
ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਪ੍ਰੋ. ਮੋਹਨ ਸਿੰਘ ਦੀ ਕਵਿਤਾ ਨਾਲ ਹੀ ਹੁੰਦਾ ਹੈ।
ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਪ੍ਰੋ. ਮੋਹਨ ਸਿੰਘ ਦੀ ਕਵਿਤਾ ਨਾਲ ਹੀ ਹੁੰਦਾ ਹੈ। ਭਾਈ ਵੀਰ ਸਿੰਘ ਨੂੰ ਪਹਿਲਾ ਆਧੁਨਿਕ ਕਵੀ ਮੰਨ ਲਿਆ ਜਾਂਦਾ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਅੰਤਰਵਸਤੂ ਨੂੰ ਆਧੁਨਿਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਮੱਧਕਾਲ ਦੇ ਕਾਵਿ ਚਿੰਤਨ ਨੂੰ ਹੀ ਨਵੇਂ ਮੁਹਾਵਰੇ ਵਿਚ ਪੇਸ਼ ਕੀਤਾ ਹੈ। ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਕਵਿਤਾ ਦੀਆਂ ਦਹਿਲੀਜ਼ਾਂ ਟੱਪ ਕੇ ਨਵੀਂ ਵਿਸ਼ਵਵਿਆਪੀ ਚੇਤਨਾ ਨਾਲ ਪੰਜਾਬੀ ਪਾਠਕ ਜਗਤ ਨੂੰ ਜੋੜਿਆ। ਅੱਧੀ ਸਦੀ ਤੋਂ ਵਧੇਰੇ ਸਮਾਂ ਉਹ ਪੰਜਾਬੀ ਕਵਿਤਾ ਵਿਚ ਹੋਰਨਾਂ ਪ੍ਰਗਤੀਵਾਦੀ ਕਵੀਆਂ ਨਾਲ ਪ੍ਰਮੁੱਖ ਹਸਤੀ ਬਣੇ ਰਹੇ। ਫ਼ਾਰਸੀ ਦੀ ਉਨ੍ਹਾਂ ਦੀ ਜਾਣਕਾਰੀ ਨੇ ਪੰਜਾਬੀ ਕਵਿਤਾ ਵਿਚ ਉਰਦੂ-ਫ਼ਾਰਸੀ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ।
ਉਨ੍ਹਾਂ ਦੀਆਂ ਕੁੱਝ ਕਵਿਤਾਵਾਂ ਅਜਿਹੀਆਂ ਹਨ ਜੋ ਪੰਜਾਬੀ ਪਾਠਕਾਂ ਨੂੰ ਮੱਲੋ-ਮੱਲੀ ਯਾਦ ਹੋ ਗਈਆਂ ਹਨ ਜਿਵੇਂ ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ। ਮੋਹਨ ਸਿੰਘ 20 ਅਕਤੂਬਰ 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿਚ ਪੈਦਾ ਹੋਏ। ਉਨ੍ਹਾਂ ਦਾ ਜੱਦੀ ਪਿੰਡ ਰਾਵਲਪਿੰਡੀ ਨੇੜੇ ਧਮਿਆਲ ਹੈ। ਉਨ੍ਹਾਂ ਅੰਦਰਲੇ ਕਵੀ ਦੀ ਬਚਪਨ ਤੋਂ ਪ੍ਰਤੱਖ ਰੂਪ ਵਿਚ ਰੁਚੀ ਸਾਹਮਣੇ ਆਈ। ਉਸ ਨੇ ਅਮੀਰਾਂ ਨਾਲੋਂ ਗ਼ਰੀਬ ਲੋਕਾਂ ਦਾ ਸਾਥ ਵਧੇਰੇ ਮਾਣਿਆ। ਉਸ ਦੇ ਚਿਹਰੇ ਦੀ ਭਾਵੁਕਤਾ ਦੀ ਨੁਹਾਰ ਹੋਰ ਵੀ ਤਿਖੇਰੀ ਹੋ ਗਈ ਜਦੋਂ ਉਨ੍ਹਾਂ ਦੀ ਪਤਨੀ ਦੀ ਬੇਵਕਤੀ ਮੌਤ ਹੋ ਗਈ। ਉਨ੍ਹਾਂ ਉਸ ਸਮੇਂ ਤੋਂ ਲਿਖਣਾ ਅਰੰਭ ਦਿਤਾ। 