਚਮੜੀ ਤੇ ਖ਼ਾਰਸ਼ ਆਦਿ ਬੀਮਾਰੀਆਂ ਲੱਗ ਜਾਂਦੀਆਂ ਹਨ।

ਡਾਕਟਰਾਂ ਅਨੁਸਾਰ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿਚ ਨਾੜ ਤੇ ਝੋਨੇ ਦੀ ਪਰਾਲੀ ਸਾੜਨ ਨਾਲ ਅੱਖਾਂ ਦੀ ਜਲਣ ਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਬੀਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ। ਇਕ ਸਰਵੇਖਣ ਅਨੁਸਾਰ ਪਿੰਡਾਂ ਵਿਚ 80 ਫ਼ੀ ਸਦੀ ਲੋਕ ਸਾਹ ਤੇ ਫੇਫੜਿਆਂ ਦੀਆਂ ਬੀਮਾਰੀਆਂ ਨਾਲ ਪ੍ਰਭਾਵਤ ਪਾਏ ਗਏ ਹਨ। ਸੋ ਇਨ੍ਹਾਂਂ ਕਾਰਨਾਂ ਨੂੰ ਮੁੱਖ ਰਖਦਿਆਂ ਕਣਕ ਦੇ ਨਾੜ ਨੂੰ  ਅੱਗ ਲਗਾਉਣ ਦੀ ਬਜਾਏ ਖੇਤ ਵਿਚ ਵਾਹ ਕੇ ਅਤੇ ਹਰੀ ਖਾਦ ਕਰ ਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ।

Paddy Paddy

ਹੁਣ ਕੁੱਝ ਕਿਸਾਨ ਸਵਾਲ ਕਰਦੇ ਹਨ ਕਿ ਨਾੜ ਨੂੰ ਕਿਵੇਂ ਸੰਭਾਲੀਏ? ਕਿਸਾਨ ਵੀਰੋ, ਆਮ ਕਰ ਕੇ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਨਾੜ ਦੀ ਤੂੜੀ ਬਣਾਉਣ ਉਪਰੰਤ ਬਹੁਤ ਘੱਟ ਨਾੜ ਦਾ ਹਿੱਸਾ ਖੇਤ ਵਿਚ ਬਚਦਾ ਹੈ ਜਿਸ ਨੂੰ ਕਿਸਾਨਾਂ ਵਲੋਂ ਅੱਗ ਲਗਾ ਕੇ ਸਾੜ ਦਿਤਾ ਜਾਂਦਾ ਹੈ। ਇਸ ਬਚੇ ਨਾੜ ਨੂੰ ਸਾੜਨ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕੀਤਾ ਜਾਂਦਾ ਹੈ ਤਾਂ ਨਾੜ ਪਾਣੀ ਉੱਪਰ ਤਰ ਆਉਂਦਾ ਹੈ ਜਿਸ ਨਾਲ ਝੋਨੇ ਦੀ ਲਵਾਈ ਉਪਰੰਤ ਬੂਟੇ ਦੱਬ ਕੇ ਮਰ ਜਾਂਦੇ ਹਨ।

ਇਸ ਸਮੱਸਿਆਂ ਤੋਂ ਬਚਣ ਲਈ ਕਣਕ ਦੀ ਕਟਾਈ ਤੋਂ ਬਾਅਦ ਤਵੀਆਂ ਜਾਂ ਉਲਟਾਵੇਂ ਹੱਲ ਨਾਲ ਨਾੜ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿਚ ਦਬਾਇਆ ਜਾ ਸਕਦਾ ਹੈ ਜਿਸ ਨਾਲ ਮਿੱਟੀ ਦੀ ਸਿਹਤ ਨੂੰ ਸੁਧਾਰ ਹੁੰਦਾ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਤ ਨਹੀਂ ਹੁੰਦਾ। ਤੂੜੀ ਬਣਾਉਣ ਉਪਰੰਤ ਜੇਕਰ ਖੇਤ ਭਾਰੀ ਤੇ ਜ਼ਿਆਦਾ ਸੁੱਕਾ ਹੈ ਤਾਂ ਪਾਣੀ ਲਗਾਉਣ ਉਪਰੰਤ ਵੱਤਰ ਆਉਣ ਤੇ ਤਵੀਆਂ ਜਾਂ ਉਲਟਾਵੇਂ ਹੱਲ ਨਾਲ ਖੇਤ ਨੂੰ ਵਾਹਿਆ ਜਾ ਸਕਦਾ। ਦੂਜੇ ਪਾਸੇ ਵੇਖੀਏ ਤਾਂ ਸੜੇ ਨਾੜ ਵਾਲੇ ਖੇਤ ਵਿਚ ਜਦ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ ਤਾਂ ਸੜੇ ਨਾੜ ਦੀ ਸੁਆਹ ਕਰ ਕੇ, ਝੋਨੇ ਦੇ ਬੂਟੇ ਖ਼ਰਾਬ ਕਰ ਦਿੰਦੀ ਹੈ।

