
ਬਾਰਾਂ ਸਾਲ ਦੀ ਲੜਕਪਨ ਦੀ ਉਮਰੇ ਉਹ 'ਸਲੂਕ' ਭਾਵ ਧਾਰਮਕਤਾ ਦੇ ਰਾਹ ਪਏ ਸਨ ਤੁਰ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਇਤਿਹਾਸ ਤੇ ਪਰੰਪਰਾ ਵਿਚ ਸਾਈਂ ਜੀ ਨੂੰ ਬਹੁਤ ਸਾਰੇ ਨਾਵਾਂ ਨਾਲ ਮੁਖ਼ਾਤਬ ਕੀਤਾ ਜਾਂਦਾ ਹੈ, ਜਿਵੇਂ ਸ਼ੇਖ਼ ਮੁਹੰਮਦ, ਮੀਆਂ ਮੁਯੀਨ-ਉਲ-ਅਸਲਾਮ, ਮੀਰ ਮੁਹੰਮਦ, ਸਾਈਂ ਮੀਆਂ ਮੀਰ ਜੀਉ, ਸ਼ਾਹ ਮੀਰ, ਹਜ਼ਰਤ ਮੀਆਂ ਮੀਰ, ਖ਼ੁਆਜਾ ਮੀਰ, ਬਾਲਾ ਪੀਰ ਤੇ ਮੀਰ ਮੁਇਨਲ ਇਸਲਾਮ ਆਦਿ। ਉਨ੍ਹਾਂ ਦਾ ਅਸਲ ਨਾਂ ਸ਼ੇਖ਼ ਮੁਹੰਮਦ ਫ਼ਾਰੂਕੀ ਮੰਨਿਆ ਜਾਂਦਾ ਹੈ ਜਿਹੜੇ ਕਿ ਕਾਜ਼ੀ ਕੁਲ ਨਾਲ ਸਬੰਧਤ ਸਨ। ਕਾਜ਼ੀ ਹਜ਼ਰਤ ਸ਼ਾਹੀਨ ਦਿੱਤਾ ਉਨ੍ਹਾਂ ਦੇ ਪਿਤਾ ਸਨ। ਜਦੋਂ ਸਾਈਂ ਮੀਆਂ ਮੀਰ ਬਾਲਪਨ ਵਿਚ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਾਨਾ, ਦਾਦਾ, ਭਰਾ ਤੇ ਪਿਤਾ ਸਾਰੇ ਮੰਨੇ ਪ੍ਰਮੰਨੇ ਕਾਜ਼ੀ ਸਨ। ਮਾਂ ਇਕ ਭਗਤਣੀ ਔਰਤ ਸੀ ਜਿਸ ਨੇ ਪਿਤਾ ਦੀ ਮੌਤ ਉਪਰੰਤ ਇਸ ਪੁੱਤਰ ਨੂੰ ਵਧੀਆ ਸਿਖਿਆ ਦਿਵਾਈ ਤੇ ਉਸ ਨੂੰ ਕਈ ਭਾਸ਼ਾਵਾਂ ਦਾ ਗਿਆਤਾ ਬਣਾਇਆ।
Guru Arjan Dev Ji
ਸੱਤ ਸਾਲਾਂ ਦੀ ਕਮਸਿਨ ਉਮਰੇ ਉਹ ਕੁਰਆਨ ਦਾ ਪਾਠ ਸੰਪੂਰਨ ਕਰ ਚੁੱਕੇ ਸਨ। ਬਾਰਾਂ ਸਾਲ ਦੀ ਲੜਕਪਨ ਦੀ ਉਮਰੇ ਉਹ 'ਸਲੂਕ' ਭਾਵ ਧਾਰਮਕਤਾ ਦੇ ਰਾਹ ਤੁਰ ਪਏ ਸਨ। ਇੰਜ ਸੰਧ ਦੇ ਸੀਵਸਤਾਨ ਨਗਰ ਵਿਚ ਪੈਦਾ ਹੋਣ ਵਾਲੇ ਮੀਰ ਸ਼ਾਹ ਨੇ ਖ਼ਵਾਜਾ, ਖ਼ਿਜ਼ਰ ਤੋਂ ਮੁੱਢਲੀ ਸਿਖਿਆ ਲੈ ਕੇ ਨਗਰੋਂ ਬਾਹਰ ਕਿਆਮ ਕੀਤਾ। ਉਪਰੰਤ ਮੌਲਾਨਾ ਆਸਅੱਦੁਲਾਹ ਤੇ ਮੌਲਾਨਾ ਨਿਅਮੱਤਲਾਹ ਨੇ ਅਧਿਆਮਿਕਤਾ ਦੇ ਪਾਠ ਪੜ੍ਹਾਏ। ਇਨ੍ਹਾਂ ਤੋਂ ਇਲਾਵਾ, ਕੁੱਝ ਹੋਰ ਉਸਤਾਦਾਂ ਨੇ ਵੀ ਧਰਮ ਸ਼ਾਸਤਰ ਤੇ ਦੈਵੀ ਗਿਆਨ ਨਾਲ ਸਰਸ਼ਾਰ ਕੀਤਾ। ਹੁਣ ਤਕ ਅਸੀ ਮੱਧਕਾਲੀਨ ਭਾਰਤ ਦੀਆਂ ਦੋ ਮਹਾਨ ਹਸਤੀਆਂ ਦਾ ਜ਼ਿਕਰ ਕਰ ਚੁੱਕੇ ਹਾਂ। ਜਿੱਥੇ ਪੰਚਮ ਪਾਤਿਸ਼ਾਹ ਦੇ ਮਿਸਾਲੀ ਜੀਵਨ ਦਾ ਪਾਸਾਰ ਬਹੁਪੱਖੀ ਤੇ ਬਹੁਮੁਖੀ ਹੈ, ਉਥੇ ਸਾਈਂ ਮੀਆਂ ਮੀਰ ਜੀ ਦਾ ਘੇਰਾ ਦਿਵਯਤਾ ਤਕ ਸੀਮਤ ਹੈ।
Guru Arjan Dev Ji
ਦੋਹਾਂ ਹਸਤੀਆਂ ਨੇ ਹੀ ਜ਼ਮਾਨੇ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਾਈਂ ਜੀ ਨੇ ਜਿਥੇ ਪੰਚਮ ਗੁਰੂ ਦੀ ਸ਼ਾਂਤਮਈ ਸ਼ਹੀਦੀ ਨੂੰ ਵਾਪਰਦੇ ਡਿੱਠਾ ਉੱਥੇ ਉਨ੍ਹਾਂ ਦੇ ਯੋਧੇ ਪੁੱਤਰ ਦੀਆਂ ਤੇਗਾਂ ਤੇ ਤਲਵਾਰਾਂ ਦੀ ਛਣਕਾਰ ਵੀ ਸੁਣੀ। ਮੀਰੀ ਤੇ ਪੀਰੀ ਦੇ ਸੁਮੇਲਕ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਮੀਆਂ ਮੀਰ ਜੀ ਦੇ ਆਸ਼ੀਰਵਾਦ ਸਦਕੇ ਹੀ ਸੰਭਵ ਹੋਈ ਕਿਉਂਕਿ ਗੁਰੂ ਹਰਿਗੋਬਿੰਦ ਦੀ ਗੱਦੀ ਨਸ਼ੀਨੀ ਵੇਲੇ ਸਾਈਂ ਜੀ ਨੇ ਵੀ ਦਸਤਾਰ ਭੇਜੀ ਸੀ। ਪੰਚਮ ਪਾਤਿਸ਼ਾਹ ਅਕਸਰ ਸਾਈਂ ਜੀ ਨਾਲ ਸਲਾਹ-ਮਸ਼ਵਰਾ ਕਰਦੇ ਰਹਿੰਦੇ। ਉਨ੍ਹਾਂ ਦੇ ਸੰਬੰਧ ਬੜੇ ਹੀ ਨਿੱਘੇ ਤੇ ਪਿਆਰ ਭਿੱਜੇ ਸਨ। ਦੋਹਾਂ ਹਸਤੀਆਂ ਵਿਚ ਵਿਚਾਰਾਂ ਦੀ ਪਰਸਪਰ ਸਾਂਝ ਸੀ। ਦੋਵੇਂ ਹੀ ਸੰਪਰਦਾਈ ਤੇ ਜਾਤੀ ਰੰਗ ਤੋਂ ਉਤਾਂਹ ਸਨ। ਦੋਵੇਂ ਹੀ ਹਰ ਬਸ਼ਰ ਵਿੱਚ ਅੱਲਾ ਦਾ ਨੂਰ ਤਕਦੇ ਸਨ। ਗੁਰੂ ਅਰਜਨ ਉਨ੍ਹਾਂ ਨੂੰ ਪੀਰਾਂ ਦਾ ਪੀਰ ਆਖਦੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਸੁਖਮਨੀ ਦੀ 8ਵੀਂ ਅਸ਼ਟਪਦੀ ਵਿਚ ਬ੍ਰਹਮ ਗਿਆਨੀ ਦੇ ਤਸੱਵਰ ਵੇਲੇ ਗੁਰੂ ਸਾਹਿਬ ਨੇ ਸਾਈਂ ਜੀ ਦਾ ਧਿਆਨ ਕੀਤਾ ਸੀ। ਇਕੋ ਰੂਹਾਨੀ ਸੱਤਾ ਤੇ ਵਿਚਰਣ ਕਰ ਕੇ ਉਨ੍ਹਾਂ ਵਿਚ ਡੂੰਘੀ ਸਾਂਝ ਬਣ ਚੁੱਕੀ ਸੀ।
Akal Takht Sahib
ਤਾਂ ਹੀ ਪ੍ਰਿੰ. ਸਤਿਬੀਰ ਸਿੰਘ (ਇਤਿਹਾਸਕ ਜੀਵਨੀਆਂ) ਵਿਚ ਲਿਖਦੇ ਹਨ :- 'ਦੋਵਾਂ ਮਹਾਂਪੁਰਖਾਂ ਦੇ ਅਤਿਅੰਤ ਨਜ਼ਦੀਕੀ ਸਬੰਧਾਂ ਦਾ ਸਿੱਟਾ ਸੀ ਕਿ ਜਦੋਂ 1588 ਈ. ਵਿਚ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ ਅਨੋਖਾ ਸਾਂਝਾ, ਚਹੁੰ ਵਰਣਾਂ ਲਈ ਖੁੱਲ੍ਹਾ, ਧਰਮਾਂ ਦਾ ਵਿਤਕਰਾ ਮੇਟਣ ਵਾਲਾ, ਪੂਰਬ ਪੱਛਮ ਨੂੰ ਮਿਲਾਣ ਵਾਲਾ ਅਤੇ ਦਿਸ਼ਾਵਾਂ ਤੋਂ ਰਹਿਤ ਕੀਰਤਨ ਦਾ ਗੜ੍ਹ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਨੀਂਹ ਪੱਥਰ ਰਖਵਾਉਣ ਲਈ ਗੁਰੂ ਜੀ ਦੀ ਨਜ਼ਰ ਨਿਰੋਲ ਮੀਆਂ ਮੀਰ ਜੀ ਤੇ ਟਿਕੀ। ਜੇ ਧਰਮ ਮੰਦਰ ਅਨੋਖਾ ਬਣਨਾ ਹੈ ਤਾਂ ਉਸ ਦੀ ਅਧਾਰ ਸ਼ਿਲਾ ਵੀ ਕੋਈ ਦੂਜੇ ਧਰਮ ਦਾ ਪੀਰ ਹੀ ਰੱਖੇ। ਧਰਮਾਂ ਦੇ ਇਤਿਹਾਸ ਵਿਚ ਇਹ ਵਾਕਈ ਇਕ ਅਨੋਖੀ ਤੇ ਇਕ ਅਨੂਠੀ ਘਟਨਾ ਸੀ ਜਿਸ ਨੂੰ ਸਿਰੇ ਚਾੜ੍ਹਨ ਲਈ ਗੁਰੂ ਜੀ ਖ਼ੁਦ ਲਾਹੌਰ ਸਾਈਂ ਜੀ ਕੋਲ ਗਏ ਤੇ ਉਨ੍ਹਾਂ ਦੇ ਸਿਰਹਾਣੇ ਉਤੇ ਵਿਛੀਆਂ ਬੋਰੀਆਂ ਉਤੇ ਬੈਠ ਕੇ ਹਜ਼ਰਤ ਜੀ ਨੂੰ ਅਪਣੀ ਦਿਲੀ ਖਾਹਿਸ਼ ਦੱਸੀ।'
Darbar Sahib
ਸਾਡੇ ਬਹੁਤੇ ਪ੍ਰੰਪਰਿਕ ਸ੍ਰੋਤ ਇਸ ਤੱਥ ਨੂੰ ਪ੍ਰਵਾਨ ਕੇ ਚਲਦੇ ਹਨ ਕਿ ਸਾਈਂ ਜੀ ਗੁਰੂ ਸਾਹਿਬ ਦੇ ਨਾਲ ਹੀ ਅੰਮ੍ਰਿਤਸਰ ਤਸ਼ਰੀਫ਼ ਲੈ ਕੇ ਆਏ ਤੇ ਇਸ ਅਟੱਲ ਮੰਦਰ ਦੀ ਉਸਾਰੀ ਤੋਂ ਪਹਿਲਾਂ ਚਾਰ ਇੱਟਾਂ ਚਾਰ ਪਾਸਿਆਂ ਉਤੇ ਅਤੇ ਇਕ ਵਿਚਕਾਰ ਰੱਖੀ ਜੋ ਮਿਸਤਰੀ ਨੇ ਚੁੱਕ ਕੇ ਪਲਟਾ ਕੇ ਮੁੜ ਰੱਖ ਦਿਤੀ। ਇੰਜ ਖ਼ੁਦਾਈ ਸਿਫ਼ਤਾਂ ਵਾਲੇ ਅੱਲ੍ਹਾ ਦੇ ਇਕ ਮਹਿਬੂਬ ਨੇ ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿਚ ਸੁਸ਼ੋਭਿਤ ਹੋਣ ਵਾਲੇ ਸਰਬਕਾਲੀ ਅਲੌਕਿਕ ਭਵਨ ਦੀ ਆਧਾਰ ਸ਼ਿਲਾ ਰੱਖ ਕੇ ਸਾਂਝੀਵਾਲਤਾ, ਸਮਾਨਤਾ, ਉਦਾਰਤਾ ਅਤੇ ਸੁਤੰਤਰਤਾ ਦਾ ਸਦੀਵੀ ਪੈਗ਼ਾਮ ਦਿਤਾ। ਉਰਦੂ ਦੇ ਵਿਖਿਆਤ ਸ਼ਾਇਰ ਮੌਲਾਨਾ ਜ਼ਫ਼ਰ ਅਲੀ ਦਾ ਇਹ ਸ਼ੇਅਰ ਇਥੇ ਕਿੰਨਾ ਅਰਥਪੂਰਨ ਜਾਪਦਾ ਹੈ :-
ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਗਵਾਹੀ। ਕਭੀ ਅਹਿਲੇ ਮਜ਼ਹਬ ਮੇਂ ਦੋਸਤੀ ਮੁਸਕਰਾਈ ਥੀ।
ਉਂਜ ਇਸ ਵਿਸ਼ੇ 'ਤੇ ਵਿਦਵਾਨਾਂ ਵਿਚ ਸਹਿਮਤੀ ਘੱਟ ਤੇ ਵਿਵਾਦ ਵਧੇਰੇ ਹੈ। ਡਾ. ਗੁਰਚਰਨ ਸਿੰਘ ਇਸ ਦੇ ਹੱਕ ਵਿਚ ਭੁਗਤਦਿਆਂ ਦਲੀਲ ਦਿੰਦੇ ਹਨ ਕਿ 'ਹੁਣ ਕੋਈ ਵੀ ਪੱਕਾ ਸਬੂਤ ਉਪਲਬਧ ਨਹੀਂ ਕਿ ਗੁਰੂ ਅਰਜਨ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਹਜ਼ਰਤ ਮੀਆਂ ਮੀਰ ਨੂੰ ਨਿਮੰਤਰਿਤ ਕੀਤਾ ਸੀ। ਫਿਰ ਵੀ ਇਸ ਪ੍ਰਮਾਣਿਤ ਪਰੰਪਰਾ ਨੂੰ ਸੱਚ ਸਵੀਕਾਰਨ ਪਿਛੇ ਕੁੱਝ ਬਹੁਤ ਹੀ ਪ੍ਰਬਲ ਕਾਰਨ ਹਨ।
ਗੁਰੂ ਅਰਜਨ ਨਾਲ ਸਬੰਧਿਤ ਸਾਰੇ ਸਾਹਿਤ ਵਿਚ ਇਹ ਗ਼ੱਲ ਡੰਕੇ ਦੀ ਚੋਟ ਨਾਲ ਸਵੀਕਾਰੀ ਗਈ ਹੈ ਕਿ ਗੁਰੂਘਰ ਦੇ ਮੀਆਂ ਮੀਰ ਨਾਲ ਬਹੁਤ ਹੀ ਗੂੜ੍ਹੇ ਸਬੰਧ ਸਨ ਜਦੋਂ ਕਿ ਫ਼ਾਰਸੀ ਲਿੱਪੀ ਵਿਚ ਮਿਲਦੇ ਸਾਹਿਤ ਵਿਚ ਇਸ ਦੇ ਹੱਕ ਵਿਚ ਕੋਈ ਪ੍ਰਮਾਣ ਨਹੀਂ ਮਿਲਦਾ। ਪੰਚਮ ਪਾਤਿਸ਼ਾਹ ਨੇ ਮੁਸਲਿਮ ਭਗਤਾਂ ਦੀ ਬਾਣੀ ਨੂੰ ਹਮਆਸਣ ਕੀਤਾ ਤੇ ਸਦਾ ਹੀ ਸੂਫ਼ੀਆਂ ਨਾਲ ਨੇੜਤਾ ਰੱਖੀ।' ਸੂਫ਼ੀ ਮਤਿ ਦੇ ਲੋਕ ਪ੍ਰਿਯ ਸ਼ਬਦਾਵਲੀ ਦੇ ਕਈ ਸ਼ਬਦ ਜਿਵੇਂ ਲੰਗਰ, ਦਰਬਾਰ ਅਤੇ ਪਾਤਿਸ਼ਾਹ ਸਿੱਖ ਪਰੰਪਰਾ ਵਿਚ ਵੀ ਘੁਲ ਮਿਲ ਗਏ। ਡਾਕਟਰ ਗੁਰਚਰਨ ਸਿੰਘ ਨੇ ਇਕ ਹੋਰ ਰਾਏ ਵੀ ਦਿਤੀ ਹੈ ਕਿ ਹਰਿਮੰਦਰ ਸਾਹਿਬ ਦਾ ਦਰਜਾ ਉਸ ਵੇਲੇ ਅੱਜ ਵਾਂਗ ਸਨਮਾਨਤ ਨਹੀਂ ਸੀ ਹੋਇਆ ਕਿਉਂਕਿ ਛੇਵੇਂ ਗੁਰਾਂ ਨੂੰ ਅਪਣਾ ਸਥਾਨ ਕੀਰਤਪੁਰ ਬਦਲਣਾ ਪਿਆ ਸੀ। ਰਾਜਨੀਤਕ ਯੁਗਗਰਦੀਆਂ, ਜਰਵਾਣਿਆਂ ਦੀ ਉਥਲ-ਪੁਥਲ ਅਤੇ ਰਾਜਿਆਂ ਦੀਆਂ ਜ਼ਿਆਦਤੀਆਂ ਕਰ ਕੇ ਵੀ ਮੌਜੂਦ ਗਵਾਹੀਆਂ ਸਮੇਂ ਦੀ ਬੇਕਿਰਨ ਧੁੰਦ ਹੇਠ ਦੱਬੀਆਂ ਗਈਆਂ ਹੋਣਗੀਆਂ।
ਅਜੋਕੇ ਸਮੇਂ ਦੇ ਇਕ ਸਿਰਕੱਢ ਇਤਿਹਾਸਕਾਰ ਡਾ. ਸਤੀਸ਼ ਕਪੂਰ ਇਸ ਸਬੰਧੀ ਬੜੇ ਸਪੱਸ਼ਟ ਵਿਚਾਰ ਪ੍ਰਗਟਾਉਂਦੇ ਹਨ। ਉਨ੍ਹਾਂ ਅਨੁਸਾਰ, 'ਕਾਦਰਿਆਈ ਪਰੰਪਰਾ ਦੇ ਮਹਾਨ ਸੂਫ਼ੀ ਸੰਤ ਮੀਆਂ ਮੀਰ ਵਲੋਂ ਹਰਿਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਕਰ ਕੇ ਇਸ ਧਰਮੱਗ ਸਥਾਨ ਦੀ ਮਹਿਮਾ ਹੋਰ ਵੀ ਚੌਗੁਣੀ ਹੋ ਗਈ ਹੈ। ਕਿਸੇ ਵੀ ਵਿਅਕਤੀ ਦੇ ਮਨ ਵਿਚ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਬਾਹਰਲੇ ਵਿਖਾਵੇ ਦੇ ਵਿਰੋਧੀ ਪੰਜਵੇਂ ਗੁਰੂ ਨੇ ਇਕ ਮੁਸਲਮਾਨ ਤੋਂ ਇਸ ਦੀ ਨੀਂਹ ਕਿਉਂ ਰਖਵਾਈ? ਇਸ ਦਾ ਸਪੱਸ਼ਟੀਕਰਨ ਕਰਦਿਆਂ ਉਹ ਦਸਦੇ ਹਨ ਕਿ 'ਕਿਸੇ ਵੀ ਕਾਮਲ ਪੁਰਸ਼ ਦੀ ਪਾਵਨ ਛੁਹ ਜਾਂ ਕ੍ਰਿਪਾਲੂ ਤੱਕਣੀ ਉਸ ਵਸਤੂ ਜਾਂ ਵਿਅਕਤੀ ਦੀ ਕਾਇਆ ਕਲਪ ਕਰ ਸਕਦੀ ਹੈ ਜਿਸ ਨਾਲ ਵੀ ਉਹ ਟਕਰਾਉਂਦੀ ਹੈ ਕਿਉਂਕਿ ਅੰਗੂਠੇ ਤੇ ਉਂਗਲੀਆਂ ਦੇ ਪੋਟੇ ਤੋਂ ਨਿਕਲਣ ਵਾਲੀਆਂ ਅਦ੍ਰਿਸ਼ ਕਿਰਨਾਂ ਵਿਅਕਤੀ ਦੀ ਚੇਤਨਾ ਦੇ ਪੱਧਰ ਦੇ ਹਿਸਾਬ ਨਾਲ ਕਮਜ਼ੋਰ ਜਾਂ ਸ਼ਕਤੀਸ਼ਾਲੀ ਹੋ ਸਕਦੀਆਂ ਹਨ। ਜਦੋਂ ਇਹ ਕਿਸੇ ਦੂਜੀ ਚੀਜ਼ ਨਾਲ ਟਕਰਾਉਂਦੀਆਂ ਹਨ ਤਾਂ ਊਰਜਾ ਖ਼ੁਦ-ਬ-ਖ਼ੁਦ ਖ਼ਾਰਜ ਹੁੰਦੀ ਹੈ। ਅਪਣੇ ਆਪ ਵਿਚ ਹੀ ਇਹ ਇਕ ਭਾਸ਼ਕ ਸੰਚਾਰ ਹੈ।
ਅਧਿਆਤਮਵਾਦੀਆਂ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਬੇਜਾਨ ਵਸਤੂ ਵਿਚ ਵੀ ਸੱਚਮੁੱਚ ਜਿੰਦ ਧੜਕ ਸਕਦੀ ਹੈ, ਜੇਕਰ ਉਹ ਵਾਕਈ ਹੀ ਕਿਸੇ ਬਖ਼ਸ਼ੀ ਹੋਈ ਰੂਹ ਦੇ ਸੰਪਰਕ ਵਿਚ ਆ ਜਾਵੇ। ਡਾਕਟਰ ਸਾਹਬ ਨੇ ਜਾਪਾਨੀ ਦਬਾਉ ਵਿਧੀ 'ਸ਼ੈਟਜ਼ੂ' ਰਾਹੀਂ ਕੀਤੇ ਜਾਂਦੇ ਇਲਾਜ ਦਾ ਹਵਾਲਾ ਦੇ ਕੇ ਸਾਈਂ ਮੀਆਂ ਮੀਰ ਵਲੋਂ ਹਰਿਮੰਦਰ ਦੀ ਨੀਂਹ ਵਿਚ ਨਵੀਂ ਜਿੰਦ ਧੜਕਾ ਦੇਣ ਦਾ ਨਿਵੇਕਲਾ ਵਿਚਾਰ ਦੇ ਕੇ ਇਕ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਅਨੁਸਾਰ ਸਾਈਂ ਜੀ ਨੂੰ ਨਿਮੰਣਰਿਤ ਕਰ ਕੇ ਗੁਰੂ ਸਾਹਿਬ ਨੇ ਅਪਣੀ ਕਿਸੇ ਅਧਿਆਤਮਕ ਕਮੀ ਨੂੰ ਪੂਰਾ ਨਹੀਂ ਕੀਤਾ। ਸਗੋਂ ਇਹ ਉਨ੍ਹਾਂ ਦੀ ਉਦਾਰਵਾਦੀ ਸੋਚ ਕਰ ਕੇ ਵੀ ਸੀ, ਇਸੇ ਕਰ ਕੇ ਇਹ ਯੁਗੋ-ਯੁਗ ਅਟੱਲ ਅਧਿਆਤਮਿਕਤਾ ਦਾ ਕੇਂਦਰ ਬਣਦਾ ਚਲੇ ਗਿਆ ਤੇ ਸੰਸਾਰ ਦੀ ਸਮਾਨਤਾ ਤੇ ਸੁਤੰਤਰਤਾ ਦਾ ਬੋਧਕ ਵੀ।
ਉੱਪਰਲੀ ਵਿਚਾਰ-ਚਰਚਾ ਦੇ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਸੀਨਾ ਬਸੀਨਾ ਚੱਲੀਆਂ ਆ ਰਹੀਆਂ ਪਰੰਪਰਾਵਾਂ ਸਾਡਾ ਵਿਰਸਾ ਹੁੰਦੀਆਂ ਹਨ ਕਿਉਂਕਿ ਇਹ ਮੂੰਹੋਂ ਮੂਹ ਤੁਰਦੀਆਂ ਵਰਤਮਾਨ ਦਾ ਅੰਗ ਬਣਦੀਆਂ ਹਨ। ਇਸ ਪੱਖੋਂ ਸਾਰੇ ਸਿੱਖ ਸ੍ਰੋਤ, ਮਹਾਨਕੋਸ਼ ਅਤੇ ਹੋਰ ਆਧੁਨਿਕ ਲੇਖਕ ਇਕ ਮਤਿ ਹਨ ਭਾਵੇਂ ਵਿਰੋਧੀ ਵਿਚਾਰਾਂ ਵਾਲਿਆਂ ਦੀ ਵੀ ਕਮੀ ਨਹੀਂ। ਦਰਅਸਲ ਨਵੀਂ ਪੀੜ੍ਹੀ ਦੇ ਕੁੱਝ ਖੋਜੀ ਸਾਂਝੀਆਂ ਸਮਰਿੱਧ ਰਵਾਇਤਾਂ ਤੇ ਅਮੀਰ ਵਿਰਸੇ ਨਾਲ ਸਬੰਧਿਤ ਤੱਥਾਂ ਨੂੰ ਤੋੜ ਮਰੋੜ ਕੇ ਆਪਣੀ ਹਊਮੈ ਨੂੰ ਵੱਧ ਪੱਠੇ ਪਾਉਣੇ ਚਾਹੁੰਦੇ ਹਨ। ਸੱਚ ਉਤੇ ਪਹਿਰਾ ਦੇਣ ਵਾਲਿਆਂ ਦਾ ਜ਼ਮਾਨਾ ਸਦਾ ਤੋਂ ਵੈਰੀ ਰਿਹਾ ਹੈ ਤੇ ਇਸ ਵਿਸ਼ੇ 'ਤੇ ਵੀ ਇਹੋ ਗੱਲ ਢੁਕਦੀ ਹੈ। ਇਥੇ ਇਸ ਤੱਥ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਸਥਾਨ ਨੂੰ ਬਾਰੂਦ ਨਾਲ ਉਡਾ ਕੇ ਸਰੋਵਰ ਨੂੰ ਮਨੁੱਖੀ ਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਭਰਵਾ ਦਿਤਾ ਸੀ। ਮੁੜ ਦਲ ਖ਼ਾਲਸਾ ਦੇ ਮੁਖੀ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਦੀ ਉਸਾਰੀ ਕਰਵਾਈ ਤੇ ਮਹਾਰਾਜ ਰਣਜੀਤ ਸਿੰਘ ਨੇ ਇਸ ਨੂੰ ਨਵੀਂ ਦਿੱਖ ਦਿਤੀ।
ਸਰਵ ਸਾਂਝਾ ਹਰਿਮੰਦਰ ਬਣ ਜਾਣ ਉਪਰੰਤ ਤੱਤਵੇਤੇ ਮਹਾਂਪੁਰਖਾਂ ਦੀ ਬਾਣੀ ਨਾਲ ਭਰਪੂਰ ਸ੍ਰੀ ਆਦਿ ਗ੍ਰੰਥ 1604 ਈਸਵੀ ਦੀ ਭਾਦਰੋਂ ਸੁਦੀ ਪਹਿਲੀ ਨੂੰ ਇਸੇ ਪਾਕੀਜ਼ ਸਥਾਨ ਉਤੇ ਪ੍ਰਕਾਸ਼ਮਾਨ ਕਰ ਦਿਤਾ ਗਿਆ। ਇਨਸਾਨੀ ਸਾਂਝਾਂ ਦਾ ਸੁਨੇਹਾ ਅੱਠੇ ਪਹਿਰ ਦਿਤਾ ਜਾਣ ਲੱਗਾ। 'ਕਲਿਕਾਤੀ ਰਾਜੇ ਕਾਸਾਈ ਧਰਮੁ ਪੰਖਿ ਕਰਿ ਉਡਰਿਆ' ਤੇ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਵਾਲੀ ਨਿਡਰ ਵਿਚਾਰਧਾਰਾ ਹਰ ਬਸ਼ਰ ਤਕ ਪਹੁੰਚਣ ਲੱਗੀ ਜਿਸ ਤੇ ਸਮਕਾਲੀ ਬਾਦਸ਼ਾਹਾਂ ਨੂੰ ਦੰਦਲਾਂ ਪੈਣ ਲਗੀਆਂ। ਕੀ ਹਿੰਦੂ ਤੇ ਕੀ ਮੁਸਲਮਾਨ ਇਸ ਸਦੀਵੀਂ ਸੱਚ ਤੋਂ ਮੁਤਾਸਰ ਹੋਣ ਲੱਗੇ ਤੇ ਬਾਬੇ ਨਾਨਕ ਦੇ ਵਰੋਸਾਏ ਘਰ ਨਾਲ ਜੁੜਨ ਲੱਗੇ। ਵਿਸਾਖੀ ਤੇ ਦੀਵਾਲੀ ਉਤੇ ਇਥੇ ਵੱਡੇ-ਵੱਡੇ ਇਕੱਠ ਹੋਣ ਲੱਗੇ। ਘਰੋਗੀ ਫੁੱਟ ਵੀ ਇਸ ਵਿਚ ਰਲਦੀ ਗਈ। ਅੰਦਰੂਨੀ ਤੇ ਬਹਿਰੂਨੀ ਕਾਰਨਾਂ ਕਰ ਕੇ ਜਹਾਂਗੀਰ ਬੁਖ਼ਲਾਇਆ ਪਿਆ ਸੀ, ਭਾਵੇਂ ਅਕਸਰ ਗੁਰਬਾਣੀ ਖ਼ੁਦ ਸੁਣ ਕੇ ਹਰ ਪ੍ਰਕਾਰੀ ਤੁਅੱਸਬ ਤੋਂ ਰਹਿਤ ਹੋ ਚੁੱਕਾ ਸੀ। ਭਾਵੇਂ ਹੋਰ ਵੀ ਕਈ ਕਾਰਨਾਂ ਕਰ ਕੇ ਬਾਦਸ਼ਾਹ ਗੁਰ ਸਾਹਿਬ ਨਾਲ ਖਾਰ ਖਾਂਦਾ ਸੀ ਪਰ ਬਲਦੀ ਉਤੇ ਤੇਲ ਦਾ ਕੰਮ ਆਦਿ ਗ੍ਰੰਥ ਦੀ ਸੰਪਾਦਨਾ ਤੇ ਪ੍ਰਕਾਸ਼ ਨੇ ਕੀਤਾ। ਤੁਜ਼ਕੇ-ਜਹਾਂਗੀਰੀ ਵਿਚ ਉਹ ਲਿਖਦਾ ਹੈ :-
'ਬਿਆਸ ਦਰਿਆ ਦੇ ਕੰਢੇ ਗੋਬਿੰਦਵਾਲ ਵਿਚ ਇਕ ਹਿੰਦੂ ਅਰਜਨ ਪੀਰ ਦੇ ਲਿਬਾਸ ਵਿਚ ਰਹਿੰਦਾ ਹੈ ਜਿਸ ਨੇ ਬਹੁਤ ਸਾਰੇ ਸਾਧਾਰਣ ਹਿੰਦੂਆਂ ਤੇ ਨਾਸਮਝ ਮੁਸਲਮਾਨਾਂ ਨੂੰ ਮੁਰੀਦਬਣਾ ਰੱਖਿਆ ਹੈ। ਇਹ ਦੁਕਾਨ ਤਿੰਨ ਚਾਰ ਪੁਸ਼ਤਾਂ' ਤੋਂ ਚਲੀ ਆ ਰਹੀ ਹੈ। ਮੈਂ ਕਾਫ਼ੀ ਚਿਰ ਤੋਂ ਸੋਚਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਉਸ ਨੂੰ ਇਸਲਾਮ ਦੇ ਦਾਇਰੇ ਵਿਚ ਲਿਆਇਆ ਜਾਵੇ। ਇਨ੍ਹਾਂ ਦਿਨਾਂ ਵਿਚ ਉਸ ਨੇ ਖੁਸਰੋ ਦੀ ਮਦਦ ਕੀਤੀ ਤੇ ਉਸ ਨੂੰ ਤਿਲਕ ਲਗਾ ਕੇ ਅਸੀਸਾਂ ਦਿਤੀਆਂ। ਜਦ ਇਹ ਮੁਕੱਦਮਾ ਮੇਰੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਦੀ ਅਸਲੀਅਤ ਪੂਰੀ ਤਰ੍ਹਾਂ ਮੇਰੇ ਸਾਹਮਣੇ ਆ ਗਈ । ਉਸੇ ਦਾ ਸਮਕਾਲੀ ਸ਼ੇਖ਼ ਅਹਿਮਦ ਸਰਹਿੰਦੀ ਉਸ ਤੋਂ ਵੀ ਵੱਧ ਜ਼ਹਿਰ ਘੋਲਦਾ ਦਿਖਾਈ ਦਿੰਦਾ ਹੈ :- 'ਗੋਇੰਦਵਾਲ ਦੇ ਕਾਫ਼ਰ ਦਾ ਮਾਰਿਆ ਜਾਣਾ ਚੰਗਾ ਹੋਇਆ ਹੈ। ਇਸ ਨਾਲ ਹਿੰਦੂਆਂ ਨੂੰ ਇਕ ਵੱਡੀ ਸ਼ਿਕਸਤ ਹੋਈ ਹੈ। ਇਸ ਨੂੰ ਚਾਂਹ ਕਿਸੇ ਵੀ ਕਾਰਨ ਤੋਂ ਮਾਰਿਆ ਗਿਆ ਹੋਵੇ, ਇਸ ਨਾਲ ਕਾਫ਼ਰਾਂ ਦੀ ਵੱਡੀ ਹਾਨੀ ਹੋਈ ਹੈ।'
ਇਸ ਪ੍ਰਕਾਰ, ਕੂੜ ਦੇ ਵਣਜਾਰਿਆਂ ਨੇ ਸੱਚ ਦੀ ਜੋਤ ਨੂੰ ਬੁਝਾਉਣ ਲਈ ਅਪਣਾ ਟਿੱਲ ਲਗਾ ਦਿਤਾ ਪਰ ਸ਼ਹੀਦ ਦੀ ਮੌਤ ਨੇ ਕੌਮ ਨੂੰ ਨਵਾਂ ਉਤਸ਼ਾਹ, ਸਬਕ ਤੇ ਜੋਸ਼ ਬਖ਼ਸ਼ਿਆ। ਸਵਾਲ ਇਥੇ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਾਈਂ ਜੀ ਤੇ ਪੰਚਮ ਗੁਰਾਂ ਵਿਚ ਇਸ ਕਦਰ ਨੇੜਤਾ ਤੇ ਸਾਂਝ ਸੀ ਤਾਂ ਉਨ੍ਹਾਂ ਨੇ ਬਾਦਸ਼ਾਹ ਤਕ ਅਪਣਾ ਅਸਰ ਰਸੂਖ ਵਰਤ ਕੇ ਇਹ ਕਹਿਰ ਕਿਉਂ ਨਾ ਰੋਕਿਆ? ਮੁਸਲਿਮ ਪ੍ਰੰਪਰਾ ਬਾਦਸ਼ਾਹ ਜਹਾਂਗੀਰ ਨੂੰ ਉਨ੍ਹਾਂ (ਸਾਈਂ ਜੀ) ਦਾ ਮੁਰੀਦ ਸਵੀਕਾਰਦੀ ਹੈ। ਫਿਰ ਐਨਾ ਵੱਡਾ ਉਪਦਰ ਉਨ੍ਹਾਂ ਦੇ ਹੁੰਦਿਆਂ ਸੁੰਦਿਆਂ ਕਿਵੇਂ ਵਾਪਰ ਗਿਆ? ਸਿੱਖ ਪ੍ਰੰਪਰਾ ਉਂਜ ਇਹ ਗੱਲ ਪ੍ਰਵਾਨਦੀ ਹੈ ਕਿ ਸਾਈਂ ਜੀ ਸੱਭ ਮੁਸ਼ਕਲਾਂ ਪਾਰ ਕਰ ਕੇ ਗੁਰੂ ਜੀ ਕੋਲ ਕੈਦਖ਼ਾਨੇ ਪਹੁੰਚ ਗਏ ਸਨ ਤੇ ਅਪਣੀ ਰੂਹਾਨੀ ਸ਼ਕਤੀ ਦੇ ਬਲਬੂਤੇ ਦਿੱਲੀ ਤੇ ਲਾਹੌਰ ਮਲੀਅਮੇਟ ਕਰ ਦੇਣ ਲਈ ਬਜ਼ਿਦ ਸਨ ਪਰ ਪੰਚਮ ਪਾਤਿਸ਼ਾਹ ਨੇ ਹੀ ਰੱਬੀ ਰਜ਼ਾ ਵਿਚ ਸਿਰ ਝੁਕਾਉਣ ਲਈ ਬੇਨਤੀ ਕੀਤੀ ਸੀ।
ਵਿਚਾਰਨਯੋਗ ਤੱਥ ਇਹ ਹੈ ਕਿ ਜੇਕਰ ਇਹ ਅਣਹੋਣੀ ਨਾ ਘਟਦੀ ਤਾਂ ਮੀਰੀ-ਪੀਰੀ ਦਾ ਸੁਮੇਲ ਵੀ ਸੰਭਵ ਨਾ ਹੁੰਦਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਨਹੀਂ ਸੀ ਹੋਂਦ ਵਿਚ ਆ ਸਕਣਾ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਉਸ ਅਕਾਲ ਪੁਰਖ ਦੀ ਮੌਜ ਤੇ ਇੱਛਾ ਨਾਲ, ਇਸ ਸੰਸਾਰ ਵਿਚ ਕੁੱਝ ਉਚੇਰੀਆਂ ਰੂਹਾਂ ਇਥੋਂ ਦਾ ਉਧਾਰ ਤੇ ਸੁਧਾਰ ਕਰਨ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੀਆਂ ਪਾਈਆਂ ਅਮਿੱਟ ਪੈੜਾਂ ਮਨੁੱਖਤਾ ਦਾ ਰਾਹ ਰੁਸ਼ਨਾਉਂਦੀਆਂ ਹਨ। ਗੁਰੂ ਜੋਤ ਦੇ ਵਿਭਿੰਨ ਜਾਮੇ ਤੇ ਸਾਈਂ ਜੀ ਵਰਗੇ ਕਾਮਲ ਮੁਰਸ਼ਦ ਮਨੁੱਖਤਾ ਦਾ ਸਰਮਾਇਆ ਹੁੰਦੇ ਹਨ। ਜਦੋਂ ਤੱਕ ਹਰਿਮੰਦਰ ਦਾ ਪ੍ਰਕਾਸ਼, ਮਾਨਵਤਾ ਦਾ ਰਾਹ-ਦਸੇਰਾ ਬਣਿਆ ਰਹੇਗਾ, ਸਦਾ ਹੀ ਸਾਈਂ ਮੀਆ ਮੀਰ ਜੀ ਦੀ ਉੱਚੀ ਤੇ ਸੁੱਚੀ ਹਸਤੀ ਵੀ ਸਾਡੇ ਅੰਦਰ ਵਸਦੀ ਰਹੇਗੀ।
ਡਾ. ਕੁਲਵੰਤ ਕੌਰ, ਸੰਪਰਕ : 98156-20515