India v/s Pakistan News: ਜੰਗਾਂ ਆਮ ਗੱਲਾਂ ਨਹੀਂ ਹੁੰਦੀਆਂ
Published : May 9, 2025, 8:04 am IST
Updated : May 9, 2025, 8:04 am IST
SHARE ARTICLE
India v/s Pakistan News
India v/s Pakistan News

India v/s Pakistan News: ਜੰਗ ਦੌਰਾਨ ਸਿਰਫ਼ ਸਿਪਾਹੀ ਹੀ ਨਹੀਂ ਮਰਦੇ ਸਗੋਂ ਗ਼ੈਰ-ਸੈਨਿਕ, ਨਿਰਦੋਸ਼ ਲੋਕ, ਬੱਚੇ, ਮਹਿਲਾਵਾਂ, ਬਜ਼ੁਰਗ ਵੀ ਬਲੀ ਦੇ ਬੱਕਰੇ ਬਣ ਜਾਂਦੇ ਹਨ

India v/s Pakistan News: ਜੰਗ ਕਿਸੇ ਪਬਜੀ ਗੇਮ ਦਾ ਨਾਮ ਨਹੀਂ ਹੈ। ਜੰਗਾਂ ਆਮ ਗੱਲਾਂ ਨਹੀਂ ਹੁੰਦੀਆਂ। ਭਾਵੇਂ ਜੰਗ ਨੂੰ ਸ਼ਾਂਤੀ ਦਾ ਦੂਜਾ ਨਾਮ ਦਿਤਾ ਜਾਂਦਾ ਹੈ ਪਰ ਜੋ ਇਸ ਦਾ ਦਰਦ ਹੰਢਾਉਂਦੇ ਹਨ, ਉਹ ਤਾਂ ਉਹੀ ਜਾਣਦੇ ਹਨ। ਜੰਗ ਤੋਂ ਪਹਿਲਾਂ ਪੂੰਛਾਂ ਚੁੱਕੀ ਫਿਰਦੇ ਲੋਕ, ਮੌਕੇ ’ਤੇ ਨਜ਼ਰ ਨਹੀਂ ਆਉਂਦੇ। ਨਾ ਕਦੇ ਜੰਗ ਵਿਚ ਨੇਤਾਵਾਂ ਦੇ ਪੁੱਤ ਮਰਦੇ ਨੇ, ਉਨ੍ਹਾਂ ਨੇ ਹਮੇਸ਼ਾ ਅਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਹਨ। ਨਾ ਦੂਰ-ਦਰਾਜ ਵਾਲੇ ਮਰਦੇ ਨੇ ਤੇ ਮਰਦੇ ਨੇ ਮੈਦਾਨ ਏ ਜੰਗ ਦੇ ਇਲਾਕਿਆਂ ਵਿਚ ਵਸਣ ਵਾਲੇ ਬਾਸ਼ਿੰਦੇ ਜਾਂ ਫਿਰ ਮਾਵਾਂ ਦੇ ਪੁੱਤ ਜੋ ਲੜਨ ਲਈ ਜਾਂਦੇ ਨੇ। ਕਈਆਂ ਲਈ ਜੰਗ ਪੈਸੇ ਕਮਾਉਣ ਦਾ ਤਰੀਕਾ ਤੇ ਕਈਆਂ ਲਈ ਵੋਟ ਬੈਂਕ ਹੈ। ਬਾਰਡਰ ਤੋਂ ਦੂਰ ਬੈਠਿਆਂ ਲਈ ਜੰਗ ਸੈਲੀਬ੍ਰੇਸ਼ਨ ਹੁੰਦੀ ਹੈ। ਉਨ੍ਹਾਂ ਦੇ ਭਾਅ ਦੀਆਂ ਫੁੱਲ-ਝੜੀਆਂ ਹੁੰਦੀਆਂ ਹਨ। ਜ਼ਿਆਦਾਤਰ ਜੰਗਾਂ ਪੰਜਾਬ ਦੇ ਹਿੱਸੇ ਆਈਆਂ ਹਨ। ਹਰ ਪਿੰਡ ਦੇ ਮੂਹਰੇ ਲਗਿਆ ਸ਼ਹੀਦੀ ਗੇਟ ਭਾਵੇਂ ਸਾਨੂੰ ਬਹਾਦਰੀ ਦਾ ਮਾਣ ਮਹਿਸੂਸ ਕਰਵਾਉਂਦੇ ਹਨ ਪਰ ਇਨ੍ਹਾਂ ਗੇਟਾਂ ਨੇ ਪੂਰੀਆਂ ਪੀੜ੍ਹੀਆਂ ਖ਼ਤਮ ਕਰ ਦਿਤੀਆਂ।

ਜਦੋਂ ਅਸੀਂ ਅਖ਼ਬਾਰਾਂ ਵਿਚ ਜੰਗ ਦੀਆਂ ਖ਼ਬਰਾਂ ਪੜ੍ਹਦੇ ਹਾਂ ਜਾਂ ਟੈਲੀਵਿਜ਼ਨ ’ਤੇ ਟੈਂਕਾਂ ਦੇ ਕਾਫ਼ਲਿਆਂ ਨੂੰ ਵਧਦੇ ਹੋਏ ਦੇਖਦੇ ਹਾਂ ਤਾਂ ਉਹ ਸਿਰਫ਼ ਦ੍ਰਿਸ਼ ਨਹੀਂ ਹੁੰਦੇ, ਉਹ ਇਨਸਾਨੀ ਤਬਾਹੀ ਦਾ ਚਿੱਤਰ ਹੁੰਦੇ ਹਨ। ਜੰਗ ਕੋਈ ਫ਼ਿਲਮੀ ਕਹਾਣੀ ਜਾਂ ਸਿਰਫ਼ ਰਣਨੀਤਕ ਚਲਾਕੀ ਨਹੀਂ ਹੁੰਦੀ - ਇਹ ਇਕ ਅਜਿਹਾ ਹੱਦ ਬੰਦ ਘਟਨਾ ਹੁੰਦੀ ਹੈ ਜੋ ਲੋਕਾਂ ਦੀ ਜ਼ਿੰਦਗੀ, ਇਤਿਹਾਸ, ਭਵਿੱਖ ਅਤੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇਸ ਕਰ ਕੇ ਇਹ ਕਹਿਣਾ ਕਿ “ਜੰਗਾਂ ਆਮ ਨਹੀਂ ਹੁੰਦੀਆਂ” ਕੇਵਲ ਇਕ ਨਾਅਰਾ ਨਹੀਂ ਸਗੋਂ ਇਕ ਤੱਥ ਹੈ ਜੋ ਇਤਿਹਾਸ ਅਤੇ ਵਰਤਮਾਨ ਦੋਹਾਂ ਰਾਹੀਂ ਸਾਬਤ ਹੁੰਦਾ ਹੈ।

