
ਸਿੱਖ ਧਰਮ ਦੇ ਬਾਬੇ ਨਾਨਕ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਦਰਸਾਉਣ ਦੇ ਮਨਸੂਬੇ ਨੂੰ ਲੈ ਕੇ ....
ਸਿੱਖ ਧਰਮ ਦੇ ਬਾਬੇ ਨਾਨਕ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਦਰਸਾਉਣ ਦੇ ਮਨਸੂਬੇ ਨੂੰ ਲੈ ਕੇ ਸਾਬਕਾ ਨੇਵੀ ਅਧਿਕਾਰੀ ਹਰਿੰਦਰ ਸਿੰਘ ਸਿੱਕਾ ਨੇ ਜੋ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਬਣਾਈ ਸੀ, ਉਸ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਨਾ ਸਿਰਫ਼ ਕਈ ਸਵਾਲ ਖੜੇ ਕਰ ਦਿਤੇ ਸਗੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਗਤ ਦੇ ਸਰਬਉੱਚ ਪਾਵਨ ਅਸਥਾਨ ਅਕਾਲ ਤਖ਼ਤ ਦੇ ਦੋਹਰੇ ਕਿਰਦਾਰ ਨੂੰ ਵੀ ਨੰਗਾ ਕਰ ਦਿਤਾ ਹੈ। ਦੂਜੇ ਸ਼ਬਦਾਂ ਵਿਚ ਪਹਿਲਾਂ ਸੋਸ਼ਲ ਮੀਡੀਆ ਨੇ ਅਤੇ ਫਿਰ ਸਿੱਖ ਜਗਤ ਨੇ ਹਾਲ ਦੀ ਘੜੀ ਵਿਰੋਧ ਕਰ ਕੇ ਪੰਜਾਬ ਵਿਚ ਇਸ ਫ਼ਿਲਮ ਦਾ ਰਾਹ ਬੰਦ ਕਰ ਦਿਤਾ ਹੈ। ਹਾਲਾਂਕਿ ਬਾਕੀ ਦੇਸ਼ ਵਿਚ ਸੁਪਰੀਮ ਕੋਰਟ ਨੇ ਇਸ ਫ਼ਿਲਮ ਨੂੰ ਵਿਖਾਉਣ ਦੀ ਬਕਾਇਦਾ ਹਰੀ ਝੰਡੀ ਦਿਤੀ ਹੋਈ ਹੈ।
ਸਵਾਲ ਹੈ ਕਿ ਜਿਨ੍ਹਾਂ ਲੋਕਾਂ ਲਈ ਇਹ ਫ਼ਿਲਮ ਬਣਾਈ ਗਈ ਸੀ ਜੇ ਅੱਜ ਉਹੀ ਇਸ ਦੇ ਪੂਰੀ ਤਰ੍ਹਾਂ ਵਿਰੋਧ ਵਿਚ ਆ ਖੜੇ ਹਨ ਤਾਂ ਫਿਰ ਕਿਹੜਾ ਸਿਨੇਮਾਘਰ ਹੈ ਜੋ ਵੱਡਾ ਖ਼ਤਰਾ ਮੁੱਲ ਲੈ ਕੇ ਇਸ ਨੂੰ ਵਿਖਾਏਗਾ? ਫ਼ਿਲਹਾਲ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਇਹ ਫ਼ਿਲਮ ਸਿਨੇਮਾਘਰਾਂ ਵਿਚ ਰਿਲੀਜ਼ ਨਹੀਂ ਕੀਤੀ ਜਾ ਸਕੀ। ਮੋਟੇ ਤੌਰ ਤੇ ਉੱਤਰੀ ਭਾਰਤ ਦੇ ਇਹੀ ਸੂਬੇ ਹਨ, ਜਿਥੋਂ ਦੇ ਦਰਸ਼ਕਾਂ ਨੇ ਇਸ ਨੂੰ ਭਰਪੂਰ ਹੁੰਗਾਰਾ ਦੇਣਾ ਸੀ। ਬਿਨਾਂ ਸ਼ੱਕ ਫ਼ਿਲਮ ਪ੍ਰੋਡਿਊਸਰ ਇਸ ਫ਼ਿਲਮ ਲਈ ਬੜੇ ਉਤਸ਼ਾਹਤ ਸਨ ਪਰ ਜਿਉਂ ਹੀ ਇਸ ਦੇ ਕੁੱਝ ਦ੍ਰਿਸ਼ਾਂ ਦਾ ਜ਼ਿਕਰ ਸੋਸ਼ਲ ਮੀਡੀਆ ਉਤੇ ਛਿੜਿਆ ਤਾਂ ਪ੍ਰੋਡਿਊਸਰ ਨੂੰ ਤਾਂ ਹੱਥਾਂ-ਪੈਰਾਂ ਦੀ ਪੈਣੀ ਹੀ ਸੀ ਸਗੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਵੀ ਘਿਰ ਗਏ। ਇਸ ਦਾ ਵੱਡਾ ਕਾਰਨ ਇਹ ਸੀ ਕਿ ਸ਼੍ਰੋਮਣੀ ਕਮੇਟੀ ਨੇ ਇਸ ਫ਼ਿਲਮ ਨੂੰ ਬਣਾਉਣ ਦੀ ਮਨਜ਼ੂਰੀ ਦਿਤੀ ਸੀ ਅਤੇ ਅਕਾਲ ਤਖ਼ਤ ਨੇ ਫ਼ਿਲਮ ਪ੍ਰੋਡਿਊਸਰ ਨੂੰ ਬਗ਼ੈਰ ਫ਼ਿਲਮ ਵੇਖਿਆਂ ਇਸ ਲਈ ਪ੍ਰਸ਼ੰਸ਼ਾ ਪੱਤਰ ਵੀ ਜਾਰੀ ਕਰ ਦਿਤਾ।
ਉਂਜ ਹੋਰ ਹੱਦ ਤਾਂ ਉਦੋਂ ਹੋਈ ਜਦੋਂ ਸ਼੍ਰੋਮਣੀ ਕਮੇਟੀ ਨੇ ਅਪਣੇ ਅਧੀਨ ਚੱਲ ਰਹੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਇਹ ਫ਼ਿਲਮ ਵਿਖਾਉਣ ਲਈ ਹਦਾਇਤਾਂ ਜਾਰੀ ਕਰ ਦਿਤੀਆਂ ਸਗੋਂ ਕਮੇਟੀ ਅਧੀਨ ਆਉਂਦੇ ਗੁਰਦਵਾਰਿਆਂ ਦੇ ਮੈਨੇਜਰਾਂ ਨੂੰ ਫ਼ਿਲਮ ਦੀ ਮਸ਼ਹੂਰੀ ਲਈ ਵੀ ਕਹਿ ਦਿਤਾ। ਦੂਜੇ ਪਾਸੇ ਜਦੋਂ ਇਸ ਫ਼ਿਲਮ ਦਾ ਵਿਰੋਧ ਸਿਰ ਚੜ੍ਹ ਕੇ ਬੋਲਣ ਲੱਗਾ ਤਾਂ ਇਸੇ ਕਮੇਟੀ ਨੇ ਅਪਣੇ ਹੱਥ ਪਿੱਛੇ ਖਿੱਚ ਲਏ ਅਤੇ ਜੋ ਨਤੀਜਾ ਹੋਇਆ, ਉਹ ਇਹ ਕਿ ਫ਼ਿਲਮ ਬਕਸਿਆਂ ਵਿਚ ਠੱਪ ਰਹਿ ਗਈ। ਫ਼ਿਲਮ ਪ੍ਰੋਡਿਊਸਰ ਦੇ ਭਾਅ ਦੀ ਬਣੀ ਹੋਈ ਹੈ। ਜਿਸ ਵੀ ਕਿਸੇ ਨੇ ਇਸ ਫ਼ਿਲਮ ਲਈ ਪੈਸੇ ਲਾਏ ਹਨ, ਉਸ ਦੇ ਪੈਸੇ ਤਾਂ ਹਾਲ ਦੀ ਘੜੀ ਡੁੱਬਣ ਦੀ ਸਥਿਤੀ ਵਿਚ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਜੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਪੜਾਅ ਤੇ ਆ ਕੇ ਅਪਣੇ ਹੱਥ ਪਿੱਛੇ ਖਿਚਣੇ ਸਨ, ਤਾਂ ਫਿਰ ਇਸ ਫ਼ਿਲਮ ਨੂੰ ਬਣਾਉਣ ਦੀ ਮਨਜ਼ੂਰੀ ਹੀ ਕਿਉਂ ਦਿਤੀ ਗਈ? ਅਗਲਾ ਸਵਾਲ ਇਹ ਹੈ ਕਿ ਇਹ ਮਨਜ਼ੂਰੀ ਦਿਤੀ ਕਿਸ ਦੀ ਸ਼ਹਿ ਉਤੇ ਗਈ?
ਕੀ ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਅਪਣਾ ਫ਼ੈਸਲਾ ਸੀ ਜਾਂ ਫਿਰ ਕਿਸੇ ਨੇ ਇਨ੍ਹਾਂ ਉਤੇ ਦਬਾਅ ਪਾਇਆ? ਲਗਦਾ ਤਾਂ ਇਹੀ ਹੈ ਕਿ ਇਨ੍ਹਾਂ ਉਤੇ ਦਬਾਅ ਪਾਇਆ ਗਿਆ ਹੈ ਕਿਉਂਕਿ ਇਸ ਦਾ ਇਤਿਹਾਸ ਤਾਂ ਇਹੋ ਦਰਸਾਉਂਦਾ ਹੈ। ਅਜੇ ਬਹੁਤਾ ਚਿਰ ਨਹੀਂ ਹੋਇਆ ਜਦੋਂ ਸੌਦਾ ਸਾਧ ਨੂੰ ਪਹਿਲਾਂ ਬਗ਼ੈਰ ਅਕਾਲ ਤਖ਼ਤ ਉਤੇ ਪੇਸ਼ ਹੋਇਆਂ ਮਾਫ਼ ਕਰ ਦਿਤਾ ਗਿਆ ਅਤੇ ਫਿਰ ਜਦੋਂ ਸਿੱਖ ਸੰਗਤਾਂ ਵਲੋਂ ਇਸ ਦਾ ਸਖ਼ਤ ਵਿਰੋਧ ਹੋਇਆ ਤਾਂ ਉਹ ਮਾਫ਼ੀ ਰੱਦ ਕਰ ਦਿਤੀ ਗਈ।
ਇਸ ਨਾਲ ਸੌਦਾ ਸਾਧ ਨੂੰ ਕੋਈ ਫ਼ਰਕ ਪਿਆ ਜਾਂ ਨਹੀਂ ਉਹ ਵਖਰਾ ਵਿਸ਼ਾ ਹੈ ਪਰ ਇਕ ਗੱਲ ਪੱਕੀ ਹੈ ਕਿ ਇਸ ਨਾਲ ਇਕ ਪਾਸੇ ਅਕਾਲ ਤਖ਼ਤ ਅਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਸਥਿਤੀ ਜ਼ਰੂਰ ਹਾਸੋਹੀਣੀ ਬਣ ਗਈ ਹੈ। ਕੁਲ ਮਿਲਾ ਕੇ ਹੁਣ ਵੀ ਅਜਿਹਾ ਕੁੱਝ ਹੀ ਹੋਇਆ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਨੂੰ ਉਸ ਦਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਚਲਾਉਂਦੇ ਹਨ ਅਤੇ ਨਾ ਹੀ ਅਕਾਲ ਤਖ਼ਤ ਦੇ ਜਥੇਦਾਰ ਦੀ ਕੋਈ ਪੁੱਜਤ ਹੈ। ਉਹ ਤਾਂ ਸਗੋਂ ਸਿੱਖ ਪੰਥ ਦੀਆਂ ਇਸ ਦੋ ਵੱਡੀਆਂ ਸੰਸਥਾਵਾਂ ਨੂੰ ਚਲਾਉਣ ਵਾਲੇ ਸਿਆਸੀ ਆਗੂਆਂ ਦੇ ਹੱਥਠੋਕੇ ਬਣ ਕੇ ਰਹਿ ਗਏ ਹਨ। ਹੁਣ ਵੀ ਸ਼੍ਰੋਮਣੀ ਕਮੇਟੀ ਵਲੋਂ ਇਸ ਫ਼ਿਲਮ ਨੂੰ ਚਲਾਉਣ ਦੀ ਮਨਜ਼ੂਰੀ ਮੁੰਬਈ ਵਿਚ ਬੈਠ ਕੇ ਦਿਤੀ ਗਈ। ਤਿੱਖਾ ਵਿਰੋਧ ਹੋਣ ਤੇ ਉਹ ਮਨਜ਼ੂਰੀ ਵਾਪਸ ਲੈ ਲਈ। ਇਸ ਦਾ ਅਰਥ ਫਿਰ ਇਹੋ ਹੋਇਆ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਭਾਵੇਂ ਹੀ ਦੋ ਪ੍ਰਸਿੱਧ ਸਿੱਖ ਸੰਸਥਾਵਾਂ ਹਨ ਪਰ ਇਨ੍ਹਾਂ ਦੀ ਅਪਣੀ ਕੋਈ ਉਕਤ ਨਹੀਂ। ਦੋਹਾਂ ਸੰੰਸਥਾਵਾਂ ਦੇ ਇਤਿਹਾਸ ਉਤੇ ਪਿਛੋਕੜੀ ਝਾਤ ਮਾਰਿਆਂ ਸਪੱਸ਼ਟ ਹੁੰਦਾ ਹੈ ਕਿ ਬਿਨਾਂ ਸ਼ੱਕ ਇਨ੍ਹਾਂ ਦੀ ਅਪਣੀ ਆਭਾ ਸੀ ਅਤੇ ਇਹ ਇਨ੍ਹਾਂ ਦੇ ਮੁਖੀਆਂ ਦੇ ਸਖ਼ਤ ਅਤੇ ਦ੍ਰਿੜ ਫ਼ੈਸਲਿਆਂ ਅਤੇ ਉਨ੍ਹਾਂ ਉਤੇ ਸਖ਼ਤੀ ਨਾਲ ਅਮਲ ਕਰ ਕੇ ਸੀ। ਉਹ ਮੁਖੀ ਸਿਆਸੀ ਨੇਤਾਵਾਂ ਨੂੰ ਬਹੁਤੀ ਅਹਿਮੀਅਤ ਨਹੀਂ ਸਨ ਦੇਂਦੇ। ਹੁਣ ਦੁਖਾਂਤ ਹੈ ਕਿ ਅੱਜ ਦੇ ਮੁਖੀ ਅਪਣੇ ਅਹੁਦੇ ਬਰਕਰਾਰ ਰੱਖਣ ਲਈ ਹੀ ਇਨ੍ਹਾਂ ਨੇਤਾਵਾਂ ਦੇ ਪੈਰਾਂ ਹੇਠ ਹੱਥ ਰੱਖੀ ਬੈਠੇ ਹਨ। ਇਸੇ ਨੇ ਹੀ ਸਿੱਖ ਜਗਤ ਦੀ ਪੁਜ਼ੀਸ਼ਨ ਬੜੀ ਹਾਸੋਹੀਣੀ ਕਰ ਦਿਤੀ ਹੈ।
ਸਵਾਲ ਇਹ ਵੀ ਹੈ ਕਿ ਜੇ ਗੁਰੂ ਸਾਹਿਬਾਨ ਨਾਲ ਸਬੰਧਤ ਪਹਿਲਾਂ ਵੀ ਕੁੱਝ ਫ਼ਿਲਮਾਂ ਬਣੀਆਂ ਹਨ ਅਤੇ ਉਨ੍ਹਾਂ ਨੂੰ ਲੋਕਾਂ ਨੇ ਸਿਰ ਅੱਖਾਂ ਉਤੇ ਬਿਠਾਇਆ ਹੈ ਤਾਂ ਫਿਰ ਇਸ ਫ਼ਿਲਮ ਵਿਚ ਅਜਿਹਾ ਕੀ ਕੁੱਝ ਹੈ ਕਿ ਲੋਕ ਇਕਦਮ ਇਸ ਦੇ ਵਿਰੁਧ ਸੜਕਾਂ ਤੇ ਉਤਰ ਆਏ ਸਨ। ਜਵਾਬ ਇਹ ਹੈ ਕਿ ਹੁਣ ਤਕ ਦੀ ਪਰੰਪਰਾ ਇਹੋ ਰਹੀ ਹੈ ਕਿ ਜਦੋਂ ਵੀ ਕਿਸੇ ਫ਼ਿਲਮ ਨਿਰਮਾਤਾ ਨੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਫ਼ਿਲਮ ਬਣਾਉਣੀ ਚਾਹੀ ਹੈ ਤਾਂ ਉਸ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਕੋਲੋਂ ਮਨਜ਼ੂਰੀ ਲਈ ਹੈ।
ਇਸ ਦਾ ਵਿਧੀਵਤ ਤਰੀਕਾ ਇਹ ਹੈ ਕਿ ਫ਼ਿਲਮ ਦੀ ਕਹਾਣੀ ਲਿਖਤੀ ਰੂਪ ਵਿਚ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿਤੀ ਜਾਂਦੀ ਹੈ। ਕਮੇਟੀ ਵਲੋਂ ਉਸ ਉਤੇ ਬਕਾਇਦਾ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਕੇ ਅਤੇ ਜੇ ਲੋੜ ਹੋਵੇ ਤਾਂ ਫ਼ਿਲਮ ਨਿਰਮਾਤਾ ਨਾਲ ਗੱਲ ਕਰ ਕੇ ਉਸ ਦਾ ਰਾਹ ਪੱਧਰਾ ਕਰ ਦਿਤਾ ਜਾਂਦਾ ਹੈ। ਹੋਇਆ ਤਾਂ 'ਨਾਨਕ ਸ਼ਾਹ ਫ਼ਕੀਰ' ਨਾਲ ਵੀ ਇਹੀ ਹੈ। ਇਥੇ ਵੀ ਫ਼ਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵਲੋਂ ਕਮੇਟੀ ਨੂੰ ਬਕਾਇਦਾ ਕਹਾਣੀ ਦਿਤੀ ਗਈ ਅਤੇ ਉਸ ਦੇ ਵੱਖ ਵੱਖ ਪਹਿਲੂਆਂ ਉਤੇ ਚਰਚਾ ਵੀ ਹੋਈ। ਉਸ ਨੂੰ ਕਮੇਟੀ ਵਲੋਂ ਫ਼ਿਲਮ ਬਣਾਉਣ ਦੀ ਨਾ ਕੇਵਲ ਆਗਿਆ ਹੀ ਦਿਤੀ ਗਈ ਸਗੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਗਾਉਂ ਪ੍ਰਸ਼ੰਸ਼ਾ ਪੱਤਰ ਵੀ ਫੜਾ ਦਿਤਾ ਗਿਆ। ਇਸ ਦਾ ਕੀ ਕਾਰਨ ਸੀ ਇਹ ਤਾਂ ਉਹੀ ਜਾਣਦੇ ਹੋਣਗੇ? ਜਵਾਬ ਸ਼ਾਇਦ ਉਨ੍ਹਾਂ ਕੋਲ ਹੋਵੇ ਪਰ ਹੋ ਸਕਦਾ ਹੈ ਕਿ ਜਵਾਬ ਦੇ ਸਕਣ ਦੇ ਸਮਰੱਥ ਨਾ ਹੋਣ। ਫਿਰ ਵੀ ਜੋ ਫ਼ਿਲਮਾਂ ਬਣੀਆਂ ਹਨ, ਉਨ੍ਹਾਂ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਉਸ ਰੂਪ ਵਿਚ ਪਰਦੇ ਤੇ ਆਉਣ ਦੀ ਮਨਜ਼ੂਰੀ ਨਹੀਂ ਦਿਤੀ ਗਈ। ਜੇ ਸ਼੍ਰੋਮਣੀ ਕਮੇਟੀ ਦੇ ਨਿਯਮ ਹੁਣ ਤਕ ਇਸੇ ਤਰ੍ਹਾਂ ਦੇ ਰਹੇ ਹਨ ਤਾਂ ਫਿਰ ਹੁਣ ਇਸ ਫ਼ਿਲਮ ਦਾ ਰੌਲਾ-ਗੌਲਾ ਕਿਉਂ? ਦਸਿਆ ਤਾਂ ਇਹ ਜਾ ਰਿਹਾ ਹੈ ਕਿ ਇਸ ਫ਼ਿਲਮ ਵਿਚ ਬਾਬਾ ਨਾਨਕ ਦੇ ਪ੍ਰਵਾਰ ਦੇ ਕੁੱਝ ਜੀਆਂ ਦੇ ਕਿਰਦਾਰ ਮਨੁੱਖੀ ਪਾਤਰਾਂ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ ਅਤੇ ਬਹੁਤੀ ਗੱਲ ਵੀ ਇਥੋਂ ਹੀ ਵਿਗੜੀ ਹੈ।
ਦਰਸ਼ਕਾਂ ਨੂੰ ਸ਼ਾਇਦ ਚੇਤੇ ਹੋਵੇ ਕਿ ਬਹੁਤੀ ਦੇਰ ਨਹੀਂ ਹੋਈ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਹੁੰ ਸਾਹਿਬਜ਼ਾਦਿਆਂ ਬਾਰੇ ਇਕ ਫ਼ਿਲਮ 'ਚਾਰ ਸਾਹਿਬਜ਼ਾਦੇ' ਬਣੀ ਸੀ ਜਿਸ ਨੂੰ ਪੂਰੇ ਸੰਸਾਰ ਵਿਚ ਵਸਦੇ ਸਿੱਖਾਂ ਨੇ ਨਾ ਕੇਵਲ ਵੇਖਿਆ ਹੀ ਸਗੋਂ ਵਾਰ-ਵਾਰ ਵੇਖਿਆ ਹੈ ਅਤੇ ਰੱਜ ਕੇ ਸਲਾਹਿਆ ਵੀ ਹੈ। ਇਸ ਫ਼ਿਲਮ ਵਿਚ ਚਹੁੰ ਸਾਹਿਬਜ਼ਾਦਿਆਂ ਦੀ ਵਿਲੱਖਣ ਭੂਮਿਕਾ ਤਾਂ ਹੈ ਹੀ ਸਗੋਂ ਮਾਤਾ ਗੁਜਰੀ ਜੀ ਅਤੇ ਖ਼ੁਦ ਗੁਰੂ ਸਾਹਿਬ ਦੀ ਅਪਣੀ ਵੀ ਹੈ। ਪਰ ਫ਼ਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਐਨੀਮੇਸ਼ਨ ਫ਼ਿਲਮ ਹੈ ਜਿਸ ਵਿਚ ਉਨ੍ਹਾਂ ਦੇ ਵਾਰਤਾਲਾਪ ਹੀ ਸੁਣਾਏ ਗਏ ਹਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਬਾਰੇ ਕੀ ਕਹਾਣੀ ਲੇਖਕ ਨੇ ਇਹ ਸੱਭ ਕੁੱਝ ਸਪੱਸ਼ਟ ਨਹੀਂ ਸੀ ਕੀਤਾ ਜਾਂ ਫਿਰ ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਗੰਭੀਰਤਾ ਨਹੀਂ ਵਿਖਾਈ ਅਤੇ ਪਰੰਪਰਾ ਮੁਤਾਬਕ ਫ਼ਿਲਮ ਬਣਾਉਣ ਦੀ ਆਗਿਆ ਦੇ ਦਿਤੀ? ਇਹ ਸੱਭ ਕੁੱਝ ਕਿਉਂ ਹੋਇਆ? ਆਖ਼ਰ ਇਸ ਲਈ ਜ਼ਿੰਮੇਵਾਰ ਕੌਣ ਹੈ? ਲੋੜ ਇਸ ਮਸਲੇ ਦੀ ਤਹਿ ਤਕ ਜਾਣ ਦੀ ਵੀ ਹੈ।
ਅਗਲਾ ਸਵਾਲ ਇਹ ਵੀ ਹੈ ਕਿ ਜੇ ਅੱਜ ਇਹ ਫ਼ਿਲਮ ਉੱਤਰੀ ਖਿੱਤੇ ਦੇ ਉਨ੍ਹਾਂ ਸੂਬਿਆਂ ਵਿਚ ਨਹੀਂ ਚੱਲਣ ਦਿਤੀ ਗਈ ਜਿਥੇ ਸਿੱਖ ਵਸੋਂ ਦੀ ਕਾਫ਼ੀ ਬਹੁਲਤਾ ਹੈ ਤਾਂ ਵਿਸ਼ਵ ਦੇ ਵੱਖ ਵੱਖ ਉਨ੍ਹਾਂ ਦੇਸ਼ਾਂ ਵਿਚ ਵੀ ਇਸ ਦੇ ਚੱਲਣ ਦੀ ਕੋਈ ਸੰਭਾਵਨਾ ਨਹੀਂ ਜਿਥੇ ਪ੍ਰਵਾਸੀ ਪੰਜਾਬੀਆਂ ਦੀ ਵੱਡੀ ਗਿਣਤੀ ਰਹਿੰਦੀ ਹੈ। ਬਾਹਰਲੇ ਮੁਲਕਾਂ ਵਿਚ ਰਹਿੰਦਾ ਅਪਣਾ ਭਾਈਚਾਰਾ ਤਾਂ ਸਗੋਂ ਹੋਰ ਵੀ ਵਧੇਰੇ ਜਜ਼ਬਾਤੀ ਹੈ ਕਿਉਂਕਿ ਉਸ ਦੀਆਂ ਜੜ੍ਹਾਂ ਆਖ਼ਰ ਅਪਣੀ ਭੂਮੀ ਨਾਲ ਜੁੜੀਆਂ ਹੋਈਆਂ ਹਨ। ਉਹ ਹਰ ਦੁੱਖ ਸੁੱਖ ਵੇਲੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਉਤੇ ਹੀ ਟੇਕ ਰਖਦੇ ਹਨ। ਸਿੱਖਾਂ ਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਹੀ ਇਨ੍ਹਾਂ ਦੋਹਾਂ ਸੰਸਥਾਵਾਂ ਦਾ ਮੁੱਖ ਟੀਚਾ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ। ਜੇ ਇਹ ਖ਼ੁਦ ਹੀ ਇਸ ਦੇ ਰਾਹ ਦਾ ਅੜਿੱਕਾ ਬਣਨਗੀਆਂ ਜਿਵੇਂ ਕਿ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਦੇ ਲੰਮੇ ਚੌੜੇ ਵਿਵਾਦ ਤੋਂ ਸਾਹਮਣੇ ਆਇਆ ਹਾਂ ਤਾਂ ਫਿਰ ਕਹਿ ਲਉ ਕਿ ਸਿੱਖ ਪੰਥ ਦਾ ਹੁਣ ਰੱਬ ਹੀ ਰਾਖਾ ਹੈ।