
ਨਿੱਕੇ ਹੁੰਦਿਆਂ ਅਪਣੇ ਸਾਥੀਆਂ ਨੂੰ ਛੋਟੀ-ਛੋਟੀ ਗੱਲ ਤੇ ਕੁੱਟ ਲਈਦਾ ਸੀ।
ਮੁਹਾਲੀ: ਨਿੱਕੇ ਹੁੰਦਿਆਂ ਅਪਣੇ ਸਾਥੀਆਂ ਨੂੰ ਛੋਟੀ-ਛੋਟੀ ਗੱਲ ਤੇ ਕੁੱਟ ਲਈਦਾ ਸੀ। ਜਿਥੋਂ ਤਕ ਕਿਸੇ ਤੋਂ ਕੁੱਟ ਖਾਣ ਦਾ ਸਵਾਲ ਹੈ ਤਾਂ ਸ਼ਾਇਦ ਦੋ ਕੁ ਵਾਰ ਵੱਡੀ ਉਮਰ ਦੇ ਮੁੰਡਿਆਂ ਨੇ ਮੈਨੂੰ ਕੁਟਿਆ ਹੋਵੇਗਾ। ਇਕ ਵਾਰ ਤਾਂ ਇਕ ਖ਼ਾਸੀ ਤਕੜੀ ਕੁੜੀ ਨੇ ਵੀ ਮੈਨੂੰ ਕੁੱਟਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਸੀ। ਹਾਅ! ਮਾਸਟਰ ਮਾਸਟਰਨੀਆਂ ਕਦੇ-ਕਦੇ ਜ਼ਰੂਰ ਕੁੱਟ ਦਿੰਦੇ ਸਨ, ਪੜ੍ਹਾਈ ਵਿਚ ਘੱਟ ਤੇ ਸ਼ਰਾਰਤਾਂ ਕਾਰਨ ਵਧੇਰੇ। ਪ੍ਰੰਤੂ ਉਨ੍ਹਾਂ ਦੀਆਂ ਚਪੇੜਾਂ ਜਾਂ ਪਿੱਠ ਤੇ ਪੈਂਦੀਆਂ ਨੂੰ ਮੈਂ ਕਿਥੇ ਜਾਣਦਾ ਸਾਂ, ਹੱਸ ਕੇ ਹਵਾ ਵਿਚ ਉਡਾ ਦੇਈਦਾ ਸੀ। ਇਕ ਪਤਲੀ ਪਤੰਗ, ਖ਼ੂਬਸੂਰਤ ਤੇ ਜ਼ਹੀਨ ਚੰਦਰਕਾਂਤਾ ਵੀ ਸਾਡੀ ਅਧਿਆਪਕਾ ਹੁੰਦੀ ਸੀ। ਵੱਡਿਆਂ ਦੀ ਤਾਂ ਛੱਡੋ ਸਾਡੇ ਵਰਗੇ ਰੱਤੀ ਭਰ ਜਵਾਕਾਂ ਦੀ ਵੀ ਉਸ ਨੂੰ ਦੇਖ ਕੇ ਜਿਵੇਂ ਭੁੱਖ ਲਹਿੰਦੀ ਸੀ।
Turban tying
ਸ਼ਹਿਰ ਦੇ ਕਿੰਨੇ ਹੀ ਸਕੂਲ ਅਸੀ ਗਾਹ ਮਾਰੇ ਸਨ ਤੇ ਕਾਲਜ ਜਾਣ ਤੋਂ ਪਹਿਲਾਂ ਹੀ ਅਸੀ ਅਪਣੇ ਆਪ ਨੂੰ ਕਾਲਜੀਐਟ ਸਮਝਣ ਲੱਗ ਪਏ ਸਾਂ। ਬੇਸ਼ਕ ਸਾਡੇ ਕੋਲ ਕਪੜੇ ਤਾਂ ਉਨ੍ਹਾਂ ਵੇਲਿਆਂ ਵਿਚ ਕੋਈ ਬਹੁਤੇ ਨਹੀਂ ਸੀ ਹੁੰਦੇ ਪਰ ਪੈਂਟ ਕਮੀਜ਼ ਅਸੀ ਪ੍ਰੈੱਸ ਕਰੇ ਤੋਂ ਬਿਨਾਂ ਭੁੱਲ ਕੇ ਵੀ ਨਹੀਂ ਸੀ ਪਾਉਂਦੇ। ਪੈਂਟ ਦੀ ਅਜਿਹੀ ਕਰੀਜ਼ ਬਣਾਉਂਦੇ ਕਿ ਥਲਿਉਂ ਬੂਟਾਂ ਤੋਂ ਬਾਅਦ ਉਨ੍ਹਾਂ ਦੀ ਸਿੱਧੀ ਨਿਗਾਹ ਸਾਡੀ ਕਰੀਜ਼ ਕੀਤੀ ਪੈਂਟ ‚ਤੇ ਅਟਕ ਕੇ ਰਹਿ ਜਾਂਦੀ। ਇਹ ਗੱਲ ਵੱਖਰੀ ਹੈ ਕਿ ਕੋਲਿਆਂ ਵਾਲੀ ਪ੍ਰੈੱਸ ਨਾਲ ਇਕ ਅੱਧ ਕੋਲਾ ਡਿੱਗ ਕੇ ਕਈ ਵਾਰ ਕਿਸੇ ਪੈਂਟ ਜਾਂ ਕਮੀਜ਼ ਦੀ ਜਾਨ ਚਲੀ ਜਾਂਦੀ ਸੀ ਤੇ ਜਿਸ ਬਦੌਲਤ ਘਰਦਿਆਂ ਦੀਆਂ ਝਿੜਕਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਹਮੇਸ਼ਾ ਕਪੜੇ ਪ੍ਰੈੱਸ ਕਰ ਤੇ ਪੂਰਾ ਤਿਆਰ ਹੋ ਕੇ ਸਕੂਲੇ ਜਾਈਦਾ ਸੀ।‚ ਛੋਟੀ ਕਲਾਸ ਵਿਚ ਹੋਣ ‚ਤੇ ਨਿੱਕਰ ਤੇ ਕਮੀਜ਼ ਹੀ ਪਾਉਂਦਾ ਸਾਂ ਤੇ ਵੱਡੇ ਜੂੜੇ ਨਾਲ ਰੁਮਾਲ ਅੜਾ ਲੈਂਦਾ ਸਾਂ, ਉਂਜ ਪਟਕਾ ਵੀ ਬੰਨ੍ਹ ਲਈਦਾ ਸੀ ਤੇ ਕਦੇ-ਕਦੇ ਮੂਡ ਵਿਚ ਆ ਕੇ ਪੱਗ ਵੀ ਬੰਨ੍ਹ ਲਈਦੀ ਸੀ। ਜਿਸ ਦਿਨ ਪੱਗ ਬੰਨ੍ਹੀ ਹੁੰਦੀ ਤਾਂ ਸਾਡੀ ਵਖਰੀ ਹੀ ਟੌਹਰ ਹੁੰਦੀ। ਦਰਅਸਲ ਪੱਗ ਬੰਨ੍ਹਣ ਦੀ ਵੀ ਕੁੱਝ ਮਜਬੂਰੀ ਹੁੰਦੀ ਸੀ ਚੂੰਕਿ ਸਾਡੇ ਪੰਜਾਬੀ ਦੇ ਮਾਸਟਰ ਗਿਆਨੀ ਕੇਹਰ ਸਿੰਘ ਨੂੰ ਬੱਚਿਆਂ ਦਾ ਰੁਮਾਲ ਜਾਂ ਪਟਕਾ ਬੰਨ੍ਹਣਾ ਚੰਗਾ ਨਹੀਂ ਸੀ ਲਗਦਾ।
Sikh
ਉਹ ਹਮੇਸ਼ਾ ਤਾੜਨਾ ਕਰ ਦਿਆ ਕਰਦੇ ਕਿ‚'ਇਹ ਰੁਮਾਲ ਨੀ ਸਿੱਖਾਂ ਦੇ ਮੰਡਿਆਂ ਦੇ ਸਿਰਾਂ ਤੇ ਚੰਗੇ ਲਗਦੇ, ਪੱਗ ਬੰਨ੍ਹ ਕੇ ਆਇਆ ਕਰੋ ਬਈ ਜਵਾਨੋ।'‚ ਉਂਜ ਤਾਂ ਮੈਂ ਖੇਡਾਂ ਵੀ ਖੇਡਣੀਆਂ ਚਾਹੁੰਦਾ ਸਾਂ ਤੇ ਫੁੱਟਬਾਲ ਤੇ ਹਾਕੀ ਵਿਚ ਮੈਨੂੰ ਚੰਗੀ ਮੁਹਾਰਤ ਹੋ ਚੱਲੀ ਸੀ ਪਰ ਚੀਨ ਤੇ ਪਾਕਿਸਤਾਨ ਜੰਗਾਂ ਦੇ ਮੱਦੇਨਜ਼ਰ ਐਨ.ਸੀ.ਸੀ ਵੀ ਜੁਆਇਨ ਕਰ ਲਈ ਸੀ। ਦੂਰ ਨੇੜੇ ਦੇ ਕਈ ਕੈਂਪ ਅਟੈਂਡ ਕੀਤੇ। ਪ੍ਰੰਤੂ ਇਥੇ ਵੀ ਇਕ ਸਮੱਸਿਆ ਪੱਗ ਬੰਨ੍ਹਣ ਦੀ ਖੜੀ ਹੁੰਦੀ ਸੀ। ਪੱਗ ਵੱਡੀ ਮਿਲਦੀ ਸੀ ਤੇ ਮੈਂ ਪੱਗ ਵੱਢ ਦਿਆ ਕਰਦਾ ਸੀ। ਇਕ ਵਾਰ ਤਾਂ ਹੱਦ ਹੀ ਹੋ ਗਈ ਬਲਕਿ ਹੱਦ ਨਾਲੋਂ ਵੱਧ ਹੀ ਹੋ ਗਈ। ਇੰਚਾਰਜ ਰਾਮ ਸਿੰਘ ਅਪਣੇ ਫ਼ੌਜੀਨੁਮਾ ਅੰਦਾਜ਼ ਨਾਲ ਮੈਨੂੰ ਗੁੱਸੇ ਵਿਚ ਬੋਲਿਆ, ''ਉਏ ਸੁੱਖੀ ਦੇ ਬੱਚੇ! ਇਸ ਵਾਰ ਤਾਂ ਤੂੰ ਅੱਗੇ ਨਾਲੋਂ ਵੀ ਹੱਦ ਕਰ‚ਦਿਤੀ। ਤੈਨੂੰ ਏਨੀ ਵੱਡੀ ਪੱਗ ਦਿਤੀ ਸੀ, ਇਹ ਤੂੰ ਕੀ ਕੀਤਾ? ਮੈਂ ਨੀ ਇਹ ਛੋਟਾ ਜਿਹਾ ਕਪੜਾ ਜਮ੍ਹਾ ਕਰਵਾਉਂਦਾ।'' ਪ੍ਰੰਤੂ ਮੈਂ ਪੂਰੀ ਪੱਗ ਕਿਥੋਂ ਜਮ੍ਹਾ ਕਰਵਾਉਂਦਾ? ਹੱਸ ਕੇ ਕਹਿਣ ਲੱਗਾ,‚''ਮੈਂ ਤਾਂ ਜੀ..।'' ‚''ਮੈਂ ਤਾਂ ਜੀ ਕੀ...? ਮੈਨੂੰ ਨੀ ਪਤਾ ਪੂਰੀ ਪੱਗ ਜਮ੍ਹਾਂ ਕਰਵਾਉ। ਇਹ ਛੋਟਾ ਜਿਹਾ ਕਪੜਾ, ਤੂੰ ਅਪਣੇ ਕੋਲ ਹੀ ਰੱਖ।''‚ ਰਾਮ ਸਿੰਘ ਪੂਰਾ ਅੱਗ ਬਬੂਲਾ ਹੋਇਆ ਪਿਆ ਸੀ।
Turban
''ਜਦੋਂ ਮੇਰੇ ਕੋਲ ਵੱਡੀ ਪੱਗ ਹੈ ਹੀ ਨਹੀਂ ਤਾਂ ਫਿਰ ਮੈਂ ਕਿਥੋਂ ਦੇਵਾਂ?''‚ ''ਮੈਨੂੰ ਵੀ ਆਖ਼ਰ ਉਪਰ ਪੁੱਛਣ ਵਾਲੇ ਬੈਠੇ ਨੇ, ਮੈਂ ਕੀ ਜਵਾਬ ਦੇਵਾਂਗਾ?''‚ਰਾਮ ਸਿੰਘ ਨੇ ਵੀ ਅਪਣੀ ਜ਼ਿੱਦ ਫੜੀ ਹੋਈ ਸੀ। ''ਪਰ ਮੈਂ ਸਰ ਵੱਡੀ ਪੱਗ ਕਿਥੋਂ ਲਿਆਵਾਂ? ਤੁਸੀ ਏਨੀ ਕੁ ਹੀ ਦਿਤੀ ਹੋਵੇਗੀ, ਸ਼ਾਇਦ...,'' ਮੈਂ ਭੋਲਾ ਜਿਹਾ ਹੋ ਕੇ ਕਿਹਾ।
''ਸ਼ਾਇਦ ਕੀ.... ਤੇਰਾ ਮੈਂ ਅੱਗੇ ਨੂੰ ਐਨ.ਸੀ.ਸੀ ਵਿਚੋਂ ਨਾਂ ਹੀ ਕੱਟ ਦੇਵਾਂਗਾ।''‚ਰਾਮ ਸਿੰਘ ਨੇ ਕੋਈ ਪੇਸ਼ ਨਾ ਚਲਦੀ ਵੇਖ ਅਪਣੀਆਂ ਮੁੱਛਾਂ ਤੇ ਹੱਥ ਫੇਰਿਆ ਤੇ ਫਿਰ ਚਾਣਚਕ ਹੀ ਜਿਵੇਂ ਉਹ ਢਿੱਲਾ ਜਿਹਾ ਹੋ ਗਿਆ,‚''ਚੱਲ ਲਿਆ ਜੋ ਵੀ ਹੈ ਤੇਰੇ ਕੋਲ, ਜਮ੍ਹਾਂ ਕਰਵਾ...।'' ''ਨਹੀਂ...ਨਹੀਂ.. ਸਰ ਜੀ.. ਆਪਾਂ ਇਸ ਤੋਂ ਪੂਰੀ ਪੱਗ ਹੀ ਲੈਣੀ ਆ ਜੀ...।'' ਪਤਾ ਨਹੀਂ ਕਿਥੋਂ ਪਿਛਾਂਹ ਦੂਜੇ ਵਿਦਿਆਰਥੀਆਂ ਦੀਆਂ ਵਰਦੀਆਂ ਸਾਂਭਦਾ ਪੀਲੇ ਦੰਦਾਂ ਵਾਲਾ ਬਾਬੂ ਕਿਵੇਂ ਆ ਟਪੀਕਿਆ। ਉਸ ਦੇ ਪੀਲੇ ਦੰਦੇ ਵੇਖ ਕੇ ਮੈਨੂੰ ਖਿੱਝ ਜਹੀ ਵੀ ਚੜ੍ਹੀ ਜਾਵੇ ਤੇ ਹਾਸਾ ਜਿਹਾ ਵੀ ਨਿਕਲਦਾ ਸੀ, ਜੋ ਬੜੀ ਮੁਸ਼ਕਲ ਨਾਲ ਰੋਕਿਆ।
SIKH
ਰਾਮ ਸਿੰਘ ਪੀਲੇ ਦੰਦਾਂ ਵਾਲੇ ਅਪਣੇ ਸਹਾਇਕ ਵੰਨੀ ਪੂਰੀਆਂ ਅੱਖਾਂ ਖੋਲ੍ਹ ਕੇ ਝਾਕਿਆ ਤੇ ਫਿਰ ਮੈਨੂੰ ਮੁਖਾਤਬ ਹੋਣ ਲੱਗਾ,‚''ਹਾਂ ਬਈ.. ਹਾਂ... ਅਸੀ ਤਾਂ ਪੂਰੀ ਪੱਗ ਹੀ ਜਮ੍ਹਾ ਕਰਵਾਉਣੀ ਹੈ, ਇਹ ਇਹ ਕਪੜਾ ਬਹੁਤ ਛੋਟਾ ਹੈ, ਨਹੀਂ ਚਲਣਾ।'' ''ਪੂਰੀ ਪੱਗ...?'' ਜਿਵੇਂ ਇਹ ਪੂਰੇ ਦੋ ਸ਼ਬਦ ਮੇਰੇ ਸਿੱਧੇ ਘਸੁੰਨ ਵਾਂਗ ਲੱਗੇ ਹੋਣ। ਮੈਂ ਵੀ ਚਿੜ੍ਹ ਗਿਆ ਤੇ ਰਾਮ ਸਿੰਘ ਤੇ ਉਸ ਦੇ ਸਹਾਇਕ ਨੂੰ ਚਿੜਾਉਣ ਦੇ ਮਾਰਿਆਂ, ਥੋੜਾ ਤਰਸ ਭਾਵਨਾ ਨਾਲ ਕਹਿਣਾ ਸ਼ੁਰੂ ਕੀਤਾ,‚''ਸਰ! ਵੇਖੋ ਨਾ ਤੁਹਾਡੇ ਸਿਰ ‚ਤੇ ਇਹ ਵੱਡੀ ਪੱਗ ਕਿੰਨੀ ਫਬਦੀ ਪਈ ਏ।'' ਰਾਮ ਸਿੰਘ ਇਕ ਦਮ ਬੋਲਿਆ,‚''ਤੇਰਾ ਕਹਿਣ ਤੋਂ ਕੀ ਮਤਲਬ ਏ ਛੋਟਿਆ...?'' ‚''ਸਰ ਇਹ ਤੁਹਾਡੇ ਵਾਲੀ ਪੱਗ ਮੈਨੂੰ ਉਧਾਰੀ ਦੇ ਦਿਉ ਮੈਂ ਇਹ ਜਮਾ ਕਰਵਾ ਦਿਆਂਗਾ।'' ''ਕੀ ਬਕਵਾਸ ਕਰ ਰਿਹੈਂ ਸੁੱਖੀ ਦੇ ਬੱਚਿਆ...? ਰਾਮ ਸਿੰਘ ਗੁੱਸੇ ਦੇ ਘੋੜੇ ਤੇ ਸਵਾਰ ਹੋ ਕੇ ਮੈਨੂੰ ਅੱਖਾਂ ਵਿਖਾਉਣ ਲੱਗ ਪਿਆ। ''ਜੀ ਸਰ...ਮੇਰਾ ਕਹਿਣ ਤੋਂ ਤਾਂ ਕੇਵਲ ਏਨਾ ਹੀ ਮਤਲਬ ਐ ਕਿ ਤੁਹਾਡੇ ਵਾਲੀ ਪੂਰੀ ਪੱਗ ਮੈਂ ਅਪਣੀ ਵਰਦੀ ਨਾਲ ਤੁਹਾਡੇ ਕੋਲ ਜਮ੍ਹਾ ਕਰਵਾ ਦਿੰਦਾ ਹਾਂ ਤੇ ਇਹ... ਜਿਸ ਨੂੰ ਤੁਸੀ ਛੋਟੀ ਜਹੀ ਕਹਿੰਦੇ ਹੋ, ਇਹ ਮੈਂ ਰਿੰਕੂ (ਰਾਮ ਸਿੰਘ ਦਾ ਪੁੱਤਰ) ਨੂੰ ਪਿਆਰ ਨਾਲ ਭੇਟ ਕਰ ਦਿਆਂਗਾ।''‚
ਅਚਾਨਕ ਉਥੇ ਮੇਰੇ ਪਿੱਛੇ ਆ ਖੜੇ ਰਾਮ ਸਿੰਘ ਦੇ ਬੇਟੇ ਰਿੰਕੂ ਨੂੰ ਮੈਂ ਵੇਖਦਿਆਂ ਅਪਣੇ ਮਗਰ ਲਾ ਲਿਆ ਤੇ ਉਸ ਨੂੰ ਮੋਢਿਆਂ ਤੋਂ ਫੜ ਕੇ ਪਲੋਸਣ ਲੱਗ ਪਿਆ। ''ਸਰ ਜੀ! ਕੁੱਝ ਦਿਨਾਂ ਬਾਅਦ ਮੈਨੂੰ ਵਧੀਆ, ਸਟੂਡੈਂਟ ਹੋਣ ਦਾ ਵਜੀਫਾ ਮਿਲਣੈ। ਉੁਸ ਦੀ ਮੈਂ ਇਕ ਪੱਗ ਖ਼ਰੀਦ ਕੇ ਲੈ ਆਵਾਂਗਾ।'' ਰਾਮ ਸਿੰਘ ਅਪਣੀ ਕੱਟੀ ਹੋਈ ਦਾੜ੍ਹੀ ਤੇ ਹੱਥ ਫ਼ੇਰਦਿਆਂ ਕੁੱਝ ਸੋਚਣ ਲੱਗਾ। ਇਸ ਤੋਂ ਬਾਅਦ ਰਾਮ ਸਿੰਘ ਅਪਣੇ ਕਮਰੇ ਵਿਚ ਗਿਆ ਤੇ ਦੂਜੀ ਪੱਗ ਬੰਨ੍ਹ ਕੇ ਆ ਗਿਆ ਤੇ ਉਸ ਨੇ ਪਹਿਲੀ ਬੰਨ੍ਹੀ ਵੱਡੀ ਪੱਗ ਖੋਲ੍ਹ ਕੇ ਤਹਿ ਲਗਾ ਕੇ ਮੇਰੇ ਹਵਾਲੇ ਕਰ ਦਿਤੀ। ਇਸ ਤੋਂ ਬਾਅਦ ਮੈਂ ਉਹੀ ਪੱਗ ਜਮ੍ਹਾਂ ਕਰਵਾ ਦਿਤੀ। ਜਦੋਂ ਮੈਨੂੰ ਵਜੀਫ਼ਾ ਮਿਲਿਆ ਤਾਂ ਮੈਂ ਬਾਜ਼ਾਰੋਂ ਲੈ ਕੇ ਉਨੀ ਹੀ ਵੱਡੀ ਪੱਗ ਪੂਰੇ ਸਤਿਕਾਰ ਨਾਲ ਉਨ੍ਹਾਂ ਨੂੰ ਵਾਪਸ ਕਰਦਿਆਂ ਆਖਿਆ,‚''ਸਰ! ਤੁਸੀ ਮੇਰੀ ਲਾਜ ਰੱਖੀ ਏ, ਮੈਂ ਹੁਣ ਕਦੇ ਵੀ ਪੱਗ ਨੂੰ ਆਂਚ ਨਹੀਂ ਆਉਣ ਦਿਆਂਗਾ ਤੇ ਅੱਗੇ ਤੋਂ ਕਦੇ ਵੀ ਪੱਗ ਦਾ ਇਹ ਹਾਲ ਨਹੀਂ ਕਰਾਂਗਾ ਬਲਕਿ ਤੁਹਾਥੋਂ ਪੱਗ ਬੰਨ੍ਹਣ ਦਾ ਸਲੀਕਾ ਸਿੱਖਾਂਗਾ।''‚
ਸੁਖਮਿੰਦਰ ਸੇਖੋਂ,ਸੰਪਰਕ : 98145-07693