ਜੰਗ ਦੌਰਾਨ ਸਿਰਫ਼ ਸਿਪਾਹੀ ਹੀ ਨਹੀਂ ਮਰਦੇ ਸਗੋਂ ਗ਼ੈਰ-ਸੈਨਿਕ, ਨਿਰਦੋਸ਼ ਲੋਕ, ਬੱਚੇ, ਮਹਿਲਾਵਾਂ, ਬਜ਼ੁਰਗ ਵੀ ਬਲੀ ਦੇ ਬੱਕਰੇ ਬਣ ਜਾਂਦੇ ਹਨ। ਦੂਜੇ ਵਿਸ਼ਵ ਯੁੱਧ ਦੌਰਾਨ ਲਗਭਗ 7 ਕਰੋੜ ਲੋਕ ਮਾਰੇ ਗਏ ਸਨ। ਇਰਾਕ, ਕੋਰੀਆ, ਅਫ਼ਗ਼ਾਨਿਸਤਾਨ ਤੇ ਹੋਰ ਦੇਸ਼ਾਂ ਦੀਆਂ ਜੰਗਾਂ ਨੇ ਇਨਸਾਨੀਅਤ ਮਾਰ ਦਿਤੀ ਹੈ। ਭਾਰਤ ਦੇ ਚਾਇਨਾ ਤੇ ਪਾਕਿਸਤਾਨ ਨਾਲ 1962, 1965, 1971, ਕਾਰਗਿਲ ਯੁੱਧ ਵਿਚ ਅਣਗਿਣਤ ਮਾਵਾਂ ਦੇ ਪੁੱਤ ਤੇ ਆਮ ਸ਼ਹਿਰੀ ਮੌਤ ਦੀ ਭੇਂਟ ਚੜ੍ਹ ਗਏ। ਅਵਾਮ ਤਾਂ ਸ਼ਾਂਤੀ ਨਾਲ ਵਸਣਾ ਚਾਹੁੰਦੀ ਹੈ ਪਰ ਸਿਆਸੀ ਲੋਕ ਇਹ ਹੋਣ ਨਹੀਂ ਦਿੰਦੇ। ਘਰ ਤਾਂ ਦੋਵੇਂ ਪਾਸੇ ਉਜੜਦੇ ਨੇ। ਅੰਕੜੇ ਦਸਦੇ ਹਨ ਕਿ ਜੰਗ ਕਿਸ ਤਰ੍ਹਾਂ ਇਨਸਾਨੀ ਸਮਾਜ ਨੂੰ ਤਬਾਹ ਕਰ ਦਿੰਦੀ ਹੈ।

ਆਰਥਕ ਤੇ ਸਮਾਜਕ ਤਬਾਹੀ ਦੀ ਗੱਲ ਕਰੀਏ ਤਾਂ ਜਦੋਂ ਕਿਸੇ ਦੇਸ਼ ਵਿਚ ਜੰਗ ਛਿੜ ਜਾਂਦੀ ਹੈ ਤਾਂ ਉਥੇ ਕੇਵਲ ਮਾਰਧਾੜ ਨਹੀਂ ਹੁੰਦੀ ਸਗੋਂ ਉਸ ਦੇਸ਼ ਦੀ ਆਰਥਕਤਾ, ਉਦਯੋਗ, ਕਮਾਈ ਦੇ ਸਾਧਨ, ਖੇਤੀਬਾੜੀ, ਸਿਹਤ ਸੇਵਾਵਾਂ ਤੇ ਸਿਖਿਆ ਸਿਸਟਮ ਤਬਾਹ ਹੋ ਜਾਂਦੇ ਹਨ। ਸੀਰੀਆ, ਅਫ਼ਗ਼ਾਨਿਸਤਾਨ, ਯਮਨ ਅਤੇ ਇਰਾਕ ਅਜਿਹੇ ਕਈ ਦੇਸ਼ ਹਨ, ਜਿਨ੍ਹਾਂ ਦੀ ਆਰਥਕਤਾ ਨੇ ਕਦੇ ਮੁੜ ਉਭਾਰ ਨਹੀਂ ਲਿਆ। ਲੋਕ ਪਾਲਣ ਪੋਸ਼ਣ ਵਾਲੀਆਂ ਨੌਕਰੀਆਂ ਤੋਂ ਵੀ ਹੱਥ ਧੋ ਬੈਠਦੇ ਹਨ, ਘਰ ਢਹਿ ਜਾਂਦੇ ਹਨ ਅਤੇ ਪੁਰਾਣੀਆਂ ਯਾਦਾਂ ਸਿਰਫ਼ ਝੌਂਪੜੀਆਂ ਅਤੇ ਖੰਡਰਾਂ ਵਿਚ ਹੀ ਵਸਦੀਆਂ ਹਨ।

ਜੰਗਾਂ ਦੇ ਮਨੋਵਿਗਿਆਨਕ ਅਸਰ ਵੀ ਵੱਡੀ ਪੱਧਰ ’ਤੇ ਪੈਂਦੇ ਨੇ, ਜੰਗ ਸਿਰਫ਼ ਸਰੀਰ ਨੂੰ ਹੀ ਨਹੀਂ, ਮਨ ਨੂੰ ਵੀ ਛੱਲਣੀ ਕਰ ਦਿੰਦੀ ਹੈ। ਜੰਗ ’ਚੋਂ ਬਚ ਕੇ ਨਿਕਲਣ ਵਾਲੇ ਬੱਚਿਆਂ, ਮਹਿਲਾਵਾਂ ਜਾਂ ਸਿਪਾਹੀਆਂ ਦੀ ਮਨੋਵਿਗਿਆਨਕ ਹਾਲਤ ਅਕਸਰ P“S4 (ਪੋਸਟ ਟ੍ਰਾਮੈਟਿਕ ਸਟ੍ਰੈਸ ਡਿਸਆਰਡਰ) ਨਾਲ ਗੁੰਝਲਦਾਰ ਹੁੰਦੀ ਹੈ। ਉਹ ਰਾਤਾਂ ਨੂੰ ਨੀਂਦ ਨਹੀਂ ਲੈ ਸਕਦੇ, ਅਚਾਨਕ ਆਵਾਜ਼ਾਂ ’ਤੇ ਡਰ ਜਾਂਦੇ ਹਨ ਅਤੇ ਆਮ ਜ਼ਿੰਦਗੀ ਵਲ ਵਾਪਸੀ ਕਰਨਾ ਉਨ੍ਹਾਂ ਲਈ ਨਰਕ ਬਣ ਜਾਂਦਾ ਹੈ। ਇਹ ਸੱਭ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੰਗ ਇਕ ਲੰਮੀ ਚਲਣ ਵਾਲੀ ਆਤਮਾ ਦੀ ਗਾਥਾ ਹੈ - ਜਿੱਥੇ ਹਰ ਵਾਰੀ ਹਾਰਦਾ ਇਨਸਾਨ ਹੀ ਹੈ।

ਜੰਗਾਂ ਵਿਚ ਨੈਤਿਕਤਾ ਦਾ ਘਾਣ ਹੋ ਜਾਂਦਾ ਹੈ। ਕਈ ਵਾਰੀ ਜੰਗਾਂ ਨਿਆਂ ਦੇ ਨਾਂ ’ਤੇ ਲੜੀਆਂ ਜਾਂਦੀਆਂ ਹਨ, ਪਰ ਇਹ ਨਿਆਂ ਇਕ ਪਾਸੇ ਦੀ ਪਰਿਭਾਸ਼ਾ ਹੁੰਦੀ ਹੈ। ਜੰਗਾਂ ਵਿਚ ਅਕਸਰ ਨੈਤਿਕ ਮਿਆਰਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ - ਕਤਲ, ਬਲਾਤਕਾਰ, ਤਸ਼ੱਦਦ, ਬੱਚਿਆਂ ਦੀ ਭਰਤੀ, ਰਾਸ਼ਨ ਤੇ ਪਾਣੀ ’ਤੇ ਰੋਕ, ਇਹ ਸਾਰੇ ਅਪਰਾਧ ਸਾਧਾਰਣ ਬਣ ਜਾਂਦੇ ਹਨ। ਸਾਬਕਾ ਯੁਗੋਸਲਾਵੀਆ ਦੀ ਜੰਗ ਹੋਵੇ ਜਾਂ ਰਵਾਂਡਾ ਦਾ ਨਸਲੀ ਕਤਲੇਆਮ, ਇਹ ਸਾਰੇ ਘਟਨਾਕ੍ਰਮ ਦਸਦੇ ਹਨ ਕਿ ਜੰਗ ਵਿਚ ਨੈਤਿਕਤਾ ਮੌਤ ਤੋਂ ਪਹਿਲਾਂ ਮਰ ਜਾਂਦੀ ਹੈ।

ਜੰਗਾਂ ਦੇ ਥੋੜ੍ਹ ਚਿਰੇ ਪ੍ਰਭਾਵ ਨਹੀਂ ਹੁੰਦੇ, ਇਹ ਲੰਮੇ ਸਮੇਂ ਤਕ ਹੋਣ ਵਾਲੇ ਨੁਕਸਾਨ ਹੁੰਦੇ ਹਨ। ਜਦੋਂ ਜੰਗ ਖ਼ਤਮ ਵੀ ਹੋ ਜਾਂਦੀ ਹੈ, ਤਾਂ ਵੀ ਉਸ ਦੇ ਪ੍ਰਭਾਵ ਦਹਾਕਿਆਂ ਤਕ ਰਹਿੰਦੇ ਹਨ। ਖੇਤਾਂ ਵਿਚ ਬੰਬ ਪਏ ਰਹਿੰਦੇ ਹਨ, ਪਾਣੀ ਅਤੇ ਹਵਾ ਜ਼ਹਿਰੀਲੀ ਹੋ ਜਾਂਦੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਵਿਦੇਸ਼ਾਂ ਵਿਚ ਸ਼ਰਨ ਲੈਣੀ ਪੈਂਦੀ ਹੈ। ਉਨ੍ਹਾਂ ਦੀ ਪਛਾਣ, ਭਾਸ਼ਾ, ਸੰਸਕਾਰ ਤੇ ਜ਼ਿੰਦਗੀ ਦੇ ਸਾਰੇ ਰਿਸ਼ਤੇ ਖ਼ਤਮ ਹੋ ਜਾਂਦੇ ਹਨ। ਉਪਜਾਊ ਜ਼ਮੀਨਾਂ ਖੰਡਰਾਂ ’ਚ ਬਦਲ ਜਾਂਦੀਆਂ ਹਨ ਅਤੇ ਉਨ੍ਹਾਂ ਉੱਤੇ ਫਿਰ ਕਦੇ ਵੀ ਆਮ ਜ਼ਿੰਦਗੀ ਮੁੜ ਨਹੀਂ ਆਉਂਦੀ।

ਜੰਗਾਂ ਦੀ ਰਾਜਨੀਤਕ ਪਛਾਣ ਦੀ ਗੱਲ ਕਰੀਏ ਤਾਂ ਜੰਗਾਂ ਅਕਸਰ ਰਾਜਨੀਤਕ ਫ਼ਾਇਦੇ ਲਈ ਛੇੜੀਆਂ ਜਾਂਦੀਆਂ ਹਨ। ਜਦੋਂ ਅੰਦਰੂਨੀ ਸਿਆਸੀ ਦਬਾਅ ਵੱਧ ਜਾਂਦਾ ਹੈ ਜਾਂ ਹਕੂਮਤਾਂ ਨੂੰ ਅਪਣੀ ਲੋਕਪ੍ਰਿਯਤਾ ਦੀ ਲੋੜ ਹੁੰਦੀ ਹੈ, ਤਾਂ ਉਹ ‘ਬਾਹਰੀ ਖ਼ਤਰੇ’ ਦਾ ਹਵਾਲਾ ਦੇ ਕੇ ਜੰਗੀ ਮਾਹੌਲ ਬਣਾਉਂਦੀਆਂ ਹਨ। ਇਹ ਅਸਲ ਵਿਚ ਜਨਤਕ ਧਿਆਨ ਨੂੰ ਅਸਲੀ ਮਸਲਿਆਂ-ਗ਼ਰੀਬੀ, ਰੋਜ਼ਗਾਰ, ਸਿਖਿਆ, ਸਿਹਤ ਤੋਂ ਹਟਾਉਣ ਦਾ ਇਕ ਹਥਕੰਡਾ ਹੁੰਦਾ ਹੈ। ਜਦੋਂ ਵੀ ਸਰਕਾਰ ਰੁਜ਼ਗਾਰ ਸਿਖਿਆ ਦੇ ਮੁੱਦਿਆਂ ਤੇ ਫ਼ੇਲ ਹੋ ਜਾਂਦੀ ਹੈ ਤਾਂ ਉਹ ਇਹ ਮਾਹੌਲ ਬਣਾਉਂਦੀ ਹੈ। ਸਰਕਾਰਾਂ ਦਾ ਇਹ ਪੁਰਾਣਾ ਤੇ ਕਾਰਗਰ ਹਥਿਆਰ ਹੈ। ਇਕ ਜੰਗ ਛੇੜ ਦਿਤੀ ਜਾਂਦੀ ਹੈ ਜਾਂ ਫਿਰ ਧਾਰਮਕ ਦੰਗੇ ਕਰਵਾਏ ਜਾਂਦੇ ਹਨ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਰੁਜ਼ਗਾਰ ਸਿਖਿਆ ਦੀ ਗੱਲ ਕਰਦੇ ਲੋਕ ਜੰਗ ਵਲ ਧਿਆਨ ਲਾ ਦਿੰਦੇ ਹਨ। ਉਨ੍ਹਾਂ ਅੰਦਰ ਦੇਸ਼ ਭਗਤੀ ਜਨਮ ਲੈ ਲੈਂਦੀ ਹੈ ਤੇ ਸਰਕਾਰ ਵੋਟਾਂ ਲੈ ਲੈਂਦੀ ਹੈ।

ਜੰਗ ਦਾ ਮੀਡੀਆ ਤੇ ਸਭਿਆਚਾਰ ਉੱਤੇ ਅਸਰ ਵੀ ਦੇਖਣ ਨੂੰ ਮਿਲਦਾ ਹੈ। ਮੀਡੀਆ ਨੇ ਥੋੜ੍ਹੇ ਚਿਰ ਵਿਚ ਕਾਫ਼ੀ ਪੈਰ ਪਸਾਰੇ ਹਨ। ਮੀਡੀਆ ਵੀ ਅਕਸਰ ਜੰਗਾਂ ਨੂੰ ‘ਹੀਰੋ’ ਤੇ ‘ਵਿਲਨ’ ਦੀ ਕਹਾਣੀ ਵਾਂਗ ਪੇਸ਼ ਕਰਦਾ ਹੈ। ਫ਼ਿਲਮਾਂ, ਗੀਤਾਂ, ਕਹਾਣੀਆਂ ਵਿਚ ਜੰਗ ਨੂੰ ਰੋਮਾਂਚਕ ਅਤੇ ਮਹਾਨ ਬਣਾਇਆ ਜਾਂਦਾ ਹੈ ਜਿਵੇਂ ਕਿ ਅੱਜਕਲ ਅਖੌਤੀ ਮੀਡੀਏ ਦਾ ਹਾਲ ਹੈ। ਸਟੂਡੀਓ ’ਚ ਬਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਸੱਚੀ ਜੰਗ ਵਿਚ ਨਾ ਗੀਤ ਹੁੰਦੇ ਹਨ, ਨਾ ਹੀਰੋ-ਸਿਰਫ਼ ਮਰਨ ਵਾਲੇ ਤੇ ਉਜੜਨ ਵਾਲੇ ਲੋਕ ਹੁੰਦੇ ਹਨ। ਇਹ ਅੱਧੀ ਲੜਾਈ ਸਟੂਡੀਉ ਵਿਚ ਹੀ ਕਰਵਾ ਦਿੰਦੇ ਹਨ।

ਅਮਨ ਅਤੇ ਸੰਵਾਦ ਨੂੰ ਇਕ ਵਿਕਲਪ ਦੇ ਤੌਰ ’ਤੇ ਦੇਖੀਏ ਤਾਂ ਜਦ ਤਕ ਅਸੀਂ ਜੰਗ ਨੂੰ ਹੀ ਹੱਲ ਸਮਝਦੇ ਰਹਾਂਗੇ, ਤਦ ਤਕ ਇਨਸਾਨੀ ਤਬਾਹੀ ਰੁਕਣੀ ਨਹੀਂ। ਅਸਲ ਹੱਲ ਸੰਵਾਦ, ਰਚਨਾਤਮਕ ਰਾਜਨੀਤੀ ਅਤੇ ਇਨਸਾਨੀ ਅਹਿਸਾਸ ’ਚ ਵਸਦਾ ਹੈ। ਜਿਵੇਂ ਨੇਲਸਨ ਮੰਡੇਲਾ, ਮਹਾਤਮਾ ਗਾਂਧੀ ਜਾਂ ਮਾਰਟਿਨ ਲੂਥਰ ਕਿੰਗ ਨੇ ਸਿਖਾਇਆ - ਤਾਕਤ ਹਿੰਸਾ ਵਿਚ ਨਹੀਂ ਸਗੋਂ ਮਾਫ਼ੀ ਅਤੇ ਸਮਝਦਾਰੀ ਵਿਚ ਹੈ। ਜੇਕਰ ਅਸੀਂ ਨਤੀਜੇ ਫਰੋਲੀਏ ਤਾਂ ਇਤਿਹਾਸ, ਵਰਤਮਾਨ ਤੇ ਭਵਿੱਖ ਸਾਨੂੰ ਇਹ ਸਿਖਾਉਂਦੇ ਹਨ ਕਿ ਜੰਗਾਂ ਕਦੇ ਵੀ ਆਮ ਗੱਲ ਨਹੀਂ ਹੁੰਦੀਆਂ। ਜੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਜ਼ਿੰਦਗੀ, ਇਨਸਾਫ਼ ਅਤੇ ਆਜ਼ਾਦੀ ਦੇ ਅਰਥ ਸਮਝ ਸਕਣ, ਤਾਂ ਸਾਨੂੰ ਜੰਗ ਨੂੰ ਇਨਸਾਨੀ ਇਤਿਹਾਸ ’ਚ ਇਕ ਅੰਤਿਮ ਵਿਕਲਪ ਮੰਨਣਾ ਪਏਗਾ - ਨਾਕਿ ਇਕ ਆਮ ਹਾਲਾਤ। ਜਦੋਂ ਅਸੀਂ ਜੰਗ ਨੂੰ ਸਾਧਾਰਣ ਕਰ ਦਿੰਦੇ ਹਾਂ ਤਾਂ ਅਸੀਂ ਮਨੁੱਖਤਾ ਦੇ ਉੱਚੇ ਮਿਆਰਾਂ ਨੂੰ ਹੀ ਥੱਲੇ ਕਰ ਦਿੰਦੇ ਹਾਂ। ਸਿਰਫ਼ ਹਥਿਆਰਾਂ ਨੂੰ ਨਹੀਂ, ਸੋਚਾਂ ਨੂੰ ਬਦਲਣਾ ਪਵੇਗਾ। ਸਿਰਫ਼ ਜੰਗ ਨੂੰ ਨਹੀਂ, ਮਨੁੱਖਤਾ ਨੂੰ ਜਿੱਤੋ। ਧਰਮਾਂ ਦੇ ਦਾਇਰੇ ਮੋਕਲੇ ਕਰਨੇ ਪੈਣਗੇ। ਧਰਮ ਸਾਨੂੰ ਇਨਸਾਨੀਅਤ ਨਾਲ ਜੋੜਦੈ ਨਾਕਿ ਤੋੜਦੈ। ਧਰਮ ਨੂੰ ਸਾਨੂੰ ਭਾਈਚਾਰਕ ਸਾਂਝ ਲਈ ਵਰਤਣਾ ਚਾਹੀਦਾ ਹੈ ਨਾਕਿ ਨਫ਼ਰਤ ਲਈ।

‘‘ਅਵਲਿ ਅਲਹ ਨੂਰੁ ਉਪਾਇਆ 
ਕੁਦਰਤਿ ਕੇ ਸਭ ਬੰਦੇ॥’’
ਗੁਰਬਾਣੀ ਵਾਂਗ ਸਭ ਉਸ ਪ੍ਰਮਾਤਮਾ ਦੀ ਕੁਦਰਤ ਦੀ ਔਲਾਦ ਹਨ, ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਫਿਰ ਹੀ ਦੁਨੀਆਂ ਸ਼ਾਂਤੀ ਨਾਲ ਰਹਿ ਸਕਦੀ ਹੈ। ਸਭ ਪਾਸੇ ਪਿਆਰ ਦਾ ਸੁਨੇਹਾ ਦੇਣਾ ਚਾਹੀਦਾ ਹੈ। 

(For more news apart from 'India v/s Pakistan News in punjabi ' , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement