
ਮਿਤੀ 17 ਮਈ 2018 ਨੂੰ ਮੇਰਾ ਇਕ ਲੇਖ ਰੋਜ਼ਾਨਾ ਸਪੋਕਸਮੈਨ ਵਿਚ ਪ੍ਰਕਾਸ਼ਤ ਹੋਇਆ
ਮਿਤੀ 17 ਮਈ 2018 ਨੂੰ ਮੇਰਾ ਇਕ ਲੇਖ ਰੋਜ਼ਾਨਾ ਸਪੋਕਸਮੈਨ ਵਿਚ ਪ੍ਰਕਾਸ਼ਤ ਹੋਇਆ ਜਿਸ ਦਾ ਸਿਰਲੇਖ ਸੀ 'ਸ਼ਰਧਾ ਜਾਂ ਸ਼ਰਾਰਤ'? ਇਸ ਲੇਖ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਟੱਕਰ ਦੇਣ ਵਾਲੇ ਹੋਰ ਗ੍ਰੰਥਾਂ ਦੀ ਅਸਲੀਅਤ ਸਾਹਮਣੇ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ 'ਸਿੱਖੀ ਕੀ ਸੀ ਤੇ ਕੀ ਹੋ ਗਈ?' ਲੇਖ ਵਿਚ ਮੈਂ ਅੱਜ ਦੇ ਸਿੱਖਾਂ ਨੂੰ ਸਰਦਾਰ ਕਪੂਰ ਸਿੰਘ ਆਈ ਸੀ ਐਸ ਦੀ ਉੱਚੀ ਸੋਚ ਤੋਂ ਜਾਣੂ ਕਰਵਾਇਆ ਸੀ।
Guru Granth Sahib Ji
ਇਸ ਤੋਂ ਬਾਅਦ 'ਬਾਬਾ ਸ੍ਰੀ ਚੰਦ ਦੀ ਲੰਮੀ ਬਾਂਹ ਦਾ ਅਸਲ ਸੱਚ' ਵਿਚ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਦੀ ਅਸਲੀਅਤ ਬਾਰੇ ਦਸਿਆ ਗਿਆ ਸੀ। ਫਿਰ ਇਸੇ ਤਰ੍ਹਾਂ ਮੈਂ ਇਕ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ 'ਸੱਚ ਦੇ ਦਰਬਾਰ ਵਿਚ ਝੂਠ ਕਿਉਂ?' ਅਤੇ 'ਅਖੰਡ ਪਾਠਾਂ ਦਾ ਅਸਲ ਸੱਚ' ਇਨ੍ਹਾਂ ਲੇਖਾਂ ਵਿਚ ਸਿੱਖ ਪੁਜਾਰੀਆਂ ਵਲੋਂ ਆਮ ਸੰਗਤਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦੀ ਹੋ ਰਹੀ ਮਾਨਸਕ ਤੇ ਆਰਥਕ ਲੁੱਟ ਬਾਰੇ ਜਾਣੂ ਕਰਵਾਇਆ ਗਿਆ ਸੀ। ਸੋ ਕਹਿਣ ਤੋਂ ਭਾਵ ਮੇਰੇ ਇਨ੍ਹਾਂ ਲੇਖਾਂ ਤੋਂ ਉਨ੍ਹਾਂ ਲੋਕਾਂ ਨੂੰ ਬਹੁਤ ਤਕਲੀਫ਼ ਹੋਈ ਜਿਨ੍ਹਾਂ ਦੀ ਦੁਕਾਨਦਾਰੀ ਸਿੱਖਾਂ ਨੂੰ ਗੁਮਰਾਹ ਕਰ ਕੇ ਚਲਦੀ ਸੀ।
Rozana Spokesman
ਉਹ ਲੋਕ ਬੜੇ ਹੀ ਤੜਫ਼ੇ ਜਿਨ੍ਹਾਂ ਦੀ ਸ਼ਰਧਾ ਨੂੰ ਮੈਂ ਠੇਸ ਪਹੁੰਚਾਈ ਸੀ। ਮੈਨੂੰ ਹਾਲੇ ਬਹੁਤਾ ਸਮਾਂ ਵੀ ਨਹੀਂ ਹੋਇਆ ਸੀ ਕਲਮ ਚੁੱਕਿਆਂ ਕਿ ਕਈ ਭੁਲੜ ਵੀਰ ਇਥੋਂ ਤਕ ਵੀ ਆਖ ਦਿੰਦੇ ਸਨ ਕਿ 'ਤੁਸੀ ਕਿਸ ਏਜੰਸੀ ਦੇ ਬੰਦੇ ਹੋ? ਤੇ ਤੁਹਾਨੂੰ ਇਹ ਦੁਬਿਧਾ ਜਾਂ ਵਾਦ ਵਿਵਾਦ ਪੈਦਾ ਕਰਨ ਵਾਲੇ ਲੇਖ ਲਿਖਣ ਦੇ ਕਿੰਨੇ ਪੈਸੇ ਮਿਲਦੇ ਹਨ?' ਜੀ ਹਾਂ, ਸੰਗਤ ਜੀ ਮੈਨੂੰ ਇੰਜ ਹੀ ਆਖਿਆ ਜਾਂਦਾ ਕਿ ਤੁਹਾਨੂੰ ਲੇਖ ਲਿਖਣ ਦੇ ਪੈਸੇ ਮਿਲਦੇ ਹਨ। ਨਾਲ ਹੀ ਉਹ ਰੋਜ਼ਾਨਾ ਸਪੋਕਸਮੈਨ ਬਾਰੇ ਵੀ ਬੋਲ ਕਬੋਲ ਬੋਲ ਦਿੰਦੇ। ਮੈਨੂੰ ਤਾ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਲੇਖ ਲਿਖਣ ਦੇ ਪੈਸੇ ਵੀ ਮਿਲਦੇ ਹਨ। ਪਰ ਜਦੋਂ ਕੋਈ ਵਿਰੋਧੀ ਵੀਰ ਜਾਂ ਸਰਧਾਲੂ ਇੰਝ ਆਖ ਦਿੰਦਾ ਕਿ ਤੁਹਾਨੂੰ ਤਾਂ ਲੇਖ ਲਿਖਣ ਦੇ ਪੈਸੇ ਮਿਲਦੇ ਹਨ ਤਾਂ ਮੈਨੂੰ ਬਹੁਤ ਹੀ ਅਜੀਬ ਜਿਹਾ ਲਗਦਾ ਤੇ ਗੁੱਸਾ ਵੀ ਚੜ੍ਹਦਾ।
Sikhsਇਕ ਲੇਖਕ ਲੇਖ ਕਿਉਂ ਲਿਖਦਾ ਹੈ? :- ਤੁਸੀ ਕਈ ਲੇਖਕਾਂ ਦੇ ਲੇਖ ਰੋਜ਼ਾਨਾ ਹੀ ਅਖ਼ਬਾਰਾਂ, ਰਸਾਲਿਆਂ, ਕਿਤਾਬਾਂ ਵਿਚ ਪੜ੍ਹਦੇ ਹੋਵੋਗੇ ਤੇ ਅਜਕਲ ਲੇਖ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਨਲਾਈਨ ਵੀ ਲਿਖੇ ਜਾ ਸਕਦੇ ਹਨ। ਹਰ ਲੇਖਕ ਅਪਣੇ-ਅਪਣੇ ਸ਼ੌਕ ਮੁਤਾਬਕ ਅਪਣਾ ਵਿਸ਼ਾ ਚੁਣ ਕੇ ਲੇਖ ਲਿਖਦਾ ਹੈ।
ਮੈਂ ਹਾਲੇ ਅਪਣੇ ਆਪ ਨੂੰ ਲੇਖਕਾਂ ਦੀ ਕਤਾਰ ਵਿਚ ਖੜਾ ਨਹੀਂ ਕਰ ਸਕਦਾ ਕਿਉਂਕਿ ਮੈਂ ਹਾਲੇ ਬਹੁਤ ਕੁੱਝ ਸਿਖਣਾ ਹੈ। ਪਰ ਮੈਂ ਲੇਖ ਲਿਖਦਾ ਕਿਉਂ ਹਾਂ, ਇਹ ਗੱਲ ਵੀ ਆਪ ਜੀ ਨਾਲ ਜ਼ਰੂਰ ਸਾਝੀ ਕਰਾਂਗਾ। ਮੈਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਵਾਂਗਾ ਕਿ ਮੇਰੇ ਅੰਦਰ ਲੇਖ ਲਿਖਣ ਦਾ ਸ਼ੌਂਕ ਰੋਜ਼ਾਨਾ ਸਪੋਕਸਮੈਨ ਨੇ ਹੀ ਪੈਦਾ ਕੀਤਾ ਹੈ। ਜਦੋਂ ਮੈਂ ਹਾਲੇ ਬੀ.ਏ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਮੇਰੀ ਮੁਲਾਕਾਤ ਗੁਰਦਵਾਰਾ ਫ਼ਤਹਿਗੜ੍ਹ ਸਾਹਿਬ ਵਿਖੇ ਮੇਰੇ ਵੱਡੇ ਵੀਰ ਸਮਾਨ ਸਰਦਾਰ ਸ਼ੇਰ ਸਿੰਘ ਜੀ ਹਵਾਰਾ ਨਾਲ ਹੋਈ।
Writer
ਉਨ੍ਹਾਂ ਨੇ ਮੇਰੀ ਮੁਲਾਕਾਤ ਰੋਜ਼ਾਨਾ ਸਪੋਕਸਮੈਨ ਨਾਲ ਕਰਵਾਈ ਤੇ ਐਤਵਾਰ ਦੇ ਰੋਜ਼ਾਨਾ ਸਪੋਕਸਮੈਨ ਦੇ ਇਕ ਅੰਕ ਦੀ ਕਾਪੀ ਮੈਨੂੰ ਖ਼ਰੀਦ ਕੇ ਦੇ ਦਿਤੀ ਜਿਸ ਵਿਚ ਸਰਦਾਰ ਜੋਗਿੰਦਰ ਸਿੰਘ ਜੀ ਮੁੱਖ ਸੰਪਾਦਕ ਨੇ ਮੇਰੀ ਨਿਜੀ ਡਾਇਰੀ ਦੇ ਪੰਨਿਆ ਬਾਰੇ ਕੁੱਝ ਲਿਖਿਆ ਹੋਇਆ ਸੀ। ਮੈਨੂੰ ਸੱਚ ਪੜ੍ਹ ਕੇ ਬੜੀ ਖ਼ੁਸ਼ੀ ਮਹਿਸੂਸ ਹੋਈ ਤੇ ਮੈਂ ਰੋਜ਼ਾਨਾ ਸਪੋਕਸਮੈਨ ਪੱਕੇ ਤੌਰ ਉਤੇ ਹੀ ਘਰ ਲਗਵਾ ਲਿਆ। ਇਥੇ ਮੈਂ ਇਹ ਵੀ ਦੱਸ ਦਿਆਂ ਕਿ ਮੈਂ ਇਸ ਤੋਂ ਪਹਿਲਾਂ ਵੀ ਪੰਜਾਬੀ ਤੇ ਅੰਗਰੇਜ਼ੀ ਦੇ ਅਖ਼ਬਾਰ ਪੱਕੇ ਤੌਰ ਉਤੇ ਪੜ੍ਹਦਾ ਸੀ। ਸਪੋਕਸਮੈਨ ਵਿਚ ਹਰੀ ਰਤਨ ਯੁਕਤਾ, ਦਰਬਾਰਾ ਸਿੰਘ ਸਿਉਣਾ, ਇੰਦਰ ਸਿੰਘ ਘੱਗਾ, ਗੁਰਬਖ਼ਸ਼ ਸਿੰਘ ਕਾਲਾਅਫ਼ਗਾਨਾ, ਹਰਜਿੰਦਰ ਸਿੰਘ ਦਿਲਗੀਰ ਦੇ ਲੇਖ ਪੜ੍ਹ ਕੇ ਸੱਚ ਨੂੰ ਜਾਣਨ ਦਾ ਮੌਕਾ ਮਿਲਿਆ।
Gurbaksh Singh Kala Afghana
ਇਸ ਤੋਂ ਬਾਅਦ ਮੇਰੀ ਮੁਲਾਕਾਤ ਡਾ. ਦੀਦਾਰ ਸਿੰਘ (ਖਾਨ ਹਸਪਤਾਲ) ਵਾਲਿਆਂ ਨਾਲ ਹੋ ਗਈ। ਉਨ੍ਹਾਂ ਨੇ ਮੈਨੂੰ ਪਹਿਲੀ ਹੀ ਮੁਲਾਕਾਤ ਵਿਚ ਸਪੋਕਸਮੈਨ ਮੈਗ਼ਜ਼ੀਨ ਦੇ ਕਈ ਅੰਕ ਪੜ੍ਹਨ ਨੂੰ ਦਿਤੇ। ਮੈਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਰੋਜ਼ਾਨਾ ਸਪੋਕਸਮੈਨ ਪਹਿਲਾਂ ਮਹੀਨਾਵਾਰੀ ਮੈਗ਼ਜ਼ੀਨ ਦੇ ਰੂਪ ਵਿਚ ਛਪਦਾ ਸੀ। ਬਸ ਇਸੇ ਤਰ੍ਹਾਂ ਕੁੱਝ ਸਿਆਣੇ ਸੱਜਣਾਂ ਦੀ ਸੰਗਤ ਸਦਕਾ ਅਖ਼ਬਾਰਾਂ, ਮੈਗ਼ਜ਼ੀਨਾਂ ਅਤੇ ਕਿਤਾਬਾ ਨਾਲ ਪੱਕੇ ਤੋਰ ਤੇ ਦੋਸਤੀ ਪੈ ਗਈ। ਐਮ. ਏ (ਇਤਿਹਾਸ) ਦੀ ਪੜ੍ਹਾਈ ਖ਼ਤਮ ਹੋਣ ਤਕ ਮੈਂ ਕਾਫ਼ੀ ਕੁੱਝ ਸਮਝ ਚੁੱਕਾ ਸੀ। ਮੈਂ ਹੌਲੀ-ਹੌਲੀ ਹਰ ਮਹੀਨੇ ਕਪੜੇ ਘੱਟ ਖ਼ਰੀਦਦਾ ਪਰ ਪੁਸਤਕਾਂ ਜ਼ਰੂਰ ਖ਼ਰੀਦ ਲੈਂਦਾ ਸੀ। ਮੈਨੂੰ ਜੋ ਵੀ ਚੰਗਾ ਲਗਦਾ ਮੈਂ ਛੋਟੀ ਜਹੀ ਚਿੱਠੀ ਵਿਚ ਲਿਖ ਕੇ ਸਪੋਕਸਮੈਨ ਨੂੰ ਭੇਜ ਦਿੰਦਾ ਤੇ ਉਹ ਚਿਠੀਆਂ ਵਾਲੇ ਕਾਲਮ ਵਿਚ ਛੱਪ ਜਾਂਦਾ।
Spokesman newspaper
ਇਸੇ ਤਰ੍ਹਾਂ ਕਰਦੇ-ਕਰਦੇ ਜਦੋਂ ਮੇਰੇ ਕੋਲ ਵਿਹਲਾ ਸਮਾਂ ਹੂੰਦਾ ਤਾਂ ਮੈਂ ਅਪਣਾ ਲੈਪਟਾਪ ਚੁਕਦਾ ਤੇ ਲੇਖ ਲਿਖਣ ਬੈਠ ਜਾਂਦਾ। ਉਸ ਤੋਂ ਬਾਅਦ ਲੇਖ ਦੀ ਸੁਧਾਈ ਕਰ ਕੇ ਮੈਂ ਰੋਜ਼ਾਨਾ ਸਪੋਕਸਮੈਨ ਨੂੰ ਭੇਜ ਦਿੰਦਾ ਤੇ ਉਹ ਅਖ਼ਬਾਰ ਵਿਚ ਪ੍ਰਕਾਸ਼ਤ ਹੋ ਜਾਂਦਾ। ਇਸ ਤਰ੍ਹਾਂ ਮੈਂ ਚਿੱਠੀਆਂ ਲਿਖਦਾ-ਲਿਖਦਾ ਲੇਖ ਲਿਖਣ ਲੱਗ ਪਿਆ। ਲੇਖ ਲਿਖਣ ਦੇ ਨਾਲ ਹੀ ਕਈ ਖੱਟੇ ਮਿੱਠੇ ਤਜਰਬੇ ਹੋਣੇ ਸ਼ੁਰੂ ਹੋ ਗਏ। ਕਈ ਵੀਰ ਭੈਣਾਂ ਜਿਨ੍ਹਾਂ ਦੇ ਵਿਚਾਰ ਮੇਰੇ ਵਿਚਾਰਾਂ ਨਾਲ ਨਹੀਂ ਮਿਲਦੇ ਸਨ, ਉਹ ਚੰਗਾ ਮਾੜਾ ਬੋਲਦੇ ਤੇ ਮੈਨੂੰ ਆਖਦੇ ਕਿ ਤੁਹਾਨੂੰ ਲੇਖ ਲਿਖਣ ਦੇ ਪੈਸੇ ਮਿਲਦੇ ਹੋਣਗੇ, ਇਸ ਲਈ ਤੁਸੀ ਅਜਿਹੇ ਲੇਖ ਲਿਖਦੇ ਹੋ ਜੋ ਸਾਡੀਆਂ ਭਾਵਨਾਵਾਂ ਨੂੰ ਸੱਟ ਮਾਰਦੇ ਹਨ।
Writing
ਪਰ ਕਹਿੰਦੇ ਨੇ ਸੱਚ ਹਮੇਸ਼ਾ ਕੌੜਾ ਹੀ ਲਗਦਾ ਹੈ। ਜਦੋਂ ਕੋਈ ਇਨਸਾਨ ਕੁੱਝ ਪੜ੍ਹਦਾ ਹੈ ਤਾਂ ਇਹ ਕੁਦਰਤੀ ਹੀ ਹੈ ਕਿ ਉਸ ਦਾ ਲਿਖਣ ਵਲ ਵੀ ਰੁਝਾਨ ਵਧ ਜਾਂਦਾ ਹੈ। ਮੇਰੇ ਨਾਲ ਵੀ ਕੁੱਝ ਇਸੇ ਤਰ੍ਹਾਂ ਹੀ ਹੁੰਦਾ ਗਿਆ। ਮੈਂ ਜਦੋਂ ਵੀ ਕੁੱਝ ਪੜ੍ਹਦਾ ਹਾਂ ਤਾਂ ਉਸ ਤੋਂ ਬਾਅਦ ਜੋ ਗਿਆਨ ਦੀਆਂ ਗੱਲਾਂ ਮੈਨੂੰ ਪਤਾ ਲਗਦੀਆਂ ਹਨ, ਮੈਂ ਉਨ੍ਹਾਂ ਦਾ ਇਕ ਲੇਖ ਬਣਾ ਕੇ ਕੁੱਝ ਕੁ ਅਖ਼ਬਾਰਾਂ, ਮਹੀਨਾ ਵਾਰੀ ਮੈਗ਼ਜ਼ੀਨਾਂ ਨੂੰ ਭੇਜ ਦਿੰਦਾ ਹਾਂ। ਇਸ ਨਾਲ ਹੀ ਮੈਂ ਇਹ ਜਾਣਕਾਰੀ ਫ਼ੇਸਬੁੱਕ, ਇਸਟਾਗਰਾਮ ਤੇ ਟਵੀਟਰ ਤੇ ਵੀ ਸਾਂਝੀ ਕਰ ਦਿੰਦਾ ਹਾਂ। ਇਸ ਤਰ੍ਹਾਂ ਪੜ੍ਹਨਾ ਤੇ ਲਿਖਣਾ ਮੇਰਾ ਸ਼ੌਕ ਬਣ ਗਿਆ (ਕਿੱਤਾ ਕੰਮ ਨਹੀਂ) ਤੇ ਨਾ ਹੀ ਮੈਂ ਪੈਸਿਆਂ ਲਈ ਲੇਖ ਲਿਖਦਾ ਹਾਂ। ਮੇਰੀ ਕਲਮ ਵਿਕਾਉ ਨਹੀਂ ਹੈ।
Facebook
ਕੀ ਲੇਖ ਲਿਖਣ ਬਾਰੇ ਗੁਰਬਾਣੀ ਸਾਨੂੰ ਕੋਈ ਸੇਧ ਦਿੰਦੀ ਹੈ? :
ਅਸੀ ਅੱਜ ਇਸ ਬਾਰੇ ਵੀ ਚਰਚਾ ਕਰਾਂਗੇ ਕਿ ਕੀ ਗੁਰੂ ਸਾਹਿਬ ਜੀ ਨੇ ਲਿਖਣ ਬਾਰੇ ਸਾਨੂੰ ਕੋਈ ਸੇਧ ਦਿਤੀ ਹੈ ਜਾਂ ਨਹੀਂ? ਸ਼ਾਇਦ ਹੀ ਕੋਈ ਸਿੱਖ ਹੋਵੇਗਾ ਜੋ ਇਹ ਨਹੀਂ ਜਾਣਦਾ ਕਿ ਸਾਡੇ ਦਸ ਗੁਰੂ ਸਾਹਿਬਾਨ ਵਿਚੋਂ ਸੱਤ ਗੁਰੂ ਸਾਹਿਬਾਨ ਉੱਚ ਕੋਟੀ ਦੇ ਲਿਖਾਰੀ ਸਨ। ਉਹ ਕਈ ਭਾਸ਼ਾਵਾਂ ਦੇ ਗਿਆਤਾ ਸਨ। ਹੋ ਸਕਦਾ ਹੈ ਛੇਵੇਂ, ਸਤਵੇਂ ਤੇ ਅਠਵੇਂ ਪਾਤਸ਼ਾਹ ਜੀ ਨੇ ਵੀ ਕੁੱਝ ਲਿਖਿਆ ਹੋਵੇ ਪਰ ਸਾਡੇ ਤਕ ਉਨ੍ਹਾਂ ਦੀ ਕੋਈ ਲਿਖਤ ਨਹੀਂ ਪਹੁੰਚੀ। ਬਾਬਾ ਨਾਨਕ ਪਿਤਾ ਜੀ ਸ੍ਰੀ ਰਾਗ ਅੰਦਰ, 16 ਨੰਬਰ ਪੰਨੇ ਉਪਰ ਇਕ ਲਿਖਾਰੀ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ “ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ।।” ਅੱਜ ਦੇ ਸਮੇਂ ਲਿਖਣ ਦਾ ਤਰੀਕਾ ਬਦਲ ਗਿਆ ਹੈ।
Guru Granth Sahib Ji
ਮੈਂ ਲਿਖਣ ਲਈ ਲੈਪਟਾਪ ਦੀ ਵਰਤੋਂ ਕਰਦਾ ਹਾਂ ਤੇ ਕਈ ਬਾਲ ਪੈੱਨ ਜਾਂ ਕੰਪਿਊਟਰ ਦੀ ਵਰਤੋਂ ਕਰਦੇ ਹਨ। ਇਸ ਪਾਵਨ ਸ਼ਬਦ ਵਿਚ ਗੁਰੂ ਜੀ ਲੇਖਕ ਨੂੰ ਆਖਦੇ ਹਨ ਕਿ ਜੇਕਰ ਤੂੰ ਕੁੱਝ ਲਿਖਣਾ ਹੈ ਤਾਂ ਸੱਭ ਤੋਂ ਪਹਿਲਾਂ ਤੈਨੂੰ ਸਿਆਹੀ ਤੇ ਕਲਮ ਚਾਹੀਦੀ ਹੈ, ਲਿਖਾਰੀ ਤੂੰ ਸੱਭ ਤੋਂ ਪਹਿਲਾਂ ਮਾਇਆ (ਵਿਕਾਰਾਂ) ਦਾ ਮੋਹ ਸਾੜ ਕੇ ਉਸ ਨੂੰ ਘਸਾ ਕੇ ਸਿਆਹੀ ਬਣਾ ਤੇ ਅਪਣੀ ਸੋਹਣੀ ਅਕਲ, ਸਿਆਣਪ, ਉੱਚੀ ਮੱਤ ਨੂੰ ਕਾਗ਼ਜ਼ ਬਣਾ। ਭਾਉ ਕਲਮ ਕਰਿ ਚਿਤ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ।।
ਇਸ ਬੰਦ ਵਿਚ ਗੁਰੂ ਜੀ ਲਿਖਾਰੀ ਨੂੰ ਆਖ ਰਹੇ ਹਨ ਕਿ ਖਲਕਤ ਨਾਲ ਪਿਆਰ ਜਾਂ ਪ੍ਰੇਮ ਨੂੰ ਕਲਮ ਤੇ ਸੱਚੇ ਮਨ ਨੂੰ ਲਿਖਾਰੀ ਬਣਾ ਜੋ ਸੱਚ ਲਿਖੇ। ਗੁਰੂ ਦੀ ਸਿਖਿਆ ਲੈ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਲਿਖ। ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ।। ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ ਸਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ।
ਬਾਬਾ ਏਹੁ ਲੇਖਾ ਲਿਖਿ ਜਾਣੂ।। ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ”।।ਰਹਾਉ।। ਹੇ ਲਿਖਾਰੀ ਭਾਈ ਇਹ ਲੇਖਾ ਲਿਖਣ ਦੀ ਜਾਚ ਸਿੱਖ ਜਿਸ ਥਾ ਜ਼ਿੰਦਗੀ ਵਿਚ ਕੀਤੇ ਮਾੜੇ ਚੰਗੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ। ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ ਕਿ ਬਾਬਾ ਨਾਨਕ ਪਿਤਾ ਜੀ ਖ਼ੁਦ ਇਕ ਉਚ ਕੋਟੀ ਦੇ ਲਿਖਾਰੀ ਸਨ ਤੇ ਉਹ ਸਾਨੂੰ ਵੀ ਸਿੱਖਾ ਕੇ ਗਏ ਹਨ ਕਿ ਤੁਸੀ ਵੀ ਸੱਚ ਹੀ ਲਿਖਣਾ ਹੈ। ਹੁਣ ਜਿਹੜੇ ਮੇਰੇ ਵੀਰ ਸੱਚ ਤੋਂ ਮੁਨਕਰ ਹਨ ਉਹ ਬਾਬਾਨਾਨਕ ਪਾਤਸ਼ਾਹ ਜੀ ਦੇ ਹੁਕਮਾਂ ਤੋਂ ਵੀ ਮੁਨਕਰ ਹੀ ਹਨ, ਉਨ੍ਹਾਂ ਨੂੰ ਸੱਚ ਪੜ੍ਹ ਸੁਣ ਕੇ ਬਹੁਤ ਤਕਲੀਫ਼ ਹੁੰਦੀ ਹੈ ਤੇ ਉਹ ਆਖ ਦਿੰਦੇ ਹਨ ਕਿ ਤੁਸੀ ਪੈਸੇ ਲੈ ਕੇ ਲੇਖ ਲਿਖਦੇ ਹੋ।
Giani Ditt Singh
ਕੀ ਗੁਰੂ ਜੀ ਸੱਚ ਲਿਖਣ ਵਾਲੇ ਨੂੰ ਕੋਈ ਇਨਾਮ ਵੀ ਦਿੰਦੇ ਹਨ? :
ਆਉ ਹੁਣ ਆਪਾਂ ਇਹ ਵੀ ਵੇਖ ਲੈਂਦੇ ਹਾਂ ਕਿ ਸੱਚ ਲਿਖਣ ਵਾਲੇ ਨੂੰ ਗੁਰੂ ਪਾਤਸ਼ਾਹ ਜੀ ਕੋਈ ਇਨਾਮ ਵੀ ਦਿੰਦੇ ਹਨ? ਗਿਆਨੀ ਦਿੱਤ ਸਿੰਘ, ਕਰਮ ਸਿੰਘ ਹਿਸਟੋਰੀਅਨ, ਭਾਈ ਕਾਹਨ ਸਿੰਘ ਨਾਭਾ, ਸਰਦਾਰ ਜੋਗਿੰਦਰ ਜੀ ਬਾਨੀ ਸੰਪਾਦਕ ਰੋਜ਼ਾਨਾ ਸਪੋਕਸਮੈਨ, ਜਸਵੰਤ ਸਿੰਘ ਕੰਵਲ, ਹਰਜਿੰਦਰ ਸਿੰਘ ਦਿਲਗੀਰ, ਇੰਦਰ ਸਿੰਘ ਘੱਗਾ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਅਜਮੇਰ ਸਿੰਘ, ਗੁਰਚਰਨ ਸਿੰਘ ਮੋਹਾਲੀ, ਰਾਜਬੀਰ ਸਿੰਘ ਰਿਕਸ਼ਾ ਚਾਲਕ ਕਈ ਉੱਚ ਕੋਟੀ ਦੇ ਲਿਖਾਰੀਆਂ ਨੂੰ ਮੈਂ ਪੜ੍ਹਦਾ ਰਹਿੰਦਾ ਹਾਂ।
Jaswant Singh Kanwal
ਗੁਰੂ ਸਾਹਿਬ ਜੀ ਇਕ ਸੱਚੇ ਲਿਖਾਰੀ ਬਾਰੇ ਆਖਦੇ ਹਨ ਕਿ ਧਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ।। ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।। (ਪੰਨਾ-1291) ਗੁਰੂ ਸਾਹਿਬ ਜੀ ਸੱਚ ਦੀ ਤਾਰੀਫ਼ ਵਿਚ ਆਖਦੇ ਹਨ ਕਿ ਮੁਬਾਰਕ ਹੈ ਉਹ ਕਾਗ਼ਜ਼ ਤੇ ਕਲਮ, ਮੁਬਾਰਕ ਹੈ, ਉਹ ਦਵਾਤ ਤੇ ਸਿਆਹੀ ਤੇ ਹੇ ਨਾਨਕ ਉਹ ਲਿਖਾਰੀ ਵੀ ਧਨ ਹੈ ਜਿਸ ਨੇ ਪ੍ਰਭੂ ਦਾ ਸੱਚਾ ਨਾਮ ਉਸ ਦੀ ਸਿਫ਼ਤ ਸਲਾਹ ਲਿਖਵਾਈ ਹੈ। ਸੋ ਗੁਰੂ ਜੀ ਅਪਣੀ ਬਾਣੀ ਅੰਦਰ ਸੱਚੇ ਲਿਖਾਰੀ ਨੂੰ ਵੀ ਧਨ-ਧਨ ਆਖਦੇ ਹਨ। ਪਰ ਗੁਰੂ ਕੇ ਸਿੱਖ ਸੱਚੇ ਲਿਖਾਰੀਆਂ ਨੂੰ ਗਾਲਾਂ ਕਢਦੇ ਹਨ, ਬੁਰਾ ਭਲਾ ਆਖਦੇ ਹਨ।
ਅਸਲ ਵਿੱਚ ਮੈਨੂੰ ਤਾਂ ਇੰਝ ਲਗਦਾ ਹੈ ਕਿ ਸਿੱਖ ਧਰਮ ਵਿੱਚ ਇੱਕ ਲਿਖਾਰੀ ਦਾ ਅਹਿਮ ਯੋਗਦਾਨ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਲਿਖਣ ਦਾ ਗੁਰ ਵੀ ਸਿਖਾਇਆ ਹੈ।ਪੜ੍ਹਨਾ ਅਤੇ ਲਿਖਣਾ ਹਰ ਸਿੱਖ ਦੀ ਜਿੰਦਗੀ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ।ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਅਪਣੇ ਜੀਵਨ ਉੱਤੇ ਇੱਕ ਡਾਇਰੀ ਸਵੈ ਜੀਵਨੀ (ਆਟੋ ਬਾਇਉਗਰਾਫੀ) ਜਰੂਰ ਲਿਖੇ। ਇਸ ਸਵੈ ਜੀਵਨੀ ਨੂੰ ਉਹ ਅਪਣੇ ਬੱਚਿਆ ਨੂੰ ਸੌਂਪ ਕੇ ਜਾਵੇ ਤੇ ਅੱਗੋ ਬੱਚੇ ਅਪਣੀ ਡਾਇਰੀ ਵਿੱਚ ਅਪਣੀ ਸਵੈ ਜੀਵਨੀ ਲਿਖਣ।
(ਬਾਕੀ ਅਗਲੇ ਹਫ਼ਤੇ)
ਸੰਪਰਕ : 88475-46903 (ਹਰਪ੍ਰੀਤ ਸਿੰਘ)