3 ਮਈ 1978 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿਚ 'ਪੰਜ ਦਰਿਆ' ਦੀ ਪ੍ਰਕਾਸ਼ਨਾ ਇਕ ਬਹੁਤ ਹੀ ਮਹੱਤਵਪੂਰਨ ਘਟਨਾ ਸੀ। ਇਸ ਦੀ ਸ਼ੁਰੂਆਤ ਨਾਲ ਪੰਜਾਬੀ ਵਿਚ ਆਧੁਨਿਕ ਅਤੇ ਪ੍ਰਗਤੀਵਾਦੀ ਸਾਹਿਤਕ ਰਚਨਾਵਾਂ ਦੀਆਂ ਪ੍ਰਕਾਸ਼ਨਾਵਾਂ ਦਾ ਮੁੱਢ ਬਝਿਆ। ਪੰਜਾਬੀ ਸਾਹਿਤਕ ਪੱਤਰਕਾਰੀ ਵਿਚ ਅਗੱਸਤ 1939 ਦੇ ਅੰਕ ਨਾਲ 'ਪੰਜ ਦਰਿਆ' ਦਾ ਪ੍ਰਵੇਸ਼ ਹੁੰਦਾ ਹੈ। ਪ੍ਰੋ. ਮੋਹਨ ਸਿੰਘ ਇਸ ਦੇ ਸੰਪਾਦਕ ਸਨ। ਇਹ ਪੱਤਰ 1947 ਤਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਦੇਸ਼ ਵੰਡ ਦਾ ਸ਼ਿਕਾਰ ਹੋ ਕੇ ਇਹ ਪੱਤਰ ਕੁੱਝ ਸਮਾਂ ਬੰਦ ਰਿਹਾ ਅਤੇ ਮੁੜ ਜਨਵਰੀ 1949 ਵਿਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ।
File photo
ਕੁੱਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ। 2 ਅਪ੍ਰੈਲ 1964 ਦੇ ਅੰਕ ਵਿਚ ਮੋਹਨ ਸਿੰਘ ਦਾ ਆਖ਼ਰੀ ਸੰਪਾਦਕੀ 'ਦਰਿਆਵਾਂ ਦੇ ਮੋੜ' ਛਪਿਆ। ਪ੍ਰੋ: ਮੋਹਨ ਸਿੰਘ ਹੋਰਾਂ ਦੀ ਕਵਿਤਾ ਵਿਚ ਵੇਲਿਆਂ ਦਾ ਬਹੁਤ ਖ਼ੂਬਸੂਰਤ ਜ਼ਿਕਰ ਹੈ, ਸਵੇਰ ਦਾ, ਸ਼ਾਮ ਦਾ, ਰਾਤ ਦਾ। ਸਵੇਰ ਨੂੰ ਉਹ ਪੂਰਬ ਦੀ ਗੁਜਰੀ ਆਖਦੇ ਹਨ, ਜੋ ਚਾਨਣ ਦਾ ਦੁੱਧ ਰਿੜਕਦੀ ਹੈ ਜਿਸ ਦੀਆਂ ਛਿੱਟਾਂ ਦੂਰ ਦੂਰ ਉਡਦੀਆਂ ਹਨ। ਰਾਤ ਉਨ੍ਹਾਂ ਲਈ ਮੋਤੀਆਂ ਜੜੀ ਅਟਾਰੀ ਹੈ। ਸ਼ਾਮ ਦਾ ਜ਼ਿਕਰ ਖ਼ਾਸ ਕਰ ਕੇ ਉਨ੍ਹਾਂ ਦੀ ਕਵਿਤਾ ਵਿਚ ਬਹੁਤ ਦਿਲ-ਟੁੰਬਵਾਂ ਹੈ।
ਸ਼ਾਮ ਜਿਸ ਨੂੰ ਤਰਕਾਲਾਂ ਕਿਹਾ ਜਾਂਦਾ ਹੈ, ਜਦੋਂ ਤਿੰਨ ਕਾਲ ਮਿਲਦੇ ਹਨ, ਮਾਵਾਂ ਕਹਿੰਦੀਆਂ ਸਨ ਤਿੰਨ ਵੇਲਿਆਂ ਦਾ ਇਕ ਵੇਲਾ। ਪ੍ਰੋ: ਮੋਹਨ ਸਿੰਘ ਮਨ ਦੀਆਂ ਇਨ੍ਹਾਂ ਸਥਿਤੀਆਂ ਦਾ ਕਵੀ ਹੈ ਜਿੱਥੇ ਦਿਨ ਦਾ ਤਰਕ ਹੈ, ਰਾਤ ਦਾ ਰਹੱਸ ਹੈ, ਸ਼ਾਮ ਦੀ ਉਦਾਸੀ ਹੈ।
ਸ਼ਾਮ ਦੇ ਪਲਾਂ ਨੂੰ ਕਵੀ ਮੋਹਨ ਸਿੰਘ ਨੇ ਅਨੇਕਾਂ ਅਲੰਕਾਰਾਂ ਨਾਲ ਚਿਤਰਿਆ ਹੈ। ਕਿਸੇ ਕਵਿਤਾ ਵਿਚ ਰੱਬ ਘੁਮਿਆਰ ਸ਼ਾਮ ਵੇਲੇ ਧਰਤੀ ਤੇ ਘੁੰਮਦੇ ਚੱਕ ਉਤੋਂ ਸੂਰਜ ਦਾ ਭਾਂਡਾ ਉਤਾਰਦਾ ਹੈ, ਕਿਤੇ ਢਲਦਾ ਸੂਰਜ ਘਰਕਦੇ ਘੋੜੇ ਵਾਂਗ ਅਪਣੇ ਪੌੜਾਂ ਨਾਲ ਧੂੜ ਉਡਾਉਂਦਾ ਪੱਛਮ ਦੇ ਪੱਤਣਾਂ ਤੇ ਪਹੁੰਚਦਾ ਹੈ। ਕਿਸੇ ਕਵਿਤਾ ਵਿਚ ਸੂਰਜ ਸ਼ਿਵ ਦੇ ਪੁਜਾਰੀ ਵਾਂਗ ਠੀਕਰ ਵਿਚ ਦਘਦੇ ਅੰਗਿਆਰੇ ਪਾਈ ਲਿਜਾ ਰਿਹਾ ਹੈ। 3 ਮਈ, 1978 ਨੂੰ ਉਹ ਸਾਨੂੰ ਸਦਾ ਲਈ ਅਲਵਿਦਾ ਆਖ ਗਏ।