File photoFile photo

ਜ਼ਮੀਨ ਦੀ ਸਿਹਤ ਸੁਧਾਰਣ ਲਈ ਹਰੀ ਖਾਦ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਵਾਹ ਕੇ 20 ਕਿਲੋ ਜੰਤਰ ਦੇ ਬੀਜ ਨੂੰ 8 ਘੰਟੇ ਭਿਉਂ ਕੇ ਛੱਟੇ ਨਾਲ ਬੀਜ ਦੇਣਾ ਚਾਹੀਦਾ। ਜੰਤਰ ਜਾਂ ਹੋਰ ਫ਼ਸਲ ਦੇ ਵਾਧੇ ਦੇ ਨਾਲ-ਨਾਲ ਨਦੀਨਾਂ ਦੇ ਬੀਜ ਵੀ ਉੱਗ ਪੈਂਦੇ ਹਨ। ਇਸ ਤਰ੍ਹਾਂ ਝੋਨੇ ਦੀ ਲਵਾਈ ਤੋਂ 1-2 ਦਿਨ ਪਹਿਲਾਂ ਖੇਤ ਵਿਚ ਜੰਤਰ ਨੂੰ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਕੇ  ਹਰੀ ਖਾਦ ਤਿਆਰ ਕੀਤੀ ਜਾ ਸਕਦੀ ਹੈ ਜਿਸ ਨਾਲ ਝੋਨੇ ਦੀ ਫ਼ਸਲ ਨੂੰ ਪਾਈ ਜਾਣ ਵਾਲੀ ਯੂਰੀਆ ਖ਼ਾਦ ਦੀ ਤੀਜਾ ਹਿੱਸਾ ਘਟਾਇਆ ਜਾ ਸਕਦਾ ਹੈ। ਜੰਤਰ ਦੀ ਹਰੀ ਖਾਦ ਨਾਲ ਝੋਨੇ ਦੀ ਫ਼ਸਲ ਵਿਚ ਲੋਹੇ ਦੀ ਘਾਟ ਵੀ ਨਹੀਂ ਆਵੇਗੀ।

ਸੋ ਅਜਿਹਾ ਕਰਨ ਨਾਲ ਨਾ ਸਿਰਫ਼ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਆਵੇਗਾ ਤੇ ਕਣਕ ਦਾ ਨਾੜ ਵੀ ਗ਼ਲ ਜਾਵੇਗਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਇਸ ਸਾਲ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਜੰਤਰ ਦਾ ਬੀਜ 35/- ਪ੍ਰਤੀ ਕਿਲੋ  ਦਿਤਾ ਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚ ਜ਼ਮੀਨ ਦੀ ਵਿਗੜ ਰਹੀ ਸਿਹਤ ਤੇ ਵਾਤਾਵਰਣ ਨੂੰ ਖ਼ਰਾਬ ਹੋਣ ਤੋਂ ਬਚਾਈਏ। ਕਿਸਾਨਾਂ ਦੀ ਮੰਗ ਹੈ ਕਿ ਇਸੇ ਮਹੀਨੇ (ਮਈ) ਦੌਰਾਨ ਬਿਜਲੀ ਦੀ ਸਪਲਾਈ ਰੋਜ਼ਾਨਾ ਘੱਟੋ-ਘੱਟ 4 ਘੰਟੇ ਜਾਰੀ ਰਖਣੀ ਚਾਹੀਦੀ ਹੈ ਕਿਉਂਕਿ ਮੱਕੀ, ਮਾਂਹ, ਮੁੰਗੀ ਤੇ ਹਰੀ ਖਾਦ ਲਈ ਬੀਜੀ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ।

PaddyPaddy

ਜੇਕਰ ਇਸ ਸਮੇਂ ਦੌਰਾਨ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਨਹੀਂ ਰਹਿੰਦੀ ਤਾਂ ਮੱਕੀ, ਦਾਲਾਂ ਤੇ ਹਰੀ ਖਾਦ ਵਾਲੀ ਫ਼ਸਲ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਬਾਸਮਤੀ ਦੀ ਕਾਸ਼ਤ ਵਾਲੇ ਇਲਾਕਿਆਂ ਵਿਚ ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।  ਸੋ ਆਉ ਪ੍ਰਣ ਕਰੀਏ ਕਿ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਹਰੀ ਖਾਦ ਲਈ ਜੰਤਰ ਅਤੇ ਮੁੰਗੀ ਦੀ ਕਾਸ਼ਤ ਕਰਾਂਗੇ ਤਾਕਿ ਜ਼ਮੀਨ ਦੀ ਸਿਹਤ ਵਿਚ ਸੁਧਾਰ, ਆਮਦਨ ਵਿਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਅ ਸਕੀਏ ਤੇ ਮੌਜੂਦਾ ਸਾਫ਼ ਵਾਤਾਵਰਣ ਨੂੰ ਇਸੇ ਤਰ੍ਹਾਂ ਸਾਫ਼ ਰੱਖ ਸਕੀਏ।

ਸੰਪਰਕ : 94630-71919, ਡਾ. ਅਮਰੀਕ ਸਿੰਘ
ਭੌਂ-ਪਰਖ ਅਫ਼ਸਰ, ਪਠਾਨਕੋਟ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement