
ਅਸੀਂ ਅਪਣੇ ਪਿਆਰੇ ਬਾਪੂ ਦੀ 150ਵੀਂ ਜਯੰਤੀ ਦੇ ਸਮਾਰੋਹ ਦੀ ਸ਼ੁਰੂਆਤ ਕੀਤੀ ਹੈ.........
ਅਸੀਂ ਅਪਣੇ ਪਿਆਰੇ ਬਾਪੂ ਦੀ 150ਵੀਂ ਜਯੰਤੀ ਦੇ ਸਮਾਰੋਹ ਦੀ ਸ਼ੁਰੂਆਤ ਕੀਤੀ ਹੈ। ਉਹ ਦੁਨੀਆ ਭਰ ਵਿਚ ਲੱਖਾਂ-ਕਰੋੜਾਂ ਲੋਕਾਂ ਲਈ ਆਸ ਦੀ ਕਿਰਨ ਬਣੇ ਹੋਏ ਹਨ, ਜੋ ਬਰਾਬਰੀ, ਮਾਣ, ਸ਼ਮੂਲੀਅਤ ਅਤੇ ਸਸ਼ਕਤੀਕਰਨ ਦੀ ਜ਼ਿੰਦਗੀ ਦੇ ਚਾਹਵਾਨ ਹਨ। ਵਿਰਲੇ ਹੀ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਮਨੁੱਖੀ ਸਮਾਜ ਉੱਤੇ ਉਨ੍ਹਾਂ ਵਰਗਾ ਗਹਿਰਾ ਪ੍ਰਭਾਵ ਛੱਡਿਆ ਹੋਵੇ। ਮਹਾਤਮਾ ਗਾਂਧੀ ਨੇ ਭਾਰਤ ਨੂੰ ਸਹੀ ਅਰਥਾਂ ਵਿਚ ਸਿਧਾਂਤ ਅਤੇ ਕਾਰ-ਵਿਹਾਰ ਨਾਲ ਜੋੜਿਆ ਸੀ। ਜਿਵੇਂ ਕਿ ਸਰਦਾਰ ਪਟੇਲ ਨੇ ਬਿਲਕੁਲ ਸਹੀ ਕਿਹਾ, ''ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਅਜਿਹੀ ਕੋਈ ਹੋਰ ਧਰਤੀ ਨਹੀਂ ਜਿਥੇ ਸਾਡੇ ਵਰਗੀਆਂ ਵਿਭਿੰਨਤਾਵਾਂ ਹੋਣ।
ਜੇ ਕੋਈ ਇੱਕ ਵਿਅਕਤੀ ਹੈ ਜਿਸ ਨੇ ਕਿ ਹਰ ਇੱਕ ਨੂੰ ਇਕ ਥਾਂ ਲਿਆਂਦਾ ਹੈ, ਲੋਕਾਂ ਨੂੰ ਮਤਭੇਦਾਂ ਤੋਂ ਉੱਪਰ ਚੁੱਕਿਆ ਹੈ, ਬਸਤੀਵਾਦ ਦਾ ਮੁਕਾਬਲਾ ਕਰਨ ਲਈ ਅਤੇ ਵਿਸ਼ਵ ਵਿਚ ਭਾਰਤ ਦਾ ਮਾਣ ਵਧਾਉਣ ਲਈ, ਤਾਂ ਉਹ ਮਹਾਤਮਾ ਗਾਂਧੀ ਹੀ ਸਨ ਅਤੇ ਉਨ੍ਹਾਂ ਨੇ ਅਜਿਹਾ ਭਾਰਤ ਤੋਂ ਨਹੀਂ ਸਗੋਂ ਦੱਖਣੀ ਅਫ਼ਰੀਕਾ ਤੋਂ ਸ਼ੁਰੂ ਕੀਤਾ। ਬਾਪੂ ਅਗਾਂਹ ਵਲ ਦੇਖ ਸਕਦੇ ਸਨ ਅਤੇ ਵੱਡੀ ਤਸਵੀਰ ਨੂੰ ਸਮਝ ਸਕਦੇ ਸਨ। ਉਹ ਅਪਣੇ ਆਖਰੀ ਸਾਹ ਤਕ ਅਪਣੇ ਸਿਧਾਂਤਾਂ ਪ੍ਰਤੀ ਪ੍ਰਤੀਬੱਧ ਰਹੇ। 21ਵੀਂ ਸਦੀ ਵਿਚ ਵੀ ਮਹਾਤਮਾ ਗਾਂਧੀ ਦੇ ਵਿਚਾਰ ਓਨੇ ਹੀ ਲਾਜ਼ਮੀ ਹਨ
ਜਿੰਨੇ ਕਿ ਉਨ੍ਹਾਂ ਦੇ ਅਪਣੇ ਸਮੇਂ ਵਿਚ ਸਨ ਅਤੇ ਉਨ੍ਹਾਂ ਨੇ ਦੁਨੀਆ ਸਾਹਮਣੇ ਮੌਜੂਦ ਕਈ ਸਮੱਸਿਆਵਾਂ ਦਾ ਹੱਲ ਪੇਸ਼ ਕੀਤਾ। ਇਕ ਅਜਿਹੀ ਦੁਨੀਆ, ਜਿਥੇ ਦਹਿਸ਼ਤਵਾਦ, ਕੱਟੜਪੰਥ, ਅਤਿਵਾਦ ਅਤੇ ਵਿਚਾਰਹੀਨ ਨਫਰਤ ਦੇਸ਼ਾਂ ਅਤੇ ਸਮਾਜਾਂ ਨੂੰ ਵੰਡ ਰਹੇ ਹਨ, ਮਹਾਤਮਾ ਗਾਂਧੀ ਦੇ ਸ਼ਾਂਤੀ ਅਤੇ ਅਹਿੰਸਾ ਦੇ ਸੱਦੇ ਵਿਚ ਮਨੁੱਖਤਾ ਨੂੰ ਜੋੜਨ ਦੀ ਸ਼ਕਤੀ ਹੈ। ਅਜਿਹੇ ਸਮੇਂ ਜਿਥੇ ਅਸਮਾਨਤਾਵਾਂ ਹੋਣਾ ਸੁਭਾਵਿਕ ਹੈ, ਬਾਪੂ ਦਾ ਸਮਾਨਤਾ ਅਤੇ ਸਮਾਵੇਸ਼ੀ ਵਿਕਾਸ ਦਾ ਸਿਧਾਂਤ ਵਿਕਾਸ ਦੇ ਆਖਰੀ ਪਾਏਦਾਨ 'ਤੇ ਰਹਿ ਰਹੇ ਲੱਖਾਂ ਲੋਕਾਂ ਲਈ ਖੁਸ਼ਹਾਲੀ ਦੇ ਇਕ ਯੁੱਗ ਦਾ ਅਰੰਭ ਕਰ ਸਕਦਾ ਹੈ।
ਇਕ ਅਜਿਹੇ ਸਮੇਂ ਜਦੋਂ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੀ ਰਖਿਆ ਦਾ ਵਿਸ਼ਾ ਚਰਚਾ ਦੇ ਕੇਂਦਰ ਬਿੰਦੂ ਵਿਚ ਹੈ, ਦੁਨੀਆ ਨੂੰ ਗਾਂਧੀ ਜੀ ਦੇ ਵਿਚਾਰਾਂ ਤੋਂ ਸਹਾਰਾ ਮਿਲ ਸਕਦਾ ਹੈ। ਇਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ 1909 ਵਿਚ ਉਨ੍ਹਾਂ ਨੇ ਮਨੁੱਖੀ ਲੋੜਾਂ ਅਤੇ ਮਨੁੱਖੀ ਲਾਲਚ ਵਿਚ ਫਰਕ ਦਸਿਆ। ਉਨ੍ਹਾਂ ਨੇ ਕੁਦਰਤੀ ਸੋਮਿਆਂ ਦੀ ਵਰਤੋਂ ਕਰਨ ਵੇਲੇ ਸੰਜਮ ਅਤੇ ਦਇਆ ਤੋਂ ਕੰਮ ਲੈਣ ਲਈ ਕਿਹਾ ਅਤੇ ਇਸ ਸਬੰਧ ਵਿਚ ਉਨ੍ਹਾਂ ਨੇ ਅਜਿਹਾ ਕਰਕੇ ਉਦਾਹਰਣ ਵੀ ਪੇਸ਼ ਕੀਤੀ। ਉਨ੍ਹਾਂ ਨੇ ਅਪਣੇ ਪਖਾਨੇ ਦੀ ਸਫਾਈ ਕੀਤੀ ਅਤੇ ਵਾਤਾਵਰਣ ਦੀ ਸਵੱਛਤਾ ਨੂੰ ਯਕੀਨੀ ਬਣਾਇਆ।
ਉਨ੍ਹਾਂ ਨੇ ਪਾਣੀ ਦੀ ਬਹੁਤ ਘੱਟ ਵਰਤੋਂ ਯਕੀਨੀ ਬਣਾਈ ਅਤੇ ਜਦੋਂ ਉਹ ਅਹਿਮਦਾਬਾਦ ਵਿਚ ਸਨ ਤਾਂ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦਾ ਪੂਰਾ ਧਿਆਨ ਰਖਿਆ ਕਿ ਦੂਸ਼ਿਤ ਪਾਣੀ ਸਾਬਰਮਤੀ ਦੇ ਪਾਣੀ ਵਿਚ ਨਾ ਮਿਲੇ। ਕੁਝ ਹੀ ਸਮਾਂ ਪਹਿਲਾਂ ਮਹਾਤਮਾ ਗਾਂਧੀ ਵਲੋਂ ਲਿਖੀ ਇਕ ਸਾਰਗਰਭਿਤ, ਸਮੁੱਚੇ ਅਤੇ ਸੰਖੇਪ ਲੇਖ ਨੇ ਮੇਰਾ ਧਿਆਨ ਖਿੱਚਿਆ। 1941 ਵਿਚ ਬਾਪੂ ਨੇ 'ਉਸਾਰੂ ਪ੍ਰੋਗਰਾਮ - ਇਸ ਦਾ ਅਰਥ ਅਤੇ ਸਥਾਨ' ਨਾਮ ਦਾ ਇਕ ਲੇਖ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ 1945 ਵਿਚ ਮੁੜ ਉਸ ਵੇਲੇ ਸੁਧਾਰਿਆ ਜਦੋਂ ਉਥੇ ਅਜ਼ਾਦੀ ਦੇ ਅੰਦੋਲਨ ਨੂੰ ਲੈ ਕੇ ਨਵਾਂ ਉਤਸ਼ਾਹ ਸੀ।
ਇਸ ਦਸਤਾਵੇਜ਼ ਵਿਚ ਬਾਪੂ ਨੇ ਵੱਖ ਵੱਖ ਵਿਸ਼ਿਆਂ, 'ਤੇ ਚਰਚਾ ਕੀਤੀ ਜਿਨ੍ਹਾਂ ਵਿਚ ਗ੍ਰਾਮੀਣ ਵਿਕਾਸ, ਖੇਤੀਬਾੜੀ ਦੀ ਮਜ਼ਬੂਤੀ, ਸਾਫ-ਸਫਾਈ ਨੂੰ ਹੁਲਾਰਾ ਦੇਣਾ, ਖਾਦੀ ਨੂੰ ਉਤਸ਼ਾਹਿਤ ਕਰਨਾ, ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਸਮਾਨਤਾ ਸਮੇਤ ਹੋਰ ਮੁੱਦੇ ਵੀ ਸ਼ਾਮਲ ਸਨ। ਮੈਂ ਅਪਣੇ ਸਾਥੀ ਭਾਰਤੀਆਂ ਨੂੰ ਤਾਕੀਦ ਕਰਾਂਗਾ ਕਿ ਉਹ ਗਾਂਧੀ ਜੀ ਦੇ ''ਉਸਾਰੂ ਪ੍ਰੋਗਰਾਮ'' ਨੂੰ ਪੜ੍ਹਨ (ਇਹ ਵੱਡੇ ਪੱਧਰ 'ਤੇ ਔਨਲਾਈਨ ਅਤੇ ਔਫਲਾਈਨ ਅਸਾਨੀ ਨਾਲ ਉਪਲੱਬਧ ਹੈ) ਅਸੀਂ ਕਿਵੇਂ ਬਾਪੂ ਦੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ ਇਸ ਕਾਰਜ ਲਈ ਇਸ ਨੂੰ ਮਾਰਗ ਦਰਸ਼ਕ ਬਣਾਈਏ।
ਉਸਾਰੂ ਪ੍ਰੋਗਰਾਮ' ਵਿਚ ਕਈ ਅਜਿਹੇ ਵਿਸ਼ੇ ਹਨ ਜੋ ਅੱਜ ਵੀ ਪੂਰੀ ਤਰ੍ਹਾਂ ਪ੍ਰਾਸੰਗਿਕ ਹਨ ਅਤੇ ਭਾਰਤ ਸਰਕਾਰ ਅਜਿਹੇ ਕਈ ਨੁਕਤਿਆਂ ਨੂੰ ਪੂਰਾ ਕਰ ਰਹੀ ਹੈ ਜੋ ਕਿ ਬਾਪੂ ਨੇ ਸੱਤ ਦਹਾਕੇ ਪਹਿਲਾਂ ਉਠਾਏ ਸਨ ਅਤੇ ਅੱਜ ਤਕ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਗਾਂਧੀ ਜੀ ਦੀ ਸ਼ਖਸੀਅਤ ਦੇ ਬਹੁਤ ਸੁੰਦਰ ਪਹਿਲੂਆਂ ਵਿਚੋਂ ਇਕ ਇਹ ਸੀ ਕਿ ਉਨ੍ਹਾਂ ਨੇ ਹਰ ਭਾਰਤੀ ਨੂੰ ਇਹ ਮਹਿਸੂਸ ਕਰਵਾਇਆ ਕਿ ਉਹ ਭਾਰਤ ਦੀ ਅਜ਼ਾਦੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਵੈ -ਵਿਸ਼ਵਾਸ ਦੀ ਭਾਵਨਾ ਲੋਕਾਂ ਵਿਚ ਭਰੀ ਕਿ ਇਕ ਅਧਿਆਪਕ, ਵਕੀਲ, ਡਾਕਟਰ, ਕਿਸਾਨ, ਮਜ਼ਦੂਰ, ਉੱਦਮੀ, ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਕੁਝ ਕਰ ਰਿਹਾ ਹੈ,
ਉਹ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਪਾ ਰਿਹਾ ਹੈ। ਉਸੇ ਸੰਦਰਭ ਵਿਚ, ਅੱਜ ਸਾਨੂੰ ਉਨ੍ਹਾਂ ਪਹਿਲੂਆਂ ਨੂੰ ਗਲੇ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਉਨ੍ਹਾਂ ਨੂੰ ਅਪਣਾਕੇ ਅਸੀਂ ਗਾਂਧੀ ਜੀ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਇਸ ਦੀ ਸ਼ੁਰੂਆਤ ਬਹੁਤ ਹੀ ਸਾਦਾ ਢੰਗ ਨਾਲ ਹੋ ਸਕਦੀ ਹੈ ਅਤੇ ਉਹ ਹੈ ਭੋਜਨ ਦੀ ਬਰਬਾਦੀ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਤਾਕਿ ਅਹਿੰਸਾ ਅਤੇ ਇਕਮੁੱਠ ਰਹਿਣ ਦੀਆਂ ਕਦਰਾਂ-ਕੀਮਤਾਂ ਦੀ ਪੂਰਤੀ ਹੋ ਸਕੇ। ਤਿਉਹਾਰਾਂ ਦਾ ਮੌਸਮ ਆ ਗਿਆ ਹੈ ਅਤੇ ਦੇਸ਼ ਭਰ ਦੇ ਲੋਕ ਨਵੇਂ ਕਪੜਿਆਂ, ਤੋਹਫਿਆਂ, ਖੁਰਾਕੀ ਵਸਤਾਂ ਅਤੇ ਹੋਰ ਵਸਤਾਂ ਦੀ ਖਰੀਦ ਕਰਨਗੇ।
ਅਜਿਹਾ ਕਰਦੇ ਸਮੇਂ ਗਾਂਧੀ ਜੀ ਦੇ ਉਨ੍ਹਾਂ ਸਿਆਣਪ ਭਰੇ ਵਿਚਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਕਿ ਉਨ੍ਹਾਂ ਨੇ ਤਵੀਤ '' ਦੇ ਰੂਪ ਵਿਚ ਸਾਨੂੰ ਦਿਤੇ। ਸਾਨੂੰ ਅਪਣੇ ਕਾਰਜਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਹ ਖੁਸ਼ਹਾਲੀ ਦਾ ਦੀਵਾ ਸਾਡੇ ਸਾਥੀ ਭਾਰਤੀਆਂ ਵਿਚ ਜਗਾ ਸਕਦੇ ਹਨ। ਜੋ ਉਹ ਬਣਾਉਂਦੇ ਹਨ, ਉਸ ਨੂੰ ਖਰੀਦਣਾ ਚਾਹੀਦਾ ਹੈ ਭਾਵੇਂ ਉਹ ਖਾਦੀ ਉਤਪਾਦ ਹੋਣ ਜਾਂ ਕੋਈ ਤੋਹਫੇ ਵਿਚ ਦੇਣ ਵਾਲੀ ਚੀਜ਼ ਜਾਂ ਖਾਣ-ਪੀਣ ਦਾ ਸਮਾਨ ਹੋਵੇ।
ਅਸੀਂ ਸ਼ਾਇਦ ਉਨ੍ਹਾਂ ਨੂੰ ਪਹਿਲਾਂ ਨਾ ਦੇਖਿਆ ਹੋਵੇ ਜਾਂ ਅਪਣੇ ਬਾਕੀ ਜੀਵਨ ਵਿਚ ਵੀ ਅਜਿਹਾ ਨਾ ਕਰ ਸਕੀਏ ਪਰ ਬਾਪੂ ਸਾਡੇ ਤੇ ਮਾਣ ਮਹਿਸੂਸ ਕਰਨਗੇ ਕਿ ਆਪਣੇ ਕਾਰਜਾਂ ਰਾਹੀਂ ਅਸੀਂ ਸਾਥੀ ਭਾਰਤੀਆਂ ਦੀ ਮਦਦ ਕਰ ਰਹੇ ਹਾਂ। 'ਸਵੱਛ ਭਾਰਤ ਮਿਸ਼ਨ' ਮਾਣ ਅਤੇ ਬਿਹਤਰ ਭਵਿੱਖ ਲਈ ਹੈ। ਇਹ ਕਰੋੜਾਂ ਭਾਰਤੀ ਔਰਤਾਂ ਲਈ ਸ਼ੁਭ ਸੰਕੇਤ ਹੈ ਕਿ ਉਨ੍ਹਾਂ ਨੂੰ ਹਰ ਸਵੇਰੇ ਪਖਾਨੇ ਜਾਣ ਲਈ ਚਿਹਰਾ ਢਕਕੇ ਖੁੱਲ੍ਹੀ ਥਾਂ 'ਤੇ ਜਾਣ ਤੋਂ ਮੁਕਤੀ ਮਿਲ ਗਈ ਹੈ ਅਤੇ ਉਨ੍ਹਾਂ ਭਾਰਤੀ ਬੱਚਿਆਂ ਲਈ ਵੀ ਸ਼ੁਭ ਸੰਕੇਤ ਹੈ ਜੋ ਕਿ ਸਫਾਈ ਦੀ ਅਣਹੋਂਦ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਸਨ।
ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਇਕ ਦਿਵਯਾਂਗ ਭਰਾ ਨੇ ''ਮਨ ਕੀ ਬਾਤ'' ਪ੍ਰੋਗਰਾਮ ਦੌਰਾਨ ਮੇਰੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦਸਿਆ ਕਿ ਉਹ ਦੋਹਾਂ ਅੱਖਾਂ ਤੋਂ ਦੇਖ ਨਹੀਂ ਸਕਦਾ ਅਤੇ ਕਿਵੇਂ ਉਸ ਦੇ ਘਰ ਵਿੱਚ ਬਣੇ ਪਖਾਨੇ ਨੇ ਉਸ ਦੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀ ਲਿਆਂਦੀ ਹੈ। ਉਸ ਵਰਗੇ ਕਈ ਦਿਵਯਾਂਗ ਭੈਣਾਂ ਅਤੇ ਭਰਾ ਹਨ ਜੋ ਕਿ ਜਨਤਕ ਖੁੱਲ੍ਹੀਆਂ ਥਾਵਾਂ 'ਤੇ ਪਖਾਨਾ ਕਰਨ ਜਾਣ ਵਿਚ ਕਾਫੀ ਪ੍ਰੇਸ਼ਾਨੀ ਮਹਿਸੂਸ ਕਰਦੇ ਸਨ।
ਉਸ ਤੋਂ ਜੋ ਅਸ਼ੀਰਵਾਦ ਮੈਨੂੰ ਮਿਲਿਆ ਹੈ, ਉਹ ਮੇਰੀਆਂ ਯਾਦਾਂ ਵਿਚ ਰਹੇਗਾ। ਅੱਜ, ਸਾਡੇ ਕੋਲ ਬਾਪੂ ਦੇ ਸੁਪਨੇ ਨੂੰ ਪੂਰਾ ਕਰਨ ਦਾ ਵੱਡਾ ਮੌਕਾ ਹੈ। ਅਸੀਂ ਕਾਫੀ ਰਾਹ ਤੈਅ ਕਰ ਲਿਆ ਹੈ ਅਤੇ ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਹੋਰ ਪੈਂਡਾ ਤੈਅ ਕਰਨ ਵਿਚ ਸਫਲ ਹੋਵਾਂਗੇ।