
ਇਕ ਕੀਮਤੀ ਚੀਜ਼ ਜੋ ਕਿ ਪਿੰਡਾਂ ਵਿਚ ਹੁਣ ਆਖ਼ਰੀ ਸਾਹਾਂ 'ਤੇ ਹੈ, ਉਹ ਹਨ ਪਿੰਡਾਂ ਦੇ ਬਜ਼ੁਰਗ।
ਵੈਸੇ ਤਾਂ ਪਿੰਡਾਂ ਦੀਆਂ ਅਪਣੀਆਂ ਹੀ ਬੜੀਆਂ ਖ਼ੂਬੀਆਂ ਹੁੰਦੀਆਂ ਹਨ। ਖੁਲ੍ਹਾ ਰਹਿਣ—ਸਹਿਣ, ਦੇਸੀ ਚੀਜ਼ਾਂ ਖਾਣ ਨੂੰ, ਸ਼ੁੱਧ ਹਵਾ ਤੇ ਸਿੱਧੇ-ਸਾਧੇ ਲੋਕ। ਪਰ ਹੁਣ 15-16 ਸਾਲਾਂ ਤੋਂ ਲਗਾਤਾਰ ਮਾਹੌਲ ਬਦਲਦਾ ਜਾ ਰਿਹਾ ਹੈ। ਜ਼ਮਾਨੇ ਦੀ ਬਦਲੀ ਆਬੋ-ਹਵਾ ਦਾ ਜ਼ਹਿਰੀ ਅਸਰ ਪਿੰਡਾਂ ਦੇ ਰਹਿਣ-ਸਹਿਣ 'ਤੇ ਵੀ ਪਿਆ ਹੈ। ਹੁਣ ਨਾ ਉਹ ਖਾਣ-ਪੀਣ ਰਹੇ, ਨਾ ਉਹ ਪਹਿਰਾਵੇ ਰਹੇ, ਨਾ ਉਹ ਖੇਡਾਂ ਅਤੇ ਨਾ ਹੀ ਸਿਧੇ-ਸਾਧੇ ਲੋਕ ਰਹੇ। ਹੁਣ ਤਾਂ ਸਾਡੇ ਪਿੰਡਾਂ ਵਾਲੇ ਲੋਕ ਵੀ ਜਲੇਬੀ ਵਰਗੇ ਸਿੱਧੇ ਹੋ ਗਏ ਹਨ।
ਇਕ ਕੀਮਤੀ ਚੀਜ਼ ਜੋ ਕਿ ਪਿੰਡਾਂ ਵਿਚ ਹੁਣ ਆਖ਼ਰੀ ਸਾਹਾਂ 'ਤੇ ਹੈ, ਉਹ ਹਨ ਪਿੰਡਾਂ ਦੇ ਬਜ਼ੁਰਗ। ਕੁੜਤੇ-ਚਾਦਰੇ ਪਾਉਣੇ, ਟੌਰਾ ਛੱਡ ਕੇ ਪੱਗਾਂ ਬੰਨ੍ਹਣ ਵਾਲੇ ਤੇ ਸਾਰਾ ਦਿਨ ਸੱਥਾਂ ਵਿਚ ਤਾਸ਼ ਕੁੱਟਣ ਵਾਲੇ ਤੇ ਗੱਲਾਂ-ਬਾਤਾਂ ਨਾਲ ਟਾਈਮ ਪਾਸ ਕਰਨ ਵਾਲੇ ਬਜ਼ੁਰਗ। ਅਜਿਹੀਆਂ ਖ਼ੂਬੀਆਂ ਵਾਲੇ ਬਜ਼ੁਰਗ ਹੁਣ ਹਰ ਪਿੰਡ ਵਿਚ ਹੀ ਟਾਵੇਂ-ਟਾਵੇਂ ਬਚੇ ਹਨ। ਨਹੀਂ ਤਾਂ ਅੱਜ-ਕਲ੍ਹ ਬਜ਼ੁਰਗ ਵੀ ਜਾਂ ਤਾਂ ਟੈਲੀਵਿਜ਼ਨ ਅਗੋਂ ਨਹੀਂ ਉਠਦੇ ਜਾਂ ਇਨ੍ਹਾਂ ਨੂੰ ਵੀ ਟੱਚ ਸਕਰੀਨ ਵਾਲੇ ਮੋਬਾਈਲਾਂ ਦਾ ਚਸਕਾ ਪੈ ਗਿਆ ਹੈ। ਜੇ ਉਹ ਸੱਥਾਂ ਵਿਚ ਜਾਣਗੇ ਵੀ ਤਾਂ ਉਥੇ ਜਾਂ ਤਾਂ ਗੱਲਾਂ ਦਾ ਕੜਾਹ ਬਣਾ ਧਰਨਗੇ ਜਾਂ ਫਿਰ ਅਪਣੀ ਰਾਜਨੀਤਕ ਪਾਰਟੀ ਦਾ ਢੰਡੋਰਾ ਪਿੱਟ ਕੇ ਮੁੜ ਆਉਣਗੇ।
Village old man
ਸੱਚ ਪੁੱਛੋ ਤਾਂ ਅੱਜ-ਕਲ੍ਹ ਬਜ਼ੁਰਗਾਂ ਮੂੰਹੋਂ ਵੀ ਉਹ ਸਿਖਿਆਦਾਇਕ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ। ਬੱਸ ਮੋਦੀ, ਕੈਪਟਨ, ਬਾਦਲ। ਪਤਾ ਨਹੀਂ ਵਕਤ ਬਦਲ ਗਿਆ ਹੈ, ਜ਼ਮਾਨੇ ਦੀ ਆਬੋ-ਹਵਾ ਬਦਲ ਗਈ ਹੈ, ਅਸੀ ਬਦਲ ਗਏ ਹਾਂ ਜਾਂ ਫਿਰ ਬਦਲੇ ਜਾਣ ਦਾ ਢੋਂਗ ਕਰ ਰਹੇ ਹਾਂ। ਮੇਰੇ ਪਿੰਡ ਦੇ ਕੁੱਝ ਕੁ ਨਾ ਭੁੱਲਣਯੋਗ ਸਿਧੇ-ਸਾਧੇ ਬਾਬਿਆਂ ਦੀਆਂ ਗੱਲਾਂ ਦਸਣ ਜਾ ਰਿਹਾ ਹਾਂ, ਜਿਨ੍ਹਾਂ ਨਾਲ ਖੇਡ ਕੇ, ਸ਼ਰਾਰਤਾਂ ਕਰ ਕੇ ਅਸੀ ਵੱਡੇ ਹੋਏ ਹਾਂ। ਗੱਲਾਂ ਅੱਜ ਤੋਂ 25-26 ਸਾਲ ਪਹਿਲਾਂ ਦੀਆਂ ਹਨ ਜਦੋਂ ਮੇਰੀ ਉਮਰ 10-12 ਸਾਲਾਂ ਦੀ ਸੀ।
ਸੱਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਬੇ ਠਾਣੇ ਦੀ, ਬਾਬੇ ਠਾਣਾ, ਬਾਬਾ ਠੂਠਾ, ਬਾਬਾ ਇੰਦਰ ਵੈਦ ਤੇ ਭੋਲਾ ਸਾਧ ਦੀ ਮੌਤ ਲਗਭਗ 2006-07 ਵਿਚ ਹੋਈ। ਬਾਬੇ ਠਾਣੇ ਨੂੰ ਤਾਸ਼ ਖੇਡਣ ਦਾ ਬੜਾ ਸ਼ੌਕ ਸੀ। ਸਰਾਂ ਬੋਲ ਅਤੇ ਗੋਲੀਆਂ ਨਾਲ ਬੂਟ ਲਾ ਬਾਬੇ ਦੀਆਂ ਮਨਪਸੰਦ ਖੇਡਾਂ ਸਨ। ਅਸੀ ਸਾਰੇ ਮਾਕੋ, ਮਨਪੀਤਾ, ਜੈਲਾ, ਜੀਤ, ਗੁੰਦਰੀ, ਕੇਵਲੀ, ਦਰਸ਼ੀ, ਤਾਰੀ, ਜੀਤਾ, ਗੁਰੀ, ਬਲਜਿੰਦਰ ਪੰਜਾਰਾ, ਜਸਕਰਨਾ, ਨਿੱਕਾ, ਸੇਵਕ, ਰਾਜਾ, ਮੱਖਣ, ਬਲਕਰਨ ਆਦਿ ਸਾਰੇ 10 ਤੋਂ 18 ਸਾਲ ਦੇ ਵਿਚਕਾਰ ਹੁੰਦੇ ਸਾਂ ਅਤੇ ਬਾਬੇ ਦੀ ਉਮਰ ਉਦੋਂ ਲਗਭਗ 70-75 ਸਾਲ ਦੀ ਸੀ। ਵੱਡੀ ਉਮਰ ਦਾ ਜਵਾਕ ਸਾਡੇ ਨਾਲ ਸਿਰਫ਼ ਬਾਬਾ ਠਾਣਾ ਹੀ ਹੁੰਦਾ ਸੀ। ਉਦੋਂ ਤਾਂ ਬਾਬੇ ਨਾਲ ਕਈ ਵਾਰ ਲੜ ਵੀ ਪੈਂਦੇ ਪਰ ਹੁਣ ਉਹ ਸਿਧਾ-ਸਾਧਾ ਬਾਬਾ ਬੜਾ ਯਾਦ ਆਉਂਦਾ ਹੈ।
Village old man
ਜਦੋਂ ਆਥਣ ਵੇਲੇ ਤਾਸ਼ ਤੇ ਗੋਲੀਆਂ ਨਾਲ ਬੂਟ ਲਾ ਖੇਡਣ ਲਗਦੇ, ਉਦੋਂ ਹੀ ਬਾਬਾ ਠਾਣਾ ਆ ਜਾਂਦਾ। ਬਾਬੇ ਦੀ ਪਹਿਲੀ ਖ਼ੂਬੀ ਇਹ ਸੀ ਕਿ ਉਹ ਭਾਵੇਂ ਗੋਲੀਆਂ ਜਿੱਤਦਾ ਜਾਂ ਹਾਰਦਾ ਪਰ ਅਗਲੇ ਦਿਨ ਖ਼ਾਲੀ ਹੱਥ ਹੀ ਆਉਂਦਾ ਅਤੇ ਆਉਂਦਿਆਂ ਹੀ ਜੋ ਬੂਟ ਵਿਚ 10-12 ਗੋਲੀਆਂ ਹੁੰਦੀਆਂ, ਉਨ੍ਹਾਂ ਨੂੰ ਚੁੱਕ ਕੇ ਕਹਿ ਦਿੰਦਾ ਕਿ ਮੈਂ ਬੂਟ ਖਿੱਚ ਲਿਆ। ਬੂਟ ਖਿੱਚਣ ਦਾ ਮਤਲਬ ਕਿ ਜੋ ਗੋਲੀਆਂ ਇਕ-ਇਕ ਕਰ ਕੇ ਸਾਰੇ ਖਿਡਾਰੀਆਂ ਨੇ ਖੇਡ 'ਚ ਲਾਈਆਂ ਹੁੰਦੀਆਂ ਉਹ ਚੁੱਕ ਲੈਣੀਆਂ ਅਤੇ ਇੰਝ ਖੇਡ ਵਿਚ ਬਾਬੇ ਦੀ ਸ਼ਮੂਲੀਅਤ ਹੋ ਜਾਂਦੀ। ਪਰ ਕਈ ਵਾਰ ਕੋਈ ਅੜਭ ਟੱਟੂ ਜੀਤਾ ਜਾਂ ਮਨਪੀਤਾ ਕਹਿ ਦਿੰਦੇ ਕਿ ਅਸੀ ਬੂਟ ਨਹੀਂ ਚੁੱਕਣ ਦਿੰਦੇ, ਜਾਂ ਤਾਂ ਕੱਲ੍ਹ ਵਾਲੀਆਂ ਗੋਲੀਆਂ ਲਿਆ, ਜੋ ਜਿੱਤ ਕੇ ਗਿਆ ਸੀ ਜਾਂ ਫਿਰ ਇਕ ਰੁਪਿਆ ਬੂਟ 'ਚ ਲਾ।
ਇਕ ਰੁਪਏ ਦੀਆਂ ਉਦੋਂ 40 ਗੋਲੀਆਂ ਆ ਜਾਂਦੀਆਂ ਸਨ ਜੋ ਕਿ ਹੁਣ ਸਿਰਫ਼ 8 ਹੀ ਆਉਂਦੀਆਂ ਹਨ। ਫਿਰ ਮਜਬੂਰੀ ਵਸ ਬਾਬੇ ਨੂੰ ਕਈ ਵਾਰ ਬੂਟ 'ਚ ਰੁਪਿਆ ਜਾਂ ਅਠਿਆਨੀ ਧਰਨੀ ਪੈ ਜਾਂਦੀ। ਪਰ ਜੋ ਉਸ ਤੋਂ ਬੂਟ 'ਚ ਪੈਸੇ ਧਰਾਉਂਦਾ ਬਾਬਾ ਉਸ ਦਿਨ ਉਸ ਦੀ ਜਾਨ ਦਾ ਖੌਅ ਬਣ ਜਾਂਦਾ। ਕਹਿੰਦਾ ਕਿ ਮੈਂ ਵੀ ਤੈਥੋਂ ਨਕਦ ਗੋਲੀਆਂ ਧਰਾਊਂ। ਉਧਾਰ ਇਕ ਗੋਲੀ ਦਾ ਵੀ ਨਹੀਂ ਕਰਦਾ ਪਰ ਜ਼ਿਆਦਾਤਰ ਹੁੰਦਾ ਇਹ ਕਿ ਬਾਬਾ ਹਾਰ ਜਾਂਦਾ। ਫਿਰ ਬਾਬਾ ਚੰਗੀ ਭਲੀ ਚੱਲ ਰਹੀ ਖੇਡ 'ਚ ਉਧਮੂਲ ਚੁੱਕ ਦਿੰਦਾ। ਕਹਿੰਦਾ ਇੰਝ ਨਹੀਂ, ਹੁਣ 5 ਬਾਜ਼ੀਆਂ ਸੁੱਚੀ ਦੀਆਂ ਤੇ 5 ਬਾਜੀਆਂ ਕਣੂਏ ਦੀਆਂ। ਭਾਵੇਂ ਸਾਰੇ ਜਾਣੇ ਕਹਿ ਦਿੰਦੇ ਕਿ ਜੋ ਖੇਡ ਚੱਲ ਰਹੀ ਹੈ ਸੁੱਚੀ ਭਾਵੇਂ ਕਣੂਆ, ਉਹੋ ਚਲਦੀ ਰਹਿਣ ਦਿਉ ਪਰ ਬਾਬਾ ਇਕ ਨਾ ਮੰਨਦਾ। ਬਾਬਾ ਅਪਣੀ ਜ਼ਿਦ ਪੁਗਾ ਕੇ ਹਟਦਾ।
Village old man
ਫਿਰ ਚਲਦੀਆਂ 5 ਸੁੱਚੀ ਅਤੇ 5 ਕਣੂਏ ਦੀਆਂ ਬਾਜੀਆਂ। ਕਈ ਵਾਰ ਬਾਬਾ ਜਦੋਂ ਜਿੱਤਣ ਲੱਗ ਜਾਂਦਾ ਤਾਂ ਅਸੀ 2-3 ਜਣੇ ਪੱਤੇ ਵਟਾ ਲੈਂਦੇ ਕਿਉਂਕਿ ਸੱਭ ਨੂੰ ਡਰ ਹੁੰਦਾ ਸੀ ਕਿ ਜੇ ਬਾਬਾ ਸਾਰੀਆਂ ਗੋਲੀਆਂ ਜਿੱਤ ਕੇ ਲੈ ਗਿਆ ਤਾਂ ਇਹ ਸਾਰੀਆਂ ਘਰ ਜਮ੍ਹਾਂ ਕਰ ਆਵੇਗਾ ਅਤੇ ਫਿਰ ਕੱਲ੍ਹ ਨੂੰ ਆ ਕੇ ਬੂਟ ਖਿੱਚੇਗਾ। ਇਸੇ ਡਰੋਂ ਜੇ ਕਿਸੇ ਦੂਜੇ ਨੂੰ ਪਤਾ ਚੱਲ ਵੀ ਜਾਂਦਾ ਤਾਂ ਉਹ ਨਾ ਬੋਲਦਾ ਅਤੇ ਬਾਬੇ ਵਿਚਾਰੇ ਨੂੰ ਭੋਰਾ ਪਤਾ ਨਾ ਚਲਦਾ। ਪਰ ਦਿਲ ਦਾ ਬਾਬਾ ਜਮ੍ਹਾਂ ਸਾਫ਼ ਸੀ। ਬਸ ਟਾਈਮ ਪਾਸ ਲਈ ਖੇਡਦਾ ਅਤੇ ਉਹਦੇ ਨਾਲ ਅਸੀ 15-20 ਜਣੇ ਖੇਡ ਵਿਚ ਲੱਗੇ ਰਹਿੰਦੇ। ਗਰਮੀ ਰੁੱਤੇ ਛੱਪੜ ਕਿਨਾਰੇ ਸੱਭ ਤੋਂ ਪਹਿਲਾਂ ਆ ਕੇ ਉਹੀ ਮੰਜਾ ਡਾਹੁੰਦਾ ਅਤੇ ਪਾਣੀ ਵੀ ਛਿੜਕ ਦਿੰਦਾ ਤਾਂ ਜੋ ਠੰਢੀ ਹਵਾ ਆਉਂਦੀ ਰਹੇ। ਬਾਬੇ ਦੇ ਮਰਨ ਤੋਂ 2-3 ਸਾਲ ਪਹਿਲਾਂ ਮੈਂ ਇਕ ਵਾਰ ਤਾਸ਼ ਖੇਡਦਾ ਬਾਬੇ ਨਾਲ ਲੜ ਵੀ ਪਿਆ ਸੀ।
ਉਹ ਉਮਰ ਹੀ ਅਜਿਹੀ ਸੀ, ਪਰ ਮੈਨੂੰ ਅੱਜ ਵੀ ਮੇਰੀ ਉਸ ਬੇਅਕਲੀ 'ਤੇ ਬੜਾ ਗੁੱਸਾ ਆਉਂਦਾ ਹੈ। ਕਈ ਵਾਰ ਲਗਦਾ ਹੈ ਕਿ ਬਾਬਾ ਕੀ ਮਰਿਆ ਉਹ ਤਾਸ਼ ਤੇ ਬੂਟ ਲਾ ਦੀ ਰੌਣਕ ਵੀ ਨਾਲ ਹੀ ਲੈ ਗਿਆ। ਪਰ ਜਦੋਂ ਅੱਜ ਵੀ ਨਵੀਂ ਪਨੀਰੀ ਬਾਬੇ ਠਾਕਰਾਂ ਵਾਲੇ ਡੇਰੇ 'ਚ ਗੋਲੀਆਂ ਨਾਲ ਬੂਟ ਲਾ ਖੇਡਦੀ ਹੈ ਤਾਂ ਬਾਬੇ ਠਾਣੇ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ। ਸੋ ਇਹੋ ਜਿਹਾ ਸੀ ਸਾਡੇ ਪਿੰਡ ਦਾ ਬਾਬਾ ਠਾਣਾ।
ਦੂਜਾ ਬਾਬਾ ਸੀ ਮੇਰਾ ਗੁਆਂਢੀ ਬਾਬਾ ਠੂਠਾ, ਜਿਨ੍ਹਾਂ ਨਾਲ ਸਾਡੀ ਕੰਧ ਸਾਂਝੀ ਸੀ। ਇਸ ਬਾਬੇ ਨੂੰ ਮਰਿਆਂ ਵੀ 20-25 ਸਾਲ ਹੋ ਗਏ ਹੋਣਗੇ। ਬਾਬੇ ਠੂਠੇ ਨੂੰ ਗੱਲ-ਗੱਲ 'ਤੇ ਇਹ ਕਹਿਣ ਦੀ ਆਦਤ ਸੀ ਕਿ 'ਤੇਰੇ ਸਿਰ 'ਚ ਦੰਦੀਆਂ ਵੱਢੂੰ'। ਪਰ ਫਿਰ ਵੀ ਜਵਾਕ ਬਾਬੇ ਨੂੰ ਛੇੜਨੋ ਨਾ ਹਟਦੇ। ਬਾਬੇ ਠੂਠੇ ਨੂੰ ਸੱਭ ਤੋਂ ਵੱਧ ਠਿੱਠ ਕਰਦਾ ਸੀ ਬਾਬੇ ਭੋਲੇ ਸਾਧ ਦਾ ਮਾਕੋ ਉਰਫ਼ ਮੂਨ। ਮਾਕੋ ਕੀ ਕਰਦਾ ਕਿ ਬਾਬੇ ਦੇ ਆਉਣ ਤੋਂ ਪਹਿਲਾਂ ਹੀ ਬੋਹੜ 'ਤੇ ਚੜ੍ਹ ਜਾਂਦਾ ਤੇ ਸੰਘਣੇ ਪੱਤਿਆਂ 'ਚ ਲੁਕ ਜਾਂਦਾ। ਜਦੋਂ ਦੁਪਹਿਰੇ ਬਾਬਿਆਂ ਦੀ ਢਾਣੀ ਜੁੜਦੀ ਸੀ ਤਾਂ ਮਾਕੋ ਉਪਰੋਂ ਬੋਹੜ ਦੀ ਬਾਹਟੀ ਤੋੜ ਕੇ ਬਾਬੇ ਨੂੰ ਦੇ ਮਾਰਦਾ।
Village old man
ਬਾਬਾ ਉਤੇ ਵੇਖਦਾ ਪਰ ਦਿਸਦਾ ਕੁੱਝ ਨਾ। ਫਿਰ ਥੋੜੇ ਚਿਰ ਬਾਅਦ ਇਹੋ ਹੁੰਦਾ। ਥੱਲੇ ਬੈਠੀ ਮਾਕੋ ਦੀ ਜੁੰਡਲੀ ਮੁਸ਼ਕੜੀਏ ਹਸਦੀ ਕਹਿ ਦਿੰਦੀ ਕਿ ਕੋਈ ਜਾਨਵਰ ਬਾਹਟੀਆਂ ਤੋੜ ਰਿਹਾ ਹੈ। ਪਰ ਫਿਰ ਬਾਬੇ ਨੂੰ ਮਾਕੋ ਦਾ ਪਤਾ ਲੱਗ ਜਾਂਦਾ ਤਾਂ ਬਾਬਾ ਗੁੱਸੇ 'ਚ ਭੜਕ ਜਾਂਦਾ ਅਤੇ ਫਿਰ ਕਹਿੰਦਾ ਕਿ 'ਮੇਰੇ ਹੱਥ ਆ ਜਾ ਕੇਰਾਂ ਤੇਰੇ ਸਿਰ 'ਚ ਦੰਦੀਆਂ ਵੱਢੂੰ।' ਬਾਬਾ ਉਤੇ ਕਦੇ ਚੱਪਲ ਮਾਰਦਾ, ਕਦੇ ਕੋਈ ਕੱਚੀ ਰੋੜੀ ਮਾਰਦਾ ਪਰ ਮਾਕੋ ਪੂਰਾ ਬਾਂਦਰ ਸੀ। ਉਹ ਇਕ ਟਾਹਣੀ ਤੋਂ ਦੂਜੀ ਟਾਹਣੀ 'ਤੇ ਬਾਂਦਰ ਵਾਂਗ ਟਪੂਸੀਆਂ ਮਾਰਦਾ ਅਤੇ ਬਾਬੇ ਦੇ ਸਾਰੇ ਵਾਰ ਖ਼ਾਲੀ ਜਾਂਦੇ। ਫਿਰ ਕਿਸੇ ਪਾਸਿਉਂ ਟਾਹਣੀ ਤੋਂ ਲਮਕਦਾ ਛੱਡ ਕੇ ਮਾਕੋ ਘਰ ਨੂੰ ਭੱਜ ਜਾਂਦਾ। ਫਿਰ ਥੋੜ੍ਹੇ ਚਿਰ ਬਾਅਦ ਮਾਕੋ ਆ ਕੇ ਬਾਬੇ ਕੋਲ ਖੜ ਜਾਂਦਾ। ਬਾਬੇ ਨੂੰ ਫਿਰ ਵੱਟ ਚੜ੍ਹ ਜਾਂਦਾ। ਉਹ ਫਿਰ ਉਠ ਕੇ ਉਸ ਦੇ ਪਿਛੇ ਭੱਜਦਾ ਪਰ ਮਾਕੋ ਸ਼ੂਟ ਵੱਟ ਦਿੰਦਾ।
Old Man
ਇਕ ਵਾਰ ਕੀ ਹੋਇਆ ਕਿ ਮਾਕੋ ਦੇ ਦੋਵੇਂ ਭਾਣਜੇ ਪਿੰਡ ਆਏ। ਦੀਵਾਲੀ ਦੇ ਦਿਨ ਸਨ। ਮਾਕੋ ਨੂੰ ਇਕ ਤਰਕੀਬ ਸੂਝੀ। ਮਾਕੋ ਉਨ੍ਹਾਂ ਨੂੰ ਕਹਿੰਦਾ ਕਿ ਜਦੋਂ ਪਿਸਤੌਲ ਚਲਦਾ ਹੈ ਤਾਂ ਪਤਾ ਹੈ ਕਿਹੋ ਜਿਹੀ ਅਵਾਜ਼ ਆਉਂਦੀ ਹੈ? ਉਹ ਕਹਿੰਦੇ ਕਿਵੇਂ? ਤਾਂ ਮਾਕੋ ਪਹਿਲਾਂ ਕਹਿੰਦਾ ਠੂਹ ਫਿਰ ਕਹਿੰਦਾ ਠਾਹ, ਠੂਹ ਠਾਹ, ਠੂਹ ਠਾਹ। ਜ਼ਵਾਕ ਠੂਹ ਠਾਹ, ਠੂਹ ਠਾਹ ਕਰਨ ਲੱਗੇ ਤਾਂ ਪਤਾ ਬਾਬੇ ਨੂੰ ਵੀ ਚੱਲ ਗਿਆ ਕਿ ਮੈਨੂੰ ਛੇੜ ਰਹੇ ਐ। ਬਾਬਾ ਉਨ੍ਹਾਂ ਦੇ ਮਗਰ ਪੈ ਗਿਆ। ਪਰ ਉਨ੍ਹਾਂ ਕਿਥੇ ਡਾਹ ਦੇਣੀ ਸੀ। ਪਰ ਇੰਨੀਆਂ ਗੱਲਾਂ ਦੇ ਬਾਵਜੂਦ ਬਾਬਾ ਠੂਠਾ ਭਲਾ ਪੁਰਸ਼ ਸੀ। ਦਿਲ ਦਾ ਸਾਫ਼, ਨੇਕ ਦਿਲ ਅਤੇ ਰਹਿਮ ਦਿਲ। ਇਸ ਦੀ ਇਕ ਉਦਾਹਰਣ ਕਿ ਸਾਡੇ ਪਰਵਾਰ ਨਾਲ ਬਾਬੇ ਠੂਠੇ ਦੀ ਅਣਬਣ ਸੀ।
ਉਹ ਬੋਹੜ ਥੱਲੇ ਖੜ ਕੇ ਸਾਡੇ ਘਰ ਵੱਲ ਹੱਥ ਕਰ ਕੇ ਕਹਿੰਦਾ ਹੁੰਦਾ ਸੀ ਕਿ ਤੂਫ਼ਾਨ ਆਏ, ਇਧਰੋਂ ਦੀ ਲੰਘੇ ਤੇ ਕੁੱਝ ਨਾ ਰਹੇ। ਪਰ ਮੇਰੇ ਮਾਤਾ ਜੀ ਮੈਨੂੰ ਦਸਦੇ ਹੁੰਦੇ ਸਨ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਤਕਰੀਬਨ 3—4 ਸਾਲ ਦਾ ਤਾਂ ਮੈਂ ਖੇਡਦਾ ਖੇਡਦਾ ਛੱਪੜ ਕੰਢੇ ਚਲਾ ਗਿਆ ਅਤੇ ਉਥੇ ਛਪੜ 'ਚ ਵੜ ਗਿਆ ਤੇ ਡੁੱਬ ਗਿਆ। ਆਸੇ ਪਾਸੇ ਬਾਬੇ ਠੂਠੇ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਬਾਬਾ ਸਣੇ ਕਪੜੇ ਛੱਪੜ 'ਚ ਵੜ ਗਿਆ ਅਤੇ ਮੈਨੂੰ ਸਹੀ ਸਲਾਮਤ ਬਾਹਰ ਕੱਢ ਕੇ ਘਰ ਲੈ ਆਇਆ ਤੇ ਮੇਰੀ ਮਾਤਾ ਨੂੰ ਕਹਿੰਦਾ ਕਿ ਤੁਸੀ ਜਵਾਕ ਦੀ ਨਿਗ੍ਹਾ ਰਖਿਆ ਕਰੋ। ਜੇ ਮੈਂ ਅੱਜ ਨਾ ਹੁੰਦਾ ਤਾਂ ਇਸ ਨੇ ਡੁਬ ਜਾਣਾ ਸੀ। ਅੱਜ ਕੱਲ੍ਹ ਜੇ ਕਿਸੇ ਦੀ ਅਣਬਣ ਹੋਵੇ ਤਾਂ ਇਹੋ ਜਿਹਾ ਕਹਿਰ ਦਾ ਮੌਕਾ ਲਭਦੇ ਰਹਿੰਦੇ ਹਨ। ਜੇ ਨਾ ਡੁਬਦਾ ਹੋਊ ਫੜ ਕੇ ਡੁਬੋਣ ਦੀ ਕਰਦੇ ਹਨ। ਪਰ ਬਾਬਾ ਠੂਠਾ ਤਾਂ ਦੇਵ ਪੁਰਸ਼ ਸੀ। ਉਪਰੋਂ ਸਖ਼ਤ ਤੇ ਦਿਲ ਦਾ ਨਰਮ।
ਅੱਗੇ ਗੱਲ ਕਰਦੇ ਹਾਂ ਬਾਬੇ ਇੰਦਰ ਵੈਦ ਦੀ।
Old Man
ਇੰਦਰ ਵੈਦ ਦੀਆਂ ਤਾਂ ਬਹੁਤ ਦੰਦ ਕਥਾਵਾਂ ਪਿੰਡ 'ਚ ਚਲਦੀਆਂ ਹਨ ਪਰ ਮੈਂ ਦੋ ਕੁ ਹੀ ਤੁਹਾਨੂੰ ਦੱਸਾਂਗਾ। ਇਕ ਵਾਰ ਕੀ ਹੋਇਆ ਕਿ ਕਿਸੇ ਦੂਜੇ ਪਿੰਡ ਦੇ ਬਾਬਾ ਜੀ ਸਾਡੇ ਪਿੰਡ ਹੱਥ ਵੇਖਣ ਆ ਜਾਇਆ ਕਰਨ ਤੇ ਹੱਥ ਦੀਆਂ ਰੇਖਾਵਾਂ ਵੇਖ ਕੇ ਨਾਲੇ ਤਾਂ ਬੀਬੀਆਂ ਤੋਂ ਵਧੀਆ ਖਾਣਾ ਖਾਇਆ ਕਰਨ ਤੇ ਨਾਲ ਹੀ ਕਣਕ ਜਾਂ ਪੈਸੇ ਇਕੱਠੇ ਕਰ ਕੇ ਲੈ ਜਾਇਆ ਕਰਨ। ਇਹ ਬਾਬਾ ਜੀ ਬਾਬੇ ਇੰਦਰ ਦੇ ਘਰ ਵੀ ਫੇਰਾ ਪਾਉਂਦੇ ਸਨ। ਘਰ ਦੀਆਂ ਬੀਬੀਆਂ ਬਾਬੇ ਦੀ ਖ਼ੂਬ ਸੇਵਾ ਕਰਦੀਆਂ ਸਨ। ਬਾਬਾ ਖੇਤੋਂ ਹੰਭ ਕੇ ਆਇਆ ਕਰੇ ਤਾਂ ਇਹੋ ਜਿਹੇ ਪਕਵਾਨ ਬਾਬੇ ਨੂੰ ਨਸੀਬ ਨਾ ਹੋਇਆ ਕਰਨ ਜਿਹੋ ਜਹੇ ਹੱਥ ਵੇਖਣ ਵਾਲੇ ਬਾਬੇ ਨੂੰ ਪੇਸ਼ ਕੀਤੇ ਜਾਂਦੇ ਸਨ। ਕਈ ਦਿਨ ਤਾਂ ਬਾਬੇ ਇੰਦਰ ਨੇ ਅੱਕ ਚੱਬਿਆ। ਇਕ ਦਿਨ ਜੇਠ ਹਾੜ ਦੀ ਰੁੱਤੇ ਬਾਬੇ ਇੰਦਰ ਨੇ ਹੱਥ ਵੇਖਣ ਵਾਲੇ ਬਾਬੇ ਦੀ ਸੇਵਾ ਕਰਨ ਦਾ ਮਨ ਬਣਾ ਲਿਆ।
Old Man
ਹੋਇਆ ਇਹ ਕਿ ਉਸ ਦਿਨ ਸਿਖਰ ਦੁਪਹਿਰੇ ਬਾਬਾ ਜੀ ਦਰੱਖ਼ਤ ਦੀ ਛਾਵੇਂ ਬੈਠੇ ਦੁੱਧ ਛਕ ਰਹੇ ਸਨ। ਬਾਬੇ ਇੰਦਰ ਨੇ ਨਾ ਆ ਵੇਖਿਆ, ਨਾ ਤਾਅ ਖਿੱਚ ਕੇ ਬਾਬਾ ਜੀ ਨੂੰ ਨੀਰਾ ਕੁਤਰਨ ਆਲੀ ਮਸ਼ੀਨ ਕੋਲ ਲੈ ਗਿਆ ਤੇ ਮਸ਼ੀਨ ਦੀ ਹੱਥੀ ਬਾਬਾ ਜੀ ਨੂੰ ਫੜਾ ਕੇ ਆਪ ਰੁੱਗ ਲਾਉਣ ਲੱਗ ਪਿਆ। ਬਾਬੇ ਇੰਦਰ ਦੀ ਦਹਿਸ਼ਤ ਇੰਨੀ ਸੀ ਕਿ ਕੋਈ ਬੀਬੀ ਵਿਚ ਬਚਾਉ ਕਰਨ ਨਾ ਆਈ। 5-7 ਰੁੱਗਾਂ 'ਚ ਹੀ ਹੱਥ ਵੇਖਣ ਵਾਲੇ ਬਾਬਾ ਜੀ ਦਾ ਸਾਹ ਉਖੜਨ ਲੱਗ ਪਿਆ। ਉਤੋਂ ਜੇਠ ਹਾੜ ਦੀ ਕੜਕਦੀ ਧੁੱਪ। ਬਾਬਾ ਜੀ ਤਾਂ 5 ਕੁ ਮਿੰਟਾਂ ਵਿਚ ਹੀ ਸਰੀਰ ਛੱਡਣ ਵਾਲੇ ਹੋ ਗਏ ਤਾਂ ਆਂਢੀ ਗੁਆਂਢੀਆਂ ਨੇ ਆ ਕੇ ਬਚਾਅ ਕੀਤਾ। ਜਦੋਂ ਬਾਬਾ ਜੀ ਝੋਲਾ ਚੁੱਕ ਕੇ ਜਾਣ ਲੱਗੇ ਤਾਂ ਬਾਬਾ ਇੰਦਰ ਕਹਿੰਦਾ ਕਿ ਬਾਬਾ ਜੀ ਦੂਜਿਆਂ ਦੀਆਂ ਰਾਸ਼ੀਆਂ ਤਾਂ ਦਸਦੇ ਹੋ, ਅੱਜ ਅਪਣੀ ਰਾਸ਼ੀ ਨਹੀਂ ਘਰੋਂ ਵੇਖ ਕੇ ਤੁਰੇ ਕਿ ਅੱਜ ਮੈਂ ਕੋਟ ਸ਼ਮੀਰ ਗੁਰਤੇ ਕੇ ਇੰਦਰ ਕੇ ਘਰੇ ਨੀਰਾ ਕੁਤਰਨੈ। ਕਹਿੰਦੇ ਉਹ ਦਿਨ ਹੱਦ ਮੁੜ ਕੇ ਉਹ ਬਾਬਾ ਜੀ ਕਦੇ ਪਿੰਡ 'ਚ ਨਜ਼ਰ ਨਹੀਂ ਆਏ।
ਦੂਜੀ ਘਟਨਾ ਇਉਂ ਹੈ ਕਿ ਬਾਬੇ ਇੰਦਰ ਦੇ ਘਰ ਦੇ ਨਾਲ ਹੀ ਇਕ ਭੀੜੀ ਗਲੀ ਲੰਘਦੀ ਹੈ। ਜੋ ਸਿਰਫ਼ 4-5 ਫੁੱਟ ਹੀ ਚੌੜੀ ਹੈ। ਜਿਥੋਂ ਸਿਰਫ਼ ਇਕ ਸਾਈਕਲ ਜਾਂ ਮੋਟਰ-ਸਾਈਕਲ ਹੀ ਲੰਘ ਸਕਦਾ ਹੈ। ਇਕ ਦਿਨ ਬਾਬਾ ਇੰਦਰ ਤੁਰਿਆ ਜਾ ਰਿਹਾ ਸੀ ਕਿ ਪਿਛੋਂ ਇਕ ਮੁੰਡੇ ਨੇ ਠਾਹ ਕਰ ਕੇ ਸਾਈਕਲ ਬਾਬੇ 'ਚ ਆ ਮਾਰਿਆ ਅਤੇ ਬਾਬਾ ਜੀ ਲੋਟਣੀ ਖਾ ਗਏੇ। ਜਦੋਂ ਮੁੰਡਾ ਦੂਰੋਂ ਸਾਈਕਲ ਭਜਾ ਕੇ ਲਿਜਾਣ ਲੱਗਾ ਤਾਂ ਬਾਬਾ ਰੋਣਹਾਕਾ ਹੋ ਕੇ ਕਹਿੰਦਾ ਕਿ ਸ਼ੇਰਾ ਡੇਗ ਤਾਂ ਗਿਐਂ ਹੁਣ ਖੜਾ ਤਾਂ ਕਰ ਜਾ। ਮੁੰਡੇ ਨੂੰ ਤਰਸ ਆ ਗਿਆ ਕਿ ਬੁੱਢਾ ਸਰੀਰ ਹੈ, ਗ਼ਲਤੀ ਵੀ ਮੇਰੀ ਹੈ, ਚਲੋ ਬਾਂਹ ਫੜ ਕੇ ਉਠਾ ਹੀ ਦੇਵਾਂ।
Old Man
ਜਦੋਂ ਮੁੰਡਾ ਬਾਬੇ ਨੂੰ ਉਠਾਉਣ ਲੱਗਾ ਤਾਂ ਬਾਬੇ ਨੇ ਮੁੰਡੇ ਦੀ ਬਾਂਹ ਫੜ ਕੇ ਥੱਪੜ ਮਾਰਿਆ ਤੇ ਕਿਹਾ ਕਿ ਹੁਣ ਤੂੰ ਸਾਰੀ ਉਮਰ ਸਾਈਕਲ ਦੀ ਟੱਲੀ ਵਜਾਉਣੀ ਨਹੀਂ ਭੁਲਦਾ। ਇਹ ਬਾਬਾ ਜੀ ਵੀ ਕਈ ਵਰ੍ਹੇ ਪਹਿਲਾਂ ਪੂਰੇ ਹੋ ਗਏ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ ਪਿੰਡ ਦੇ ਮਿਹਰ ਮਿੱਤਲ ਯਾਨਿ ਕਿ ਬਾਬੇ ਭੋਲੇ ਸਾਧ ਦੀ। ਪਹਿਲੀ ਗੱਲ ਇਹ ਕਿ ਇਹ ਬਾਬਾ ਅਜੇ ਜਿਉਂਦਾ ਹੈ ਅਤੇ ਉਮਰ ਲਗਭਗ 80 ਸਾਲ ਹੈ। ਪਰ ਮੇਰੇ ਵਾਸਤੇ ਇਹ ਬਾਬਾ 17—18 ਸਾਲ ਪਹਿਲਾਂ ਮਰ ਗਿਆ ਸੀ। ਉਹ ਕਿਵੇਂ ਅੱਗੇ ਦੱਸਦਾ ਹਾਂ। ਬਾਬੇ ਭੋਲੇ ਸਾਧ ਦਾ ਘਰ ਸਾਡੇ ਘਰ ਦੇ ਪਿਛਲੇ ਪਾਸੇ ਸੀ। ਹੁਣ ਤਾਂ ਉਹ 17—18 ਸਾਲ ਪਹਿਲਾਂ ਘਰ ਅਤੇ ਜ਼ਮੀਨ ਵੇਚ ਕੇ ਰਾਜਸਥਾਨ ਚਲੇ ਗਏ ਹਨ। ਬਾਬੇ ਭੋਲੇ ਸਾਧ ਦਾ ਘਰ ਸਾਡੇ ਆਸ-ਪਾਸ ਦੇ 20—25 ਘਰਾਂ ਦਾ ਠਿਕਾਣਾ ਹੁੰਦਾ ਸੀ। 5-7 ਤਾਂ ਹਰ ਵੇਲੇ ਉਨ੍ਹਾਂ ਦੇ ਘਰ ਬੈਠੇ ਹੀ ਰਹਿੰਦੇ। ਪਰ ਅੰਬੋ ਬਲਦੇਵ ਕੁਰ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਉਨ੍ਹਾਂ ਦਾ ਸਾਰਾ ਟੱਬਰ ਹੀ ਰੌਣਕੀ ਸੀ। ਬਾਬੇ ਦੇ ਤਿੰਨ ਮੁੰਡੇ ਹਨ ਕਕਨਾ, ਤਾਰੀ ਅਤੇ ਮਾਕੋ।
ਹਾੜ੍ਹ, ਸਿਆਲ ਅਸੀ ਸੱਭ ਇਨ੍ਹਾਂ ਦੇ ਘਰ ਹੀ ਇਕੱਠੇ ਹੁੰਦੇ ਸੀ। ਇਨ੍ਹਾਂ ਦੀ ਗਲੀ 'ਤੇ ਲਗਦੀ ਬੈਠਕ 'ਚ ਕੁਰਬਲ-ਕੁਰਬਲ ਪਈ ਹੁੰਦੀ। ਇਕ ਦੋ ਇਨ੍ਹਾਂ ਦੇ ਰਿਸ਼ਤੇਦਾਰ ਵਾਰੀ ਵੱਟੇ ਆਏ ਹੀ ਰਹਿੰਦੇ। ਉਨ੍ਹਾਂ ਨਾਲ ਵੀ ਅਸੀ ਬੜੇ ਮਖ਼ੌਲ ਕਰਦੇ। ਚਾਰੇ ਪਿਉ ਪੁੱਤ ਗੱਲ ਭੁੰਜੇ ਨਾ ਡਿੱਗਣ ਦਿੰਦੇ। ਇਕ ਤੋਂ ਇਕ ਵਧ ਕੇ। ਕਿਸੇ ਨੂੰ ਕੋਈ ਫ਼ਿਕਰ ਨਾ ਹੁੰਦਾ, ਨਾ ਚੜ੍ਹੀ ਦੀ ਨਾ ਲੱਥੀ ਦੀ। ਮੈਂ, ਬਿੰਦਰ, ਗੁੰਦਰੀ, ਸੰਗਤੀ, ਦਰਸ਼ੀ, ਕੇਵਲੀ, ਮਨਪੀਤਾ, ਜੀਤਾ, ਜੈਲਾ, ਹੈਂਡੇ ਕਾ ਅਜੈਬ, ਜੀਤ ਆਦਿ 15-20 ਜਣੇ ਇਨ੍ਹਾਂ ਦੇ ਘਰ ਹੀ ਹੁੰਦੇ। ਗਰਮੀਆਂ 'ਚ ਬੈਠਕ ਵਿਚ ਤੇ ਸਿਆਲਾਂ 'ਚ ਉਸੇ ਗਲੀ 'ਚ ਧੂੰਣੀਂ ਪਾ ਕੇ ਰਾਤ ਤੱਕ ਬੈਠੇ ਰਹਿੰਦੇ। ਪਤੰਦਰ ਗੱਲਾਂ ਸੁਣਾ-ਸੁਣਾ ਕੇ ਇੰਨਾ ਹਸਾਉਂਦੇ ਕਿ ਢਿੱਡ ਅਤੇ ਜਬਾੜੇ ਦੁਖਣ ਲੱਗ ਜਾਂਦੇ।
ਆਮ ਤੌਰ 'ਤੇ ਬਿਨਾਂ ਕੰਮ ਤੋਂ ਇੰਨੇ ਜਣਿਆਂ ਨੂੰ ਕੌਣ ਘਰੇ ਵੜਨ ਦਿੰਦਾ ਹੈ ਪਰ ਇਨ੍ਹਾਂ ਦੇ ਘਰ ਕੋਈ ਨਿੰਦ ਵਿਚਾਰ ਨਹੀਂ ਸੀ। ਇਹ ਘਰ ਤੁਸੀ ਕਹਿ ਸਕਦੇ ਹੋ ਕਿ ਸਾਡੀ ਸੱਥ ਹੁੰਦਾ ਸੀ। ਤੜਕੇ 6 ਵਜੇ ਤੋਂ ਰਾਤੀਂ 10 ਵਜੇ ਤਕ ਇਹ ਹੋ ਹੀ ਨਹੀਂ ਸਕਦਾ ਸੀ ਕਿ ਬਾਬੇ ਭੋਲੇ ਸਾਧ ਦੇ ਘਰੇ 4-5 ਗੁਆਂਢੀ ਬੈਠੇ ਨਾ ਹੁੰਦੇ। ਬੜੇ ਸਾਫ਼ ਦਿਲ ਰੱਬ ਦੇ ਜੀਅ ਸਨ ਸਾਰੇ। ਬਾਬਾ ਭੋਲਾ ਇਕ ਚੁਟਕਲਾ ਸੁਣਾਉਂਦਾ ਹੁੰਦਾ ਸੀ ਕਿ ਬੀਕਾਨੇਰ 'ਚ ਇਕ ਅੰਗਰੇਜ਼ ਆ ਗਿਆ। ਉਸ ਨੇ ਬੋਤੇ ਵੱਲ ਹੱਥ ਕਰ ਕੇ ਕਿਹਾ ਇਹ ਕੀ ਹੈ? ਕਿਸੇ ਬੰਦੇ ਨੇ ਸ਼ਰਾਰਤ ਨਾਲ ਉਸ ਨੂੰ ਕਿਹਾ ਕਿ ਇਹ ਮੁਰਗਾ ਹੈ। ਅੰਗਰੇਜ਼ ਹੈਰਾਨ ਹੋ ਕੇ ਕਹਿੰਦਾ ਕਿ ਇੰਨਾ ਵੱਡਾ ਮੁਰਗਾ? ਕਹਿੰਦੇ ਜਦੋਂ ਰਾਤੀ ਅੰਗਰੇਜ਼ ਤੋਂ ਉਸ ਦੇ ਨੌਕਰ ਨੇ ਪੁਛਿਆ ਕਿ ਅੱਜ ਖਾਣੇ ਵਿਚ ਕੀ ਬਣਾਈਏ ਤਾਂ ਅੰਗਰੇਜ਼ ਕਹਿੰਦਾ ਕਿ ''ਆਜ ਯੇ ਮੁਰਗਾ ਬਣਾਉ, ਇਸ ਕੇ ਅਭੀ ਪੰਖ ਨਹੀਂ ਆਏ।''
Old Man
ਸੋ ਇਹੋ ਜਿਹਾ ਰੌਣਕੀ ਸੀ ਬਾਬਾ ਤੇ ਉਸ ਦਾ ਟੱਬਰ। ਉਹ 17-18 ਸਾਲ ਪਹਿਲਾਂ ਇਸ ਪਿੰਡੋਂ ਜ਼ਮੀਨ ਵੇਚ ਕੇ ਰਾਜਸਥਾਨ ਚਲੇ ਗਏ। ਜਦੋਂ ਤੱਕ ਘਰ ਨਹੀਂ ਵਿਕਿਆ ਤਾਂ ਮੈਨੂੰ ਤਸੱਲੀ ਸੀ ਕਿ ਇਕ ਨਾ ਇਕ ਦਿਨ ਉਹ ਪਿੰਡ ਜ਼ਰੂਰ ਮੁੜ ਕੇ ਆਉਣਗੇ। ਪਰ ਘਰ ਵਿਕਣ ਤੋਂ ਬਾਅਦ ਇਹ ਤਸੱਲੀ ਵੀ ਜਾਂਦੀ ਰਹੀ। ਉਹ ਗੁਆਂਢ ਛੱਡ ਕੇ ਕੀ ਗਏ, ਪੂਰਾ ਗੁਆਂਢ ਹੀ ਉਜਾੜ ਗਏੇ। ਰਾਜਸਥਾਨ ਜਾਣਾ ਇਨ੍ਹਾਂ ਦੀ ਮਜਬੂਰੀ ਵੀ ਨਹੀਂ ਕਹਿ ਸਕਦੇ। ਵਧੀਆ 12-13 ਕਿੱਲੇ ਜ਼ਮੀਨ ਸੀ ਤੇ ਅਪਣਾ ਘਰ ਸੀ।
ਹੁਣ ਉਥੇ ਜਾ ਕੇ ਕਿਹੜਾ ਹਵੇਲੀਆਂ ਉਸਰ ਗਈਆਂ? ਮੈਂ ਮੂੰਹੋਂ ਕਦੇ ਕੁੱਝ ਬੋਲਿਆ ਨਹੀਂ ਪਰ ਦਿਲੋਂ ਇਨ੍ਹਾਂ ਦੇ ਪੂਰੇ ਟੱਬਰ ਨੂੰ ਕਦੇ ਮੁਆਫ਼ ਨਹੀਂ ਕੀਤਾ। ਅੱਜ ਵੀ ਜਦੋਂ ਕਦੇ ਕਦਾਈਂ ਇਨ੍ਹਾਂ ਦੇ ਪਰਵਾਰ ਦਾ ਕੋਈ ਮਿਲ ਜਾਂਦਾ ਹੈ ਤਾਂ ਹੱਸ ਕੇ ਟੱਬਰ ਦਾ ਹਾਲ-ਚਾਲ ਪੁੱਛ ਲਈਦਾ ਹੈ ਪਰ ਦਿਲ ਕਹਿੰਦਾ ਹੈ ਕਿ ਤੁਸੀ ਸਾਡੇ ਗੁਆਂਢ ਦੀ ਰੌਣਕ ਦੇ ਕਾਤਲ ਹੋ। ਵਧੀਆ ਜੀਵਨ ਸੀ, ਇੱਜ਼ਤ ਸੀ, ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਪਰ ਨਾਲੇ ਆਪ ਪਿੰਡੋਂ ਉਜੜੇ ਨਾਲੇ ਪਿੰਡ ਦੀ ਰੌਣਕ ਉਜਾੜ ਗਏੇ। ਉਹ ਜਾਣ ਦੀਆਂ ਲੱਖ ਮਜਬੂਰੀਆਂ ਦੱਸਣ ਪਰ ਮੇਰੇ ਵਾਸਤੇ ਉਹ ਸਦਾ ਹਾਸਿਆਂ ਖੇੜਿਆਂ ਅਤੇ ਰੌਣਕ ਦੇ ਕਾਤਲ ਹੀ ਰਹਿਣਗੇ।
Old Man
ਉਸ ਪੂਰ ਦੇ ਆਖਰੀ ਬਾਬੇ ਤਾਂ ਪਿੰਡ ਵਿਚ ਹੋਰ ਵੀ ਬੜੇ ਹੋਣਗੇ ਪਰ ਇਹ ਚਾਰੇ ਕੁੱਝ ਖਾਸ ਸਨ ਅਤੇ ਮੇਰਾ ਇਨ੍ਹਾਂ ਨਾਲ ਵਾਹ ਪੈਂਦਾ ਰਿਹਾ ਹੈ। ਹੁਣ ਅਜਿਹੇ ਸਿਧੇ-ਸਾਧੇ ਅਤੇ ਸਾਫ਼ ਦਿਲ ਬਾਬਿਆਂ ਦੀ ਕਲਪਨਾ ਕਰਨੀ ਵੀ ਮੂਰਖਤਾ ਹੋਵੇਗੀ। ਹੁਣ ਤਾਂ ਨਵੇਂ ਗੁੱਡੀਆਂ ਤੇ ਨਵੇਂ ਪਟੋਲਿਆਂ ਵਾਲੀ ਬਾਬਿਆਂ ਦੀ ਇਕ ਨਵੀਂ ਨਸਲ ਉਗ ਆਈ ਹੈ। ਹੁਣ ਇਨ੍ਹਾਂ ਵਰਗੇ ਸਿਧ-ਪਧਰੇ ਜਿਹੇ ਬਾਬੇ ਟਾਵੇਂ-ਟਾਵੇਂ ਹੀ ਰਹਿ ਗਏ ਹਨ। ਜ਼ਿਆਦਾਤਰ ਤਾਂ ਅੱਜ ਕਲ੍ਹ ਸਟੇਜ 'ਤੇ 'ਆ ਬੈਠ ਬੁੜ੍ਹੇ ਦੇ ਟਾਂਗੇ 'ਤੇ ਤੈਨੂੰ ਸੈਰ ਕਰਾਵਾਂ ਨੀ' ਵਰਗੇ ਹੀ ਹੁੰਦੇ ਹਨ ਅਤੇ ਜਿਹੜੇ ਇਨ੍ਹਾਂ ਵਰਗੇ ਸਿਧ-ਪੱਧਰੇ ਚਾਦਰੇ ਕੁੜਤਿਆਂ ਤੇ ਖੁਲ੍ਹੇ ਟੌਰੇ ਵਾਲੇ ਬਾਬੇ ਰਹਿ ਗਏ ਹਨ, ਉਨ੍ਹਾਂ ਦਾ ਪੂਰ ਵੀ ਜਲਦੀ ਨਿਕਲ ਜਾਵੇਗਾ ਅਤੇ ਫਿਰ ਅਜਿਹੇ ਬਾਬੇ ਸਿਰਫ਼ ਕਿਤਾਬਾਂ 'ਚ ਪੜ੍ਹ ਕੇ ਹੀ ਕਿਆਸੇ ਲਾਏ ਜਾਇਆ ਕਰਨਗੇ।
ਸੁਰਿੰਦਰ ਸਿੰਘ ਸ਼ਮੀਰ
ਮੋਬਾਈਲ : 9478522228