
ਦੂਜਿਆਂ ਦੀ ਤਰੱਕੀ ਵੇਖ ਕੇ ਝੂਠੀ ਖ਼ੁਸ਼ੀ ਜ਼ਾਹਿਰ ਕਰਨ ਵਾਲੇ ਲੋਕਾਂ ਦੀ ਗਿਣਤੀ ਕਰਨਾ ਸੌਖਾ ਕੰਮ ਹੈ ਪਰ ਕਿਸੇ ਦੀ ਤਰੱਕੀ ਨੂੰ ਵੇਖ ਕੇ ਦਿਲੋਂ ਖ਼ੁਸ਼ ਹੋਣ..........
ਦੂਜਿਆਂ ਦੀ ਤਰੱਕੀ ਵੇਖ ਕੇ ਝੂਠੀ ਖ਼ੁਸ਼ੀ ਜ਼ਾਹਿਰ ਕਰਨ ਵਾਲੇ ਲੋਕਾਂ ਦੀ ਗਿਣਤੀ ਕਰਨਾ ਸੌਖਾ ਕੰਮ ਹੈ ਪਰ ਕਿਸੇ ਦੀ ਤਰੱਕੀ ਨੂੰ ਵੇਖ ਕੇ ਦਿਲੋਂ ਖ਼ੁਸ਼ ਹੋਣ ਵਾਲੇ ਵਿਰਲੇ ਹੀ ਹੁੰਦੇ ਹਨ। ਮੇਰੀ ਅਪਣੀ ਜ਼ਿੰਦਗੀ ਦਾ ਹੰਢਾਇਆ ਹੋਇਆ ਸੱਚ ਇਹ ਕਹਿੰਦਾ ਹੈ ਕਿ ਬੰਦੇ ਨੂੰ ਬੁਲੰਦੀਆਂ ਉਤੇ ਪਹੁੰਚਦਾ ਵੇਖ, ਉਸ ਨੂੰ ਅੱਗੇ ਵਧਦਾ ਵੇਖ ਮੱਲੋ ਮੱਲੀ ਉਸ ਦੇ ਵਿਰੋਧੀਆਂ ਦੀ ਗਿਣਤੀ ਵਿਚ ਇਜ਼ਾਫ਼ਾ ਹੋਣ ਲੱਗ ਪੈਂਦਾ ਹੈ। ਉਸ ਨੂੰ ਉੱਨਤੀ ਦੇ ਰਾਹ ਤੇ ਵਧਦਾ ਵੇਖ ਉਸ ਨਾਲ ਖ਼ਾਰ ਖਾਣ ਵਾਲੇ ਲੋਕਾਂ ਦੇ ਖ਼ੂਨ ਵਿਚ ਹਸਦ ਦੇ ਕੀੜੇ ਸਰਕਣ ਲੱਗ ਪੈਂਦੇ ਹਨ। ਉਹ ਉਨ੍ਹਾਂ ਮੌਕਿਆਂ ਦੀ ਭਾਲ ਵਿਚ ਜੁਟ ਜਾਂਦੇ ਹਨ ਜਿਹੜੇ ਤਰੱਕੀਧਾਰਕ ਲਈ ਕੋਈ ਮੁਸੀਬਤ ਖੜੀ ਕਰਨ ਵਾਲੇ ਹੋਣ।
ਉਨ੍ਹਾਂ ਦੀ ਬਦਨਾਮੀ ਲਈ ਹਾਲਾਤ ਪੈਦਾ ਕਰ ਸਕਣ। ਮੇਰਾ ਇਕ ਮਿੱਤਰ ਜੋ ਸਮਾਜਕ ਤੌਰ ਉਤੇ ਮੇਲ ਜੋਲ ਰੱਖਣ ਵਾਲਾ ਸੱਜਣ ਹੈ, ਦਾ ਪੁੱਤਰ ਹੰਡ ਭੰਨਵੀਂ ਮਿਹਨਤ ਕਰ ਕੇ ਉੱਚੇ ਅਹੁਦੇ ਉਤੇ ਲੱਗ ਗਿਆ। ਇਸ ਦੀ ਬਹੁਤ ਘੱਟ ਲੋਕਾਂ ਨੂੰ ਖ਼ੁਸ਼ੀ ਸੀ, ਸਾੜਾ ਕਰਨ ਵਾਲਿਆਂ ਦੀ ਗਿਣਤੀ ਵੱਧ ਸੀ ਨੂੰ ਜਿਹੜੇ ਉਸ ਨੂੰ ਵਧਾਈ ਦੇ ਕੇ ਵੀ ਆਉਂਦੇ ਸਨ, ਬਾਹਰ ਆ ਕੇ ਇਹੀ ਕਹਿੰਦੇ ਸਨ ਕਿ ਇਸ ਬੰਦੇ ਨੂੰ ਲੋਕਾਂ ਦੀ ਚਾਪਲੂਸੀ ਕਰਨ ਦੀ ਆਦਤ ਹੈ ਤਾਂ ਹੀ ਬਸ ਲੀਡਰਾਂ ਨਾਲ ਮੇਲ ਜੋਲ ਵਧਾ ਕੇ ਅਪਣਾ ਮੁੰਡਾ ਚੰਗੇ ਅਹੁਦੇ ਉਤੇ ਸੈੱਟ ਕਰਾ ਲਿਆ। ਮੁੰਡੇ ਵਿਚਾਰੇ ਦੀ ਖ਼ਾਸੀਅਤ ਇਹ ਸੀ ਕਿ ਉਹ ਅਪਣੀ ਲਿਆਕਤ ਨਾਲ ਦੂਜੇ ਨੰਬਰ ਉਤੇ ਆਇਆ ਸੀ।
ਬੁਧੀਮਾਨ ਲੋਕਾਂ ਦਾ ਕਹਿਣਾ ਇਹ ਹੈ ਕਿ ਜਦੋਂ ਤੁਹਾਡੇ ਉਤੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਤਾਂ ਇਹ ਮੰਨ ਕੇ ਤੁਰੋ ਕਿ ਤੁਹਾਡੀ ਜ਼ਿੰਦਗੀ ਵਿਚ ਸਿਰਫਿਰੇ, ਡਰਾਮੇਬਾਜ਼ ਤੇ ਚਾਲਬਾਜ਼ ਲੋਕਾਂ ਦੀ ਆਮਦ ਵੱਧ ਜਾਵੇਗੀ। ਉਨ੍ਹਾਂ ਲੋਕਾਂ ਨਾਲ ਨਜਿੱਠਣ ਦੀ ਕਲਾ ਤੋਂ ਜਾਣੂ ਹੋਣਾ ਵੀ ਜ਼ਰੂਰੀ ਹੈ। ਕਿਸੇ ਦੀ ਤਰੱਕੀ ਨੂੰ ਬਰਦਾਸ਼ਤ ਕਰਨ ਲਈ ਬੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ ਹੈ। ਮਨ ਵਿਚ ਕਿਸੇ ਤਰ੍ਹਾਂ ਦੀ ਕਾਲਖ਼ ਨਾ ਹੋਵੇ। ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਸੜਨ ਦੀ ਬਜਾਏ ਉਸ ਅਕਾਲ ਪੁਰਖ ਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਤੂੰ ਜਿਸ ਤਰ੍ਹਾਂ ਉਸ ਉਤੇ ਮਿਹਰ ਕੀਤੀ ਹੈ, ਉਸੇ ਤਰ੍ਹਾਂ ਮੇਰੇ ਉਤੇ ਵੀ ਕ੍ਰਿਪਾ ਕਰ।
ਸਿਆਣੇ ਲੋਕ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਅੰਦਰੋ ਅੰਦਰੀ ਬਿਮਾਰ ਹੋਣ ਅਤੇ ਖ਼ੁਰਨ ਦੀ ਬਜਾਏ ਉਨ੍ਹਾਂ ਢੰਗਾਂ ਦੀ ਪਛਾਣ ਕਰਦੇ ਹਨ ਜਿਨ੍ਹਾਂ ਕਰ ਕੇ ਉਨ੍ਹਾਂ ਦੀ ਤਰੱਕੀ ਹੋਈ ਹੈ। ਇਕ ਪ੍ਰਵਾਰ ਦੇ ਮੈਂਬਰ ਨੇ ਅਪਸੀ ਏਕਤਾ ਨਾਲ ਅਪਣੇ ਵਪਾਰ ਨੂੰ ਦਿਨ ਰਾਤ ਮਿਹਨਤ ਕਰ ਕੇ ਚਲਾਇਆ। ਉਨ੍ਹਾਂ ਦਾ ਵਪਾਰ ਚੰਗਾ ਚਲ ਪਿਆ। ਪ੍ਰਵਾਰ ਚੰਗੀ ਰੋਟੀ ਖਾਣ ਲੱਗ ਪਿਆ। ਜਿਨ੍ਹਾਂ ਦੇ ਦਿਲ ਵੱਡੇ ਸਨ, ਉਨ੍ਹਾਂ ਨੇ ਉਨ੍ਹਾਂ ਦੀ ਤਰੱਕੀ ਨੂੰ ਵੇਖ ਕੇ ਕਹਿਣ ਕਿ ਬੰਦਾ ਤਰੱਕੀ ਕਰਨੀ ਤਾਂ ਇਸ ਪ੍ਰਵਾਰ ਤੋਂ ਸਿਖੇ। ਇਨ੍ਹਾਂ ਵਿਚਾਰਿਆਂ ਨੇ ਦਿਨ ਰਾਤ ਇਕ ਕਰ ਕੇ ਵਪਾਰ ਨੂੰ ਸਿਖਰਾਂ ਤਕ ਪਹੁੰਚਾ ਦਿਤਾ। ਇਹ ਤਰੱਕੀ ਇਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ।
ਪਰ ਉਨ੍ਹਾਂ ਨੂੰ ਵੇਖ ਕੇ ਸੜਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ 'ਬਸ ਜੀ, ਦੋ ਨੰਬਰ ਦੇ ਧੰਦੇ ਨੇ ਇਸ ਟੱਬਰ ਨੂੰ ਮਾਲਾ ਮਾਲ ਕਰ ਦਿਤਾ ਹੈ। ਉਸ ਦਿਨ ਪਤਾ ਲੱਗੂ ਜਿਸ ਦਿਨ ਇਨ੍ਹਾਂ ਦੇ ਘਰ ਸਰਕਾਰ ਦਾ ਛਾਪਾ ਪਿਆ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਜਾਂ ਤਾਂ ਵਿਹਲੜ ਤੇ ਸ਼ਰਾਰਤੀ ਲੋਕ ਸਨ ਜਾਂ ਫਿਰ ਖ਼ੁਦ ਦੋ ਨੰਬਰ ਦਾ ਕੰਮ ਕਰਦੇ ਸਨ। ਮੈਂ ਕੁੱਝ ਬੁਧੀਮਾਨ ਲੋਕਾਂ ਨੂੰ ਇਹ ਕਹਿੰਦਿਆਂ ਵੀ ਸੁਣਿਆ ਹੈ ਕਿ ਬੁਲੰਦੀਆਂ ਛੂਹਣ ਤੋਂ ਬਾਅਦ ਅਪਣੇ ਆਪ ਵਿਚ ਬਰਦਾਸ਼ਤ ਕਰਨ ਦਾ ਜਿਗਰਾ ਪੈਦਾ ਕਰੋ। ਸੱਭ ਕੁੱਝ ਵੇਖ ਕੇ ਅੱਖਾਂ ਮੀਟਣ ਦੀ ਕਲਾ ਪੈਦਾ ਕਰੋ।
ਅਪਣੇ ਆਪ ਵਿਚ ਇਹ ਹੁਨਰ ਵੀ ਪੈਦਾ ਕਰੋ ਕਿ ਤੁਸੀ ਸਾੜਾ ਕਰਨ ਵਾਲੇ ਬੰਦੇ ਨਾਲ ਨਫ਼ਰਤ ਕਰਨ ਦੀ ਬਜਾਏ ਉਸ ਨਾਲ ਇਸ ਢੰਗ ਨਾਲ ਪੇਸ਼ ਆਉ ਕਿ ਉਹ ਅਪਣੇ ਆਪ ਵਿਚ ਹੀ ਸ਼ਰਮਿੰਦਗੀ ਮਹਿਸੂਸ ਕਰੇ। ਮੇਰੇ ਇਕ ਜਾਣ ਪਛਾਣ ਵਾਲੇ ਸੱਜਣ ਦੀ ਧੀ ਦਾ ਬਹੁਤ ਚੰਗੀ ਥਾਂ ਰਿਸ਼ਤਾ ਹੋ ਰਿਹਾ ਸੀ। ਮੁੰਡਾ ਵੀ ਬਹੁਤ ਵਧੀਆ ਸੀ ਤੇ ਪ੍ਰਵਾਰ ਵੀ ਰੱਬ ਤੋਂ ਡਰਨ ਵਾਲਾ ਸੀ। ਮੁੰਡੇ ਵਾਲਿਆਂ ਨੇ ਉਸ ਦੇ ਗੁਆਂਢੀਆਂ ਤੋਂ ਕੁੜੀ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਗੁਆਂਢੀਆਂ ਨੇ ਅਪਣੇ ਵਲੋਂ ਕੋਈ ਕਸਰ ਨਾ ਛੱਡੀ ਕਿ ਉਹ ਰਿਸ਼ਤਾ ਨਾ ਹੋਵੇ। ਪਰ ਹੁੰਦਾ ਉਹੀ ਹੈ ਜੋ ਉਸ ਪ੍ਰਮਾਤਮਾ ਨੂੰ ਮਨਜ਼ੂਰ ਹੋਵੇ।
ਮੁੰਡੇ ਵਾਲਿਆਂ ਨੇ ਕੁੜੀ ਬਾਰੇ ਇਧਰੋਂ ਉਧਰੋਂ ਵੀ ਪਤਾ ਕੀਤਾ। ਉਨ੍ਹਾਂ ਸਾਰਿਆਂ ਨੇ ਕਿਹਾ ਜੇਕਰ ਤੁਹਾਡੀ ਗੱਲ ਬਣਦੀ ਹੈ ਤਾਂ ਦੇਰ ਨਾ ਲਗਾਉ। ਤੁਹਾਨੂੰ ਏਨੀ ਸਹਿਜ ਸੁਭਾਅ ਤੇ ਸੰਸਕਾਰੀ ਕੁੜੀ ਨਹੀਂ ਮਿਲ ਸਕਦੀ। ਕੁੜੀ ਦੀ ਮੰਗਣੀ ਉਸੇ ਮੁੰਡੇ ਨਾਲ ਹੋ ਗਈ। ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਗੁਆਂਢੀਆਂ ਦੀ ਕਰਤੂਤ ਦੱਸ ਦਿਤੀ। ਕੁੜੀ ਵਾਲਿਆਂ ਨੇ ਗੁਆਂਢੀਆਂ ਨਾਲ ਵਿਗਾੜੀ ਨਹੀਂ ਸਗੋਂ ਉਨ੍ਹਾਂ ਨੇ ਕੁੜੀ ਦੇ ਕੁੜਮਾਈ ਦੇ ਲੱਡੂ ਅਤੇ ਵਿਆਹ ਦਾ ਕਾਰਡ ਉਨ੍ਹਾਂ ਦੇ ਘਰ ਵੀ ਭਿਜਵਾ ਦਿਤੇ ਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀ ਮੁੰਡੇ ਵਾਲਿਆਂ ਨੂੰ ਸਾਡੇ ਬਾਰੇ ਚੰਗਾ ਨਾ ਕਹਿੰਦੇ ਤਾਂ ਸ਼ਾਇਦ ਇਹ ਰਿਸ਼ਤਾ ਨਾ ਹੁੰਦਾ।
ਬੁਰਾਈ ਦਾ ਜਵਾਬ ਵਿਗਾੜਨ ਨਾਲੋਂ ਚੁੱਪ ਰਹਿ ਕੇ ਚੰਗੀ ਤਰ੍ਹਾਂ ਦਿਤਾ ਜਾ ਸਕਦਾ ਹੈ। ਕਿਸੇ ਦੀ ਤਰੱਕੀ ਨੂੰ ਵੇਖ ਕੇ ਸੜਨ ਨਾਲੋਂ ਬਿਹਤਰ ਇਹ ਹੈ ਕਿ ਖ਼ੁਦ ਮਿਹਨਤ ਵਾਲੇ ਰਾਹ ਤੇ ਤੁਰਨਾ ਸਿਖੋ। ਦੂਜੇ ਦੀ ਤਰੱਕੀ ਨੂੰ ਵੇਖ ਕੇ ਘੁਣ ਵਾਂਗ ਪਿਸਣ ਵਾਲੇ ਲੋਕ ਮਾਨਸਕ ਰੋਗੀ ਬਣ ਜਾਂਦੇ ਹਨ। ਉਹ ਦੂਜਿਆਂ ਦਾ ਵਿਰੋਧ ਤੇ ਆਲੋਚਨਾ ਕਰਨ ਦੇ ਮੌਕੇ ਲਭਦੇ ਰਹਿੰਦੇ ਹਨ।
ਇਹੋ ਜਹੇ ਲੋਕਾਂ ਦੀ ਚੰਗੇ ਲੋਕਾਂ ਦੀਆਂ ਨਜ਼ਰਾਂ ਵਿਚ ਚੰਗੀ ਥਾਂ ਨਹੀਂ ਹੁੰਦੀ। ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਈਰਖਾ ਕਰਨ ਵਾਲੇ ਲੋਕ ਜੇਕਰ ਬੁਰਾ ਸੋਚਣ ਦੀ ਬਜਾਏ ਚੰਗਾ ਸੋਚਣ ਲੱਗ ਪੈਣ ਤਾਂ ਉਨ੍ਹਾਂ ਦੀ ਅਪਣੀ ਤਕਦੀਰ ਬਦਲ ਸਕਦੀ ਹੈ। ਪ੍ਰਮਾਤਮਾ ਉਨ੍ਹਾਂ ਦਾ ਹੀ ਭਲਾ ਸੋਚਦਾ ਹੈ ਜੋ ਦੂਜਿਆਂ ਦਾ ਭਲਾ ਸੋਚਦੇ ਹਨ। ਜੇਕਰ ਅਸੀ ਦੂਜਿਆਂ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦੇਈਏ ਤਾਂ ਸਮਾਜ ਅਤੇ ਦੇਸ਼ ਵਿਚ ਚੰਗੇ ਲੋਕਾਂ ਦੀ ਗਿਣਤੀ ਵੱਧ ਜਾਵੇਗੀ।
ਸੰਪਰਕ : 98726-27136