ਹਿਜਰਤਨਾਮਾ ਸ.ਹਰਦਰਸ਼ਨ ਸਿੰਘ ਮਾਲੜੀ
Published : Jan 6, 2021, 7:43 am IST
Updated : Jan 6, 2021, 7:43 am IST
SHARE ARTICLE
Partition 1947
Partition 1947

ਜਿਉਂ-ਜਿਉਂ ਇਧਰੋਂ ਲੋਕ ਉਧਰ ਚੱਕਾਂ ਵਿਚ ਜਾ ਆਬਾਦ ਹੋਏ, ਉਵੇਂ-ਉਵੇਂ ਉਨ੍ਹਾਂ ਦੇ ਪਿਛਲੇ ਪਿੰਡਾਂ ਤੇ ਹੀ ਨਾਂ ਪੱਕ ਗਏ

ਮੁਹਾਲੀ: ਮੈਂ   ਹਰਦਰਸ਼ਨ ਸਿੰਘ ਪੁੱਤਰ ਭਗਵਾਨ ਸਿੰਘ ਪੁੱਤਰ ਜਵਾਲਾ ਸਿੰਘ ਪੁਰੇਵਾਲ ਪਿੰਡ ਮਾਲੜੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾਂ। ਇਧਰ ਸਾਡਾ ਜੱਦੀ ਪਿੰਡ, ਨਕੋਦਰ ਤਹਿਸੀਲ ਦਾ ਪਿੰਡ ਸ਼ੰਕਰ ਹੈ। 1900 ਸੰਨ ਦੇ ਕਰੀਬ ਅੰਗਰੇਜ਼ ਹਕੂਮਤ ਤਰਫ਼ੋਂ ਮੁਰੱਬਾ ਅਲਾਟ ਹੋਣ ਤੇ ਮੇਰੇ ਬਾਬਾ ਜੀ  ਸ. ਜਵਾਲਾ ਸਿੰਘ ਨੇ ਅਪਣੇ ਛੋਟੇ ਭਰਾ ਸ. ਠਾਕੁਰ ਸਿੰਘ ਨੂੰ ਪਹਿਲੋਂ ਬਾਰ ਭੇਜਿਆ। ਬਾਰ ਵਿਚ ਚੱਕ ਨੰ. ਹੀ ਚਲਦੇ ਸਨ। ਜਿਉਂ-ਜਿਉਂ ਇਧਰੋਂ ਲੋਕ ਉਧਰ ਚੱਕਾਂ ਵਿਚ ਜਾ ਆਬਾਦ ਹੋਏ, ਉਵੇਂ-ਉਵੇਂ ਉਨ੍ਹਾਂ ਦੇ ਪਿਛਲੇ ਪਿੰਡਾਂ ਤੇ ਹੀ ਨਾਂ ਪੱਕ ਗਏ। ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜਾਂਵਾਲਾ ਵਿਚ ਤਿੰਨ ਸ਼ੰਕਰ ਆਬਾਦ ਹਨ। ਮੁੱਢਾਂ ਵਾਲਾ ਸ਼ੰਕਰ, ਖੁਰੜਿਆਂ ਵਾਲਾ ਸ਼ੰਕਰ ਅਤੇ ਦਾਊਆਣਾ ਸ਼ੰਕਰ। ਸਾਡੇ ਬਜ਼ੁਰਗ ਦਾਊਆਣਾ ਸ਼ੰਕਰ ਗੋਗੇਰਾ ਬਰਾਂਚ ਵਿਚ ਜਾ ਆਬਾਦ ਹੋਏ। ਬਾਬਾ ਜੀ ਦੋ ਭਰਾ ਸਨ ਤੇ ਦੋਵੇਂ ਰਲ ਕੇ ਸਾਂਝੀ ਖੇਤੀ ਕਰਦੇ ਸਨ।

Partition 1947Partition 1947

ਮੇਰੇ ਪਿਤਾ ਜੀ ਦੇ ਦੋ ਭਰਾ ਸਨ। ਮੇਰੇ ਪਿਤਾ ਜੀ ਭਗਵਾਨ ਸਿੰਘ ਤੇ ਉਨ੍ਹਾ ਦੇ ਵੱਡੇ ਭਰਾ ਦੀਵਾਨ ਸਿੰਘ ਹੋਰੀਂ ਜਦ ਪੰਜਾਲੀ ਜੋੜਨ ਜੋਗੇ ਹੋਏ ਤਾਂ ਉਹ ਵੀ ਬਾਰ ਵਿਚ ਚਲੇ ਗਏ। ਨਹਿਰੀ ਜ਼ਮੀਨ ਸੀ ਤੇ ਖੇਤੀਆਂ ਚੰਗੀਆਂ ਸਨ। ਨਰਮਾ, ਮੱਕੀ, ਬਾਜਰਾ ਤੇ ਬਾਗ਼ ਠਾਠਾਂ ਮਾਰਦੇ ਸਨ। ਬਜ਼ੁਰਗ ਜਿਣਸ ਦੀ ਵੇਚ ਗੱਡਿਆਂ ਤੇ ਜੜਾਂਵਾਲਾ ਮੰਡੀ ਲਿਜਾ ਕੇ ਕਰਦੇ। ਜਿਸ ਤਰ੍ਹਾਂ ਇਧਰ ਮਾਝੇ ਵਿਚ ਗੁਰਦਾਸਪੁਰ ਵੰਨੀਉਂ ਰਾਵੀ ਵਿਚੋਂ ਅਪਰਾਧੀ ਦੋਆਬ ਨਹਿਰ ਕੱਢੀ ਐ ਇਸੇ ਤਰ੍ਹਾਂ ਰਾਵੀ ਦਰਿਆ ਦੇ ਬਲੋਕੀ ਹੈਡ ਤੋਂ ਲੋਅਰ ਬਾਰੀ ਦੁਆਬ ਵਿਚੋਂ ਤਿੰਨ ਨਹਿਰਾਂ ਬਾਰ ਦੀ ਸੰਚਾਈ ਕਰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਗੋਗੇਰਾ ਬਰਾਂਚ। ਬਸ ਇਸੇ ਉਤੇ ਹੀ ਦਾਊਆਣਾ ਸ਼ੰਕਰ ਸਥਿਤ ਹੈ। ਸਾਡੇ ਸਾਰੇ ਬਾਬੇ ਪੋਤਿਆਂ ਦਾ ਜਨਮ ਇਧਰਲੇ ਸ਼ੰਕਰ ਦਾ ਹੀ ਹੈ। ਕੇਵਲ ਮੇਰਾ ਜਨਮ ਹੀ ਉਧਰਲੇ ਸ਼ੰਕਰ ਵਿਚ 16 ਮਾਰਚ 1937 ਦਾ ਹੈ। ਸਾਡੇ ਗੁਆਂਢੀ ਪਿੰਡਾਂ ਵਿਚ ਚੜ੍ਹਦੇ ਪਾਸੇ ਚੱਕ 93 ਨਕੋਦਰ, ਲਹਿੰਦੇ 58 ਚੱਕ ਜੋ ਸਾਰਾ ਕਰੀਬ ਕੰਬੋਜ ਬਰਾਦਰੀ ਦਾ ਹੀ ਸੀ। ਉੱਤਰ ਵਿਚ ਚੱਕ 96 ਸਰੀਂਹ ਆਬਾਦ ਸੀ।

Partition 1947Partition 1947

ਰੌਲਿਆਂ ਸਮੇਂ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦਾ ਸਾਂ। ਤਦੋਂ ਪ੍ਰਾਇਮਰੀ ਸਕੂਲ 5ਵੀਂ ਦੀ ਬਜਾਏ ਚੌਥੀ ਤਕ ਹੀ ਹੁੰਦੇ। ਮਾਰਚ 47 ਵਿਚ ਮੇਰੇ ਚੌਥੀ ਜਮਾਤ ਦੇ ਪੱਕੇ ਪੇਪਰ ਸਨ ਪਰ ਪੇਪਰਾਂ ਤੋਂ ਐਨ ਪਹਿਲਾਂ ਮੇਰੇ ਵੱਡੇ ਭਰਾ ਦਵਿੰਦਰ ਸਿੰਘ ਦੇ ਵਿਆਹ ਦੀ ਤਰੀਕ ਤੈਅ ਕੀਤੀ ਗਈ। ਵਿਆਹੁਣ ਵੀ ਇਧਰ ਜੰਡਿਆਲਾ ਮੰਜਕੀ ਜ਼ਿਲ੍ਹਾ ਜਲੰਧਰ ਵਿਖੇ ਆਏ। ਵਿਆਹ ਦੇ ਸ਼ਗਨ ਵਿਹਾਰ ਮਨਾਉਂਦਿਆਂ ਹੀ ਪੱਕੇ ਪੇਪਰ ਵੀ ਲੰਘ ਗਏ। ਵੰਡ ਦਾ ਰਾਮ ਰੌਲਾ ਵੀ ਅਪਣਾ ਜ਼ੋਰ ਫੜ ਗਿਆ ਤੇ ਮੈਂ ਵੀ ਮੁੜ ਸਕੂਲ ਨਹੀਂ ਗਿਆ।  ਇਧਰ ਆ ਕੇ ਸਾਡੀ ਪਰਚੀ ਸ਼ੰਕਰ ਦੀ ਬਜਾਏ ਮਾਲੜੀ ਪਿੰਡ ਦੀ ਪਈ ਕਿਉਂਕਿ ਇਹ ਪਿੰਡ ਮੁਸਲਮਾਨਾਂ ਵਲੋਂ ਖ਼ਾਲੀ ਕੀਤਾ ਗਿਆ ਸੀ। ਚੌਥੀ-ਪੰਜਵੀਂ ਮੈਂ ਇਧਰ ਆ ਕੇ ਹੀ ਪਾਸ ਕੀਤੀ। ਉਪਰੰਤ 6ਵੀਂ, 7ਵੀਂ 1951 ਵਿਚ ਆਰੀਆ ਸਕੂਲ ਨਕੋਦਰ ਤੋਂ। ਕੁੱਝ ਕਾਰਨਾਂ ਕਰ ਕੇ ਇਥੇ ਸਾਡੀ ਰਾਸ ਨਾ ਰਲੀ। ਸੋ ਉਪਰੰਤ 8 ਵੀਂ ਕਲਾਸ ਵਿਚ ਅਸੀ 7-8 ਮੁੰਡੇ ਖ਼ਾਲਸਾ ਸਕੂਲ ਸ਼ੰਕਰ ਵਿਚ ਜਾ ਦਾਖ਼ਲ ਹੋਏ। ਚਾਨੀਆਂ ਪਿੰਡ ਦੇ ਸੁਰਜੀਤ ਸਿੰਘ ਪੁੱਤਰ ਹਜ਼ਾਰਾ ਸਿੰਘ ਜੋ ਇਥੇ ਮੇਰਾ ਹਮ ਜਮਾਤੀ ਸੀ, ਨਾਲ ਜ਼ਿਆਦਾ ਸਹਿਚਾਰਾ ਰਿਹਾ।

Partition 1947Partition 1947

ਉਧਰ ਬਾਰ ਵਿਚ ਸਾਡੇ ਪਿੰਡ ਜੀਵਾ ਮੁਸਲਮਾਨ ਪਿੰਡ ਦਾ ਚੌਂਕੀਦਾਰ ਸੀ ਜਿਸ ਦਾ ਬੇਟਾ ਸਰਦਾਰਾ ਪਿੰਡ ਵਿਚ ਹੀ ਟੇਲਰ ਮਾਸਟਰ ਦੀ ਦੁਕਾਨ ਕਰਦਾ ਸੀ। ਮੇਰੇ ਚੇਤਿਆਂ ਵਿਚ ਹੋਰ ਮੁਸਲਮਾਨ ਮੁਹੰਮਦ, ਬੂਟਾ ਜੋ ਲੁਹਾਰਾ ਕੰਮ ਕਰਦਾ ਸੀ। ਫੁੰਮਣ ਸਿੰਘ ਪੁਰੇਵਾਲ ਲੰਬੜਦਾਰ ਹੁੰਦਾ ਸੀ ਜਿਸ ਦਾ ਪੋਤਰਾ ਦਲਵੀਰ ਸਿੰਘ ਧੀਰੋਵਾਲ ਆਦਮਪੁਰ ਹਲਕੇ ਦੀ ਸਿਆਸਤ  ਵਿਚ ਸਰਗਰਮ ਰਿਹੈ। ਉਧਰ ਲਾਇਲਪੁਰ ਦੀ ਸਿਆਸਤ ਵਿਚ ਸੰਪੂਰਨ ਸਿੰਘ ਲਾਇਲਪੁਰੀ ਮੋਹਰੀਆਂ ਵਿਚ ਸ਼ੁਮਾਰ ਹੁੰਦਾ ਸੀ, ਜੋ ਬਾਅਦ ਵਿਚ  ਪਾਕਿਸਤਾਨ ਵਿਚ ਪਹਿਲਾ ਭਾਰਤੀ ਸਫ਼ੀਰ ਹੋਇਐ। ਦਾਊਆਣਾ ਸ਼ੰਕਰ ਨੂੰ ਸਟੇਸ਼ਨ ਕੋਟ ਦਯਾ ਕਿਸ਼ਨ ਲਗਦਾ ਹੈ ਜੋ ਕਿ ਲਾਹੌਰ-ਨਨਕਾਣਾ ਸਾਹਿਬ ਰੇਲਵੇ  ਟਰੈਕ ਤੇ ਹੈ। ਸਾਡੇ ਪਿੰਡ ਸਿੱਖ ਵਸੋਂ ਦਾ ਜ਼ੋਰ ਸੀ। ਇਸ ਕਰ ਕੇ ਜਦ ਰੌਲੇ ਸਿਖਰ ਤੇ ਸਨ ਤਾਂ ਆਲੇ-ਦੁਆਲੇ ਘੱਟ ਸਿੱਖ ਵਸੋਂ ਵਾਲੇ ਪਿੰਡਾਂ ਤੋਂ ਹਿੰਦੂ-ਸਿੱਖ ਉਠ ਕੇ ਸਾਡੇ ਪਿੰਡ ਆ ਗਏ। 58 ਚੱਕ ਵਿਚ ਬਹੁਤੀ ਵਸੋਂ ਕੰਬੋਜ ਸਿੱਖਾਂ ਦੀ ਸੀ ਜੋ ਕਿ ਕਾਫ਼ੀ ਖ਼ੁਸ਼ਹਾਲ ਸਨ। ਆਲੇ ਦੁਆਲੇ ਦੇ ਮੁਸਲਮਾਨਾਂ ਨੇ ਇਕੱਠੇ ਹੋ ਕੇ 58 ਉਪਰ ਹਮਲਾ ਕਰ ਦਿਤਾ।

ਘਰਬਾਰ ਲੁੱਟ ਕੇ ਕਈ ਹਿੰਦੂ-ਸਿੱਖਾਂ ਦਾ ਕਤਲੇਆਮ ਕਰ ਦਿਤਾ। ਸਾਡੇ ਗੁਆਂਢੀ ਪਿੰਡ 8 ਚੱਕ ਜੋ ਕਿ ਜ਼ਿਲ੍ਹਾ ਸ਼ੇਖੂਪੁਰਾ ਵਿਚ  ਪੈਂਦਾ ਸੀ, ਦਾ ਜੰਗਜੂ ਸਿੱਖ ਸੂਬੇਦਾਰ ਭਗਵਾਨ ਸਿੰਘ ਜਿਸ ਪਾਸ ਪੱਕੀ ਰਫਲ ਸੀ, ਘੋੜੀ ਤੇ ਚੜ੍ਹ ਕੇ ਦਾਊਆਣਾ ਸ਼ੰਕਰ ਤੇ 58 ਚੱਕ ਦੀ ਪਹਿਰੇਦਾਰੀ ਕਰਦਾ ਰਿਹਾ। 58 ਚੱਕ  ਪਿੰਡ ਦੇ ਬਾਹਰ ਟਾਹਲੀ ਉਪਰ  ਇਕ ਮੁਸਲਿਮ ਜੋ ਬੰਦੂਕ ਲਈ ਮੋਰਚੇ ਤੇ ਬੈਠਾ ਸੀ, ਨੂੰ ਸੂਬੇਦਾਰ ਨੇ ਦੂਰੋਂ ਹੀ ਗੋਲੀ ਮਾਰ ਕੇ ਮਾਰ ਦਿਤਾ। ਕਈ ਵਾਰ ਇਕ ਪਾਸਿਉਂ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਤੇ ਦੂਜੇ ਪਾਸਿਉਂ ਅਲੀ-ਅਲੀ ਦੇ। ਸਾਰਾ ਮਹੌਲ ਡਰ ਅਤੇ ਸਹਿਮ ਨਾਲ ਭਰ ਜਾਂਦਾ। ਗੁਰਦਵਾਰਾ ਸਿੰਘ ਸਭਾ ਵਿਚ ਹਰ ਰੋਜ਼ ਬੈਠਕਾਂ ਹੁੰਦੀਆਂ। ਅਖ਼ੀਰ ਠੰਢ ਪੈਂਦੀ ਨਾ ਵੇਖ ਕੇ 15-20  ਪਿੰਡਾਂ ਦੇ ਇਕੱਠੇ ਹੋਏ ਲੋਕਾਂ ਨੇ ਹੱਥੀਂ ਬਣਾਈ ਸਵਾਰੀ ਬਾਰ ਨੂੰ ਛੱਡ ਜਾਣ ਦਾ ਦੁਖਦਾਈ ਫ਼ੈਸਲਾ ਕਰ ਲਿਆ। 
ਅਕਤੂਬਰ-47 ਦੇ ਪਹਿਲੇ ਹਫ਼ਤੇ ਕਰੀਬ 1000-1200 ਗੱਡਿਆਂ ਦਾ ਕਾਫ਼ਲਾ ਜਿਸ ਵਿਚ ਆਲੇ ਦੁਆਲੇ 19-20 ਪਿੰਡਾਂ ਦੇ ਰਿਫ਼ਿਊਜੀ ਸ਼ਾਮਲ ਸਨ, ਦਾਊਆਣਾ ਸ਼ੰਕਰ ਤੋਂ ਅਪਣੇ ਪਿੱਤਰੀ ਪਿੰਡਾਂ ਲਈ ਤੁਰਿਆ। ਕਾਫ਼ਲਾ  ਕੋਈ 10 ਕੁ ਮੀਲ ਅੱਗੇ ਵਧਿਆ ਤਾਂ ਫ਼ਲਾਈਵਾਲਾ ਪਿੰਡ ਦੇ ਬਾਹਰ-ਬਾਰ ਮੁਸਲਿਮ ਧਾੜਵੀਆਂ ਵਲੋਂ ਕਾਫ਼ਲੇ ਤੇ ਹਮਲਾ ਕਰ ਦਿਤਾ। ਜਿਉਂ ਹੀ ਅੱਗੇ ਹੋ ਕੇ ਕੁੱਝ ਸਿੰਘਾਂ ਨੇ ਜੈਕਾਰਾ ਛੱਡਿਆ ਤਾਂ ਸਬੱਬੀਂ ਪਿੱਛਿਉਂ ਡੋਗਰਾ ਮਿਲਟਰੀ ਆ ਪਹੁੰਚੀ।

ਉਨ੍ਹਾਂ ਕਈ ਹਮਲਾਵਰ ਥਾਈਂ ਭੁੰਨ ਦਿਤੇ ਤੇ ਬਾਕੀ ਸਾਰੇ ਤਿੱਤਰ ਹੋ ਗਏ। ਉਹ ਮਰੇ ਧਾੜਵੀ ਨਜ਼ਦੀਕ ਵਗਦੇ ਨਾਲੇ ਵਿਚ ਸੁੱਟ ਦਿਤੇ। ਇਸ ਤੋਂ ਅੱਗੇ ਪਿੰਡ ਲਹੁਕੇ ਦੇਵੀ ਕੇ ਕਾਫ਼ਲਾ ਕੋਈ ਹਫ਼ਤਾ ਭਰ ਰੁਕਿਆ ਰਿਹਾ। ਇਥੇ ਸਾਨੂੰ ਪੱਠੇ-ਦੱਥੇ, ਆਟਾ-ਦਾਲ ਦੀ ਕੋਈ ਤੋਟ ਨਾ ਆਈ। ਇਸ ਤੋਂ ਪਹਿਲਾਂ ਖੁਰੜਿਆਂ ਵਾਲਾ ਸ਼ੰਕਰ  ਦੇ ਬਾਹਰ ਨਹਿਰੀ ਡਾਕ ਬੰਗਲੇ ਕੋਲ ਵੀ ਇਕ ਰਾਤ ਠਹਿਰੇ ਸਨ। ਕਾਫ਼ਲਾ ਇਕ ਰਾਤ ਬੱਲੋ ਕੀ ਹੈੱਡ ਤੋਂ ਪਹਿਲੇ ਪਿੰਡ ਵਿਚ ਰੁਕਿਆ। ਰਾਤ ਦਾ ਸਮਾਂ ਸੀ। ਖਾਣਾ ਬਣਾਉਣ ਤੇ ਪੀਣ ਲਈ ਪਾਣੀ ਨਜ਼ਦੀਕ ਵਗਦੀ ਖਾਲ ਤੋਂ ਕੱਪੜ ਛਾਣ ਕਰ ਕੇ ਵਰਤਿਆ। ਸਵੇਰੇ ਉਠ ਕੇ ਵੇਖਿਆ ਤਾਂ ਸਾਡੇ ਹੋਸ਼ ਉੱਡ ਗਏ ਕਿ ਖਾਲ ਤਾਂ ਸਾਰੀ ਮਰੇ ਹੋਏ ਪਸ਼ੂਆਂ ਤੇ ਬੰਦਿਆਂ ਨਾਲ ਭਰੀ ਪਈ ਸੀ । ਇਸ ਤੋਂ ਬਾਅਦ ਵਿਚ ਰਾਏ ਵਿੰਡ ਤੇ ਰਾਏ ਜੰਗ ਪਿੰਡਾਂ ਵਿਚ ਵੀ ਇਕ-ਇਕ ਰਾਤ ਦਾ ਪੜਾਅ ਕੀਤਾ ਗਿਆ। ਇਨ੍ਹਾਂ ਪੜਾਵਾਂ ਤੇ ਟਿੰਡਾਂ ਵਾਲੇ ਖੂਹ ਸਨ, ਸੋ ਪਾਣੀ ਦੀ ਸਹੂਲਤ ਵੇਖ ਕੇ ਉਥੇ ਪੜਾਅ ਕੀਤਾ। ਰਾਏ ਵਿੰਡ ਤੇ ਪੜਾਅ ਵੇਲੇ ਦੀ ਇਕ ਘਟਨਾ ਮੈਨੂੰ ਯਾਦ ਆ ਰਹੀ ਹੈ ਕਿ ਹਲਟ ਤੋਂ ਪਾਣੀ ਭਰਨ ਵੇਲੇ ਰਿਫ਼ਿਊਜੀਆਂ ਦੀ ਲੱਗੀ ਲਾਈਨ ਤੋਂ ਜਦੋਂ ਇਕ ਨੌਜੁਆਨ ਨੇ ਉਲੰਘਣਾ ਕਰ ਕੇ ਮੋਹਰੇ ਹੋ ਪਾਣੀ ਭਰਨ ਦਾ ਯਤਨ ਕੀਤਾ ਤਾਂ ਡੋਗਰਾ ਫ਼ੌਜੀ ਨੇ ਉਸ ਨੂੰ ਵਰਜਿਆ ਪਰ ਉਸ ਦੇ ਨਾ ਅਮਲ ਤੇ ਫ਼ੌਜੀ ਨੇ ਉਸ ਦੇ ਗੋਲੀ ਮਾਰ ਕੇ ਪਰਲੇ ਪਾਰ ਕਰਤਾ।

ਅਗਾਂਹ ਚੱਲ ਕੇ ਕਸੂਰ ਸ਼ਹਿਰ ਰਾਤ ਠਹਿਰੇ। ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਬਾਰ ਇਕ ਰਾਤ ਠਹਿਰੇ। ਸ਼ਾਮ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਵੀ ਗਏ। ਉਪਰੰਤ ਇਕ ਰਾਤ ਰਈਆ ਰਹੇ। ਬਿਆਸ ਦਰਿਆ ਦਾ ਪੁੱਲ ਤਦੋਂ ਸਿੰਗਲ ਹੀ ਸੀ। ਸਾਡੇ ਕਾਫ਼ਲੇ ਨੂੰ ਮਿਲਟਰੀ ਵਲੋਂ ਰੋਕ ਦਿਤਾ ਗਿਆ। ਕਿਉਂਕਿ ਜਲੰਧਰ ਤਰਫ਼ੋਂ ਮੁਸਲਿਮ ਰਿਫ਼ਿਊਜੀਆਂ ਦੇ ਹਜ਼ਾਰਾਂ ਗੱਡਿਆਂ ਦਾ ਕਾਫ਼ਲਾ ਆ ਰਿਹਾ ਸੀ। ਸੋ ਪਹਿਲੇ ਉਨ੍ਹਾਂ ਨੂੰ ਲੰਘਾਇਆ ਗਿਆ। ਸੁਭਾਨਪੁਰ ਪਹੁੰਚੇ ਤਾਂ ਸਾਡੇ ਕਾਫ਼ਲੇ ਨੂੰ ਫ਼ੌਜ ਵਲੋਂ ਜਲੰਧਰ ਦੀ ਬਜਾਏ  ਕਪੂਰਥਲਾ ਵਲ ਮੋੜ ਦਿਤਾ। ਕਪੂਰਥਲਾ ਤੋਂ ਉਰਾਰ ਫਿਰ ਜਲੰਧਰ ਦੀ ਤਰਫ਼ ਮੋੜਾ ਪਾਇਆ। ਇਥੇ ਜਲੰਧਰ ਰੋਡ ਤੇ ਵੀ ਇਕ ਰਾਤ ਠਹਿਰੇ। ਜਲੰਧਰ ਤੋਂ ਨਕੋਦਰ ਰੋਡ ਲਾਂਬੜਾ ਵਿਖੇ ਵੀ ਇਕ ਰਾਤ ਪੜਾਅ ਕੀਤਾ। ਪੱਠਾ ਦੱਥਾ, ਆਟਾ ਤੇ ਦਾਲ ਅਚਾਰ ਦਾ ਪ੍ਰਬੰਧ ਹਰ ਪੜਾਅ ਤੇ ਆਲੇ ਦੁਆਲਿਉਂ ਹੋ ਜਾਂਦਾ ਸੀ। ਬਰਸਾਤ ਤਾਂ ਬਹੁਤ ਹੋਈ ਪਰ ਹੁਣ ਬਰਸਾਤ ਦਾ ਮੌਸਮ ਲੰਘ ਚੁੱਕਾ ਸੀ, ਸੋ ਪਲੇਗ ਦਾ ਖ਼ਤਰਾ ਵੀ ਟਲ ਗਿਆ ਸੀ। ਤਦੋਂ ਜਲੰਧਰ ਆ ਕੇ ਕਾਫ਼ਲੇ ਵਿਚ ਗੱਡਿਆਂ ਦੀ ਗਿਣਤੀ ਵੀ ਅੱਧੀ ਕੁ ਹੀ ਰਹਿ ਗਈ ਕਿਉਂਕਿ ਜਿਵੇਂ-ਜਿਵੇਂ ਇਲਾਕਾ ਆਉਂਦਾ ਸੀ ਤਿਵੇਂ-ਤਿਵੇਂ ਕਾਫ਼ਲੇ ਦੇ ਲੋਕ ਖੱਬੇ ਸੱਜੇ ਮੁੜੀ ਜਾਂਦੇ ਸਨ। ਲਾਂਬੜਿਉਂ ਚੱਲ ਕੇ ਢੱਲ ਰਹੀ ਦੁਪਹਿਰ ਦੇ ਸਮੇਂ ਕਰੀਬ 20-21 ਦਿਨ ਦੇ ਭਿਆਨਕ ਦੁਖਦਾਈ ਸਫ਼ਰ ਦੀ ਪੀੜ ਅਤੇ ਬੇਅਰਾਮੀ ਦੇ ਝੰਬੇ, ਸ਼ੰਕਰ ਪਿੰਡ ਪਹੁੰਚੇ ਤਾਂ ਕੀ ਵੇਖਦੇ ਹਾਂ ਕਿ ਸ਼ੰਕਰ ਛਿੰਝ ਦੇ ਪਿੜ ਦੀਆਂ ਰੌਣਕਾਂ, ਸਜੀਆਂ ਹੋਈਆਂ ਹਨ। ਬਾਜ਼ਾਰ, ਰਿਸ਼ਤੇ ਨਾਤੇ ਤੇ ਯਾਰ ਬੇਲੀਆਂ ਦੀਆਂ ਜੱਫ਼ੀਆਂ ਦਾ ਨਿੱਘ-ਮਾਨੋ ਕਾਫ਼ਲੇ ਦੀ ਲਗਾਤਾਰ ਇਕ ਮਹੀਨੇ ਦੀ ਪੀੜ ਭਰੀ ਥਕਾਨ ਬਿੰਦ ਝੱਟ ਵਿਚ ਲਹਿ ਗਈ।

ਮੇਰੇ ਘਰ 6 ਬੇਟੀਆਂ ਤੇ 2 ਬੇਟੇ ਪੈਦਾ ਹੋਏ। ਬੇਟੀਆਂ ਨਰਿੰਦਰ ਕੌਰ ਤੇ ਸੁਰਿੰਦਰ ਕੌਰ ਕਰਮਵਾਰ ਆਰੀਆ ਕਾਲਜ ਨੂਰਮਹਿਲ, ਨੈਸ਼ਨਲ ਕਾਲਜ ਨਕੋਦਰ ਤੇ ਢੰਡੋਵਾਲ ਕਾਲਜ-ਨਕੋਦਰ ਵਿਚ ਪੰਜਾਬੀ ਦੀਆਂ ਅਧਿਆਪਕਾਂ ਰਹੀਆਂ ਨੇ। ਬੇਟਾ ਹਰਮਿੰਦਰ ਸਿੰਘ ਮਾਲੜੀ ਜੋ 41ਵੇਂ ਕਾਲਜ ਹੁਸ਼ਿਆਰਪੁਰ ਪੰਜਾਬੀ ਦੇ ਅਧਿਆਪਕ ਸਨ, ਦਾ 2005 ਵਿਚ ਗੁੰਡਾ ਅਨਸਰਾਂ ਵਲੋਂ ਕਤਲ ਕਰ ਦਿਤਾ ਗਿਆ ਸੀ। ਇਸ ਦੁਖਾਂਤਕ ਘਟਨਾ¬ਕ੍ਰਮ ਨੇ ਮਾਨੋ ਮੇਰਾ ਲੱਕ ਹੀ ਤੋੜਤਾ। ਸਰਦਾਰਨੀ ਉਦੋਂ ਦੀ ਅੱਜ ਤਕ ਬਿਸਤਰੇ ਤੇ ਹੈ, ਹਾਲੇ ਤਕ ਵੀ ਜਵਾਨ ਪੁੱਤਰ ਦੇ ਸਦਮੇ ਵਿਚੋਂ ਬਾਹਰ ਨਹੀਂ ਆ ਸਕੀ। ਕਈ ਅਜਿਹੇ ਬੁਰੇ ਸਮੇਂ ਜ਼ਿੰਦਗੀ ਵਿਚ ਆਏ ਤੇ ਲੰਘ ਗਏ ਪਰ ਬੇਟੇ ਦਾ ਸੱਲ ਅਤੇ 47 ਦਾ ਉਹ ਭਿਆਨਕ ਦੌਰ ਭੁਲਾਇਆਂ ਵੀ ਨਹੀਂ ਭੁਲਦਾ।
                                                                ਸਤਵੀਰ ਸਿੰਘ ਚਾਨੀਆਂ,ਸੰਪਰਕ : 92569-73526

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement