
ਬਾਬਾ ਆਲਾ ਸਿੰਘ ਨੇ 1763 ਵਿਚ ਪਟਿਆਲਾ ਸ਼ਹਿਰ ਦੀ ਨੀਂਹ ਰੱਖੀ
ਪਟਿਆਲਾ ਚੜ੍ਹਦੇ ਪੰਜਾਬ ਅਤੇ ਉੱਤਰੀ ਭਾਰਤ ਦਾ ਮੁੱਖ ਸ਼ਹਿਰ ਹੈ। ਇਹ ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮਾਣ ਵੀ ਇਸ ਸ਼ਹਿਰ ਨੂੰ ਕਈ ਵਾਰ ਪ੍ਰਾਪਤ ਹੋਇਆ। ਬਾਬਾ ਆਲਾ ਸਿੰਘ ਨੇ 1763 ਵਿਚ ਇਸ ਸ਼ਹਿਰ ਦੀ ਨੀਂਹ ਰੱਖੀ ਸੀ। ਪਟਿਆਲਾ ਸ਼ਹਿਰ ਨੂੰ ਪਟਿਆਲਾ ਸ਼ਾਹੀ ਪਗੜੀ, ਪਟਿਆਲਾ ਦੇ ਕਾਲੇ ਪਰਾਂਦੇ, ਪਟਿਆਲਾ ਸ਼ਾਹੀ ਸਲਵਾਰ, ਪਟਿਆਲੇ ਦੀ ਜੁੱਤੀ ਅਤੇ ਪਟਿਆਲਾ ਸ਼ਾਹੀ ਪੈੱਗ ਕਰ ਕੇ ਵੀ ਜਾਣਿਆ ਜਾਂਦਾ ਹੈ।
Patiala
ਪਟਿਆਲਾ 30.32 ਡਿਗਰੀ ਉੱਤਰ ਅਤੇ 76.46 ਡਿਗਰੀ ਪੂਰਬ ਵਲ ਹੈ। ਪੈਪਸੂ ਸਮੇਂ ਪਟਿਆਲਾ ਕਈ ਵਾਰੀ ਸੂਬੇ ਦੀ ਰਾਜਧਾਨੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ। ਬਾਬਾ ਆਲਾ ਸਿੰਘ ਪਟਿਆਲਾ ਸ਼ਹਿਰ ਦੇ ਬਾਨੀ ਸਨ, ਜਿਨ੍ਹਾਂ ਨੇ ਕਿਲ੍ਹਾ ਮੁਬਾਰਕ ਮਹਿਲ ਦੀ ਨੀਂਹ ਰੱਖੀ ਅਤੇ 1754 ਵਿਚ ਸ਼ਹਿਰ ਦੀ ਉਸਾਰੀ ਲਈ ਵਿਉਂਤਬੰਦੀ ਕੀਤੀ ਸੀ। ਰਿਆਸਤ ਦੇ ਰਾਜ ਘਰਾਣੇ ਸੱਤਾ ਲਈ 1950 ਤੋਂ ਹੀ ਵੱਖ ਵੱਖ ਪਾਰਟੀਆਂ ਦੀ ਟਿਕਟ ਤੇ ਚੋਣ ਲੜਦੇ ਰਹੇ।
Baba Ala Singh
ਪਟਿਆਲਾ ਰਿਆਸਤ ਦੀ ਦੂਜੀ ਪੀੜ੍ਹੀ ਵਜੋਂ ਇਸ ਸ਼ਹਿਰ ਦੇ ਮਹਾਰਾਜਾ, ਕੈਪਟਨ ਅਮਰਿੰਦਰ ਸਿੰਘ ਨੂੰ 2002 ਤੋਂ 2007 ਤਕ ਅਤੇ ਫਿਰ 2017 ਵਿਚ ਕਾਂਗਰਸ ਪਾਰਟੀ ਵਲੋਂ ਪੰਜਾਬ ਦਾ ਮੁੱਖ ਮੰਤਰੀ ਹੋਣ ਦਾ ਮਾਣ ਮਿਲਿਆ। ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣੀ ਅਤੇ ਇਕ ਵਾਰ ਫਿਰ ਪਟਿਆਲੇ ਤੋਂ ਵਿਧਾਇਕ ਬਣੀ।
Captain Amarinder Singh
ਮਹਾਰਾਣੀ ਬੀਬੀ ਪ੍ਰਨੀਤ ਕੌਰ 2019 'ਚ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਵੀ ਚੁਣੀ ਗਈ। ਭਾਵੇਂ ਪੈਪਸੂ ਰਾਜ ਨਹੀਂ ਰਿਹਾ ਪਰ ਪੈਪਸੂ ਰੋਡਵੇਜ਼ ਨੇ ਉਸ ਦੀ ਯਾਦ ਨੂੰ ਅੱਜ ਵੀ ਤਾਜ਼ਾ ਰਖਿਆ ਹੋਇਆ ਹੈ। ਅਕਾਲੀ ਦਲ ਅਤੇ ਸੋਚਵਾਨਾਂ ਨੂੰ ਪੈਪਸੂ ਦੇ ਅਲੋਪ ਹੋਣ ਦਾ ਪਛਤਾਵਾ ਤਾਂ ਜ਼ਰੂਰ ਰਹਿੰਦਾ ਹੋਵੇਗਾ ਪਰ ਪੁਰਾਣੀ ਪੀੜ੍ਹੀ ਦਾ ਦਰਦ ਬੋਲ ਕੇ ਦਸਣ ਵਾਲਾ ਸ਼ਾਇਦ ਹੀ ਕੋਈ ਹੋਵੇ। ਚੰਗਾ ਹੁੰਦਾ ਇਹ ਰਾਜ ਵੀ ਉਸੇ ਤਰ੍ਹਾਂ ਵਧਦਾ-ਫੁਲਦਾ। ਅੱਜ ਵੀ ਤਾਂ ਕਿੰਨੇ ਹੋਰ ਛੋਟੇ ਛੋਟੇ ਸੂਬੇ ਬਣਾ ਦਿਤੇ ਗਏ ਹਨ।
Parneet Kaur
'ਰਾਜਗਾਨ-ਏ-ਪੰਜਾਬ' (ਪੰਜਾਬ ਦੇ ਰਾਜੇ) ਕਿਤਾਬ ਜੋ ਵਿਕਟੋਰੀਆ ਪ੍ਰੈਸ ਸਿਆਲਕੋਟ 1887 ਵਿਚ ਛਪੀ, ਜਿਸ ਦੇ ਮੂਲ ਲੇਖਕ ਵਿਵੇਲ ਗ੍ਰਿਫ਼ਨ ਸਨ ਅਤੇ ਜਿਸ ਨੂੰ ਉਰਦੂ ਵਿਚ ਸੱਯਦ ਹਸਨ ਮੁਹੰਮਦ ਖ਼ਾਂ ਨੇ ਅਨੁਵਾਦ ਕੀਤਾ ਸੀ, ਜੋ ਉਸ ਸਮੇਂ ਪਟਿਆਲਾ ਰਿਆਸਤ ਦੇ ਵਜ਼ੀਰ ਸਨ, ਅਨੁਸਾਰ 'ਪਟਿਆਲਾ ਖ਼ਾਨਦਾਨ ਜਿਨ੍ਹਾਂ ਦਾ ਗੋਤ ਸਿੱਧੂ ਕੌਮ ਜੱਟ (ਜਿੰਮੀਦਾਰ) ਸਿੱਖ ਹੈ, ਇਨ੍ਹਾਂ ਅਧੀਨ ਪਟਿਆਲਾ ਦੇ ਪਿੰਡਾਂ ਦੀ ਸੰਖਿਆ ਦਸ ਸੀ ਜੋ ਰਾਵੀ ਅਤੇ ਯਮੁਨਾ ਵਿਚਕਾਰ ਹੈ।'
ਸਤਲੁਜ ਇਲਾਕੇ ਵਿਚ ਸਿੱਧੂਆਂ ਦੇ ਹੋਰ ਖ਼ਾਨਦਾਨ ਅਟਾਰੀ ਵਾਲੇ, ਭੀਲੇਵਾਲ ਵਾਲੇ ਅਤੇ ਸਾਡਰੀਆਂ ਵਾਲੇ ਸਿੱਧੂਆਂ ਦੇ ਨਾਂ ਨਾਲ ਮਸ਼ਹੂਰ ਸਨ। ਸਤਲੁਜ ਦੇ ਦੱਖਣ ਵਲ ਸਿੱਧੂਆਂ ਦਾ ਬਹੁਤਾ ਬੋਲਬਾਲਾ (ਚੜ੍ਹਤ) ਰਿਹਾ ਜੋ ਪਟਿਆਲਾ, ਜੀਂਦ, ਫ਼ਰੀਦਕੋਟ, ਭਦੌੜ ਦੇ ਸਰਦਾਰ, ਮਲੌਦ, ਬਡਰੁੱਖਾਂ ਅਤੇ ਕੈਥਲ ਦੇ ਅਮੀਰ ਸਨ।
ਰਾਜਗਾਨ-ਏ-ਪੰਜਾਬ ਅਨੁਸਾਰ ਸਿੱਧੂ ਵੀ ਰਾਜਪੂਤਾਂ 'ਚੋਂ ਨਿਕਲੇ ਹੋਏ ਹਨ ਅਤੇ ਅਪਣੇ ਖ਼ਾਨਦਾਨ ਦਾ ਸਿਲਸਿਲਾ ਜੈਸਲ ਨਾਲ ਮਿਲਾਉਂਦੇ ਹਨ।
Satluj River
ਜੈਸਲਮੇਰ ਦੇ ਬਾਨੀ ਨੇ 1180 ਵਿਚ ਅਪਣੀ ਰਾਜਗੱਦੀ ਛੱਡ ਕੇ ਹਿਸਾਰ ਦੇ ਨੇੜੇ ਪੱਕਾ ਠਿਕਾਣਾ ਬਣਾ ਲਿਆ ਸੀ ਜਿਥੇ ਉਸ ਦੇ ਚਾਰ ਪੁੱਤਰਾਂ ਨੇ ਜਨਮ ਲਿਆ। ਉਸ ਦੇ ਪੁੱਤਰ ਹੀਮਪਲੇ ਨੇ ਵੱਡਾ ਹੋ ਕੇ ਹਿਸਾਰ 'ਤੇ ਕਬਜ਼ਾ ਕਰ ਲਿਆ। ਕੁੱਝ ਚਿਰ ਬਾਅਦ 1212 ਵਿਚ ਸਿਰਸਾ ਅਤੇ ਬਠਿੰਡੇ ਨੂੰ ਅਪਣੇ ਅਧੀਨ ਕਰ ਕੇ ਕਸਬਾ ਹਿਸਾਰ ਨੂੰ ਆਬਾਦ ਕੀਤਾ। ਅੰਤ 1214 ਵਿਚ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਹਮੇਸ਼ਾ ਲਈ ਤੁਰ ਗਏ।
ਜੈਸਲ ਤੋਂ ਫੂਲ ਤਕ 29 ਪੁਸ਼ਤਾਂ ਹੋ ਗੁਜ਼ਰੀਆਂ ਹਨ। ਚੌਧਰੀ ਮਲ ਦੇ ਪੁੱਤਰਾਂ ਨੇ ਨਾਭਾ ਅਤੇ ਜੀਂਦ, ਦੂਜੇ ਪੁੱਤਰ ਰਾਮਾ ਨੇ ਪਟਿਆਲਾ ਨੂੰ ਸੰਭਾਲਿਆ। ਪਟਿਆਲੇ ਦਾ ਕੁਰਸੀਨਾਮਾ ਰਾਜਗਾਨ-ਏ-ਪਟਿਆਲਾ ਮੁਤਾਬਕ ਤਲੌਕਾ, ਰਾਮਾ, ਰੁਖੋ, ਚੰਨੋ, ਝੰਡੋ ਅਤੇ ਤਖ਼ਤ ਮੱਲ ਤਕ ਜਾ ਮਿਲਦਾ ਹੈ। ਬਾਬਾ ਆਲਾ ਸਿੰਘ, ਰਾਮਾ (ਜਿਨ੍ਹਾਂ ਨੂੰ ਬਾਅਦ ਵਿਚ ਰਾਮ ਸਿੰਘ ਦੇ ਨਾਮ ਨਾਲ ਜਾਣਿਆ ਗਿਆ) ਦੇ ਵੱਡੇ ਪੁੱਤਰ ਸਨ।
Maharaja Rajinder SIngh
1718 ਵਿਚ ਬਾਬਾ ਆਲਾ ਸਿੰਘ ਨੇ ਭਦੌੜ ਇਲਾਕਾ ਅਪਣੇ ਵੱਡੇ ਭਰਾ ਨੂੰ ਦੇ ਦਿਤਾ ਅਤੇ ਬਰਨਾਲਾ ਨੂੰ ਆਪ ਆਬਾਦ ਕੀਤਾ। ਕੁੱਝ ਸਮੇਂ ਬਾਬਾ ਆਲਾ ਸਿੰਘ ਨੇ ਰਾਏਕੋਟ ਨੂੰ ਫ਼ਤਿਹ ਕਰ ਕੇ ਨਾਮਣਾ ਖਟਿਆ। 1731 ਵਿਚ ਅਫ਼ਗਾਨਾਂ 'ਤੇ ਫ਼ਤਿਹ ਪਾਉਣ ਉਪਰੰਤ ਭੱਟੀਆਂ 'ਤੇ ਵੀ ਹੱਲਾ ਬੋਲ ਦਿਤਾ। ਇਹ ਲੜਾਈ ਲਗਾਤਾਰ 10 ਸਾਲ ਚਲਦੀ ਰਹੀ। 1741 ਵਿਚ ਸਰਹਿੰਦ ਦੇ ਹਾਕਮ ਅਲੀ ਮੁਹੰਮਦ ਖ਼ਾਂ ਜੋ ਦਿੱਲੀ ਸਰਕਾਰ ਵਲੋਂ ਨਿਯੁਕਤ ਕੀਤਾ ਗਿਆ ਸੀ, ਨਾਲ ਲੜਾਈ ਲੜੀ।
ਕੁੱਝ ਸਮੇਂ ਪਿਛੋਂ ਹਾਕਮ ਸਰਹਿੰਦ ਅਲੀ ਮੁਹੰਮਦ ਖ਼ਾਂ ਰੁਹੇਲ ਖੰਡ ਚਲਾ ਗਿਆ। 1749 ਵਿਚ ਬਾਬਾ ਆਲਾ ਸਿੰਘ ਨੇ ਭਵਾਨੀਗੜ੍ਹ ਦਾ ਕਿਲ੍ਹਾ ਤਾਮੀਰ ਕਰਵਾਇਆ। ਫਿਰ ਤਿੰਨ ਸਾਲਾਂ ਬਾਅਦ ਭਾਵ 1752 ਵਿਚ ਬਾਬਾ ਆਲਾ ਸਿੰਘ ਦੇ ਮਾਤਹਿਤ ਜਨਾਬ ਗੁਰਬਖ਼ਸ਼ ਸਿੰਘ ਕਾਲਕਾ ਨੇ ਫ਼ਤਿਹ ਪ੍ਰਾਪਤ ਕੀਤੀ ਜੋ 84 ਪਿੰਡਾਂ 'ਤੇ ਅਧਾਰਤ ਸੀ ਜਿਸ ਵਿਚ ਪਟਿਆਲਾ ਵੀ ਸ਼ਾਮਲ ਸੀ। ਇਸ ਪਿਛੋਂ ਬਾਬਾ ਆਲਾ ਸਿੰਘ ਨੇ ਬਠਿੰਡਾ ਜਿਸ ਦੇ ਹਾਕਮ ਜੋਧ ਸਿੰਘ ਸਨ, 'ਤੇ ਚੜ੍ਹਾਈ ਕਰ ਦਿਤੀ। ਇਸ ਸਬੰਧ ਵਿਚ ਭਾਈ ਗੁਰਬਖ਼ਸ਼ ਸਿੰਘ ਜਿਨ੍ਹਾਂ ਨੇ ਕੈਥਲ ਦੀ ਨੀਂਹ ਰੱਖੀ ਸੀ, ਤੋਂ ਮਦਦ ਮੰਗੀ।
ਬਾਬਾ ਆਲਾ ਸਿੰਘ ਦੇ ਪੁੱਤਰ ਲਾਲ ਸਿੰਘ ਨੇ ਜ਼ਿਲ੍ਹਾ ਮੂਣਕ ਨੂੰ ਪਟਿਆਲੇ ਵਿਚ ਸ਼ਾਮਲ ਕਰ ਲਿਆ। ਇਸ ਤੋਂ ਦਸ ਸਾਲ ਪਹਿਲਾਂ ਅਹਿਮਦ ਸ਼ਾਹ ਦੁੱਰਾਨੀ ਵਾਰ-ਵਾਰ ਭਾਰਤ 'ਤੇ ਹਮਲੇ ਕਰ ਰਿਹਾ ਸੀ। ਸੰਨ 1748, 1756 ਅਤੇ 1761 ਵਿਚ ਸਰਹਿੰਦ ਆਦਿ ਸਾਰੇ ਇਲਾਕੇ ਨੂੰ ਫ਼ਤਿਹ ਕਰਦਿਆਂ ਦਿੱਲੀ ਤਕ ਪਹੁੰਚ ਚੁਕਿਆ ਸੀ। ਅਹਿਮਦ ਸ਼ਾਹ ਦੁਰਾਨੀ ਨੇ ਹੀ 1762 ਵਿਚ ਬਾਬਾ ਆਲਾ ਸਿੰਘ ਨੂੰ 'ਰਾਜਾ' ਅਤੇ ਰਾਜਗਾਨ-ਏ-ਪੰਜਾਬ ਦੇ ਪੰਨਾ 35 ਅਨੁਸਾਰ 'ਮਹਾਰਾਜਾ' ਆਲਾ ਸਿੰਘ ਬਹਾਦਰ ਦੇ ਖ਼ਿਤਾਬ ਨਾਲ ਨਿਵਾਜਿਆ ਸੀ। ਅੰਤ ਵਿਚ ਸੂਬਾ ਸਰਹਿੰਦ ਜਿੱਤ ਪ੍ਰਾਪਤ ਕਰਨ ਵਾਲਿਆਂ ਵਿਚ ਤਕਸੀਮ ਹੋ ਗਿਆ।
Qila Mubarak
ਸਰਦਾਰ ਗੁਰਬਖ਼ਸ਼ ਸਿੰਘ ਅਤੇ ਉਸ ਦੇ ਦੋਸਤ ਕਪੂਰ ਸਿੰਘ ਅਤੇ ਸਰਦਾਰ ਨਾਮਦਾਰ ਸਿੰਘ ਪੂਰੀਆਂ ਜੋ ਇਨ੍ਹਾਂ ਦੇ ਭਤੀਜੇ ਜਾਂ ਭਾਣਜੇ ਸਨ, ਦੀ ਸਿਫ਼ਾਰਸ਼ ਕਰਨ 'ਤੇ ਸੂਬਾ ਸਰਹਿੰਦ ਮਹਾਰਾਜਾ ਬਾਬਾ ਆਲਾ ਸਿੰਘ ਨੂੰ ਦੇ ਦਿਤਾ ਗਿਆ। ਆਖ਼ਰ ਨੂੰ ਪਟਿਆਲਾ ਸ਼ਹਿਰ ਦੀ ਸ਼ਾਨ ਅਤੇ ਇਸ ਦੇ ਬਾਨੀ ਮਹਾਰਾਜਾ ਬਾਬਾ ਆਲਾ ਸਿੰਘ 1765 ਵਿਚ ਇਸ ਫ਼ਾਨੀ ਦੁਨੀਆਂ ਨੂੰ ਖ਼ੈਰਬਾਦ ਕਹਿ ਗਏ।
Maharaja Bhupinder Singh
ਪੁਰਾਣੇ ਮੋਤੀ ਬਾਗ਼ ਦਾ ਕੁੱਝ ਹਿੱਸਾ ਜੋ ਮਹਾਰਾਜਾ ਨੇ 19ਵੀਂ ਸਦੀ ਵਿਚ ਤਾਮੀਰ ਕਰਵਾਇਆ ਸੀ, ਮਸ਼ਹੂਰ ਸ਼ੀਸ਼ ਮਹਿਲ ਅਖਵਾਉਂਦਾ ਹੈ। ਇਥੇ ਵੱਡੀ ਸੰਖਿਆ ਵਿਚ ਪੁਰਾਣੀਆਂ ਤਸਵੀਰਾਂ ਮਿਲਦੀਆਂ ਹਨ ਜੋ ਮਹਾਰਾਜਾ ਨਰਿੰਦਰ ਸਿੰਘ ਦੀ ਹਦਾਇਤ ਅਨੁਸਾਰ ਤਿਆਰ ਕਰਵਾਈਆਂ ਗਈਆਂ ਸਨ। ਮਹਿਲ ਦੇ ਸਾਹਮਣੇ ਬਣਿਆ ਤਲਾਅ ਅਤੇ ਲਛਮਣ ਝੂਲਾ ਮਨਮੋਹਕ ਹੋਣ ਕਰ ਕੇ ਨਜ਼ਰਾਂ ਅਪਣੇ ਵਲ ਖਿਚਦਾ ਹੈ। ਮਹਿਲ ਦੀ ਸੁੰਦਰਤਾ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਹੈ। ਇਥੇ ਬਣਿਆ ਮਿਊਜ਼ੀਅਮ ਅਤੇ ਮਹਾਰਾਜਾ ਭੁਪਿੰਦਰ ਸਿੰਘ ਰਾਹੀਂ ਦੁਨੀਆਂ ਭਰ 'ਚੋਂ ਇਕੱਠੇ ਕੀਤੇ ਤਗ਼ਮੇ ਸ਼ਾਹੀ ਜ਼ੌਕ ਅਤੇ ਸ਼ੌਕ ਦਰਸਾਉਂਦੇ ਹਨ।
Maharaja yadwinder Singh
ਪਟਿਆਲਾ ਸ਼ਹਿਰ ਦੇ ਦਿਲਾਂ ਨੂੰ ਟੁੰਬਣ ਵਾਲੇ ਅਤੇ ਮਨਮੋਹਕ ਖੇਤਰ ਦਾ ਨਾਮ 'ਬਾਰਾਦਰੀ' ਹੈ, ਜਿਹੜਾ ਸ਼ਹਿਰ ਦੇ ਉੱਤਰ ਵਲ ਅਤੇ ਸ਼ੇਰਾਂ ਵਾਲਾ ਗੇਟ ਦੇ ਸਾਹਮਣੇ ਮੌਜੂਦ ਹੈ। ਇਹ ਬਾਗ਼ ਮਹਾਰਾਜਾ ਰਾਜਿੰਦਰ ਸਿੰਘ ਦੀ ਦੇਖ ਰੇਖ ਹੇਠ ਬਣਵਾਇਆ ਗਿਆ ਸੀ, ਜਿਸ ਵਿਚ ਹਰ ਤਰ੍ਹਾਂ ਦੇ ਹਰੇ ਭਰੇ, ਛੋਟੇ ਵੱਡੇ ਦਰੱਖ਼ਤ ਸ਼ਹਿਰ ਦੀ ਨੁਹਾਰ ਬਦਲਣ ਵਿਚ ਸਹਾਈ ਸਿੱਧ ਹੋ ਰਹੇ ਹਨ। ਇਸ ਵਿਚ ਪੁਰਾਣੀ ਤਰਜ਼ ਨਾਲ ਬਣੀਆਂ ਮਹਿਲ ਨੁਮਾ ਇਮਰਾਤਾਂ, ਮਹਾਰਾਜਾ ਰਾਜਿੰਦਰ ਸਿੰਘ ਦਾ ਪੱਥਰ ਦਾ ਬਣਿਆ ਬੁੱਤ, ਕ੍ਰਿਕਟ ਸਟੇਡੀਅਮ, ਸਕੇਟਿੰਗ ਰਿੰਗ, ਵਿਚਕਾਰ ਬਣਿਆ ਛੋਟਾ ਮਹਿਲ ਜਿਸ ਦਾ ਨਾਮ 'ਰਾਜਿੰਦਰ ਕੋਠੀ' ਵੀ ਵੇਖਣ ਨੂੰ ਮਿਲਦੀ ਹੈ। ਸੰਨ 2009 ਵਿਚ ਇਸ ਨੂੰ ਪਰਾਣੀਆਂ ਇਮਾਰਤਾਂ ਵਿਚ ਸ਼ਾਮਲ ਕੀਤਾ ਗਿਆ, ਜਿਸ ਵਿਚ ਪੰਜਾਬ ਦਾ ਪੁਰਾਣਾ ਹੋਟਲ ਅਤੇ ਪ੍ਰੈਸ ਕਲੱਬ ਜੋ 2006 ਵਿਚ ਕਾਇਮ ਕੀਤਾ ਗਿਆ ਸੀ, ਵੀ ਵੇਖਣ ਨੂੰ ਮਿਲਦਾ ਹੈ।
Maharaja Captain Amarinder Singh
ਵਿਦਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਸ਼ਾਹੀ ਸ਼ਹਿਰ ਪਟਿਆਲਾ ਉੱਤਰੀ ਭਾਰਤ ਦਾ ਉਹ ਖ਼ਿੱਤਾ ਹੈ ਜਿਸ ਦਾ ਨਾਂ ਰੌਸ਼ਨ ਕਰਨ ਵਾਲਾ ਮਸ਼ਹੂਰ ਅਦਾਰਾ ਐਨ.ਆਈ.ਐਸ. 1961 ਵਿਚ ਕਾਇਮ ਕੀਤਾ ਗਿਆ ਸੀ ਜੋ ਏਸ਼ੀਆ ਦਾ ਸੱਭ ਤੋਂ ਵੱਡਾ ਖੇਡ ਅਦਾਰਾ ਹੈ। 1973 ਵਿਚ ਇਸ ਦਾ ਨਾਂ ਬਦਲ ਕੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਰਖਿਆ ਗਿਆ। ਪਹਿਲਾਂ ਐਨ.ਆਈ.ਐਸ. ਮੋਤੀ ਬਾਗ਼ ਵਿਖੇ ਸ਼ੁਰੂ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਨੂੰ ਖ਼ਰੀਦ ਕੇ ਅਪਣੇ ਕਬਜ਼ੇ ਵਿਚ ਲੈ ਲਿਆ। ਖੇਡਾਂ ਦੇ ਮੈਦਾਨ ਵਿਚ ਇਹ ਇੰਸਟੀਚਿਊਟ ਬਹੁਤ ਮਹੱਤਤਾ ਰਖਦਾ ਹੈ।
ਇਸ ਵਿਚ ਬੈਡਮਿੰਟਨ ਤੋਂ ਇਲਾਵਾ ਹੋਰ ਬਹੁਤ ਸਾਰੇ ਈਵੈਂਟ ਚਲ ਰਹੇ ਹਨ। ਅਪਣੀ ਖੇਡ ਵਿਚ ਨਾਮਣਾ ਖੱਟਣ ਵਾਲਿਆਂ ਨੂੰ 'ਗਰੇਟ ਗਾਮਾ' ਮੇਜਰ ਧਿਆਨ ਚੰਦ ਗੋਲਡ ਮੈਡਲ ਤੋਂ ਇਲਾਵਾ ਅਨੇਕਾਂ ਪਦਵੀਆਂ ਅਤੇ ਤਗ਼ਮਿਆਂ ਨਾਲ ਨਿਵਾਜਿਆ ਜਾਂਦਾ ਹੈ। 1928 ਵਿਚ ਮੇਜਰ ਧਿਆਨ ਚੰਦ ਅਤੇ 1986 ਵਿਚ ਪੀ.ਟੀ. ਊਸ਼ਾ ਦੇ ਮੈਡਲ ਪ੍ਰਾਪਤ ਹੋਣ ਕਰ ਕੇ ਵਿਸ਼ੇਸ਼ ਦਿਨ ਵਜੋਂ ਮਨਾਏ ਜਾਂਦੇ ਹਨ। ਮੁਕਦੀ ਗੱਲ ਇਹ ਹੈ ਕਿ ਉੱਤਰੀ ਭਾਰਤ ਵਾਲਿਆਂ ਲਈ ਇਹ ਅਦਾਰਾ ਬਹੁਤ ਵੱਡਾ ਤੋਹਫ਼ਾ ਹੈ। ਇਸ ਅਦਾਰੇ ਨੂੰ ਕਾਇਮ ਕਰਨ ਵਾਲਿਆਂ ਨੂੰ ਸਦੀਆਂ ਤਕ ਯਾਦ ਰਖਿਆ ਜਾਵੇਗਾ।
Punjabi University, Patiala
ਇਸ ਸ਼ਾਹੀ ਸ਼ਹਿਰ ਦੀ ਧਰਤੀ 'ਤੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਕਾਇਮ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਥੋਂ ਦੇ ਰਹਿਣ ਵਾਲਿਆਂ ਵਿਚ ਵਿਦਿਆ ਪ੍ਰਾਪਤੀ ਦਾ ਬੇਹੱਦ ਸ਼ੌਕ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਵਿਦਿਆ ਦੇ ਖੇਤਰ ਵਿਚ ਪਟਿਆਲਾ ਮੋਹਰੀ ਰਿਹਾ ਹੈ। ਸਰਕਾਰੀ ਮਹਿੰਦਰਾ ਕਾਲਜ ਜੋ 1870 ਵਿਚ ਕਾਇਮ ਹੋਣ ਕਰ ਕੇ ਕਲਕੱਤਾ ਯੂਨੀਵਰਸਿਟੀ ਨਾਲ ਐਫ਼ਿਲੀਏਟਿਡ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ 1962 ਵਿਚ ਬਣਾਈ ਗਈ। ਅੱਜ ਕੱਲ੍ਹ ਇਸ ਨਾਲ ਲਗਭਗ 278 ਕਾਲਜ ਐਫ਼ਿਲੀਏਟਿਡ ਹਨ।
ਇਹ ਯੂਨੀਵਰਸਿਟੀ ਨਾ ਸਿਰਫ਼ ਚੰਗੇ, ਸਾਫ਼ ਸੁਥਰੇ ਪੰਜਾਬੀ ਮਾਹੌਲ ਪਖੋਂ ਮਸ਼ਹੂਰ ਹੈ ਸਗੋਂ ਖੇਡਾਂ ਦੇ ਖੇਤਰ ਵਿਚ ਵੀ ਭਾਰਤ ਦੀਆਂ ਮੁੱਖ ਯੂਨੀਵਰਸਿਟੀਆਂ ਨਾਲੋਂ ਸੱਭ ਤੋਂ ਅੱਗੇ ਹੈ। ਇਸ ਦਾ ਜਿਊਂਦਾ ਜਾਗਦਾ ਸਬੂਤ ਭਾਰਤ ਸਰਕਾਰ ਵਲੋਂ ਸਪੋਰਟਸ ਦੇ ਖੇਤਰ ਵਿਚ ਸੱਭ ਤੋਂ ਵੱਡੀ ਟਰਾਫ਼ੀ 'ਮਾਕਾ' (ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ) ਹੈ ਜੋ ਭਾਰਤ ਦੇ ਰਾਸ਼ਟਰਪਤੀ ਹੱਥੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਨੂੰ ਦਸਵੀਂ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
Punjabi University
ਸਾਇੰਸ ਐਂਡ ਤਕਨਾਲੋਜੀ ਦੇ ਖੇਤਰ ਵਿਚ ਥਾਪਰ ਯੂਨੀਵਰਸਿਟੀ ਜੋ 1956 ਵਿਚ ਕਾਇਮ ਹੋਈ ਸੀ, ਇਹ ਵੀ ਕਿਸੇ ਤੋਂ ਘੱਟ ਨਹੀਂ। ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ, ਸਰਕਾਰੀ ਕਾਲਜ ਆਫ਼ ਕਾਮਰਸ ਜੋ ਉੱਤਰੀ ਭਾਰਤ ਦਾ ਸਿਰਕੱਢ ਕਾਲਜ ਹੈ। ਇਸ ਤੋਂ ਇਲਾਵਾ ਸਰਕਾਰੀ ਕਾਲਜ, ਸਰਕਾਰੀ ਰਾਜਿੰਦਰ ਮੈਡੀਕਲ ਕਾਲਜ, ਸਰਕਾਰੀ ਆਯੂਰਵੈਦਿਕ ਕਾਲਜ ਅਤੇ ਹੋਰ ਮਸ਼ਹੂਰ ਵਿਦਿਅਕ ਅਦਾਰੇ ਹਨ।
Thapar University
ਰਾਜਿਆਂ ਮਹਾਰਾਜਿਆਂ ਦੇ ਸ਼ਾਹੀ ਸ਼ਹਿਰ ਪਟਿਆਲਾ ਵਾਲਿਆਂ ਦੀ ਦਿਲਚਸਪੀ ਨੂੰ ਵੇਖਦਿਆਂ ਇਥੋਂ ਦੇ ਹੁਕਮਰਾਨਾਂ ਨੇ ਸ਼ਹਿਰ ਨੂੰ ਰਾਜਾ ਭਾਲਿੰਦਰ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਜੋ ਲੋਅਰ ਮਾਲ ਰੋਡ ਵਿਖੇ ਸਥਿਤ ਹੈ, ਜਿਸ ਵਿਚ ਇਨਡੋਰ ਸਟੇਡੀਅਮ, ਯਾਦਵਿੰਦਰ ਅਥਲੈਟਿਕਸ ਸਟੇਡੀਅਮ, ਸਕੇਟਿੰਗ ਦਾ ਰਿੰਗ ਹਾਲ, ਧਰੁਵ ਪਾਂਡਵ ਕ੍ਰਿਕਟ ਸਟੇਡੀਅਮ, ਐਨਆਈਐਸ ਦਾ ਖੁਲ੍ਹਾ ਡੁਲ੍ਹਾ ਖ਼ੁਸ਼ਗਵਾਰ ਮੈਦਾਨ ਅਤੇ ਪੰਜਾਬ ਯੂਨੀਵਰਸਿਟੀ ਦਾ ਰਾਜਾ ਭਲਿੰਦਰ ਸਟੇਡੀਅਮ ਵੀ ਸ਼ਾਮਲ ਹੈ।
ਪਟਿਆਲਾ ਸ਼ਹਿਰ ਉਘੇ ਸਿਆਸਤਦਾਨਾਂ, ਅਰਥ ਸ਼ਾਸਤਰੀਆਂ, ਦਾਨਿਸ਼ਵਰਾਂ, ਖਿਡਾਰੀਆਂ ਅਤੇ ਅਪਣੇ ਖੇਤਰ ਵਿਚ ਮਾਹਰ ਡਾਕਟਰਾਂ ਦਾ ਸ਼ਹਿਰ ਹੈ, ਜਿਨ੍ਹਾਂ ਨੇ ਸ਼ਹਿਰ ਦਾ ਮਾਣ ਵਧਾਉਣ ਲਈ ਤਨ, ਮਨ ਅਤੇ ਧਨ ਦੀ ਬਾਜ਼ੀ ਲਾ ਕੇ ਇਸ ਸ਼ਹਿਰ ਨੂੰ ਸੰਵਾਰਿਆ ਹੈ। ਇਥੇ ਤੈਰਾਕੀ, ਨਿਸ਼ਾਨੇਬਾਜ਼ੀ, ਸਕੇਟਿੰਗ ਅਤੇ ਹਾਕੀ ਮੈਦਾਨ ਵੀ ਮੌਜੂਦ ਹਨ ਪਰ ਇਥੋਂ ਦੇ ਲੋਕਾਂ ਲਈ ਬੈਡਮਿੰਟਨ ਦੇ ਹੋਰ ਮੈਦਾਨ ਅਤੇ ਕੋਚਾਂ ਦੀ ਘਾਟ ਮਹਿਸੂਸ ਹੋ ਰਹੀ ਹੈ।
Dukhniwaran Sahib
ਪਟਿਆਲਾ ਸ਼ਹਿਰ ਨੂੰ ਆਬਾਦ ਅਤੇ ਸ਼ਾਦਾਬ ਕਰਨ ਵਾਲਿਆਂ ਵਿਚ ਸਾਰੇ ਧਰਮਾਂ ਦੇ ਲੋਕਾਂ ਦਾ ਬਰਾਬਰ ਦਾ ਹਿੱਸਾ ਰਿਹਾ ਹੈ। ਪਟਿਆਲਾ ਸ਼ਹਿਰ ਦੀ ਸੁੰਦਰਤਾ ਇਸ ਗੱਲ ਦਾ ਸਬੂਤ ਹੈ ਕਿ ਇਸ ਸ਼ਹਿਰ ਵਿਚ ਗੁਰਦਵਾਰਾ ਸ੍ਰੀ ਦੁਖ ਨਿਵਾਰਨ ਸਾਹਿਬ, ਗੁਰਦਵਾਰਾ ਮੋਤੀ ਬਾਗ਼, ਗੁਰਦਵਾਰਾ ਹੋਤੀ ਮਰਦਾਨ, ਗੁਰਦਵਾਰਾ ਪਾਤਸ਼ਾਹੀ ਨੌਵੀਂ, ਗੁਰਦਵਾਰਾ ਸਿੰਘ ਸਭਾ, ਕਾਲੀ ਮਾਤਾ ਮੰਦਰ, ਸ਼ਨੀ ਮੰਦਰ, ਸ਼ੀਤਲਾ ਮਾਤਾ ਦਾ ਮੰਦਰ, ਬੈਂਕ ਕਾਲੋਨੀ ਮਸਜਿਦ, ਅਦਾਲਤ ਬਾਜ਼ਾਰ ਮਸਜਿਦ, ਬਿਸ਼ਨ ਨਗਰ ਮਸਜਿਦ, ਲਾਲ ਮਸਜਿਦ (ਸ਼ੇਰਾਂ ਵਾਲਾ ਗੇਟ) ਉਮਰ ਮਸਜਿਦ (ਰਾਜਪੁਰਾ ਚੂੰਗੀ ਮਸਜਿਦ), ਈਦਗਾਹ (ਮਾਲ ਰੋਡ), ਲਾਹੌਰੀ ਗੇਟ ਅਤੇ ਸਰਕਟ ਹਾਊਸ ਵਿਖੇ ਬਣੇ ਚਰਚ ਤੋਂ ਇਲਾਵਾ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਬਾਰਾਦਰੀ ਬਾਗ਼, ਕਿਲ੍ਹਾ ਬਹਾਦਰਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਥਾਪਰ ਯੂਨੀਵਰਸਿਟੀ, ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਮੋਦੀ ਕਾਲਜ ਆਦਿ ਅਜਿਹੇ ਵੱਡੇ ਅਦਾਰੇ ਹਨ, ਜੋ ਅਪਣੇ ਅਪਣੇ ਖੇਤਰ ਵਿਚ ਸ਼ਹਿਰ ਦੀ ਆਨ, ਬਾਨ ਅਤੇ ਸ਼ਾਨ ਲਈ ਚਾਰ ਚੰਨ ਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ।
Gurdwara Sahib Moti Bagh
ਗੁਰਦਵਾਰਾ ਦੁੱਖ ਨਿਵਾਰਨ ਜੋ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਨਜ਼ਦੀਕ ਹੈ, ਇਕ ਤਹਿਰੀਰ ਅਨੁਸਾਰ ਜੋ ਗੁਰਦਵਾਰਾ ਸਾਹਿਬ ਵਿਖੇ ਮਹਿਫ਼ੂਜ਼ ਹੈ, ਲਹਿਲ ਦੇ ਇਕ ਵਸਨੀਕ ਭਾਗ ਰਾਮ ਨੇ ਸੈਫ਼ ਆਬਾਦ (ਬਹਾਦਰਗੜ੍ਹ) ਵਿਖੇ ਰਹਿਣ ਦੌਰਾਨ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੰਤਜ਼ਾਮ ਕੀਤਾ। ਭਾਗ ਰਾਮ ਨੇ ਗੁਰੂ ਸਾਹਿਬ ਅੱਗੇ ਗੁਜ਼ਾਰਿਸ਼ ਕੀਤੀ ਕਿ ਉਸ ਦੇ ਪਿੰਡ ਤਸ਼ਰੀਫ਼ ਲੈ ਕੇ ਆਉਣ ਕਿਉਂਕਿ ਉਸ ਦੇ ਪਿੰਡ ਵਾਸੀ ਇਕ ਭਿਆਨਕ ਬਿਮਾਰੀ ਤੋਂ ਪੀੜਤ ਸਨ।
Lahori Gate
ਗੁਰੂ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰਦਿਆਂ 5 ਮਾਘ ਸੁਦੀ, 1728 ਬਿਕਰਮੀ, ਮੁਤਾਬਕ 24 ਜਨਵਰੀ 1672 ਨੂੰ ਲਹਿਲ ਪਿੰਡ ਵਿਖੇ ਕੇਲੇ ਦੇ ਦਰੱਖ਼ਤ ਹੇਠ ਜੋ ਤਲਾਅ ਦੇ ਕਿਨਾਰੇ ਲਗਿਆ ਹੋਇਆ ਸੀ, ਬੈਠ ਗਏ। ਲੋਕ ਵਿਸ਼ਵਾਸ ਅਨੁਸਾਰ ਦਸਿਆ ਜਾਂਦਾ ਹੈ ਕਿ ਜਿਥੇ ਗੁਰੂ ਜੀ ਠਹਿਰੇ ਉਸ ਨੂੰ ਦੁਖ ਨਿਵਾਰਨ ਆਖਿਆ ਜਾਂਦਾ ਹੈ।
ਗੁਰਦੁਆਰਾ ਮੋਤੀ ਬਾਗ਼ ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ਾਨ ਵਿਚ ਇਜ਼ਾਫ਼ਾ ਕਰਨ ਵਾਲਾ ਇਕ ਪਵਿੱਤਰ ਅਸਥਾਨ ਹੈ। ਇਕ ਵਾਰੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਿੱਲੀ ਦੇ ਸਫ਼ਰ ਦੌਰਾਨ ਕੀਰਤਪੁਰ, ਭਰਤਗੜ੍ਹ, ਰੋਪ ਮਕਰ, ਕਾਬਲਪੁਰ ਹੁੰਦਿਆਂ ਪ੍ਰਸਿਧ ਸੂਫ਼ੀ ਸੈਫ਼ ਖ਼ਾਂ ਕੋਲ ਉਨ੍ਹਾਂ ਦੀ ਇੱਛਾ ਅਨੁਸਾਰ ਸੈਫ਼ ਆਬਾਦ (ਬਹਾਦਰਗੜ੍ਹ) ਵਿਖੇ ਜੋ ਪਟਿਆਲਾ ਤੋਂ 6 ਕਿਲੋਮੀਟਰ ਦੇ ਫ਼ਾਸਲੇ 'ਤੇ ਸਥਿਤ ਹੈ, ਜਿਸ ਨੂੰ ਸੈਫ਼ ਅਲੀ ਖ਼ਾਂ ਨੇ 1658 ਵਿਚ ਤਾਮੀਰ ਕਰਵਾਇਆ ਸੀ ਅਤੇ ਜਿਸ ਦੀ ਬਾਅਦ ਵਿਚ ਮਹਾਰਾਜਾ ਕਰਮ ਸਿੰਘ ਨੇ 1831 ਵਿਚ ਮੁਰੰਮਤ ਕਰਵਾਈ ਸੀ, ਇਥੇ ਇਕ ਮਹੀਨਾ ਠਹਿਰੇ।
Masjid
ਸੂਫ਼ੀ ਸੈਫ਼ ਅਲੀ ਖ਼ਾਂ ਨੇ ਆਪ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਦਿਲੋਂ ਖ਼ਿਦਮਤਦਾਰੀ ਕੀਤੀ। ਗੁਰੂ ਜੀ ਸਾਰਾ ਦਿਨ ਕਿਲ੍ਹੇ ਅੰਦਰ ਮਸ਼ਰੂਫ਼ ਰਹਿੰਦੇ ਅਤੇ ਰਾਤ ਨੂੰ ਸੈਫ਼ ਅਲੀ ਖ਼ਾਂ ਕੋਲ ਆ ਜਾਂਦੇ। ਇਹ ਕਿਲ੍ਹਾ 2 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ ਜਿਸ ਦੇ ਆਲੇ ਦੁਆਲੇ ਗੋਲ ਦੀਵਾਰਾਂ ਅਤੇ ਖਾਈ ਪੁੱਟੀ ਹੋਈ ਹੈ। ਮਹਾਰਾਜੇ ਦਾ ਗੁਰੂ ਜੀ ਨਾਲ ਅਥਾਹ ਪਿਆਰ ਹੋਣ ਕਰ ਕੇ ਇਸ ਦਾ ਨਾਂ ਬਹਾਦਰਗੜ੍ਹ ਰਖ ਦਿਤਾ। ਇਥੇ ਇਕ ਗੁਰੂ ਘਰ ਵੀ ਹੈ ਜਿਸ ਨੂੰ ਗੁਰਦਵਾਰਾ ਸਾਹਿਬ ਨੌਵੀਂ ਪਾਤਸ਼ਾਹੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਨਾਲ ਬਹੁਤ ਹੀ ਖ਼ੂਬਸੂਰਤ ਮਸਜਿਦ ਵੀ ਬਣੀ ਹੋਈ ਹੈ। ਮਸਜਿਦ ਅਤੇ ਗੁਰਦਵਾਰਾ ਸਾਹਿਬ ਜਿਥੇ ਸਿੱਖ ਮੁਸਲਿਮ ਆਪਸੀ ਸਾਂਝ ਅਤੇ ਬੀਤੇ ਸਮੇਂ ਦੀ ਦਾਸਤਾਨ ਬਿਆਨ ਕਰਦੇ ਹਨ, ਉਥੇ ਹੀ ਸੁਲਝੇ ਅਤੇ ਪਰਪੱਕ ਨਕਸ਼ਾ ਨਵੀਸਾਂ ਦੀ ਕਲਾਕ੍ਰਿਤ ਦਾ ਬਿਹਤਰੀਨ ਨਮੂਨਾ ਵੀ ਦਰਸਾਉਂਦੇ ਹਨ। ਇਸ ਤੋਂ ਬਾਅਦ ਗੁਰੂ ਜੀ ਸਮਾਣਾ ਵਲ ਚਲੇ ਗਏ। ਇਥੇ ਵੀ ਆਪ ਨੇ ਮੁਹੰਮਦ ਬਖ਼ਸ਼ ਦੀ ਹਵੇਲੀ ਵਿਚ ਕੁੱਝ ਸਮਾਂ ਗੁਜ਼ਾਰਿਆ ਅਤੇ ਕਰਹਾਲੀ ਅਤੇ ਬਲਬੇੜਾ ਹੁੰਦੇ ਹੋਏ ਚੀਕੇ ਵਲ ਤਸ਼ਰੀਫ਼ ਲੈ ਗਏ।
ਸ਼ਾਹੀ ਸ਼ਹਿਰ ਪਟਿਆਲਾ ਜਿਥੇ ਕਾਲੀ ਮਾਤਾ ਦਾ ਮੰਦਰ ਜੋ ਮਹਾਰਾਜਾ ਭੁਪਿੰਦਰ ਸਿੰਘ (ਜੋ 1900 ਤੋਂ 1938 ਤਕ ਗੱਦੀ 'ਤੇ ਰਹੇ), ਵਲੋਂ 1936 ਵਿਚ ਤਾਮੀਰ ਕਰਵਾਇਆ ਸੀ। ਇਸ ਵਿਚ ਕਾਲੀ ਮਾਤਾ ਦੀ 6 ਫੁੱਟ ਉੱਚੀ ਮੂਰਤੀ ਅਤੇ ਪਾਵਨ ਜੋਤੀ ਬੰਗਾਲ ਤੋਂ ਮੰਗਵਾਈ ਗਈ ਸੀ। ਮੰਦਰ ਦੀ ਬਨਾਵਟ ਅਤੇ ਸਜਾਵਟ ਜੋ ਲੋਕਾਂ ਦੀ ਨਜ਼ਰ ਅਪਣੇ ਵਲ ਖਿਚਦੀ ਹੈ, ਨੂੰ ਵੇਖਦਿਆਂ ਇਸ ਨੂੰ ਕੌਮੀ ਯਾਦਗਾਰ ਵਿਚ ਸ਼ਾਮਲ ਕੀਤਾ ਗਿਆ ਹੈ। ਪ੍ਰਾਚੀਨ ਪ੍ਰਸਿਧ ਰਾਜ ਰਾਜੇਸ਼ਵਰੀ ਮੰਦਰ ਵੀ ਇਥੇ ਹੀ ਹੈ ਜੋ ਬਾਰਾਦਾਰੀ ਨੇੜੇ ਮਾਲ ਰੋਡ 'ਤੇ ਹੈ।
ਪਟਿਆਲਾ ਸ਼ਹਿਰ ਦਾ ਮੁੱਖ ਕਿਲ੍ਹਾ ਮੁਬਾਰਕ ਕੰਪਲੈਕਸ ਸ਼ਹਿਰ ਦੇ ਮੱਧ ਵਿਚ 10 ਏਕੜ ਰਕਬੇ ਵਿਚ ਬਣਿਆ ਹੋਇਆ ਹੈ, ਜਿਸ ਵਿਚ ਕੇਂਦਰੀ ਮਹਿਲ ਜਾਂ ਅੰਦਰਲਾ ਕਿਲ੍ਹਾ ਅਤੇ ਮਹਿਮਾਨਖ਼ਾਨਾ ਵੀ ਸ਼ਾਮਲ ਹੈ। ਕਿਲ੍ਹੇ ਦੇ ਬਾਹਰ ਦਰਸ਼ਨੀ ਦਰਵਾਜ਼ਾ, ਸ਼ਿਵ ਮੰਦਰ ਅਤੇ ਸਜੀਆਂ-ਸਜਾਈਆਂ ਬਜ਼ਾਰ ਦੀਆਂ ਦੁਕਾਨਾਂ ਹਨ। ਜੋ ਕਿਲ੍ਹੇ ਦੀ ਖ਼ੂਬਸੂਰਤੀ ਅਤੇ ਰੌਣਕ ਵਿਚ ਵਾਧਾ ਕਰਦੀਆਂ ਹਨ। ਇਨ੍ਹਾਂ ਦੁਕਾਨਾਂ ਵਿਚ ਕੀਮਤੀ ਗਹਿਣੇ, ਰੰਗਦਾਰ ਧਾਗੇ, ਜੁੱਤੀਆਂ ਅਤੇ ਚਮਕੀਲੇ ਪਰਾਂਦਿਆਂ ਤੋਂ ਇਲਾਵਾ ਰੋਜ਼ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਹਨ।
ਮੋਤੀ ਬਾਗ਼ ਦੀ ਤਾਮੀਰ ਹੁਣ ਕਿਲ੍ਹਾ ਮੁਬਾਰਕ ਰਾਜਿਆਂ ਮਹਾਰਾਜਿਆਂ ਦੀ ਰਿਹਾਇਸ਼ ਸੀ। ਇਹ ਕਿਲ੍ਹਾ ਇਸਲਾਮੀ ਅਤੇ ਰਾਜਸਥਾਨੀ ਤਰਜ਼ ਨਾਲ ਬਣਿਆ ਕਲਾ ਦਾ ਬਿਹਤਰੀਨ ਨਮੂਨਾ ਹੈ। ਇਸ ਵਿਚ 10 ਬਰਾਂਡੇ ਕੁੱਝ ਛੋਟੇ ਅਤੇ ਕੁੱਝ ਵੱਡੇ ਹਨ। ਕਈ ਮਹਿਲ ਹਨ, ਬਰਾਂਡੇ ਦੇ ਆਲੇ ਦੁਆਲੇ ਕਮਰਿਆਂ ਦਾ ਇਕ ਸੈੱਟ ਹੈ। ਹਰ ਕਮਰੇ ਦੇ ਵੱਖ ਵੱਖ ਨਾਮ ਹਨ। ਜਿਵੇਂ ਤੋਪਖਾਨਾ, ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ, ਖ਼ਜ਼ਾਨਾ ਅਤੇ ਜੇਲ੍ਹਖ਼ਾਨਾ ਆਦਿ। ਆਲਾ ਸਿੰਘ ਬੁਰਜ ਜਿਸ ਵਿਚ ਜਵਾਲਾ ਜੀ ਤੋਂ ਇਕ ਜੋਤੀ ਲਿਆ ਕੇ ਰੱਖੀ ਹੈ, ਜੋ ਵੇਖਣ ਵਾਲਿਆਂ ਲਈ ਇਕ ਪੈਗ਼ਾਮ ਦਾ ਕੰਮ ਕਰਦੀ ਹੈ। ਇਸ ਕਿਲ੍ਹੇ ਨੂੰ ਹਰ ਸਾਲ ਵਿਰਾਸਤੀ ਮੇਲੇ ਮੌਕੇ ਸਵਾਰਿਆ ਅਤੇ ਸਜਾਇਆ ਜਾਂਦਾ ਹੈ।
ਸ਼ਾਹੀ ਸ਼ਹਿਰ ਪਟਿਆਲਾ ਨੂੰ ਸੁੰਦਰ ਅਤੇ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵਲੋਂ ਇਥੇ ਮਿਉਂਸੀਪਲ ਕਾਰਪੋਰੇਸ਼ਨ ਬਣਾਈ ਗਈ ਹੈ। ਸ਼ਹਿਰ ਨੂੰ ਲਗਭਗ 50 ਵਾਰਡਾਂ ਵਿਚ ਵੰਡਿਆ ਗਿਆ ਹੈ। ਪਟਿਆਲਾ ਡੀਵੈਲਪਮੈਂਟ ਅਥਾਰਟੀ ਸ਼ਹਿਰ ਦੀ ਤਰੱਕੀ ਲਈ ਯਤਨਸ਼ੀਲ ਹੈ। ਸ਼ਹਿਰ ਨੂੰ ਪਟਿਆਲਾ ਅਰਬਨ ਅਤੇ ਪਟਿਆਲਾ ਰੂਰਲ ਅਸੈਂਬਲੀ ਹਲਕਿਆਂ ਵਿਚ ਵੰਡਿਆ ਹੋਇਆ ਹੈ। ਪਟਿਆਲਾ ਵਿਚ 2011 ਦੀ ਮਰਦਮਸ਼ੁਮਾਰੀ ਅਨੁਸਾਰ ਸਿੱਖ ਭਰਾਵਾਂ ਦੀ ਗਿਣਤੀ 57.22 ਫ਼ੀ ਸਦੀ, ਹਿੰਦੂ ਭਰਾ 39.9 ਫ਼ੀ ਸਦੀ ਅਤੇ ਹੋਰ ਭਾਈਚਾਰੇ 2.82 ਫ਼ੀ ਸਦੀ ਦਰਸਾਏ ਗਏ ਹਨ। ਪਟਿਆਲਾ ਸ਼ਹਿਰ ਦੀ ਆਬਾਦੀ 4,02,192 ਹੈ ਜਿਨ੍ਹਾਂ ਵਿਚ 54 ਫ਼ੀ ਸਦੀ ਮਰਦ ਅਤੇ 46 ਫ਼ੀ ਸਦੀ ਔਰਤਾਂ ਸ਼ਾਮਲ ਹਨ।
Punjab Govt
ਪਟਿਆਲਾ ਵਿਚ ਮਹਾਰਾਜਾ ਅਮਰ ਸਿੰਘ ਨੇ 1780 ਵਿਚ 10 ਖ਼ਾਸ ਦਰਵਾਜ਼ੇ ਬਣਵਾਏ ਸਨ, ਜਿਨ੍ਹਾਂ ਦੇ ਨਾਮ ਲਹੌਰੀ ਗੇਟ, ਸਨੌਰੀ ਗੇਟ, ਸਰਹਿੰਦੀ ਗੇਟ, ਸ਼ੇਰਾਂ ਵਾਲਾ ਗੇਟ, ਤੋਪਖ਼ਾਨਾ ਗੇਟ, ਗੁਲਦਾਊਦੀ ਗੇਟ, ਸਮਾਣੀਆਂ ਗੇਟ, ਸੁਨਾਮੀ ਗੇਟ ਅਤੇ ਨਾਭਾ ਗੇਟ ਹਨ। ਇਹ ਦਿਲਾਂ ਨੂੰ ਟੁੰਬਣ ਵਾਲੇ ਅਤੇ ਸਦੀਆਂ ਪੁਰਾਣੀ ਤਾਰੀਖ ਦੀਆਂ ਯਾਦਾਂ ਤਾਜ਼ਾ ਕਰਵਾਉਂਦੇ ਹਨ। ਇਨ੍ਹਾਂ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਮੁਕੰਮਲ ਕਰਵਾਇਆ ਸੀ। ਇਨ੍ਹਾਂ ਵਿਚੋਂ ਕੁੱਝ ਸਮੇਂ ਦੀ ਮਾਰ ਦਾ ਸ਼ਿਕਾਰ ਹੋ ਗਏ ਅਤੇ ਕੁੱਝ ਹਾਲੇ ਵੀ ਬਚੇ ਹੋਏ ਹਨ। ਪਟਿਆਲਾ ਸ਼ਹਿਰ ਦੇ ਬਾਜ਼ਾਰ ਜਿਵੇਂ ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਅਨਾਰਦਾਣਾ ਚੌਕ ਬਾਜ਼ਾਰ, ਪੁਰਾਣੇ ਮਕਾਨ ਅਤੇ ਹਵੇਲੀਆਂ ਸਦੀਆਂ ਪੁਰਾਣੀ ਕਲਾ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।
ਪਟਿਆਲਾ ਸ਼ਹਿਰ ਦੇ ਸ਼ਾਹੀ ਖ਼ਾਨਦਾਨ ਨੂੰ ਭਾਰਤੀ ਸੰਗੀਤ ਨਾਲ ਅਥਾਹ ਮੋਹ ਰਿਹਾ ਹੈ। ਇਸੇ ਕਰ ਕੇ ਅਠਾਰ੍ਹਵੀਂ ਸਦੀ ਵਿਚ ਦਿੱਲੀ ਸਰਕਾਰ ਦੇ ਪ੍ਰਸਿੱਧ ਸੰਗੀਤਕਾਰ ਪਟਿਆਲੇ ਘਰਾਣੇ ਵਿਚ ਸ਼ਾਮਲ ਹੋ ਗਏ। ਇਸ ਘਰਾਣੇ ਵਿਚ ਉਸਤਾਦ ਅਲੀ ਬਖ਼ਸ਼, ਉਸਤਾਦ ਅਖ਼ਤਰ ਹੁਸੈਨ ਖ਼ਾਨ ਅਤੇ ਬੜੇ ਗ਼ੁਲਾਮ ਅਲੀ ਖ਼ਾਨ ਦਾ ਨਾਮ ਬਹੁਤ ਅਦਬ ਨਾਲ ਲਿਆ ਜਾਂਦਾ ਹੈ।
Sheesh Mehal
ਪਟਿਆਲਾ ਸ਼ਹਿਰ ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਫ਼ਰੀਦਕੋਟ, ਸੁਨਾਮ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਜੰਮੂ ਕਸ਼ਮੀਰ ਅਤੇ ਦਿੱਲੀ ਨਾਲ ਸੜਕੀ ਅਤੇ ਰੇਲ ਆਵਾਜਾਈ ਨਾਲ ਜੁੜਿਆ ਹੋਇਆ ਹੈ। ਇਥੋਂ ਚੰਡੀਗੜ੍ਹ ਹਵਾਈ ਅੱਡਾ 62 ਕਿਲੋਮੀਟਰ ਦੀ ਦੂਰੀ 'ਤੇ ਹੈ। ਇਥੇ ਭਾਸ਼ਾ ਵਿਭਾਗ ਪੰਜਾਬ, ਪੰਜਾਬ ਪਾਵਰ ਕਾਰਪੋਰੇਸ਼ਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਸਟੇਟ ਬੈਂਕ ਆਫ਼ ਪਟਿਆਲਾ (ਹੁਣ ਇੰਡੀਆ), ਪੀ.ਡਬਲਿਯੂ.ਡੀ., ਬੀ.ਐਂਡ.ਆਰ., ਐਨ.ਜੈਡ.ਸੀ.ਸੀ. ਅਤੇ ਡੀ.ਸੀ.ਡਬਲਿਊ, ਐਨਆਰਐਨਸੀ, ਪੁਰਾਲੇਖ ਵਿਭਾਗ, ਮਿਊਂਸਪਲ ਲਾਇਬ੍ਰੇਰੀ, ਸੈਂਟਰਲ ਲਾਇਬ੍ਰੇਰੀ, ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ, ਨਵਾਂ ਮੋਤੀ ਬਾਗ਼ ਲਾਇਬ੍ਰੇਰੀ ਆਦਿ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਦਫ਼ਤਰਾਂ ਨਾਲ ਸ਼ਿੰਗਾਰਿਆ ਅਤੇ ਨਿਖਾਰਿਆ ਹੋਇਆ ਹੈ।
Sheesh Mahal Patiala
ਪਟਿਆਲਾ ਸ਼ਹਿਰ ਦੀ ਕਾਮਯਾਬੀ ਪਿਛੇ ਬਹੁਤ ਸਾਰੀਆਂ ਸ਼ਖ਼ਸੀਅਤਾਂ ਦਾ ਯੋਗਦਾਨ ਵੀ ਸ਼ਾਮਲ ਹੈ। ਇਨ੍ਹਾਂ ਦਾ ਸਬੰਧ ਭਾਵੇਂ ਸਿਧੇ ਤੌਰ 'ਤੇ ਹੋਵੇ ਜਾਂ ਅਸਿਧੇ ਤੌਰ 'ਤੇ ਪਰ ਪਟਿਆਲਾ ਸ਼ਹਿਰ ਦਾ ਨਾਮ ਚਮਕਾਉਣ ਵਿਚ ਅਪਣੀਆਂ ਅਣਥਕ ਕੋਸ਼ਿਸ਼ਾਂ ਕਰਦੇ ਰਹੇ ਜਿਵੇਂ ਖ਼ਲੀਫ਼ਾ ਮੁਹੰਮਦ ਹਸਨ, ਦਲੀਪ ਸਿੰਘ, ਗਾਮਾ ਰੁਸਤਮ ਏ ਜ਼ਮਾਂ, ਅਮਾਮ ਬਖ਼ਸ਼ ਰੁਸਤਮ ਏ ਹਿੰਦ, ਕੇਸਰ ਸਿੰਘ ਅਤੇ ਕਵੀ ਨਿਹਾਲ ਨੇ 1853 ਵਿਚ 'ਕਥਾ ਰਾਜੇ ਫੂਲਕੀ' ਲਿਖੀ। ਪੰਡਿਤ ਤਾਰਾ ਸਿੰਘ ਨੇ 'ਸਤਗੁਰੂ ਨਿਰੈਣ ਸਾਗਰ' ਲਿਖੀ। ਗਿਆਨੀ ਗਿਆਨ ਸਿੰਘ ਨੇ ਉਰਦੂ ਪੰਜਾਬੀ 'ਤਵਾਰੀਖ਼-ਏ-ਖ਼ਾਲਸਾ' ਲਿਖੀ।
ਅੰਤ ਵਿਚ ਮੈਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੈ ਕਿ ਪਟਿਆਲਾ ਸ਼ਹਿਰ ਦੇ ਕੱਦ ਅਨੁਸਾਰ ਜ਼ਿਆਦਾ ਨਹੀਂ ਲਿਖ ਸਕਿਆ। ਬਹੁਤ ਸਾਰੇ ਅਦਾਰੇ ਕਾਲਜ, ਸਕੂਲ ਅਤੇ ਸਖ਼ਸ਼ੀਅਤਾਂ ਰਹਿ ਗਈਆਂ ਹੋਣਗੀਆਂ, ਜਿਨ੍ਹਾਂ ਨੇ ਇਥੋਂ ਦੀ ਹਵਾ ਅਤੇ ਫਿਜ਼ਾ ਵਿਚ ਅੱਖਾਂ ਖੋਲ੍ਹੀਆਂ ਅਤੇ ਪਟਿਆਲਾ ਲਈ ਬਹੁਤ ਕੁੱਝ ਕੀਤਾ। ਉਨ੍ਹਾਂ ਲਈ ਮੈਂ ਖ਼ਿਮਾ ਦਾ ਜਾਚਕ ਹਾਂ।
ਜਗਦੀਪ ਸਿੰਘ ਲਾਲੀ ਦਾਨੇਵਾਲੀਆ
ਮੋਬਾਈਲ :
98554-00284
94639-23516